ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥
ਭਾਵੇਂ ਸਾਰੇ ਭਾਗਾਂ ਵਾਲਾ ਹੋਣਾ ਲੋੜਦੇ ਹਨ, ਪਰ ਉਨ੍ਹਾਂ ਦੀ ਪ੍ਰਾਲਬਧ ਦਾ ਉਨ੍ਹਾਂ ਦੇ ਅਮਲਾ ਅਨੁਸਾਰ ਹੀ ਫੈਸਲਾ ਹੁੰਦਾ ਹੈ। ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥ ਨਾਨਕ ਜਿਸ ਨੇ ਰਚਨਾ ਰਚੀ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ। ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥ ਮਾਲਕ ਦਾ ਫੁਰਮਾਨ ਜਾਣਿਆ ਨਹੀਂ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਉਚਤਾ ਬਖਸ਼ ਦਿੰਦਾ ਹੈ। ਗਉੜੀ ਬੈਰਾਗਣਿ ਮਹਲਾ ੧ ॥ ਗਊੜੀ ਬੈਰਾਗਣਿ ਪਾਤਸਾਹੀ ਪਹਿਲੀ। ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥ ਜੇਕਰ ਮੈਂ ਮਿਰਗਣੀ ਹੋਵਾਂ, ਜੰਗਲ ਵਿੱਚ ਰਹਾਂ ਅਤੇ ਫਲ ਤੇ ਜੜਾਂ ਚੁਗ ਕੇ ਖਾਵਾਂ। ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥ ਮੈਂ ਆਪਣੇ ਮਾਲਕ ਉਤੋਂ ਸਦੀਵ ਹੀ ਕੁਰਬਾਨ ਹਾਂ, ਜੋ ਗੁਰਾਂ ਦੀ ਦਇਆਂ ਦੁਆਰਾ ਪ੍ਰਾਪਤ ਹੁੰਦਾ ਹੈ। ਮੈ ਬਨਜਾਰਨਿ ਰਾਮ ਕੀ ॥ ਮੈਂ ਆਪਣੇ ਸਰਬ-ਵਿਆਪਕ ਸਾਈਂ ਦੀ ਵਾਪਾਰਣ ਹਾਂ। ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥ ਤੇਰਾ ਨਾਮ ਮੇਰਾ ਸੌਦਾ-ਸੂਤ ਅਤੇ ਸੁਦਾਗਰੀ ਹੈ। ਠਹਿਰਾਉ। ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ ਜੇਕਰ ਮੈਂ ਕੋਇਲ ਹੋ ਜਾਂਵਾਂ ਅਤੇ ਅੰਬ ਦੇ ਬੂਟੇ ਉਤੇ ਰਹਾ, ਤਾਂ ਭੀ ਮੈਂ ਆਪਣੇ ਮਾਲਕ ਦੇ ਸ਼ਬਦ ਦਾ ਆਰਾਧਨ ਕਰਾਂਗੀ। ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥ ਤਦ ਮੈਂ ਸੁਖੈਨ ਹੀ ਆਪਣੇ ਕੰਤ ਨੂੰ ਮਿਲ ਪਵਾਂਗੀ, ਜਿਸ ਦਾ ਦੀਦਾਰ ਅਤੇ ਸੁੰਦਰਤਾ ਲਾਸਾਨੀ ਹੈ। ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥ ਜੇਕਰ ਮੈਂ ਮੱਛੀ ਹੋ ਜਾਵਾਂ ਅਤੇ ਪਾਣੀ ਵਿੱਚ ਵੱਸਾਂ, ਤਾਂ ਭੀ ਮੈਂ ਉਸ ਦਾ ਆਰਾਧਨ ਕਰਾਂਗੀ ਜੋ ਸਮੂਹ ਪ੍ਰਾਣ-ਧਾਰੀਆਂ ਦੀ ਨਿਗਾਹਬਾਨੀ ਕਰਦਾ ਹੈ। ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥ ਉਰਲੇ ਤੇ ਪਾਰਲੇ ਪਾਸੇ ਮੇਰਾ ਖਸਮ ਨਿਵਾਸ ਰੱਖਦਾ ਹੈ। ਆਪਣੀਆਂ ਭੁਜਾ ਫੈਲਾ ਕੇ ਮੈਂ ਉਸ ਨੂੰ ਮਿਲ ਪਵਾਂਗੀ। ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥ ਜੇਕਰ ਮੈਂ ਸ੍ਰਪਣੀ ਹੋ ਜਾਵਾਂ ਅਤੇ ਧਰਤੀ ਅੰਦਰ ਰਹਾਂ, ਤਾਂ ਭੀ ਮੈਂ ਆਪਣੇ ਸੁਆਮੀ ਦੇ ਨਾਮ ਅੰਦਰ ਨਿਵਾਸ ਕਰਾਂਗੀ ਤੇ ਮੇਰਾ ਡਰ ਦੂਰ ਹੋ ਜਾਵੇਗਾ। ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥ ਨਾਨਕ ਉਹ ਸਦੀਵ ਹੀ ਖੁਸਬਾਸ਼ ਵਿਆਹੁਤਾ ਪਤਨੀਆਂ ਹਨ, ਜਿਨ੍ਹਾਂ ਨੂੰ ਪ੍ਰਕਾਸ਼ਵਾਨ ਪ੍ਰਭੂ ਆਪਣੇ ਪ੍ਰਕਾਸ਼ ਨਾਲ ਅਭੇਦ ਕਰ ਲੈਂਦਾ ਹੈ। ਗਉੜੀ ਪੂਰਬੀ ਦੀਪਕੀ ਮਹਲਾ ੧ ਗਊੜੀ ਪੂਰਬੀ ਦੀਪਕੀ, ਪਹਿਲੀ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ। ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਜਿਸ ਗ੍ਰਹਿ ਅੰਦਰ ਸਿਰਜਣਹਾਰ ਦਾ ਸਿਮਰਣ ਹੁੰਦਾ ਹੈ, ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ। ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥ ਉਸ ਗ੍ਰਹਿ ਅੰਦਰ ਜੱਸ ਦੇ ਗੀਤ ਗਾਇਨ ਕਰੋ ਅਤੇ ਰਚਣਹਾਰ ਨੂੰ ਆਰਾਧੇ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਤੂੰ ਮੇਰੇ ਨਿਡੱਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ। ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਮੈਂ ਉਸ ਖੁਸ਼ੀ ਦੇ ਗਾਉਣੇ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ। ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ, ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ। ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਤੇਰੀਆਂ ਦਾਤਾਂ ਦਾ ਮੂਲ ਨਹੀਂ ਪਾਇਆ ਜਾ ਸਕਦਾ ਤਾਂ ਫਿਰ ਤੇਰਾ (ਉਸ ਦਾਤੇ ਦਾ) ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਵਿਆਹ ਦਾ ਸਾਲ ਅਤੇ ਦਿਹਾੜਾ ਲਿਖਿਆ ਹੋਇਆ (ਮੁਕੱਰਰ) ਹੈ। (ਮੇਰੀ-ਓ-ਸਖੀਓ!) ਇਕੱਠੀਆਂ ਹੋ ਕੇ (ਬੂਹੇ ਉਤੇ) ਤੇਲ ਚੋਵੋ। ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਉ, ਹੈ ਮਿਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ। ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਇਹ ਸਮਨ ਹਰ ਗ੍ਰਹਿ ਵਿੱਚ ਭੇਜਿਆ ਜਾਂਦਾ ਹੈ, ਅਤੇ ਐਸੀਆਂ ਹਾਕਾ ਰੋਜ ਹੀ ਪੈਂਦੀਆਂ ਰਹਿੰਦੀਆਂ ਹਨ। ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥੨੦॥ ਬੁਲਾਉਣ ਵਾਲੇ ਦਾ ਆਰਾਧ ਕਰ, ਹੇ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ। ਰਾਗੁ ਗਉੜੀ ਗੁਆਰੇਰੀ ॥ ਰਾਗ ਗਊੜੀ ਗੁਆਰੇਰੀ। ਮਹਲਾ ੩ ਚਉਪਦੇ ॥ ਤੀਜੀ ਪਾਤਸ਼ਾਹੀ ਚਉਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਗੁਰਿ ਮਿਲਿਐ ਹਰਿ ਮੇਲਾ ਹੋਈ ॥ ਗੁਰਾਂ ਨੂੰ ਭੇਟਣ ਦੁਆਰਾ ਵਾਹਿਗੁਰੂ ਮਿਲ ਪੈਂਦਾ ਹੈ। ਆਪੇ ਮੇਲਿ ਮਿਲਾਵੈ ਸੋਈ ॥ ਉਹ ਮਾਲਕ ਆਪ ਹੀ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ। ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ ॥ ਮੇਰਾ ਸਾਈਂ ਸਾਰੀਆਂ ਯੁਕਤੀਆਂ ਆਪ ਹੀ ਜਾਣਦਾ ਹੈ। ਹੁਕਮੇ ਮੇਲੇ ਸਬਦਿ ਪਛਾਣੈ ॥੧॥ ਆਪਣੇ ਫੁਰਮਾਨ ਦੁਆਰਾ, ਉਹ ਉਨ੍ਹਾਂ ਨੂੰ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ। ਸਤਿਗੁਰ ਕੈ ਭਇ ਭ੍ਰਮੁ ਭਉ ਜਾਇ ॥ ਸੱਚੇ ਗੁਰਾਂ ਦੇ ਡਰ ਰਾਹੀਂ ਸੰਦੇਹ ਤੇ ਹੋਰਸੁ ਦਾ ਖੌਫ ਅਲੋਪ ਹੋ ਜਾਂਦੇ ਹਨ। ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ ॥ ਜੋ ਗੁਰਾਂ ਦੇ ਤ੍ਰਾਂਸ ਅੰਦਰ ਡੁੱਬਿਆ ਰਹਿੰਦਾ ਹੈ, ਉਹ ਸਤਿਪੁਰਖ ਦੀ ਪ੍ਰੀਤ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ। ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ ॥ ਗੁਰਾਂ ਨੂੰ ਭੇਟਣ ਤੇ, ਵਾਹਿਗੁਰੂ, ਸੁਖੈਨ ਹੀ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ ॥ ਮੇਰਾ ਮਾਲਕ ਵਿਸ਼ਾਲ ਹੈ, ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ ॥ ਗੁਰਾਂ ਦੇ ਉਪਦੇਸ਼ ਤਾਂਬੇ ਮੈਂ ਉਸ ਦੀ ਪਰਸੰਸਾ ਕਰਦਾ ਹਾਂ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ। ਮੇਰਾ ਪ੍ਰਭੁ ਬਖਸੇ ਬਖਸਣਹਾਰੁ ॥੨॥ ਮੇਰਾ ਸੁਆਮੀ ਮੁਆਫੀ-ਦੇਣਹਾਰ ਹੈ। ਰੱਬ ਕਰੇ, ਉਹ ਮੈਨੂੰ ਮਾਫ ਕਰ ਦੇਵੇ। ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥ ਗੁਰਾਂ ਦੇ ਮਿਲ ਪੈਣ ਤੇ ਸਮੂਹ ਸਿਆਣਪ ਅਤੇ ਸਮਝ ਆ ਜਾਂਦੀ ਹੈ। copyright GurbaniShare.com all right reserved. Email:- |