Page 570
ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥
ਭਲਾ ਪੁਰਸ਼ ਜਿਸ ਨੂੰ ਪ੍ਰਭੂ ਆਪੇ ਹੀ ਸਿਆਣਪ ਪਰਦਾਨ ਕਰਦਾ ਹੈ, ਭਲਾਈ ਅੰਦਰ ਰਮਿਆ ਰਹਿੰਦਾ ਹੈ। ਇਸ ਜੱਗ ਵਿੱਚ ਉਹ ਸਾਈਂ ਦੇ ਸਿਮਰਨ ਦਾ ਨਫਾ ਕਮਾਉਂਦਾ ਹੈ।

ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥
ਹਰੀ ਦੇ ਅਨੁਰਾਗ ਬਾਝੋਂ, ਬੰਦੇ ਨੂੰ ਆਰਾਮ ਨਹੀਂ ਮਿਲਦਾ। ਹੋਰਸ ਦੀ ਪ੍ਰੀਤ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਨਾਮ ਦਾ ਆਸਰਾ ਮਿਲਦਾ ਹੈ।

ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥
ਜਿਸ ਨੂੰ ਪ੍ਰੂਭੂ ਇਸ ਵਣਜ ਵਿੱਚ ਪਾਉਂਦਾ ਹੈ ਉਹ ਸਦੀਵ ਹੀ ਨਾਮ ਦੇ ਸੌਦੇ ਸੂਤ ਦਾ ਨਫਾ ਉਠਾਉਂਦਾ ਹੈ।

ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥
ਜਦ ਸੱਚੇ ਗੁਰੂ ਇਸ ਤਰ੍ਹਾਂ ਸਿਖਮਤ ਦਿੰਦੇ ਹਨ ਤਾਂ ਇਨਸਾਨ ਨਾਮ ਦੇ ਮਾਲ ਦੇ ਜਵੇਹਰਾਂ ਦਾ ਵਾਪਾਰ ਕਰਦਾ ਹੈ।

ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥
ਧੰਨ-ਦੌਲਤ ਦਾ ਪਿਆਰ ਸਮੂਹ ਕਲੇਸ਼ ਹੀ ਹੈ। ਝੂਠਾ ਹੈ ਇਹ ਵਣਜ।

ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥
ਝੂਠ ਬੋਲ ਕੇ ਜੀਵ ਜ਼ਹਿਰ ਖਾਂਦਾ ਹੈ ਅਤੇ ਉਸ ਅੰਦਰ ਬਦੀਆਂ ਬਹੁਤ ਹੀ ਵੱਧ ਜਾਂਦੀਆਂ ਹਨ।

ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥
ਇਸ ਸ਼ੱਕ ਦੇ ਸਤਾਏ ਹੋਏ ਜੱਗ ਵਿੱਚ ਪਾਪ ਘਣੇਰੇ ਜ਼ਿਆਦਾ ਹੋ ਗਏ ਹਨ। ਨਾਮ ਦੇ ਬਾਝੋਂ ਆਦਮੀ ਇੱਜ਼ਤ ਵੰਞਾ ਲੈਦਾ ਹੈ।

ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥
ਬਹੁਤ ਲਿਖ ਪੜ੍ਹ ਕੇ, ਵਿਦਵਾਨ ਬਹਿਸ ਮੁਬਾਹਿਸੇ ਕਰਦੇ ਹਨ। ਬਗੈਰ ਗਿਆਤ ਦੇ ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ।

ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥
ਉਨ੍ਹਾਂ ਨੂੰ ਧੰਨ-ਦੌਲਤ ਦਾ ਪਿਆਰ ਮਿੱਠਾ ਲਗਦਾ ਹੈ, ਇਸ ਲਈ ਉਨ੍ਹਾਂ ਦੇ ਆਉਣੇ ਤੇ ਜਾਣੇ ਕਦਾਚਿੱਤ ਮੁਕਦੇ ਨਹੀਂ।

ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥
ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਲੇਸ਼ ਹੀ ਹੈ। ਮੰਦੀ ਹੈ ਇਹ ਸੁਦਾਗਰੀ।

ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥
ਜਾਲ੍ਹੀ ਅਤੇ ਅਸਲੀ, ਉਸ ਸੱਚੇ ਸੁਆਮੀ ਦੀ ਦਰਗਾਹ ਅੰਦਰ, ਸਾਰੇ ਜਾਂਚੇ-ਪੜਤਾਲੇ ਜਾਂਦੇ ਹਨ।

ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥
ਕੂੜੇ ਕਚਹਿਰੀਓ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਖੜੇ ਹੋ ਹਮੇਸ਼ਾਂ ਉਹ ਵਿਰਲਾਪ ਕਰਦੇ ਹਨ।

ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥
ਮੂਰਖ ਤੇ ਬੁੱਧੂ ਖੜੇ ਹੋ ਵਿਰਲਾਪ ਕਰਦੇ ਹਨ। ਉਹ ਅਧਰਮੀ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ।

ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥
ਮੋਹਨੀ ਦੀ ਜ਼ਹਿਰ ਨੇ ਸੰਸਾਰ ਨੂੰ ਗੁਮਰਾਹ ਕਰ ਦਿੱਤਾ ਹੈ, ਅਤੇ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦਾ।

ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥
ਸਾਧੂਆਂ, ਨਾਲ ਦੁਸ਼ਮਨੀ ਕਰਕੇ, ਅਧਰਮੀ ਜਗਤ ਵਿੱਚ ਤਕਲੀਫ ਉਠਾਉਂਦਾ ਹੈ।

ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥
ਕੂੜਿਆਂ ਅਤੇ ਸੱਚਿਆਂ ਦਾ ਉਸ ਸੱਚੀ ਕਚਹਿਰੀ ਵਿੱਚ ਨਿਰਣਾ ਕੀਤਾ ਜਾਂਦਾ ਹੈ।

ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥
ਸਾਹਿਬ ਖੁਦ ਹੀ ਸਾਰਾ ਕੁਛ ਕਰਦਾ ਹੈ। ਮੈਂ ਹੋਰ ਕੀਹਨੂੰ ਕਹਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।

ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥
ਜਿਸ ਤਰ੍ਹਾਂ ਉਸ ਦੀ ਕੀਰਤੀ ਤੇ ਜਿਸ ਤਰ੍ਹਾਂ ਉਸ ਦੀ ਖੁਸ਼ੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਜੋੜਦਾ ਹੈ।

ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥
ਕਿਉਂ ਜੋ ਉਹ ਆਪ ਹੀ ਬੰਦਿਆਂ ਨੂੰ ਜਿਵੇਂ ਉਸ ਦੀ ਰਜ਼ਾ ਹੈ, ਉਵੇਂ ਹੀ ਉਹ ਖੁਦ ਵਡਿਆਉਂਦਾ ਹੈ, ਆਪਣੇ ਆਪ ਕੋਈ ਸੂਰਮਾ ਜਾ ਕਾਇਰ ਨਹੀਂ।

ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥
ਦਾਤਾਰ ਪ੍ਰਭੂ ਜਗਤ ਦੀ ਜਿੰਦ-ਜਾਨ ਤੇ ਪ੍ਰਾਲਬਧ ਬਨਾਉਣ ਵਾਲਾ ਹੈ ਅਤੇ ਉਹ ਆਪ ਹੀ ਬਖਸ਼ਦਾ ਹੈ।

ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥
ਗੁਰਾਂ ਦੀ ਮਿਹਰ ਦੁਆਰਾ ਹੇ ਨਾਨਕ! ਸਵੈ-ਹੰਗਤਾ ਦੂਰ ਹੁੰਦੀ ਹੈ, ਅਤੇ ਨਾਮ ਦੇ ਰਾਹੀਂ ਇੱਜ਼ਤ ਪ੍ਰਾਪਤ ਹੁੰਦੀ ਹੈ।

ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥
ਸਾਈਂ ਆਪੇ ਹੀ ਸਭ ਕੁਛ ਕਰਦਾ ਹੈ। ਮੈਂ ਹੋਰ ਕੀਹਦੇ ਮੂਹਰੇ ਬੇਨਤੀ ਕਰਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।

ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਿਸ਼ਾਹੀ।

ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥
ਸੱਚਾ ਸੌਦਾ ਸੂਤ ਸੁਆਮੀ ਦਾ ਨਾਮ ਹੈ ਅਤੇ ਸੱਚਾ ਹੈ ਇਹ ਵਣਜ।

ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥
ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦੇ ਨਾਮ ਦਾ ਵਾਪਾਰ ਕੀਤਾ ਜਾਂਦਾ ਹੈ। ਨਿਹਾਇਤ ਹੀ ਜਿਆਦਾ ਹੈ ਇਸ ਦੀ ਕੀਮਤ।

