Page 303
ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥
ਜਦ ਪਾਰਖੂ, ਸਤਿਗੁਰੂ ਗਹੁ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਸਾਰੇ ਮਤਲਬ-ਪ੍ਰਸਤ ਨੰਗੇ ਹੋ ਜਾਂਦੇ ਹਨ।

ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥
ਜੇਹੋ ਜੇਹਾ ਉਹ ਆਰਾਧਦੇ ਹਨ, ਸਦੀਵ ਉਹ ਓਹੋ ਜਿਹਾ ਪਾਉਂਦੇ ਹਨ ਅਤੇ ਵਾਹਿਗੁਰੂ ਉਨ੍ਹਾਂ ਨੂੰ ਉਹੋ ਜਿਹਾ ਹੀ ਉਘਾ ਕਰ ਦਿੰਦਾ ਹੈ।

ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥
ਨਾਨਕ, ਸੁਆਮੀ ਖੁਦ ਦੋਨਾਂ (ਨੇਕ ਤੇ ਬਦ) ਸਿਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਸਦੀਵ ਹੀ ਉਹ ਅਨੇਕਾਂ ਕਉਤਕ ਰਚਦਾ ਤੇ ਦੇਖਦਾ ਹੈ।

ਮਃ ੪ ॥
ਚੌਥੀ ਪਾਤਸ਼ਾਹੀ।

ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥
ਹਰ ਇਕਸ ਇਨਸਾਨ ਅੰਦਰ ਇਕ ਪ੍ਰਭੂ ਰਮ ਰਿਹਾ ਹੈ। ਜਿਸ ਕਿਸੇ ਨਾਲ ਉਹ ਜੁੜਦਾ ਹੈ, ਉਸ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ।

ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥
ਪ੍ਰਾਣੀ ਭਾਵੇਂ ਬਹੁਤੀਆਂ ਗੱਲਾਂ-ਬਾਤਾਂ ਕਰੇ, ਪਰ ਉਹ ਓਹੀ ਚੀਜ਼ ਖਾਂਦਾ ਹੈ, ਜਿਹੜੀ ਉਸ ਦੇ ਝੁੱਗੇ ਵਿੱਚ ਹੈ।

ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥
ਸੱਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ ਨਾਂ ਹੀ ਹੰਕਾਰ ਅੰਦਰੋਂ ਜਾਂਦਾ ਹੈ।

ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥
ਪੀੜ ਅਤੇ ਭੁਖ ਮਗਰੂਰਾਂ ਨੂੰ ਚਿਮੜਦੀਆਂ ਹਨ। ਉਹ ਆਪਣਾ ਹੱਥ ਟੱਡਦੇ ਹਨ ਤੇ ਦੁਆਰੇ ਦੁਆਰੇ ਮੰਗਦੇ ਫਿਰਦੇ ਹਨ।

ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥
ਝੂਠ ਅਤੇ ਛਲ ਲੁਕੇ ਨਹੀਂ ਰਹਿੰਦੇ। ਝਾਲ ਤੇ ਗਿਲਟ-ਸਾਜ਼ੀ ਓੜਕ ਨੂੰ ਨਿਸਫਲ ਹੋ ਜਾਂਦੇ ਹਨ।

ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
ਸੁਆਮੀ-ਸਰੂਪ ਸਤਿਗੁਰੂ ਜੀ ਉਸ ਨੂੰ ਆ ਕੇ ਮਿਲ ਪੈਦੇ ਹਨ, ਜਿਸ ਲਈ ਇਹੋ ਜਿਹੀ ਲਿਖਤਾਕਾਰ ਧੁਰ ਮੁੱਢ ਤੋਂ ਹੈ।

ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥
ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ, ਲੋਹਾ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰਾਂ ਦੀ ਸੰਗਤ ਨਾਲ ਮਿਲ ਕੇ ਇਨਸਾਨ ਨਿਰਮੋਲਕ ਬਣ ਜਾਂਦਾ ਹੈ।

ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥
ਹੇ ਸੁਆਮੀ! ਤੂੰ ਗੋਲੇ ਨਾਨਕ ਦਾ ਮਾਲਕ ਹੈਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਓਸੇ ਤਰ੍ਹਾਂ ਤੂੰ ਉਸ ਨੂੰ ਟੋਰ।

ਪਉੜੀ ॥
ਪਉੜੀ।

ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥
ਜੋ ਦਿਲੋਂ ਸੁਆਮੀ ਦੀ ਸੇਵਾ ਕਮਾਉਂਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਦਾ ਹੈ।

ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥
ਮੈਂ ਉਨ੍ਹਾਂ ਨਾਲ ਨੇਕੀਆਂ ਦੀ ਭਾਈਵਾਲੀ ਕਰਦਾ ਹਾਂ ਅਤੇ ਰੱਬ ਦੇ ਨਾਮ ਦੀ ਅੱਗ ਨਾਲ ਬਦੀਆਂ ਨੂੰ ਸਾੜਦਾ ਹਾਂ।

ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥
ਘਾਸ ਫੂਸ ਦੀ ਤਰ੍ਹਾਂ ਪਾਪ ਸਸਤੇ ਖਰੀਦੇ ਜਾਂਦੇ ਹਨ। ਕੇਵਲ ਓਹੀ ਨੇਕੀਆਂ ਹਾਸਲ ਕਰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ ਦਿੰਦਾ ਹੈ।

ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥
ਸਦਕੇ ਜਾਂਦਾ ਹਾਂ ਮੈਂ ਆਪਣੇ ਗੁਰਾਂ ਉਤੋਂ ਜਿਨ੍ਹਾਂ ਨੇ ਪਾਪ ਮੇਸਕੇ, ਮੇਰੇ ਵਿੱਚ ਨੇਕੀਆਂ ਪ੍ਰਕਾਸ਼ ਕਰ ਦਿੱਤੀਆਂ ਹਨ।

ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥
ਗੁਰੂ-ਸਮਰਪਣ ਵਿਸ਼ਾਲ ਪ੍ਰਭੂ ਦੀ ਵਿਸ਼ਾਲ ਪ੍ਰਭੁਤਾ ਉਚਾਰਨ ਕਰਦਾ ਹੈ।

ਸਲੋਕ ਮਃ ੪ ॥
ਸਲੋਕ ਚੌਥੀ ਪਾਤਸ਼ਾਹੀ।

ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
ਵਿਸ਼ਾਲ ਹੈ ਵਿਸ਼ਾਲਤਾ ਸੱਚੇ ਗੁਰਾਂ ਦੀ, ਜੋ ਦਿਨ ਰਾਤ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦੇ ਹਨ।

ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥
ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਹੀ ਉਸ ਦੀ ਪਵਿੱਤ੍ਰਤਾਂ ਤੇ ਸਵੈ-ਰੋਕ ਥਾਮ ਹੈ। ਰੱਬ ਦੇ ਨਾਮ ਨਾਲ ਹੀ ਉਸ ਨੂੰ ਰੱਜ ਆਉਂਦਾ ਹੈ।

ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥
ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਬਲ ਹੈ ਤੇ ਵਾਹਿਗੁਰੂ ਦਾ ਨਾਮ ਹੀ ਆਸਰਾ। ਕੇਵਲ ਵਾਹਿਗੁਰੂ ਦਾ ਨਾਮ ਹੀ ਉਨ੍ਹਾਂ ਦੀ ਰਖਿਆ ਕਰਦਾ ਹੈ।

ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥
ਜੋ ਦਿਲ ਲਾ ਕੇ ਗੁਰਾਂ ਦੀ ਵਿਅਕਤੀ ਦੀ ਉਪਾਸ਼ਨਾ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲੈਦਾ ਹੈ।

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥
ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਿਰਜਣਹਾਰ ਨਾਸ ਕਰ ਦਿੰਦਾ ਹੈ।

ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥
ਉਹ ਅਉਸਰ ਉਸ ਨੂੰ ਮੁੜ ਕੇ ਹੱਥ ਨਹੀਂ ਲਗਦਾ। ਜੋ ਕੁਛ ਉਸ ਨੇ ਖੁਦ ਬੀਜਿਆਂ ਹੈ, ਉਹ ਆਪ ਹੀ ਖਾਂਦਾ ਹੈ।

ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥
ਉਸ ਦੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਸਿਆਹ ਮੂੰਹ ਨਾਲ ਭਿਆਨਕ ਦੌਜ਼ਕ ਵਿੱਚ, ਚੋਰ ਦੀ ਤਰ੍ਹਾਂ ਲਿਆਂਦਾ ਜਾਏਗਾ।

ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥
ਜਦ ਉਹ ਮੁੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲੈਦਾ ਹੈ, ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ, ਤਦ ਉਹ ਪਾਰ ਉਤਰ ਜਾਂਦਾ ਹੈ।

ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥
ਨਾਨਕ ਰੱਬ ਦੇ ਦਰਬਾਰ ਦੀ ਕਾਰਵਾਈ ਕਹਿ ਕੇ ਸੁਣਾਉਂਦਾ ਹੈ। ਵਾਹਿਗੁਰੂ ਸਿਰਜਣਹਾਰ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ।

ਮਃ ੪ ॥
ਚੋਥੀ ਪਾਤਸ਼ਾਹੀ।

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥
ਜੋ ਪੂਰਨ ਗੁਰਾਂ ਦੇ ਫੁਰਮਾਨ ਦੀ ਪਾਲਣਾ ਨਹੀਂ ਕਰਦਾ, ਉਹ ਆਪ-ਹੁਦਰਾ ਹੈ ਤੇ ਉਸ ਨੂੰ ਬੇਸਮਝੀ ਤੇ ਜਹਿਰੀਲੀ ਮੋਹਨੀ ਨੇ ਠੱਗ ਲਿਆ ਹੈ।

ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥
ਉਸ ਦੇ ਚਿੱਤ ਅੰਦਰ ਝੂਠ ਹੈ ਅਤੇ ਉਹ ਹਰ ਇਕ ਨੂੰ ਝੂਠਾ ਕਰਕੇ ਜਾਣਦਾ ਹੈ। ਪ੍ਰਭੂ ਨੇ ਫਜ਼ੂਲ ਟੰਟੇ ਪੁਆੜੇ ਉਸ ਦੇ ਗੱਲ ਮੜ੍ਹ ਛੱਡੇ ਹਨ।

ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥
ਉਹ ਬੜੀ ਬਕਬਾਦ ਕਰਦਾ ਹੈ, ਪਰ ਜੋ ਕੁਛ ਉਹ ਕਹਿੰਦਾ ਹੈ, ਉਹ ਕਿਸੇ ਨੂੰ ਭੀ ਚੰਗਾ ਨਹੀਂ ਲੱਗਦਾ।

ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥
ਉਹ ਛੁਟੜ ਤੀਵੀ ਵਾਂਙੂ ਦੁਆਰੇ ਦੁਆਰੇ ਟੱਕਰਾ ਮਾਰਦਾ ਫਿਰਦਾ ਹੈ! ਜੋ ਕੋਈ ਭੀ ਉਸ ਨਾਲ ਮੈਲ ਮਿਲਾਪ ਕਰਦਾ ਹੈ, ਉਸ ਨੂੰ ਭੀ ਬਦੀ ਦਾ ਟਿੱਕਾ ਲੱਗ ਜਾਂਦਾ ਹੈ।

ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥
ਜੋ ਗੁਰੂ-ਅਨੁਸਾਰੀ ਹੋਏ ਹਨ, ਉਹ ਉਸ ਤੋਂ ਨਿਵੇਕਲੇ ਰਹਿੰਦੇ ਹਨ, ਉਹ ਉਸ ਦੀ ਉਠਕ ਬੈਠਕ ਤਿਆਗ ਕੇ ਗੁਰੂ ਜੀ ਕੋਲ ਆ ਬੈਠਦੇ ਹਨ।

copyright GurbaniShare.com all right reserved. Email