Page 158
ਮਨਿ ਨਿਰਮਲਿ ਵਸੈ ਸਚੁ ਸੋਇ ॥
ਆਤਮਾ ਪਵਿਤ੍ਰ ਹੋ ਜਾਂਦੀ ਹੈ ਅਤੇ ਉਹ ਸੱਚਾ ਸਾਈਂ ਉਸ ਵਿੱਚ ਨਿਵਾਸ ਕਰ ਲੈਂਦਾ ਹੈ।

ਸਾਚਿ ਵਸਿਐ ਸਾਚੀ ਸਭ ਕਾਰ ॥
ਜੇਕਰ ਇਨਸਾਨ ਸੱਚ ਵਿੱਚ ਟਿਕਾਣਾ ਕਰ ਲਵੇ ਤਾਂ ਉਸ ਦੇ ਸਮੂਹ ਕਰਮ ਸੱਚੇ ਹੋ ਜਾਂਦੇ ਹਨ।

ਊਤਮ ਕਰਣੀ ਸਬਦ ਬੀਚਾਰ ॥੩॥
ਪਰਮ ਸ਼੍ਰੇਸ਼ਟ ਕਾਰਵਿਹਾਰ, ਸੁਆਮੀ ਦੇ ਨਾਮ ਦਾ ਸਿਮਰਣ ਹੈ।

ਗੁਰ ਤੇ ਸਾਚੀ ਸੇਵਾ ਹੋਇ ॥
ਗੁਰਾਂ ਦੇ ਰਾਹੀਂ ਸੱਚੀ ਟਹਿਲ ਸੇਵਾ ਕਮਾਈ ਜਾਂਦੀ ਹੈ।

ਗੁਰਮੁਖਿ ਨਾਮੁ ਪਛਾਣੈ ਕੋਇ ॥
ਗੁਰਾਂ ਦੇ ਜਰੀਏ ਕੋਈ ਵਿਰਲਾ ਹੀ ਹਰੀ ਨਾਮ ਨੂੰ ਸਿੰਞਾਣਦਾ ਹੈ।

ਜੀਵੈ ਦਾਤਾ ਦੇਵਣਹਾਰੁ ॥
ਦਾਤਾਰ ਤੇ ਸਖੀ ਗੁਰੂ ਜੀ, ਸਦਾ ਹੀ ਜੀਉਂਦੇ ਹਨ।

ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥
ਰਬ ਕਰਕੇ, ਨਾਨਕ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਪੈ ਜਾਵੇ।

ਗਉੜੀ ਗੁਆਰੇਰੀ ਮਹਲਾ ੩ ॥
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਗੁਰ ਤੇ ਗਿਆਨੁ ਪਾਏ ਜਨੁ ਕੋਇ ॥
ਕੋਈ ਵਿਰਲਾ ਪੁਰਸ਼ ਹੀ ਗੁਰਾਂ ਪਾਸੋਂ ਬ੍ਰਹਮ-ਬੀਚਾਰ ਪ੍ਰਾਪਤ ਕਰਦਾ ਹੈ।

ਗੁਰ ਤੇ ਬੂਝੈ ਸੀਝੈ ਸੋਇ ॥
ਜੋ ਗੁਰਾਂ ਦੇ ਜਰੀਏ ਵਾਹਿਗੁਰੂ ਨੂੰ ਸਮਝਦਾ ਹੈ, ਉਹ ਕਬੂਲ ਪੈ ਜਾਂਦਾ ਹੈ।

ਗੁਰ ਤੇ ਸਹਜੁ ਸਾਚੁ ਬੀਚਾਰੁ ॥
ਗੁਰਾਂ ਕੋਲੋਂ ਸੱਚੇ ਸਾਹਿਬ ਦਾ ਸਿਮਰਨ ਪ੍ਰਾਪਤ ਹੁੰਦਾ ਹੈ।

ਗੁਰ ਤੇ ਪਾਏ ਮੁਕਤਿ ਦੁਆਰੁ ॥੧॥
ਗੁਰਾਂ ਪਾਸੋਂ ਮੋਖਸ਼ ਦਾ ਦਰਵਾਜ਼ਾ ਪਾਇਆ ਜਾਂਦਾ ਹੈ।

ਪੂਰੈ ਭਾਗਿ ਮਿਲੈ ਗੁਰੁ ਆਇ ॥
ਪੂਰਨ ਚੰਗੇ ਨਸੀਬਾਂ ਰਾਹੀਂ ਗੁਰੂ ਜੀ ਆ ਕੇ (ਇਨਸਾਨ ਨੂੰ) ਮਿਲ ਪੈਂਦੇ ਹਨ।

ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ ॥
ਸਚਿਆਰ ਸੁਖੈਨ ਹੀ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।

ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥
ਗੁਰਾਂ ਨੂੰ ਭੇਟਣ ਦੁਆਰਾ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ।

ਗੁਰ ਤੇ ਸਾਂਤਿ ਵਸੈ ਮਨਿ ਆਏ ॥
ਗੁਰਾਂ ਦੇ ਜ਼ਰੀਏ ਠੰਢ ਚੈਨ ਆ ਕੇ ਚਿੱਤ ਵਿੱਚ ਟਿਕ ਜਾਂਦੀ ਹੈ।

ਗੁਰ ਤੇ ਪਵਿਤ ਪਾਵਨ ਸੁਚਿ ਹੋਇ ॥
ਗੁਰਾਂ ਦੇ ਰਾਹੀਂ ਬੰਦਾ ਪੁਨੀਤ ਬੇਦਾਗ ਤੇ ਨਿਰਮਲ ਹੋ ਜਾਂਦਾ ਹੈ।

ਗੁਰ ਤੇ ਸਬਦਿ ਮਿਲਾਵਾ ਹੋਇ ॥੨॥
ਗੁਰਾਂ ਦੇ ਰਾਹੀਂ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ।

ਬਾਝੁ ਗੁਰੂ ਸਭ ਭਰਮਿ ਭੁਲਾਈ ॥
ਗੁਰਾਂ ਦੇ ਬਗੈਰ ਹਰ ਕੋਈ ਵਹਿਮ ਅੰਦਰ ਭਟਕਦਾ ਹੈ।

ਬਿਨੁ ਨਾਵੈ ਬਹੁਤਾ ਦੁਖੁ ਪਾਈ ॥
ਨਾਮ ਦੇ ਬਾਝੋਂ ਪ੍ਰਾਣੀ ਘਣਾ ਕਸ਼ਟ ਉਠਾਉਂਦੇ ਹਨ।

ਗੁਰਮੁਖਿ ਹੋਵੈ ਸੁ ਨਾਮੁ ਧਿਆਈ ॥
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।

ਦਰਸਨਿ ਸਚੈ ਸਚੀ ਪਤਿ ਹੋਈ ॥੩॥
ਸਤਿ ਪੁਰਖ ਦੇ ਦੀਦਾਰ ਦੁਆਰਾ ਸੱਚੀ ਇਜਤ-ਆਬਰੂ ਪ੍ਰਾਪਤ ਹੁੰਦੀ ਹੈ।

ਕਿਸ ਨੋ ਕਹੀਐ ਦਾਤਾ ਇਕੁ ਸੋਈ ॥
ਕੇਵਲ ਓਹੀ ਦਾਤਾਰ ਹੈ, ਹੋਰ ਕਿਸੇ ਦਾ ਕਿਉਂ ਜ਼ਿਕਰ ਕਰੀਏ?

ਕਿਰਪਾ ਕਰੇ ਸਬਦਿ ਮਿਲਾਵਾ ਹੋਈ ॥
ਜੇਕਰ, ਉਹ ਮਿਹਰ ਧਾਰੇ ਤਾ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।

ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥
ਆਪਣੇ ਪਿਆਰੇ ਗੁਰਾਂ ਨੂੰ ਭੇਟ ਕੇ, ਮੈਂ ਸੱਚੇ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।

ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥
ਨਾਨਕ ਸਚਿਆਰ ਬਣ ਕੇ ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।

ਗਉੜੀ ਗੁਆਰੇਰੀ ਮਹਲਾ ੩ ॥
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥
ਸੱਚੀ ਹੈ ਉਹ ਥਾਂ ਜਿਥੇ ਮਨ ਪਵਿੱਤਰ ਹੋ ਜਾਂਦਾ ਹੈ।