ਅਤਿ ਮੋਲੁ ਅਫਾਰਾ ਸਚ ਵਾਪਾਰਾ ਸਚਿ ਵਾਪਾਰਿ ਲਗੇ ਵਡਭਾਗੀ ॥
ਬੇਅੰਤ ਬਹੁਤਾ ਹੈ ਮੁਲ ਇਸ ਸੱਚੇ ਵਣਜ ਦਾ। ਜੋ ਸੱਚੇ ਵਣਜ ਵਿੱਚ ਜੁੜੇ ਹਨ, ਉਹ ਪਰਮ ਚੰਗੇ ਕਰਮਾਂ ਵਾਲੇ ਹਨ।

ਅੰਤਰਿ ਬਾਹਰਿ ਭਗਤੀ ਰਾਤੇ ਸਚਿ ਨਾਮਿ ਲਿਵ ਲਾਗੀ ॥
ਅੰਦਰੋਂ ਤੇ ਬਾਹਰੋਂ ਉਹ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ ਅਤੇ ਸਤਿਨਾਮ ਨਾਲ ਉਹ ਪ੍ਰੀਤ ਗੰਢਦੇ ਹਨ।

ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ ॥
ਜਿਸ ਉੱਤੇ ਮਾਲਕ ਮਿਹਰ ਧਾਰਦਾ ਹੈ, ਉਹੀ ਸੱਚ ਨੂੰ ਪਾਉਂਦਾ ਹੈ ਤੇ ਗੁਰਬਾਣੀ ਦੀ ਸੋਚ ਵਿਚਾਰ ਕਰਦਾ ਹੈ।

ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ ॥੧॥
ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਵਣਜ ਵਿੱਚ ਜੁੜ ਜਾਣ ਦੁਆਰਾ ਆਰਾਮ ਪਾਉਂਦੇ ਹਨ।

ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥
ਧਨ-ਦੌਲਤ ਦਾ ਹੰਕਾਰ ਨਿਰੋਲ ਗੰਦਗੀ ਹੈ ਅਤੇ ਆਤਮਾ ਦੌਲਤ ਤੇ ਹੰਕਾਰ ਦੀ ਇਸ ਗੰਦਗੀ ਨਾਲ ਭਰ ਜਾਂਦੀ ਹੈ।

ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ ॥
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ।

ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥
ਜੀਭ ਪ੍ਰਭੂ ਦੇ ਜੌਹਰ ਨੂੰ ਚੱਖਦੀ ਹੈ, ਹਿਰਦਾ ਪ੍ਰਭੂ ਦੇ ਪ੍ਰੇਮ ਨਾਲ ਗੱਚ ਹੋ ਜਾਂਦਾ ਹੈ ਅਤੇ ਪ੍ਰਾਣੀ ਸੱਚੇ ਨਾਮ ਦਾ ਚਿੰਤਨ ਕਰਦਾ ਹੈ।

ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥
ਹਿਰਦਾ ਖੂਹ ਸੁਆਮੀ ਦੇ ਅੰਮ੍ਰਿਤ ਨਾਲ ਪਰੀਪੂਰਨ ਹੈ। ਨਾਮ ਦੇ ਸਿਮਰਨ ਰਾਹੀਂ ਪਾਣੀ ਭਰਨ ਵਾਲੀ ਇਸ ਨੂੰ ਕੱਢ ਕੇ ਪਾਨ ਕਰਦੀ ਹੈ।

ਜਿਸੁ ਨਦਰਿ ਕਰੇ ਸੋਈ ਸਚਿ ਲਾਗੈ ਰਸਨਾ ਰਾਮੁ ਰਵੀਜੈ ॥
ਜਿਸ ਉਤੇ ਮਾਲਕ ਦੀ ਰਹਿਮਤ ਹੈ, ਉਹ ਸੱਚ ਨਾਲ ਜੂੜਦਾ ਹੈ ਤੇ ਉਸ ਦੀ ਜੀਭ ਸਾਈਂ ਦਾ ਨਾਮ ਉਚਾਰਨ ਕਰਦੀ ਹੈ।

ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥੨॥
ਨਾਨਕ, ਪਵਿੱਤ੍ਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਬਾਕੀ ਦੇ ਹਊਮੈ ਦੀ ਗੰਦਗੀ ਨਾਲ ਲਿਬੜੇ ਹੋਏ ਹਨ।

ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥
ਸਾਰੇ ਵਿਦਵਾਨ ਅਤੇ ਜੋਤਸ਼ੀ ਪੜ੍ਹ ਤੇ ਵਾਚ ਕੇ ਉੱਚੀ ਉੱਚੀ ਪੁਕਾਰਦੇ ਹਨ। ਉਹ ਕੀਹਨੂੰ ਸਿਖਮਤ ਦੇਣਾ ਚਾਹੁੰਦੇ ਹਨ?

copyright GurbaniShare.com all right reserved. Email