Page 247
ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥
ਸੰਸਾਰੀ ਪਦਾਰਥ ਦਾ ਨਰੜਿਆ ਹੋਇਆ ਮਨੂਆ ਅਸਥਿਰ ਨਹੀਂ ਰਹਿੰਦਾ। ਹਰ ਮੁਹਤ ਤਕਲਫ਼ਿ ਉਸ ਨੂੰ ਦੁਖਾਂਤ੍ਰ ਕਰਦੀ ਹੈ।

ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥੩॥
ਕੇਵਲ ਤਾਂ ਹੀ ਹੇ ਨਾਨਕ! ਧਨ ਦੌਲਤ ਦਾ ਦਰਦ ਦੂਰ ਹੁੰਦਾ ਹੈ, ਜਦ ਆਦਮੀ ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ ਲੈਂਦਾ ਹੈ।

ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥
ਆਪ-ਹੁਦਰੀ, ਮੂਰਖ ਅਤੇ ਬੇ-ਸਮਝ ਹੈ ਤੂੰ ਹੇ ਮੇਰੀ ਪਿਆਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੀ।

ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥
ਮੋਹਨੀ ਦੀ ਗਲਤ ਫਹਿਮੀ ਦੇ ਸਬੱਬ ਤੂੰ ਅੰਨ੍ਹੀ ਹੋ ਗਈ ਹੈ। ਹੇ ਮੇਰੀ ਪਿਆਰੀ! ਤੂੰ ਰੱਬ ਦਾ ਰਾਹ ਕਿਸ ਤਰ੍ਹਾਂ ਪਾ ਸਕਦੀ ਹੈ?

ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥
ਜਦ ਤਾਂਈ ਸੱਚੇ ਗੁਰਾਂ ਨੂੰ ਚੰਗਾ ਨਹੀਂ ਲੱਗਦਾ, ਤੂੰ ਰਸਤਾ ਕਿਸ ਤਰ੍ਹਾਂ ਲੱਭ ਸਕਦਾ ਹੈ? ਅਧਰਮੀ ਆਪਣੇ ਆਪ ਨੂੰ ਜਣਾਉਂਦਾ ਹੈ।

ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥
ਵਾਹਿਗੁਰੂ ਦੇ ਸੇਵਕ, ਸਦੀਵ ਹੀ ਸੁਖਾਲੇ ਹਨ। ਉਹ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।

ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥
ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥
ਨਾਨਕ, ਇਸ ਜਹਾਨ ਅੰਦਰ ਕੇਵਲ ਇਕੋ ਹੀ ਮੁਨਾਫਾ ਨਾਮ ਦੇ ਹੀਰੇ ਦਾ ਹੈ। ਗੁਰੂ ਅਨੁਸਾਰੀਆਂ ਨੂੰ ਪ੍ਰਭੂ ਖੁਦ ਇਹ ਸਮਝ ਦਰਸਾਉਂਦਾ ਹੈ।

ਰਾਗੁ ਗਉੜੀ ਛੰਤ ਮਹਲਾ ੫
ਰਾਗ ਗਊੜੀ ਛੰਤ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
ਮੇਰੇ ਚਿੱਤ ਅੰਦਰ ਉਦਾਸੀਨਤਾ ਹੈ। ਮੈਂ ਕਿਸ ਤਰ੍ਹਾਂ ਆਪਣੇ ਦਾਤਾਰ ਸੁਆਮੀ ਨੂੰ ਵੇਖਾਂਗੀ?

ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
ਮਾਨਯੋਗ, ਵਿਸ਼ਾਲ ਅਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਮੇਰਾ ਮਿੱਤਰ ਅਤੇ ਸਾਥੀ ਹੈ।

ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
ਹੇ ਕਿਸਮਤ ਦੇ ਲਿਖਾਰੀ ਅਤੇ ਲਖ਼ਸ਼ਮੀ ਦੇ ਸੁਆਮੀ! ਅਦੁੱਤੀ ਸਾਹਿਬ, ਮੈਂ ਨਿਮੋਝੂਣੀ, ਕਿਸ ਤਰ੍ਹਾਂ ਤੈਨੂੰ ਮਿਲ ਸਕਦੀ ਹਾਂ?

ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
ਮੇਰੇ ਹੱਥ ਤੇਰੀ ਘਾਲ ਕਮਾਉਂਦੇ ਹਨ। ਮੇਰਾ ਸਿਰ ਤੇਰੇ ਪੈਰਾਂ ਉਤੇ ਹੈ ਅਤੇ ਮੇਰੇ ਮਸਕੀਨ ਮਨੂਏ ਅੰਦਰ ਤੇਰੇ ਦੀਦਾਰ ਦੀ ਉਮੀਦ ਹੈ।

ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
ਇਕ ਸੁਆਸ ਦੇ ਵਕਫੇ ਅਤੇ ਇਕ ਮੁਹਤ ਭਰ ਲਈ ਭੀ ਮੈਂ ਤੈਨੂੰ ਨਹੀਂ ਭੁਲਾਉਂਦਾ। ਹਰ ਛਿਨ ਲਮ੍ਹੇ ਅਤੇ ਦਿਨ ਰਾਤ, ਮੈਂ ਤੈਨੂੰ ਯਾਦ ਕਰਦਾ ਹਾਂ, ਹੈ ਮਾਲਕ!

ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥
ਪਪੀਹੇ ਦੀ ਤਰ੍ਹਾਂ ਨਾਨਕ ਤੇਰੇ ਲਈ ਤਿਹਾਇਆ ਹੈ। ਆਪਣੇ ਦਰਿਆ-ਦਿਲ ਸੁਆਮੀ ਨੂੰ ਉਹ ਕਿਸ ਤਰ੍ਹਾਂ ਭੇਟੇਗਾ?

ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
ਮੈਂ ਇਕ ਪ੍ਰਾਰਥਨਾ ਕਰਦੀ ਹਾਂ, ਇਸ ਨੂੰ ਸ੍ਰਵਣ ਕਰ, ਹੇ ਮੇਰੇ ਲਾਡਲੇ ਖ਼ਸਮ!

ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
ਤੇਰੀਆਂ ਅਦਭੁਤ ਖੇਡਾ ਵੇਖ ਕੇ ਮੇਰੀ ਆਤਮਾ ਅਤੇ ਦੇਹਿ ਫ਼ਰੇਫ਼ਤਾ ਹੋ ਗਏ ਹਨ।

ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥
ਤੇਰੀਆਂ ਅਸਚਰਜ ਖੇਡਾ ਤੱਕ ਮੈਂ ਮੋਹਿਤ ਹੋ ਗਈ ਹਾਂ। ਮੈਂ ਤੇਰੀ ਉਦਾਸੀਨ ਪਤਨੀ ਦਾ ਕਿਵੇ ਧੀਰਜ ਬੱਝੋ?

ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
ਮੇਰਾ ਚੰਗਿਆਈ-ਨਿਪੁੰਨ, ਮਿਹਰਬਾਨ ਅਤੇ ਸਦ-ਜੁਆਨ ਭਰਤਾ ਸਮੂਹ ਉਤਮਤਾਈਆਂ ਨਾਲ ਪਰੀ-ਪੂਰਨ ਹੈ।

ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
ਆਰਾਮ-ਬਖਸ਼ਣਹਾਰ ਮੇਰੇ ਪਤੀ ਦਾ ਕਸੂਰ ਨਹੀਂ। ਆਪਣੇ ਪਾਪਾਂ ਦੁਆਰਾ ਮੈਂ ਉਸ ਨਾਲੋਂ ਜੁਦਾ ਹੋ ਗਈ ਹਾਂ।

ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥
ਨਾਨਕ ਜੋਦੜੀ ਕਰਦਾ ਹੈ, "ਦਇਆਵਾਨ ਹੋ ਅਤੇ ਗ੍ਰਹਿ ਨੂੰ ਮੋੜਾ ਪਾ, ਹੇ ਮੇਰੇ ਲਾਡਲੇ ਪਤੀ!

ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ਮੈਂ ਆਪਣੀ ਆਤਮਾ ਸਮਰਪਣ ਕਰਦਾ ਹਾਂ, ਮੈਂ ਆਪਣੀ ਸਾਰੀ ਦੇਹਿ ਸਮਰਪਣ ਕਰਦਾ ਹਾਂ ਅਤੇ ਸਮਰਪਣ ਕਰਦਾ ਹਾਂ ਮੈਂ ਆਪਣੀ ਸਮੂਹ ਜ਼ਮੀਨ।

ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
ਮੈਂ ਆਪਣਾ ਸੀਸ ਉਸ ਲਾਲਡੇ ਮਿਤ੍ਰ ਨੂੰ ਭੇਟਾ ਕਰਦਾ ਹਾਂ, ਜਿਹੜਾ ਮੈਨੂੰ ਮੇਰੇ ਸੁਆਮੀ ਦਾ ਸੁਨੇਹਾ ਦੇਵੇ।

ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
ਪਰਮ ਉਤਕ੍ਰਿਸਟ ਟਿਕਾਣੇ ਵਾਲੇ ਗੁਰਾਂ ਨੂੰ ਮੈਂ ਆਪਣਾ ਸਿਰ ਸਮਰਪਣ ਕੀਤਾ ਹੈ ਅਤੇ ਉਹਨਾਂ ਨੇ ਸੁਆਮੀ ਨੂੰ ਐਨ ਮੇਰੇ ਨਾਲ ਹੀ ਵਿਖਾਲ ਦਿਤਾ ਹੈ।

ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
ਇਕ ਮੁਹਤ ਵਿੱਚ, ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ ਅਤੇ ਸਾਰਾ ਕੁਛ ਜੋ ਮੇਰਾ ਚਿੱਤ ਚਾਹੁੰਦਾ ਸੀ, ਮੈਨੂੰ ਪ੍ਰਾਪਤ ਹੋ ਗਿਆ ਹੈ।

ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
ਦਿਨ ਰਾਤ, ਹੁਣ ਪਤਨੀ ਮੌਜਾਂ ਮਾਣਦੀ ਹੈ ਅਤੇ ਉਸ ਦੇ ਸਾਰੇ ਫ਼ਿਕਰ ਮੁਕ ਗਏ ਹਨ।

ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥
ਗੁਰੂ ਜੀ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਨਸ਼ਾ ਪਸੰਦ ਪਤੀ ਪ੍ਰਾਪਤ ਹੋ ਗਿਆ ਹੈ।

ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
ਮੇਰੇ ਚਿੱਤ ਅੰਦਰ ਖੁਸ਼ੀ ਹੈ। ਅਤੇ ਮੁਬਾਰਕਬਾਦਾ ਮਿਲ ਰਹੀਆਂ ਹਨ।

ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
ਮੇਰਾ ਲਾਲਡਾ ਪ੍ਰੀਤਮ ਮੇਰੇ ਗ੍ਰਹਿ ਆ ਗਿਆ ਹੈ ਅਤੇ ਮੇਰੀ ਸਾਰੀ ਪਿਆਸ ਬੁਝ ਗਈ ਹੈ।

ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
ਮੈਂ ਜੱਗ ਦੇ ਪਾਲਣਹਾਰ ਆਪਣੇ ਮਿੱਠੜੇ ਮਾਲਕ ਨੂੰ ਮਿਲ ਪਈ ਹਾਂ ਅਤੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ।

ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
ਮੇਰੇ ਸਾਰੇ ਸੱਜਣ ਅਤੇ ਸਾਕ-ਸੈਨ ਅਨੰਦ ਅੰਦਰ ਹਨ ਅਤੇ ਮੇਰੇ ਕਟੜ ਵੈਰੀਆਂ ਦਾ ਨਾਮ ਨਿਸ਼ਾਨ ਤਕ ਮਿਟ ਗਿਆ ਹੈ।

ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
ਸੁਤੇ ਸਿਧ ਹੋਣ ਵਾਲਾ ਕੀਰਤਨ ਮੇਰੇ ਧਾਮ ਅੰਦਰ ਗੂੰਜ ਰਿਹਾ ਹੈ ਅਤੇ ਮੇਰੇ ਅਤੇ ਮੇਰੇ ਦਿਲਬਰ ਲਈ ਸਾਂਝੀ ਸੇਜ ਵਿਛਾਈ ਗਈ ਹੈ।

ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥
ਗੁਰੂ ਜੀ ਬੇਨਤੀ ਕਰਦੇ ਹਨ, ਹੁਣ ਮੈਂ ਬੈਕੁੰਠੀ ਅਨੰਦ ਅੰਦਰ ਵਿਚਰਦਾ ਹਾਂ। ਮੇਰਾ ਆਰਾਮ-ਬਖਸ਼ਣਹਾਰ ਭਰਤਾ ਵਾਹਿਗੁਰੂ ਮੈਨੂੰ ਮਿਲ ਪਿਆ ਹੈ।

copyright GurbaniShare.com all right reserved. Email:-