ਸਚਿ ਨਿਵਾਸੁ ਕਰੇ ਸਚੁ ਸੋਇ ॥
ਸੱਚਾ ਹੈ ਉਹ ਜੋ ਸੱਚ ਅੰਦਰ ਟਿਕਾਣਾ ਕਰਦਾ ਹੈ।

ਸਚੀ ਬਾਣੀ ਜੁਗ ਚਾਰੇ ਜਾਪੈ ॥
ਸੱਚੀ ਗੁਰਬਾਣੀ ਚਾਰਾਂ ਹੀ ਯੁਗਾਂ ਅੰਦਰ ਪਰਸਿੱਧ ਹੈ।

ਸਭੁ ਕਿਛੁ ਸਾਚਾ ਆਪੇ ਆਪੈ ॥੧॥
ਸੱਚਾ ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ।

ਕਰਮੁ ਹੋਵੈ ਸਤਸੰਗਿ ਮਿਲਾਏ ॥
ਚੰਗੇ ਭਾਗਾਂ ਦੁਆਰਾ ਇਨਸਾਨ ਸਾਧ ਸੰਗਤ ਅੰਦਰ ਜੁੜਦਾ ਹੈ।

ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ ॥
ਉਹ ਸ਼੍ਰੇਸ਼ਟ ਜਗ੍ਹਾ ਤੇ ਬੈਠ ਕੇ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ।

ਜਲਉ ਇਹ ਜਿਹਵਾ ਦੂਜੈ ਭਾਇ ॥
ਇਹ ਜੀਭ ਸੜ ਵੰਞੇ, ਜੋ ਹੋਰਨਾ ਦੀ ਪ੍ਰੀਤ ਦੀ ਮੁਸ਼ਤਾਕ ਹੈ,

ਹਰਿ ਰਸੁ ਨ ਚਾਖੈ ਫੀਕਾ ਆਲਾਇ ॥
ਤੇ ਜਿਹੜੀ ਵਾਹਿਗੁਰੂ ਅੰਮ੍ਰਿਤ ਨੂੰ ਨਹੀਂ ਭੁੰਚਦੀ, ਅਤੇ ਰੁੱਖੇ ਬਚਨ ਬੋਲਦੀ ਹੈ।

ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥
ਸਾਹਿਬ ਨੂੰ ਅਨੁਭਵ ਕਰਨ ਦੇ ਬਾਝੋਂ ਦੇਹਿ ਤੇ ਚਿੱਤ ਫਿਕਲੇ ਹੋ ਜਾਂਦੇ ਹਨ।

ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥
ਸੁਆਮੀ ਦੇ ਨਾਮ ਦੇ ਬਗੈਰ ਬਦਬਖਤ ਬੰਦਾ ਵਿਰਲਾਪ ਕਰਦਾ ਹੋਇਆ ਟੁਰ ਜਾਂਦਾ ਹੈ।

ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥
ਜਿਨ੍ਹਾਂ ਦੀ ਜੀਭ, ਸੁਤੇਸਿਧ ਹੀ, ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦੀ ਹੈ,

ਗੁਰ ਕਿਰਪਾ ਤੇ ਸਚਿ ਸਮਾਇ ॥
ਉਹ ਗੁਰਾਂ ਦੀ ਦਇਆ ਦੁਆਰਾ ਸੱਚੇ ਸਾਹਿਬ ਵਿੱਚ ਲੀਨ ਹੋ ਜਾਂਦੇ ਹਨ।

ਸਾਚੇ ਰਾਤੀ ਗੁਰ ਸਬਦੁ ਵੀਚਾਰ ॥
ਜਬਾਨ ਜਿਹੜੀ ਸੱਚ ਨਾਲ ਰੰਗੀ ਹੈ ਅਤੇ ਗੁਰਬਾਣੀ ਨੂੰ ਸੋਚਦੀ-ਵਿਚਾਰਦੀ ਹੈ,

ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥
ਉਹ ਵਾਹਿਗੁਰੂ ਦੇ ਨਾਮ ਦੀ ਪਵਿੱਤ੍ਰ ਨਦੀ ਦਾ ਆਬਿ-ਹਿਯਾਤ ਛਕਦੀ ਹੈ।

ਨਾਮਿ ਸਮਾਵੈ ਜੋ ਭਾਡਾ ਹੋਇ ॥
ਜੇਕਰ ਰਿਦਾ-ਬਰਤਨ ਸਿੱਧਾ ਹੋਵੇ, ਤਾਂ ਨਾਮ ਇਕੱਤ੍ਰ ਹੋ ਜਾਂਦਾ ਹੈ, ਪਰ

