ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥
ਸਾਧ ਰੂਪ ਪੁਰਸ਼ਾਂ ਨੂੰ ਮਿਲ ਕੇ, ਹੇ ਮੇਰੇ ਵਾਹਿਗੁਰੂ ਮੈਂ ਮਿਤ੍ਰ ਤੇ ਸਾਥੀ, ਆਪਣੇ ਸੁਆਮੀ ਮਾਲਕ ਨੂੰ ਪਾ ਲਿਆ ਹੈ।ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥ ਜਗਤ ਦੀ ਜਿੰਦ ਜਾਨ ਹਰੀ ਆ ਕੇ ਮੈਨੂੰ ਮਿਲ ਪਿਆ ਹੈ, ਹੇ ਮੇਰੇ ਮਾਲਕ! ਅਤੇ ਮੇਰੀ ਰਾਤ੍ਰੀ ਹੁਣ ਆਰਾਮ ਅੰਦਰ ਬੀਤ ਰਹੀ ਹੈ।ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥ ਹੇ ਸਾਧੂਓ! ਮੈਨੂੰ ਮੇਰੇ ਵਾਹਿਗੁਰੂ ਸੁਆਮੀ, ਮਿਤ੍ਰ ਨਾਲ ਜੋੜ ਦਿਓ। ਮੇਰੀ ਆਤਮਾ ਤੇ ਦੇਹਿ ਨੂੰ ਉਸ ਦੀ ਭੁੱਖ ਲੱਗੀ ਹੋਈ ਹੈ।ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥ ਮੈਂ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਜੀਊ ਨਹੀਂ ਸਕਦਾ। ਮੇਰੇ ਮਨ ਵਿੱਚ ਵਾਹਿਗੁਰੂ ਨਾਲੋ ਵਿਛੋੜੇ ਦੀ ਪੀੜ ਹੈ।ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥ ਪਾਤਸ਼ਾਹ ਪ੍ਰਭੂ ਮੇਰਾ ਲਾਡਲਾ ਯਾਰ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਅਤੇ ਮੇਰੀ ਆਤਮਾ ਸੁਰਜੀਤ ਹੋ ਕੇ ਈਸ਼ਵਰ-ਪਰਾਇਣ ਹੋ ਗਈ ਹੈ।ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥ ਮੇਰੇ ਚਿੱਤ ਤੇ ਦੇਹਿ ਦੀਆਂ ਸੱਧਰਾ ਪੂਰਨ ਹੋ ਗਈਆਂ ਹਨ। ਵਾਹਿਗੁਰੂ ਨਾਲ ਮਿਲ ਪੈਣ ਤੇ ਮੇਰੀ ਆਤਮਾ ਨੂੰ ਮੁਬਾਰਕ ਯਾਦਾ ਮਿਲ ਰਹੀਆਂ ਹਨ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥ ਕੁਰਬਾਨ ਮੇਰੇ ਸ੍ਰਿਸ਼ਟੀ ਦੇ ਸੁਆਮੀ! ਕੁਰਬਾਨ ਮੇਰੇ ਦਿਲਬਰ ਮੈਂ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਹਾਂ।ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥ ਮੇਰੇ ਅੰਤਹਕਰਣ ਅਤੇ ਸਰੀਰ ਅੰਦਰ ਮੇਰੇ ਮਹਿਬੁਬ ਕੰਤ ਦੀ ਪ੍ਰੀਤ ਹੈ, ਹੇ ਮੇਰੇ ਸੁਆਮੀ! ਮੇਰੀ ਰਾਸਿ ਦੀ ਰਖਵਾਲੀ ਕਰ, ਹੇ ਵਾਹਿਗੁਰੂ।ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ ਹੇ ਮੇਰੇ ਸੁਆਮੀ, ਮੈਨੂੰ ਸਤਿਗੁਰੂ ਸਲਾਹਕਾਰ ਨਾਲ ਮਿਲਾ ਦੇ, ਜੋ ਆਪਣੀ ਰਹਿਬਰੀ ਰਾਹੀਂ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇਗਾ।ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥ ਤੇਰੀ ਮਿਹਰ ਰਾਹੀਂ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।ਗਉੜੀ ਮਾਝ ਮਹਲਾ ੪ ॥ ਗਊੜੀ ਮਾਝ ਪਾਤਸ਼ਾਹੀ ਚੋਥੀ।ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ ਖਿਲੰਦੜਾ ਮੇਰਾ ਮਾਲਕ, ਖਿਲੰਦੜਾ ਮੇਰਾ ਮਹਿਬੂਬ ਖਿਲੰਦੜਾ ਹੈ ਮੇਰਾ ਵਾਹਿਗੁਰੂ ਸੁਆਮੀ!ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ ਵਾਹਿਗੁਰੂ ਖੁਦ ਕ੍ਰਿਸ਼ਨ ਨੂੰ ਰਚਦਾ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸਾਂਈ, ਅਤੇ ਵਾਹਿਗੁਰੂ ਖੁਦ ਹੀ ਲੱਭਣ ਵਾਲੀ ਗੁਆਲਣ ਹੋ ਜਾਂਦਾ ਹੈ।ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ ਭਗਵਾਨ ਆਪੇ ਸਾਰਿਆਂ ਦਿਲਾਂ ਨੂੰ ਮਾਣਦਾ ਹੈ, ਹੇ ਮੇਰੇ ਸਾਹਿਬ! ਅਤੇ ਆਪ ਹੀ ਸੁਆਦ ਮਾਨਣਹਾਰ ਅਨੰਦ ਕਰਨ ਵਾਲਾ ਹੈ।ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥ ਪ੍ਰਭੂ ਸਿਆਣਾ ਅਤੇ ਅਚੂਕ ਹੈ। ਉਹ ਖੁਦ ਹੀ ਉਸ ਨਾਲ ਜੁੜਿਆ ਹੋਇਆ ਸੱਚਾ ਗੁਰੂ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥ ਹੇ ਮੇਰੇ ਸੁਆਮੀ! ਵਾਹਿਗੁਰੂ ਖੁਦ ਸ੍ਰਿਸ਼ਟੀ ਨੂੰ ਸਾਜਦਾ ਹੈ, ਅਤੇ ਖੁਦ ਹੀ ਅਨੇਕਾ ਢੰਗ ਨਾਲ ਖੇਡਦਾ ਹੈ।ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ ਹੇ ਮੇਰੇ ਸੁਆਮੀ! ਕਈਆਂ ਨੂੰ ਉਹ ਨਿਆਮਤਾ ਭੁੰਚਾਉਂਦਾ ਹੈ, ਅਤੇ ਕਈ ਨੰਗਾ ਦੇ ਨੰਗ ਹੋ ਨੰਗ-ਧੜਗੇ ਭਟਕਦੇ ਫਿਰਦੇ ਹਨ।ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥ ਹੇ ਮੇਰੇ ਸੁਆਮੀ! ਵਾਹਿਗੁਰੂ ਆਪ ਜਹਾਨ ਨੂੰ ਬਣਾਉਂਦਾ ਹੈ, ਅਤੇ ਸਾਰਿਆਂ ਨੂੰ ਬਖਸ਼ਸ਼ਾ ਕਰਦਾ ਹੈ, ਜੋ ਉਸ ਪਾਸੋਂ ਯਾਚਨਾ ਕਰਦੇ ਹਨ।ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥ ਸੰਤਾ ਨੂੰ ਨਾਮ ਦਾ ਹੀ ਆਸਰਾ ਹੈ, ਹੇ ਮੇਰੇ ਸੁਆਮੀ! ਉਹ ਵਾਹਿਗੁਰੂ ਸਾਹਿਬ ਦੀ ਸੁਹਣੀ ਧਰਮ ਵਾਰਤਾ ਦੀ ਹੀ ਯਾਚਨਾ ਕਰਦੇ ਹਨ।ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥ ਵਾਹਿਗੁਰੂ ਆਪ ਸਾਧੂਆਂ ਪਾਸੋਂ ਆਪਣੀ ਉਪਾਸਨਾ ਕਰਾਉਣਾ ਹੈ, ਹੇ ਮੇਰੇ ਸੁਆਮੀ ਅਤੇ ਆਪਣੇ ਸਾਧੂਆਂ ਦੀਆਂ ਚਿੱਤ ਦੀਆਂ ਚਾਹਨਾ ਪੂਰੀਆਂ ਕਰਦਾ ਹੈ।ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥ ਸੁਆਮੀ ਖੁਦ ਪਾਣੀ ਤੇ ਧਰਤੀ ਅੰਦਰ ਰਮਿਆ ਹੋਇਆ ਹੈ, ਹੇ ਮੇਰੇ ਮਾਲਕ! ਉਹ ਸਰਬ-ਵਿਆਪਕ ਹੈ ਅਤੇ ਦੁਰੇਡੇ ਨਹੀਂ।ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥ ਅੰਦਰ ਤੇ ਬਾਹਰਵਾਰ ਸਾਹਿਬ ਖ਼ੁਦ ਹੀ ਹੈ ਹੇ ਮੇਰੇ ਮਾਲਕ! ਵਾਹਿਗੁਰੂ ਆਪੇ ਹੀ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥ ਆਪਣੀ ਵਿਆਪਕ ਰੂਹ, ਪ੍ਰਭੂ ਨੇ ਸਾਰੇ ਫੈਲਾਈ ਹੋਈ ਹੈ, ਹੇ ਮੇਰੇ ਮਾਲਕ! ਹਰੀ ਖ਼ੁਦ ਲਾਗਿਊ ਹੀ ਸਾਰਿਆਂ ਨੂੰ ਦੇਖ ਰਿਹਾ ਹੈ।ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥ ਹੇ ਵਾਹਿਗੁਰੂ! ਮੇਰੇ ਸੁਆਮੀ, ਜੀਵਾ ਦੇ ਅੰਦਰ ਹਵਾ ਦਾ ਨਾਦ ਹੈ। ਜਿਸ ਤਰ੍ਹਾਂ ਵਾਹਿਗੁਰੂ ਖੁਦ ਇਸ ਨੂੰ ਅਲਾਪਦਾ ਹੈ, ਉਵੇ ਹੀ ਇਹ ਗੁੰਜਦਾ ਹੈ।ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥ ਹੇ ਵਾਹਿਗੁਰੂ! ਮੇਰੇ ਸੁਆਮੀ! ਸਾਡੇ ਅੰਦਰ ਨਾਮ ਦਾ ਖ਼ਜਾਨਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਸੁਆਮੀ ਪ੍ਰਗਟ ਹੋ ਜਾਂਦਾ ਹੈ।ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥ ਹੇ ਮੇਰੇ ਸੁਆਮੀ! ਵਾਹਿਗੁਰੂ ਖ਼ੁਦ ਹੀ ਬੰਦੇ ਨੂੰ ਆਪਣੀ ਸ਼ਰਦਾਗਤ ਅੰਦਰ ਪ੍ਰਵੇਸ਼ ਕਰਾਉਂਦਾ ਅਤੇ ਅਨੁਰਾਗੀ ਪੁਰਸ਼ਾ ਦੀ ਇੱਜਤ ਰਖਦਾ ਹੈ। copyright GurbaniShare.com all right reserved. Email:- |