Page 253
ਪਉੜੀ ॥
ਪਉੜੀ।

ਯਯਾ ਜਾਰਉ ਦੁਰਮਤਿ ਦੋਊ ॥
ਯ-ਆਪਣੀ ਮੰਦੀ ਅਕਲ ਤੇ ਦਵੈਤ-ਭਾਵ ਨੂੰ ਸਾੜ ਸੁਟ।

ਤਿਸਹਿ ਤਿਆਗਿ ਸੁਖ ਸਹਜੇ ਸੋਊ ॥
ਇਨ੍ਹਾਂ ਨੂੰ ਛੱਡ ਦੇ ਅਤੇ ਆਰਾਮ ਅਤੇ ਅਡੋਲਤਾ ਅੰਦਰ ਸੌਂ।

ਯਯਾ ਜਾਇ ਪਰਹੁ ਸੰਤ ਸਰਨਾ ॥
ਯ-ਜਾਹ ਜਾ ਕੇ ਸਾਧੂਆਂ ਦੀ ਸ਼ਰਣਾਗਤ ਸੰਭਾਲ,

ਜਿਹ ਆਸਰ ਇਆ ਭਵਜਲੁ ਤਰਨਾ ॥
ਜਿਨ੍ਹਾਂ ਦੀ ਮਦਦ ਨਾਲ ਤੂੰ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।

ਯਯਾ ਜਨਮਿ ਨ ਆਵੈ ਸੋਊ ॥
ਯ- ਉਹ ਮੁੜ ਕੇ ਦੇਹਿ ਨਹੀਂ ਧਾਰਦਾ,

ਏਕ ਨਾਮ ਲੇ ਮਨਹਿ ਪਰੋਊ ॥
ਜੋ ਇਕ ਨਾਮ ਨੂੰ ਲੈ ਕੇ, ਆਪਣੇ ਦਿਲ ਅੰਦਰ ਪਰੋ ਲੈਂਦਾ ਹੈ।

ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥
ਯ-ਪੂਰਨ ਗੁਰਾਂ ਦੇ ਆਸਰੇ ਰਾਹੀਂ, ਤੂੰ ਆਪਣਾ ਮਨੁੱਖੀ ਜੀਵਨ ਨਹੀਂ ਹਾਰੇਗਾ।

ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥
ਨਾਨਕ ਜਿਸ ਦੇ ਦਿਲ ਅੰਦਰ ਕੇਵਲ ਇਕ ਪ੍ਰਭੂ ਹੈ ਉਹ ਆਰਾਮ ਪਾ ਲੈਦਾ ਹੈ।

ਸਲੋਕੁ ॥
ਸਲੋਕ।

ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥
ਜੋ ਇਸ ਲੋਕ ਅਤੇ ਪਰਲੋਕ ਵਿੱਚ ਆਦਮੀ ਦਾ ਮਿੱਤਰ ਹੈ, ਉਹ ਉਸ ਦੀ ਆਤਮਾ ਅਤੇ ਦੇਹਿ ਅੰਦਰ ਰਹਿੰਦਾ ਹੈ।

ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥
ਪੂਰਨ ਗੁਰਾਂ ਨੇ ਹੇ ਨਾਨਕ! ਹਮੇਸ਼ਾਂ ਸਾਹਿਬ ਦਾ ਸਿਮਰਨ ਕਰਨ ਦੀ ਮੈਨੂੰ ਸਿਖ ਮਤ ਦਿੱਤੀ ਹੈ।

ਪਉੜੀ ॥
ਪਉੜੀ।

ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥
ਰਾਤ ਦਿਨ ਉਸਦਾ ਆਰਾਧਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।

ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥
ਇਹ ਜਹਿਰ ਕੇਵਲ ਚਾਰ ਜਾ ਛਿਆਂ ਦਿਹਾੜੀਆਂ ਲਈ ਹੈ। ਸਾਰੇ ਹੀ ਇਸ ਨੂੰ ਛੱਡ ਕੇ ਟੁਰ ਜਾਣਗੇ।

ਕਾ ਕੋ ਮਾਤ ਪਿਤਾ ਸੁਤ ਧੀਆ ॥
ਕਿਸ ਦੇ ਹਨ ਮਾਈ, ਬਾਪ, ਪੁੱਤ ਅਤੇ ਲੜਕੀਆਂ?

ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥
ਘਰ, ਪਤਨੀ ਅਤੇ ਹੋਰ ਕੁਝ ਉਸ ਨਾਲ ਨਹੀਂ ਲਿਜਾਂਦਾ।

ਐਸੀ ਸੰਚਿ ਜੁ ਬਿਨਸਤ ਨਾਹੀ ॥
ਐਹੋ ਜੇਹੀ ਦੌਲਤ ਇਕੱਠੀ ਕਰ ਜੋ ਨਾਸ ਨਹੀਂ ਹੁੰਦੀ,

ਪਤਿ ਸੇਤੀ ਅਪੁਨੈ ਘਰਿ ਜਾਹੀ ॥
ਤਾਂ ਜੋ ਤੂੰ ਆਪਣੇ ਧਾਮ ਨੂੰ ਇੱਜਤ ਆਬਰੂ ਨਾਲ ਜਾਵੇਂ।

ਸਾਧਸੰਗਿ ਕਲਿ ਕੀਰਤਨੁ ਗਾਇਆ ॥
ਜੋ ਇਸ ਕਲਜੁਗ ਅੰਦਰ ਸਤਿ ਸੰਗਤ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ,

ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥
ਹੇ ਨਾਨਕ! ਉਹ ਮੁੜ ਕੇ ਇਸ ਜਗ ਵਿੱਚ ਨਹੀਂ ਆਉਂਦੇ।

ਸਲੋਕੁ ॥
ਸਲੋਕ।

ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
ਭਾਵੇਂ ਇਨਸਾਨ ਪਰਮ ਸੁਨੱਖਾ, ਵੱਡਾ ਖਾਨਾਦਾਨੀ, ਸਿਆਣਾ ਅਤੇ ਚੋਟੀ ਦਾ ਬ੍ਰਹਿਮ-ਬੇਤਾ ਅਤੇ ਅਮੀਰ ਹੋਵੇ,

ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
ਤਾਂ ਭੀ ਉਹ ਮੁਰਦਾ ਆਖਿਆ ਜਾਏਗਾ ਜੇਕਰ ਉਸ ਦੀ ਮੁਹੱਬਤ ਮੁਬਾਰਕ ਮਾਲਕ ਨਾਲ ਨਹੀਂ, ਹੇ ਨਾਨਕ!

ਪਉੜੀ ॥
ਪਉੜੀ।

ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥
ਬੰਦਾ ਛਿਆਂ ਹੀ ਫਲਸਫੇ ਦੇ ਗ੍ਰੰਥਾਂ ਦਾ ਜਾਣੂ ਹੋਵੇ।

ਪੂਰਕੁ ਕੁੰਭਕ ਰੇਚਕ ਕਰਮਾਤਾ ॥
ਉਹ (ਜੋਗੀ ਦੀ ਤਰ੍ਹਾਂ) ਸੁਆਸ ਅੰਦਰ ਖਿੱਚਣ, ਬਾਹਰ ਕੱਢਣ ਅਤੇ ਟਿਕਾਉਣ ਦਾ ਕੰਮ ਕਰਦਾ ਹੋਵੇ।

ਙਿਆਨ ਧਿਆਨ ਤੀਰਥ ਇਸਨਾਨੀ ॥
ਉਹ ਬ੍ਰਹਿਮ ਵੀਚਾਰ, ਬੰਦਗੀ, ਯਾਤ੍ਰਵਾਂ ਅਤੇ ਨ੍ਹਾਉਣ ਕਰਦਾ ਹੋਵੇ।

ਸੋਮਪਾਕ ਅਪਰਸ ਉਦਿਆਨੀ ॥
ਉਹ ਆਪਣਾ ਭੋਜਨ ਆਪ ਪਕਾਉਂਦਾ ਹੋਵੇ, ਕਿਸੇ ਦੇ ਨਾਲ ਨ ਲਗਦਾ ਹੋਵੇ ਅਤੇ ਬੀਆਬਾਨ ਵਿੱਚ ਵਸਦਾ ਹੋਵੇ।

ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥
ਜੇਕਰ ਉਸ ਦੇ ਦਿਲ ਅੰਦਰ ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ

ਜੋ ਕਛੁ ਕੀਨੋ ਸੋਊ ਅਨੇਤਾ ॥
ਤਾਂ ਸਾਰਾ ਕੁਝ ਜੋਂ ਉਹ ਕਰਦਾ ਹੈ, ਉਹ ਨਾਸਵੰਤ ਹੈ।

ਉਆ ਤੇ ਊਤਮੁ ਗਨਉ ਚੰਡਾਲਾ ॥
ਉਸ ਨਾਲੋਂ ਵਧੇਰੇ ਸਰੇਸ਼ਟ ਤੂੰ ਉਸ ਕਮੀਣ ਨੂੰ ਜਾਣ,

ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥
ਜਿਸ ਦੇ ਦਿਲ ਵਿੱਚ ਆਲਮ ਨੂੰ ਪਾਲਣਹਾਰ ਵਾਹਿਗੁਰੂ ਨਿਵਾਸ ਰਖਦਾ ਹੈ।

ਸਲੋਕੁ ॥
ਸਲੋਕ।

ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥
ਆਪਣੇ ਕੀਤੇ ਹੋਏ ਅਮਲਾਂ ਦੇ ਨਿਸ਼ਾਨ ਧਾਰਨ ਕਰਦਾ ਹੋਇਆ ਪ੍ਰਾਣੀ ਦੁਨੀਆਂ ਦੇ ਚੌਹਂ ਤਰਫੀ ਅਤੇ ਦੱਸੀ ਪਾਸੀਂ ਭਟਕਦਾ ਫਿਰਦਾ ਹੈ।

ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥
ਖੁਸ਼ੀ ਤੇ ਗ਼ਮੀ, ਮੋਖ਼ਸ਼ ਤੇ ਆਵਾਗਉਣ, ਹੇ ਨਾਨਕ! ਉਕਰੀ ਹੋਈ ਲਿਖਤਾਕਾਰ ਅਨੁਸਾਰ ਹਨ।

ਪਵੜੀ ॥
ਪਉੜੀ।

ਕਕਾ ਕਾਰਨ ਕਰਤਾ ਸੋਊ ॥
ਕ-ਉਹ ਸੁਆਮੀ ਸਿਰਜਣਹਾਰ ਤੇ ਮੂਲ ਹੇਤੂ ਹੈ।

ਲਿਖਿਓ ਲੇਖੁ ਨ ਮੇਟਤ ਕੋਊ ॥
ਉਕਰੀ ਹੋਈ ਲਿਖਤ ਨੂੰ ਕੋਈ ਭੀ ਮੇਟ ਨਹੀਂ ਸਕਦਾ।

ਨਹੀ ਹੋਤ ਕਛੁ ਦੋਊ ਬਾਰਾ ॥
ਦੂਜੀ ਵਾਰੀ ਕੁਝ ਭੀ ਨਹੀਂ ਹੋ ਸਕਦਾ।

ਕਰਨੈਹਾਰੁ ਨ ਭੂਲਨਹਾਰਾ ॥
ਕਰਤਾਰ ਗਲਤੀ ਨਹੀਂ ਕਰਦਾ।

ਕਾਹੂ ਪੰਥੁ ਦਿਖਾਰੈ ਆਪੈ ॥
ਕਈਆਂ ਨੂੰ ਉਹ ਆਪ ਹੀ ਮਾਰਗ ਵਿਖਾਲ ਦਿੰਦਾ ਹੈ।

ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥
ਕਈਆਂ ਨੂੰ ਉਹ ਸ਼ੋਕਾਤਰ ਕਰ ਉਜਾੜ ਅੰਦਰ ਭਟਕਾਉਂਦਾ ਹੈ।