ਊਂਧੈ ਭਾਂਡੈ ਟਿਕੈ ਨ ਕੋਇ ॥
ਮੁੰਧੇ ਬਰਤਨ ਵਿੱਚ ਕੁਝ ਭੀ ਨਹੀਂ ਠਹਿਰਦਾ।

ਗੁਰ ਸਬਦੀ ਮਨਿ ਨਾਮਿ ਨਿਵਾਸੁ ॥
ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦਾ ਨਾਮ ਇਨਸਾਨ ਦੇ ਚਿੱਤ ਅੰਦਰ ਵਸ ਜਾਂਦਾ ਹੈ।

ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥
ਨਾਨਕ ਸੱਚਾ ਹੈ ਉਹ ਹਿਰਦਾ-ਬਰਤਨ, ਜੋ ਹਰੀ ਦੇ ਨਾਮ ਲਈ ਤਿਹਾਇਆ ਹੈ।

ਗਉੜੀ ਗੁਆਰੇਰੀ ਮਹਲਾ ੩ ॥
ਗਉੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥
ਕਈ ਗਾਊਦੇ ਹੀ ਰਹਿੰਦੇ ਹਨ ਪਰ ਉਨ੍ਹਾਂ ਦੇ ਚਿੱਤ ਨੂੰ ਰਸ ਨਹੀਂ ਆਉਂਦਾ।

ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥
ਹੰਕਾਰ ਅੰਦਰ ਉਹ ਗਾਊਂਦੇ ਹਨ ਅਤੇ ਸਾਰਾ ਕੁਝ ਬੇਅਰਥ ਜਾਂਦਾ ਹੈ।

ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥
ਜੋ ਨਾਮ ਨੂੰ ਪ੍ਰੀਤ ਕਰਦੇ ਹਨ, ਉਹ ਵਾਹਿਗੁਰੂ ਦੇ ਗੀਤ ਗਾਉਂਦੇ ਹਨ।

ਸਾਚੀ ਬਾਣੀ ਸਬਦ ਬੀਚਾਰੁ ॥੧॥
ਉਹ ਸਾਹਿਬ ਦੇ ਸ਼ਬਦ, ਸੱਚੀ ਗੁਰਬਾਣੀ, ਦਾ ਧਿਆਨ ਧਾਰਦੇ ਹਨ।

ਗਾਵਤ ਰਹੈ ਜੇ ਸਤਿਗੁਰ ਭਾਵੈ ॥
ਜੇਕਰ ਸੱਚੇ ਗੁਰਾਂ ਨੂੰ ਚੰਗਾ ਲਗੇ, ਤਾਂ ਆਦਮੀ ਸਾਈਂ ਦਾ ਜੱਸ ਗਾਇਨ ਕਰਦਾ ਰਹਿੰਦਾ ਹੈ।

ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥
ਨਾਮ ਨਾਲ ਰੰਗੀਜੇ ਹੋਣ ਕਰਕੇ ਉਸ ਦੀ ਆਤਮਾ ਤੇ ਦੇਹਿ ਸਸ਼ੋਭਤ ਦਿਸਦੇ ਹਨ। ਠਹਿਰਾਉ।

ਇਕਿ ਗਾਵਹਿ ਇਕਿ ਭਗਤਿ ਕਰੇਹਿ ॥
ਕਈ ਗਾਉਂਦੇ ਹਨ ਤੇ ਕਈ ਟਹਿਲ ਸੇਵਾ ਕਮਾਉਂਦੇ ਹਨ।

ਨਾਮੁ ਨ ਪਾਵਹਿ ਬਿਨੁ ਅਸਨੇਹ ॥
ਪਰ ਦਿੱਲੀ ਪਿਰਹੜੀ ਦੇ ਬਗੈਰ ਨਾਮ ਨੂੰ ਪ੍ਰਾਪਤ ਨਹੀਂ ਹੁੰਦੇ।

ਸਚੀ ਭਗਤਿ ਗੁਰ ਸਬਦ ਪਿਆਰਿ ॥
ਸੱਚਾ ਅਨੁਰਾਗ ਗੁਰੂ ਦੇ ਸ਼ਬਦ ਨੂੰ ਪ੍ਰੇਮ ਕਰਨ ਵਿੱਚ ਹੈ।

ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥
ਆਪਣੇ ਪ੍ਰੀਤਮ ਨੂੰ ਅਨੁਰਾਗੀ, ਸਦੀਵ ਹੀ, ਆਪਣੇ ਦਿਲ ਨਾਲ ਲਾਈ ਰਖਦਾ ਹੈ।

copyright GurbaniShare.com all right reserved. Email:-