Page 337
ਕਿਨਹੂ ਲਾਖ ਪਾਂਚ ਕੀ ਜੋਰੀ ॥
ਕਈ ਪੰਜ ਲੱਖ ਰੁਪਏ ਜਮ੍ਹਾਂ ਕਰਦੇ ਹਨ।

ਅੰਤ ਕੀ ਬਾਰ ਗਗਰੀਆ ਫੋਰੀ ॥੩॥
ਅਖੀਰ ਨੂੰ ਘੜਾ (ਸਰੀਰ) ਫੁੱਟ ਜਾਂਦਾ ਹੈ।

ਕਹਿ ਕਬੀਰ ਇਕ ਨੀਵ ਉਸਾਰੀ ॥
ਕਬੀਰ ਜੀ ਆਖਦੇ ਹਨ, ਕਿ ਇਕ ਬੁਨਿਆਦ, ਜਿਹੜੀ ਤੂੰ ਰੱਖੀ ਹੈ,

ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥
ਇਕ ਮੁਹਤ ਵਿੱਚ ਤਬਾਹ ਹੋ ਜਾਏਗੀ, ਹੇ ਮਗਰੂਰ ਬੰਦੇ।

ਗਉੜੀ ॥
ਗਉੜੀ।

ਰਾਮ ਜਪਉ ਜੀਅ ਐਸੇ ਐਸੇ ॥
ਹੇ ਮੇਰੀ ਜਿੰਦੇ! ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰ,

ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
ਜਿਸ ਤਰ੍ਹਾਂ ਧਰੂ ਅਤੇ ਪ੍ਰਹਿਲਾਦ ਨੇ ਵਾਹਿਗੁਰੂ ਨੂੰ ਆਰਾਧਿਆ ਸੀ।

ਦੀਨ ਦਇਆਲ ਭਰੋਸੇ ਤੇਰੇ ॥
ਹੇ ਗਰੀਬਾਂ ਦੇ ਮਿਹਰਬਾਨ! ਤੇਰੇ ਉਤੇ ਧਕੀਨ ਧਾਰ ਕੇ,

ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥
ਮੈਂ ਆਪਣਾ ਸਮੂਹ ਟੱਬਰ ਕਬੀਲਾ ਤੇਰੇ ਜਹਾਜ਼ ਤੇ ਚਾੜ੍ਹ ਦਿੱਤਾ ਹੈ। ਠਹਿਰਾਉ।

ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਆਪਣੇ ਫੁਰਮਾਨ ਤੇ ਅਮਲ ਕਰਾਉਂਦਾ ਹੈ,

ਇਸ ਬੇੜੇ ਕਉ ਪਾਰਿ ਲਘਾਵੈ ॥੨॥
ਅਤੇ ਉਹ ਇਸ ਜਹਾਜ ਨੂੰ ਪਾਰ ਕਰ ਦਿੰਦਾ ਹੈ।

ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥
ਗੁਰਾਂ ਦੀ ਦਇਆ ਦੁਆਰਾ ਮੇਰੇ ਅੰਦਰ ਐਸੀ ਸਮਝ ਟਿਕ ਗਈ ਹੈ,

ਚੂਕਿ ਗਈ ਫਿਰਿ ਆਵਨ ਜਾਨੀ ॥੩॥
ਕਿ ਮੇਰਾ ਮੁੜ ਕੇ ਆਉਣਾ ਤੇ ਜਾਣਾ ਮੁਕ ਗਿਆ ਹੈ।

ਕਹੁ ਕਬੀਰ ਭਜੁ ਸਾਰਿਗਪਾਨੀ ॥
ਕਬੀਰ ਜੀ ਆਖਦੇ ਹਨ, ਤੂੰ ਧਰਤੀ ਦੇ ਥੰਮ੍ਹਣਹਾਰ ਵਾਹਿਗੁਰੂ ਦਾ ਸਿਮਰਨ ਕਰ।

ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥
ਇਸ ਲੋਕ, ਪਰਲੋਕ ਅਤੇ ਹਰ ਥਾਂ ਕੇਵਲ ਓਹੀ ਦਾਤਾਰ ਹੈ।

ਗਉੜੀ ੯ ॥
ਗਉੜੀ 9।

ਜੋਨਿ ਛਾਡਿ ਜਉ ਜਗ ਮਹਿ ਆਇਓ ॥
ਗਰਭ ਨੂੰ ਛੱਡ ਕੇ ਜਦ ਪ੍ਰਾਣੀ ਜਹਾਨ ਅੰਦਰ ਆਉਂਦਾ ਹੈ,

ਲਾਗਤ ਪਵਨ ਖਸਮੁ ਬਿਸਰਾਇਓ ॥੧॥
ਹਵਾ ਦੇ ਲਗਦਿਆਂ ਹੀ ਉਹ ਆਪਣੇ ਮਾਲਕ ਨੂੰ ਭੁਲਾ ਦਿੰਦਾ ਹੈ।

ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥
ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ। ਠਹਿਰਾਉ।

ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥
ਜਦ ਤੂੰ ਬੱਚੇਦਾਨੀ ਦੇ ਜੀਵਨ ਅੰਦਰ ਪੁੱਠਾ ਲਟਕਿਆ ਹੋਇਆ ਤਪੱਸਿਆ ਕਰਦਾ ਸੈਂ,

ਤਉ ਜਠਰ ਅਗਨਿ ਮਹਿ ਰਹਤਾ ॥੨॥
ਤਾਂ ਤੂੰ ਪੇਟ ਦੀ ਅੱਗ ਵਿਚੋਂ ਬਚ ਨਿਕਲਿਆਂ ਸੈਂ।

ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥
ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ ਹੋਇਆ ਤੂੰ ਆਇਆ ਹੈ।

ਅਬ ਕੇ ਛੁਟਕੇ ਠਉਰ ਨ ਠਾਇਓ ॥੩॥
ਜੇ ਤੂੰ ਹੁਣ ਠੋਕਰ ਖਾ ਗਿਆ ਤੈਨੂੰ ਕੋਈ ਜਗ੍ਹਾ ਜਾਂ ਘਰ ਹੱਥ ਨਹੀਂ ਲੱਗਣਾ।

ਕਹੁ ਕਬੀਰ ਭਜੁ ਸਾਰਿਗਪਾਨੀ ॥
ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ,

ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥
ਜੋ ਆਉਂਦਾ ਅਤੇ ਜਾਂਦਾ ਦਿਸਦਾ ਨਹੀਂ ਅਤੇ ਜੋ ਸਾਰਾ ਕੁਛ ਜਾਣਦਾ ਹੈ।

ਗਉੜੀ ਪੂਰਬੀ ॥
ਗਉੜੀ ਪੂਰਬੀ।

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥
ਬਹਿਸ਼ਤ ਅੰਦਰ ਵਸੇਬੇ ਲਈ ਤਾਂਘ ਨਾਂ ਕਰ ਅਤੇ ਦੋਜ਼ਕ ਅੰਦਰ ਵਸਣੋਂ ਭੈ ਨਾਂ ਕਰ।

ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
ਜੋ ਕੁਛ ਹੋਣਾ ਹੈ, ਉਹ ਨਿਸਚਿਤ ਹੀ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਕੋਈ ਉਮੀਦ ਨ ਬੰਨ੍ਹ।

ਰਮਈਆ ਗੁਨ ਗਾਈਐ ॥
ਤੂੰ ਵਿਆਪਕ ਪ੍ਰਭੂ ਦਾ ਜੱਸ ਗਾਇਨ ਕਰ,

ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥
ਜਿਸ ਪਾਸੋਂ ਮਹਾਨ ਸਰੇਸ਼ਟ ਖਜਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।

ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥
ਕੀ ਲਾਭ ਪਾਠ ਦਾ, ਕੀ ਤਪੱਸਿਆ ਤੇ ਸਵੈ-ਰਿਆਜ਼ਤ ਦਾ, ਕੀ ਹੈ ਨਿਰਾ-ਅਹਾਰ ਰਹਿਣ ਦਾ ਅਤੇ ਕੀ ਨ੍ਹਾਉਣ ਦਾ,

ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥
ਜਦ ਤਾਂਈ ਤੈਨੂੰ ਮੁਬਾਰਕ ਮਾਲਕ ਦੀ ਪ੍ਰੀਤ ਅਤੇ ਸੇਵਾ ਦਾ ਤਰੀਕਾ ਨਹੀਂ ਆਉਂਦਾ?

ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥
ਖ਼ਜ਼ਾਨਿਆਂ ਨੂੰ ਤੱਕ ਕੇ ਫੁੱਲ ਕੇ ਨਾਂ ਬੈਠ ਅਤੇ ਮੁਸੀਬਤ ਨੂੰ ਤੱਕ ਕੇ ਵਿਰਲਾਪ ਨਾਂ ਕਰ।

ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥
ਜਿਹੋ ਜਿਹੀ ਦੌਲਤ ਹੈ, ਉਹੋ ਜਿਹੇ ਹੀ ਕੰਗਾਲਤਾ ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।

ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥
ਕਬੀਰ ਜੀ ਆਖਦੇ ਹਨ, ਸਾਧੂਆਂ ਦੇ ਰਾਹੀਂ, ਮੈਂ ਹੁਣ ਆਪਣੇ ਮਨ ਵਿੱਚ ਜਾਣ ਲਿਆ ਹੈ,

ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥
ਕਿ ਉਹ ਸੇਵਕ, ਜਿਸ ਦੇ ਹਿਰਦੇ ਵਿੱਚ ਸੁਆਮੀ ਨਿਵਾਸ ਰੱਖਦਾ ਹੈ ਪਰਮ ਸਰੇਸ਼ਟ ਟਹਿਲ ਕਮਾਉਂਦਾ ਹੈ।

ਗਉੜੀ ॥
ਗਉੜੀ।

ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥
ਮੇਰੀ ਜਿੰਦੜੀਏ! ਕੋਈ ਜਣਾ ਜਿਸ ਦਾ ਬੋਝ ਤੂੰ ਚੁਕਦਾ ਹੈ, ਤੇਰਾ ਨਹੀਂ।

ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥
ਜਿਸ ਤਰ੍ਹਾਂ ਪੰਛੀ ਦਾ ਰੁਖ ਉਤੇ ਬੈਠਣਾ ਹੈ, ਉਸੇ ਤਰ੍ਹਾਂ ਦਾ ਇਹ ਜਹਾਨ ਹੈ।

ਰਾਮ ਰਸੁ ਪੀਆ ਰੇ ॥
ਪ੍ਰਭੂ ਦਾ ਅੰਮ੍ਰਿਤ ਮੈਂ ਪਾਨ ਕੀਤਾ ਹੈ,

ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥
ਜਿਸ ਆਬਿ-ਹਿਯਾਤ ਦੁਆਰਾ ਮੈਨੂੰ ਹੋਰ ਸੁਆਦ ਭੁੱਲ ਗਏ ਹਨ। ਠਹਿਰਾਉ।

ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥
ਜਦ ਕਿ ਅਸੀਂ ਖੁਦ ਮੁਸਤਕਿਲ ਨਹੀਂ ਹੋਰਨਾਂ ਦੇ ਮਰਨ ਉਤੇ ਅਸੀਂ ਕਿਉਂ ਵਿਰਲਾਪ ਕਰੀਏ?

ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥
ਜੋ ਕੋਈ ਭੀ ਜੰਮਿਆ ਹੈ, ਉਹ ਮਰ ਜਾਸੀ। ਇਸ ਦੁਖੜੇ ਕਾਰਨ ਮੇਰੇ ਭੂਤ ਪ੍ਰੇਤ ਰੋਣ।

ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥
ਜਦ ਆਦਮੀ ਨੇਕ ਬੰਦਿਆਂ ਨਾਲ ਜੁੜ ਜਾਂਦਾ ਹੈ ਅਤੇ ਨਾਮ ਅੰਮ੍ਰਿਤ ਪਾਨ ਕਰਦਾ ਹੈ, ਉਸ ਦੀ ਆਤਮਾ ਉਸ ਅੰਦਰ ਲੀਨ ਹੋ ਜਾਂਦੀ ਹੈ, ਜਿਸ ਤੋਂ ਉਹ ਪੈਦਾ ਹੋਈ ਸੀ।

ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
ਕਬੀਰ ਜੀ ਆਖਦੇ ਹਨ, ਮੈਂ ਆਪਣੇ ਮਨ ਵਿੱਚ ਵਿਆਪਕ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਪਿਆਰ ਨਾਲ ਯਾਦ ਕਰਦਾ ਹਾਂ।

ਰਾਗੁ ਗਉੜੀ ॥
ਰਾਗ ਗਉੜੀ।

ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
ਹਊਕੇ ਭਰਦੀ ਅਤੇ ਅੱਥਰੂ ਭਰੀਆਂ ਅੱਖਾਂ ਨਾਲ ਪਤਨੀ ਰਾਹ ਤਕਾਉਂਦੀ ਹੈ।

ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
ਉਸ ਦਾ ਚਿੱਤ ਪ੍ਰਸੰਨ ਨਹੀਂ ਅਤੇ ਆਪਣੇ ਸੁਆਮੀ ਨੂੰ ਦੇਖਣ ਦੀ ਉਮੀਦ ਵਿੱਚ ਉਹ ਆਪਣੇ ਪੈਰ ਪਿਛੇ ਨਹੀਂ ਹਟਾਉਂਦੀ।

copyright GurbaniShare.com all right reserved. Email