ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥
ਜਿਨ੍ਹਾਂ ਉਤੇ ਮੁਖੀ ਗੁਰੂ ਜੀ ਮਿਹਰ ਕਰਦੇ ਹਨ, ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ। ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥ ਨਾਨਕ, ਜਿਨ੍ਹਾਂ ਨੂੰ ਵਾਹਿਗੁਰੂ ਕਰਤਾਰ ਜੋੜਦਾ ਹੈ, ਉਹ ਆਦਿ ਸਾਹਿਬ ਨੂੰ ਮਿਲ ਪੈਦੇ ਹਨ ਅਤੇ ਉਸ ਨਾਲ ਅਭੇਦ ਹੋਏ ਰਹਿੰਦੇ ਹਨ। ਪਉੜੀ ॥ ਪਉੜੀ। ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥ ਤੂੰ ਹੇ ਸੱਚੇ ਸੁਆਮੀ! ਸੱਚਾ ਹੈ। ਸਚਿਆਰਾ ਦਾ ਪਰਮ ਸਚਿਆਰ ਤੂੰ ਹੈ, ਹੇ ਸ੍ਰਿਸ਼ਟੀ ਦੇ ਸੁਆਮੀ! ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥ ਹਰ ਕੋਈ ਤੈਨੂੰ ਆਰਾਧਦਾ ਹੈ। ਸਾਰੇ ਤੇਰੇ ਪੈਰੀ ਪੈਦੇ ਹਨ। ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥ ਤੇਰੀ ਕੀਰਤੀ ਸੁਹਣੀ ਅਤੇ ਸੁੰਦਰਤਾ ਦਾ ਘਰ ਹੈ। ਜੋ ਇਸ ਨੂੰ ਕਰਦਾ ਹੈ, ਉਸ ਨੂੰ ਤੂੰ ਤਾਰ ਦਿੰਦਾ ਹੈ। ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ ਧਰਮਾਤਮਾ ਪੁਰਸ਼ਾਂ ਨੂੰ ਤੂੰ ਸਿਲਾ ਬਖਸ਼ਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੇ ਹਨ। ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥ ਹੇ ਮੇਰੇ ਮਹਾਨ ਮਾਲਕ! ਮਹਾਨ ਹੈ ਤੇਰੀ ਮਹਾਨਤਾ। ਸਲੋਕ ਮਃ ੪ ॥ ਸਲੋਕ ਪਾਤਸ਼ਾਹੀ ਚੋਥੀ। ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥ ਨਾਮ ਬਿਨਾ ਕਿਸੇ ਹੋਰਸ ਦੀ ਪਰਸੰਸਾ ਕਰਨਾ ਅਤੇ ਹੋਰ ਸਾਰੀ ਗੱਲ ਬਾਤ ਦਾ ਸੁਆਦ ਫਿੱਕਾ ਹੈ। ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ ਆਪ-ਹੁਦਰੇ ਆਪਣੇ ਗ਼ਰੂਰ ਨੂੰ ਵਡਿਆਉਂਦੇ ਹਨ, ਪ੍ਰੰਤੂ ਫਜੂਲ ਹੈ ਸਵੈ-ਹੰਗਤਾ ਦਾ ਮੋਹ। ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ ਜਿਨ੍ਹਾਂ ਦੀ ਉਹ ਤਾਰੀਫ ਕਰਦੇ ਹਨ, ਉਹ ਮਰ ਜਾਂਦੇ ਹਨ। ਉਹ ਸਾਰੇ ਬਖੇੜਿਆਂ ਅੰਦਰ ਖੁਰ ਜਾਂਦੇ ਹਨ। ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥ ਹੇ ਨਫਰ ਨਾਨਕ, ਪਰਮ ਪਰਸੰਨਤਾ ਸਰੂਪ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਕੇ ਧਰਮਾਤਮਾ ਬਚ ਗਏ ਹਨ। ਮਃ ੪ ॥ ਪਾਤਸ਼ਾਹੀ ਚੋਥੀ। ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ ਮੇਰੇ ਸੱਚੇ ਗੁਰੂ ਜੀ, ਮੈਨੂੰ ਸੁਆਮੀ ਮਾਲਕ ਦਾ ਪਤਾ ਦੇ, ਤਾਂ ਜੋ ਆਪਣੇ ਚਿੱਤ ਅੰਦਰ ਮੈਂ ਉਸ ਦੇ ਨਾਮ ਦਾ ਆਰਾਧਨ ਕਰਾਂ। ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥ ਆਪਣੇ ਮੂੰਹ ਨਾਲ ਵਾਹਿਗੁਰੂ ਦੇ ਪਵਿੱਤ੍ਰ ਨਾਮ ਦਾ ਉਚਾਰਨ ਕਰਕੇ ਹੇ ਨਾਨਕ! ਮੈਂ ਆਪਣੇ ਸਾਰੇ ਦੁਖੜੇ ਨਾਸ ਕਰਾਂ। ਪਉੜੀ ॥ ਪਉੜੀ। ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥ ਹੇ ਮੇਰੇ ਨਿਰ-ਸਰੂਪ! ਪਵਿੱਤ੍ਰ ਵਾਹਿਗੁਰੂ ਪਾਤਸ਼ਾਹ ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ। ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥ ਜੋ ਇੱਕ ਚਿੱਤ ਨਾਲ ਤੇਰਾ ਸਿਮਰਨ ਕਰਦੇ ਹਨ ਹੇ ਸੱਚੇ ਸੁਆਮੀ! ਉਨ੍ਹਾਂ ਦੇ ਤੂੰ ਸਾਰੇ ਦੁਖੜੇ ਦੂਰ ਕਰ ਦਿੰਦਾ ਹੈ। ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ ਤੇਰੇ ਬਰਾਬਰ ਦੇ ਰੁਤਬੇ ਵਾਲਾ, ਕੋਈ ਨਹੀਂ। ਜਿਸ ਨੂੰ ਕੋਲ ਬਹਾ ਕੇ ਮੈਂ ਤੇਰਾ ਜ਼ਿਕਰ ਕਰਾਂ। ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥ ਹੇ ਪਵਿੱਤ੍ਰ ਪ੍ਰਭੂ! ਤੇਰੇ ਜਿੱਡਾ ਵੱਡਾ ਦਾਤਾਰ ਤੂੰ ਹੀ ਹੈ। ਤੂੰ ਹੇ ਸਤਿਪੁਰਖ ਮੇਰੇ ਚਿੱਤ ਨੂੰ ਚੰਗਾ ਲਗਦਾ ਹੈਂ। ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥ ਹੇ ਮੇਰੇ ਸੱਚੇ ਸੁਆਮੀ! ਸੱਚਿਆ ਦਾ ਸ਼ਰੋਮਣੀ ਸੱਚਾ ਹੈ ਤੇਰਾ ਨਾਮ। ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ ਮੰਦੇ ਪ੍ਰਤੀਕੂਲ ਪੁਰਸ਼ਾਂ ਦੇ ਹਿਰਦੇ ਅੰਦਰ ਹੰਕਾਰ ਦੀ ਬੀਮਾਰੀ ਹੈ ਅਤੇ ਉਹ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ। ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ ਨਾਨਕ, ਸੰਤ ਸਰੂਪ ਸੱਚੇ ਗੁਰੂ ਮਿਤ੍ਰ ਨੂੰ ਭੇਟਣ ਦੁਆਰਾ ਉਹ ਬੀਮਾਰੀ ਜੜ੍ਹੋ ਮੁਕਾ ਲੈਂਦੇ ਹਨ। ਮਃ ੪ ॥ ਚੋਥੀ ਪਾਤਸ਼ਾਹੀਂ। ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥ ਪਵਿੱਤ੍ਰ ਪੁਰਸ਼ ਦੀ ਆਤਮਾ ਤੇ ਦੇਹਿ ਨੇਕੀਆਂ ਦੇ ਖ਼ਜ਼ਾਨੇ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ। ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥ ਨੌਕਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ। ਸੁਬਹਾਨ ਹਨ ਗੁਰੂ ਜੀ, ਜਿਨ੍ਹਾਂ ਨੇ ਉਸ ਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ। ਪਉੜੀ ॥ ਪਉੜੀ। ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥ ਤੂੰ ਸਰਬ-ਸ਼ਕਤੀਵਾਨ ਅਤੇ ਪਹੁੰਚ ਤੋਂ ਪਰੇ ਸਿਰਜਣਹਾਰ ਹੈ। ਮੈਂ ਮੇਰੀ ਕੀਹਦੇ ਨਾਲ ਤੁਲਨਾ ਦੇਵਾਂ? ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ ਜੇਕਰ ਕੋਈ ਤੇਰੇ ਜਿੱਡਾ ਵੱਡਾ ਹੋਵੇ, ਤਾਂ ਮੈਂ ਉਸ ਦਾ ਨਾਮ ਲਵਾਂ। ਤੇਰੇ ਵਰਗਾ ਕੇਵਲ ਤੂੰ ਹੀ ਆਖਿਆ ਜਾਂਦਾ ਹੈ। ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥ ਹਰ ਦਿਲ ਅੰਦਰ ਤੂੰ ਇਕਸਾਰ ਰਮ ਰਿਹਾ ਹੈ। ਗੁਰਾਂ ਦੇ ਰਾਹੀਂ ਤੂੰ ਪਰਗਟ ਹੁੰਦਾ ਹੈ। ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ ਤੂੰ ਸਾਰਿਆਂ ਦਾ ਸੱਚਾ ਸੁਆਮੀ ਹੈ। ਸਮੂਹ ਨਾਲੋਂ ਉੱਚਾ ਤੂੰ ਹੀ ਹੈ। ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥ ਜਦ ਜੋ ਤੂੰ ਕਰਦਾ ਹੈ, ਹੇ ਸੱਚੇ ਸੁਆਮੀ ਕੇਵਲ ਓਹੀ ਹੁੰਦਾ ਹੈ, ਤਦ ਅਸੀਂ ਕਿਉਂ ਅਫਸੋਸ ਕਰੀਏ? ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥ ਸਮੁਹ ਦਿਹਾੜਾ, ਮੇਰੀ ਆਤਮਾ ਤੇ ਦੇਹਿ ਮੇਰੇ ਪ੍ਰੀਤਮ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ। ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥ ਗੋਲੇ ਨਾਨਕ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਉਹ ਸਤਿਗੁਰਾਂ ਨੂੰ ਮਿਲ ਕੇ ਆਰਾਮ ਵਿੱਚ ਵੱਸੇ। ਮਃ ੪ ॥ ਚੋਥੀ ਪਾਤਸ਼ਾਹੀ। ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥ ਜਿਨ੍ਹਾਂ ਦੇ ਦਿਲ ਅੰਦਰ ਪਿਆਰ ਦੀ ਪਿਰਹੜੀ ਹੈ, ਜਦ ਉਹ ਸਾਹਿਬ ਦਾ ਜੱਸ ਉਚਾਰਣ ਕਰਦੇ ਹਨ, ਤਦ ਉਹ ਸੁੰਦਰ ਜਾਪਦੇ ਹਨ। ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ ਨਾਨਕ ਪ੍ਰੀਤਮ ਵਾਹਿਗੁਰੂ ਜਿਸ ਨੇ ਇਹ ਮੁਹੱਬਤ ਉਨ੍ਹਾਂ ਅੰਦਰ ਫੂਕੀ ਹੈ, ਇਹ ਸਾਰਾ ਕੁਛ ਆਪ ਹੀ ਜਾਣਦਾ ਹੈ। ਪਉੜੀ ॥ ਪਉੜੀ। ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ ਤੂੰ ਖੁਦ, ਹੇ ਸਿਰਜਣਹਾਰ! ਅਚੂਕ ਹੈ। ਤੂੰ ਗਲਤੀ ਵਿੱਚ ਨਹੀਂ ਹੋ ਸਕਦਾ। ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ ਹੇ ਸਤਿਪੁਰਖ! ਜੋ ਕੁਛ ਤੂੰ ਕਰਦਾ ਹੈ, ਉਹ ਚੰਗਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਸਮਝ ਆਉਂਦੀ ਹੈ। ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ ਤੂੰ ਸਾਰੇ ਕੰਮ ਕਰਨ ਦੇ ਜੋਗ ਹੈ। ਤੇਰੇ ਬਗੈਰ ਹੋਰ ਕੋਈ ਨਹੀਂ। ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ ਤੂੰ ਮੇਰੇ ਸੁਆਮੀ ਪਹੁੰਚ ਤੋਂ ਪਰੇ ਅਤੇ ਮਿਹਰਬਾਨ ਹੈ। ਹਰ ਕੋਈ ਤੈਨੂੰ ਯਾਦ ਕਰਦਾ ਹੈ। copyright GurbaniShare.com all right reserved. Email |