ਆਪਨ ਖੇਲੁ ਆਪ ਹੀ ਕੀਨੋ ॥
ਆਪਣੀ ਖੇਡ ਉਸ ਨੇ ਆਪੇ ਹੀ ਰਚ ਰੱਖੀ ਹੈ।

ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥
ਜੋ ਕੁਛ ਭੀ ਸਾਹਿਬ ਦਿੰਦਾ ਹੈ ਉਹੀ ਨਾਨਕ ਆਦਮੀ ਲੈਦਾ ਹੈ।

ਸਲੋਕੁ ॥
ਸਲੋਕ।

ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥
ਆਦਮੀ ਖਾਂਦੇ, ਖਰਚਦੇ ਅਤੇ ਭੋਗਦੇ ਰਹਿੰਦੇ ਹਨ, ਪਰ ਵਾਹਿਗੁਰੂ ਦੇ ਮਾਲ-ਗੁਦਾਮ ਖਤਮ ਨਹੀਂ ਹੁੰਦੇ।

ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥
ਰੱਬ ਦੇ ਨਾਮ ਦਾ ਅਨੇਕਾਂ ਹੀ ਇਨਸਾਨ ਜਾਪ ਕਰਦੇ ਹਨ। ਉਨ੍ਹਾਂ ਦੀ ਗਿਣਤੀ, ਹੇ ਨਾਨਕ! ਜਾਣੀ ਨਹੀਂ ਜਾ ਸਕਦੀ।

ਪਉੜੀ ॥
ਪਉੜੀ।

ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥
ਖ- ਉਸ ਸਰਬ ਸ਼ਕਤੀਵਾਨ ਸੁਆਮੀ ਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ।

ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥
ਜੋ ਕੁਝ ਪ੍ਰਭੂ ਨੇ ਦੇਣਾ ਹੈ, ਉਹ ਦੇਈ ਜਾ ਰਿਹਾ ਹੈ। ਬੰਦਾ ਬੇਸ਼ਕ ਜਿਥੇ ਜੀ ਕਰਦਾ ਹੈ, ਉਥੇ ਤੁਰਿਆ ਫਿਰੇ।

ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥
ਨਾਮ ਦੀ ਦੌਲਤ, ਸਾਧੂਆਂ ਕੋਲ ਖਰਚਣ ਲਈ ਤੋਸ਼ਾਖਾਨਾ ਹੈ। ਇਹ ਉਨ੍ਹਾਂ ਦੀ ਪੂੰਜੀ ਹੈ।

ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥
ਸਹਿਨਸ਼ੀਲਤਾ, ਨਿੰਮ੍ਰਿਤਾ, ਖੁਸ਼ੀ ਅਤੇ ਅਡੋਲਤਾ ਨਾਲ ਉਹ ਗੁਣਾ ਦੇ ਖਜਾਨੇ ਪ੍ਰਭੂ ਦਾ ਸਿਮਰਨ ਕਰੀ ਜਾਂਦੇ ਹਨ।

ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥
ਜਿਨ੍ਹਾਂ ਉਤੇ ਹਰੀ ਮਿਹਰਵਾਨ ਹੁੰਦਾ ਹੈ, ਉਹ ਖੁਸ਼ੀ ਨਾਲ (ਵਿੱਚ) ਖੇਡਦੇ ਮੱਲ੍ਹਦੇ ਤੇ ਖਿੜਦੇ ਹਨ।

ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥
ਜਿਨ੍ਹਾਂ ਦੇ ਘਰ ਵਿੱਚ ਪ੍ਰਭੂ ਦੇ ਨਾਮ ਦਾ ਪਦਾਰਥ ਹੈ, ਉਹ ਹਮੇਸ਼ਾਂ ਹੀ ਧਨਾਢ ਅਤੇ ਸੁੰਦਰ ਹਨ।

ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥
ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਨਾਂ ਕਸ਼ਟ ਅਤੇ ਨਾਂ ਹੀ ਤਕਲੀਫ ਤੇ ਸਜ਼ਾ ਮਿਲਦੀ ਹੈ।

ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥
ਨਾਨਕ, ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦੇ ਹਨ।

copyright GurbaniShare.com all right reserved. Email:-