Page 307
ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥
ਮਹਾਨ ਹੈ ਮਹਾਨਤਾ ਗੁਰਾਂ ਦੀ ਜੋ ਆਪਣੇ ਹਿਰਦੇ ਅੰਦਰ ਵਾਹਿਗੁਰੂ ਦਾ ਆਰਾਧਨ ਕਰਦੇ ਹਨ।

ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥
ਪਰਸੰਨ ਹੋ ਕੇ ਪ੍ਰਭੂ ਨੇ ਇਹ ਪੂਰਨ ਸਤਿਗੁਰਾਂ ਨੂੰ ਪ੍ਰਦਾਨ ਕੀਤਾ ਹੈ। ਕਿਸੇ ਦੇ ਕੰਮ ਕਰਨ ਦੁਆਰਾ ਇਹ ਭੋਰਾ ਭਰ ਭੀ ਘੱਟ ਨਹੀਂ ਹੁੰਦੀ।

ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥
ਸੱਚਾ ਸੁਆਮੀ ਸੱਚੇ ਗੁਰਾਂ ਦੇ ਪਾਸੇ ਹੈ, ਤਦ ਸਾਰੇ ਆਦਮੀ ਜੋ ਗੁਰਾਂ ਦੇ ਖਿਲਾਫ ਹਨ, ਖੱਪ ਖੱਪ ਕੇ ਮਰ ਜਾਂਦੇ ਹਨ।

ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥
ਵਾਹਿਗੁਰੂ, ਸਿਰਜਣਹਾਰ ਬਦਖੋਈ ਕਰਨ ਵਾਲਿਆਂ ਦੇ ਚਿਹਰੇ ਸਿਆਹ ਕਰਦਾ ਹੈ। ਗੁਰਾਂ ਦੀ ਪ੍ਰਭੁਤਾ ਉਹ ਖੁਦ ਵਧੇਰੇ ਕਰਦਾ ਹੈ।

ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥
ਜਿਸ ਜਿਸ ਤਰ੍ਹਾਂ ਕਲੰਕ ਲਾਉਣ ਵਾਲੇ ਗੁਰਾਂ ਤੇ ਕਲੰਕ ਲਾਉਂਦੇ ਹਨ, ਉਸੇ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਉਪਮਾ ਰੋਜ਼-ਬ-ਰੋਜ਼ ਵਧੇਰੇ ਹੁੰਦੀ ਜਾਂਦੀ ਹੈ।

ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥
ਗੋਲੇ ਨਾਨਕ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਉਨ੍ਹਾਂ ਦੇ ਚਰਨੀ ਪਾ ਦਿਤਾ ਹੈ।

ਮਃ ੪ ॥
ਚੋਥੀ ਪਾਤਸ਼ਾਹੀ।

ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥
ਜੋ ਸੱਚੇ ਗੁਰਾਂ ਨਾਲ ਗਿਣਤੀ ਮਿਣਤੀ ਕਰਦਾ ਹੈ, ਉਹ ਇਹ ਲੋਕ ਅਤੇ ਪ੍ਰਲੋਕ ਸਮੂਹ ਗੁਆ ਲੈਦਾ ਹੈ।

ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥
ਉਹ ਹਮੇਸ਼ਾਂ, ਆਪਣੇ ਦੰਦ ਪੀਹਦਾ ਹੈ, ਮੂੰਹ ਵਿਚੋਂ ਝੱਗ ਸੁਟਦਾ ਹੈ ਅਤੇ ਬਕਵਾਸ ਕਰਦਾ ਕਰਦਾ ਮਰ ਮੁਕ ਜਾਂਦਾ ਹੈ।

ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥
ਦੌਲਤ ਤੇ ਪਦਾਰਥ ਲਈ, ਉਹ ਨਿਰੰਤਰ ਹੀ ਯਤਨ ਕਰਦਾ ਹੈ, ਪ੍ਰੰਤੂ ਉਸ ਦਾ ਪਹਿਲਾਂ ਪਦਾਰਥ ਭੀ ਖਤਮ ਹੋ ਜਾਂਦਾ ਹੈ।

ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥
ਉਹ ਕੀ ਕਮਾਏਗਾ ਅਤੇ ਕੀ ਖਾਏਗਾ, ਜਿਸ ਦੇ ਦਿਲ ਅੰਦਰ ਫਿਕਰ ਚਿੰਤਾ ਦੀ ਪੀੜ ਹੈ।

ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਜਹਾਨ ਦੇ ਸਾਰੇ ਗੁਨਾਹ ਆਪਣੇ ਸਿਰ ਤੇ ਲੈ ਲੈਦਾ ਹੈ।

ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥
ਜਿਸ ਦਾ ਮੂੰਹ ਉਸ ਦੇ ਦਿਲ ਦੀ ਬਦਖੋਈ ਉਚਾਰਨ ਕਰਨ ਨਾਲ ਧੁਖ ਉਠਿਆ ਹੈ, ਉਸ ਨੂੰ ਏਥੇ ਅਤੇ ਅੱਗੇ ਕੋਈ ਪਨਾਹ ਨਹੀਂ ਮਿਲਦੀ।

ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥
ਜੇਕਰ ਉਹ ਸੋਨੇ ਨੂੰ ਹੱਥ ਪਾਵੇ ਤਦ ਇਹ ਮਿੱਟੀ ਹੋ ਉਸ ਨਾਲ ਮਿਲ ਜਾਂਦਾ ਹੈ।

ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥
ਜੇਕਰ ਉਹ ਮੁੜ ਕੇ ਗੁਰਾਂ ਦੀ ਪਨਾਹ ਲੈ ਲਵੇ, ਤਦ ਉਸ ਦੇ ਪਹਿਲੇ ਪਾਪ ਮਾਫ ਹੋ ਜਾਂਦੇ ਹਨ।

ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥
ਰਾਤ ਦਿਨ, ਨੌਕਰ ਨੇ ਨਾਮ ਦਾ ਆਰਾਧਨ ਕੀਤਾ ਹੈ। ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਗੁਨਾਹ ਅਤੇ ਅਪ੍ਰਾਧ ਮਿਟ ਜਾਂਦੇ ਹਨ।

ਪਉੜੀ ॥
ਪਉੜੀ।

ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥
ਤੂੰ ਸਚਿਆਰਾ ਦਾ ਪਰਮ ਸਚਿਆਰ ਹੈਂ। ਤੇਰੀ ਕਚਹਿਰੀ ਸਾਰੀਆਂ ਨਾਲੋਂ ਉੱਚੀ ਹੈ!

ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥
ਜਿਹੜੇ ਤੇਰਾ ਸਿਮਰਨ ਕਰਦੇ ਹਨ ਹੇ ਸੱਚੇ ਸਾਹਿਬ! ਉਹ ਸੱਚ ਦੀ ਕਮਾਈ ਕਰਦੇ ਹਨ। ਤੂੰ ਹੀ ਸਤਿਪੁਰਖ ਉਨ੍ਹਾਂ ਦਾ ਯੋਗ ਫਖਰ ਹੈ।

ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥
ਉਨ੍ਹਾਂ ਦੇ ਅੰਦਰ ਸੱਚ ਹੈ, ਉਨ੍ਹਾਂ ਦੇ ਚਿਹਰੇ ਰੋਸ਼ਨ ਹਨ, ਉਹ ਸੱਚ ਬੋਲਦੇ ਹਨ ਅਤੇ ਤੂੰ ਹੇ ਸਤਿਪੁਰਖ ਉਨ੍ਹਾਂ ਦੀ ਸੱਤਿਆ ਹੈਂ।

ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥
ਕੇਵਲ ਓਹੀ ਸੰਤ ਹਨ, ਜੋ ਗੁਰਾਂ ਦੇ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦੇ ਹਨ ਅਤੇ ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਝੰਡਾ ਹੈ।

ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥
ਨਿਸਚਿਤ ਹੀ ਮੈਂ ਉਨ੍ਹਾਂ ਉਤੋਂ ਸਦਕੇ ਅਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ, ਜੋ ਸੱਚੇ ਸਾਈਂ ਦੀ ਘਾਲ ਕਮਾਉਂਦੇ ਹਨ।

ਸਲੋਕ ਮਃ ੪ ॥
ਸਲੋਕ ਚੋਥੀ ਪਾਤਸ਼ਾਹੀ।

ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥
ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨੇ ਮੁੱਢ ਤੋਂ ਧਿਰਕਾਰਿਆ ਸੀ, ਉਨ੍ਹਾਂ ਨੂੰ ਹੁਣ ਸੱਚੇ ਗੁਰਾਂ ਨੇ ਫਿਟਕਾਰ ਛੱਡਿਆ ਹੈ।

ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥
ਸਿਰਜਣਹਾਰ ਉਨ੍ਹਾਂ ਨੂੰ ਗੁਰੂ ਨਾਲ ਮਿਲਣ ਨਹੀਂ ਦਿੰਦਾ, ਭਾਵੇਂ ਉਹ ਕਿੰਨਾਂ ਹੀ ਬਹੁਤਾ ਚਾਹੁਣ ਉਸ ਨਾਲ ਮਿਲਾਪ ਹੋ ਜਾਵੇ।

ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥
ਸਾਧ ਸੰਗਤ ਅੰਦਰ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ। ਸੰਤ ਸਮਾਗਮ ਅੰਦਰ ਗੁਰਾਂ ਨੇ ਏਸ ਤਰ੍ਹਾਂ ਆਪਣੀ ਰਾਇ ਪਰਗਟ ਕੀਤੀ ਹੈ।

ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥
ਜੋ ਕੋਈ ਭੀ ਹੁਣ ਜਾ ਕੇ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਮੌਤ ਦਾ ਨਿਰਦਈ ਦੂਤ ਨਾਸ ਕਰ ਦਿੰਦਾ ਹੈ।

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥
ਜੋ ਆਦਿ ਗੁਰਾਂ ਦੇ ਧਿਰਕਾਰੇ ਹੋਏ ਸਨ, ਉਹ ਭ੍ਰਿਸ਼ਟੇ ਹੀ ਰਹੇ ਅਤੇ ਗੁਰੂ ਅੰਗਦ ਦੇਵ ਜੀ ਨੇ ਭੀ ਉਨ੍ਹਾਂ ਨੂੰ ਝੂਠੇ ਕਰਾਰ ਦੇ ਦਿਤਾ।

ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥
ਤੀਸਰੀ ਪੀੜ੍ਹੀ ਵਿੱਚ ਗੁਰਾਂ ਨੇ ਖਿਆਲ ਕੀਤਾ ਕਿ ਇਨ੍ਹਾਂ ਗਰੀਬ ਲੋਕਾਂ ਦੇ ਹੱਥ ਵਿੱਚ ਕੀ ਹੈ?

ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥
ਜਿਨ੍ਹਾਂ ਸਤਿਗੁਰਾਂ ਨੇ ਚੋਥੀ ਪੀੜ੍ਹੀ ਵਿੱਚ ਗੁਰੂ ਮੁਕੱਰਰ ਕੀਤਾ ਸੀ, ਉਨ੍ਹਾਂ ਨੇ ਸਾਰੇ ਕਲੰਕ ਲਾਉਣ ਵਾਲੇ ਤੇ ਕੁਕਰਮੀ ਬਚਾ ਲਏ।

ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥
ਸੱਚੇ ਗੁਰਾਂ ਦਾ ਕੋਈ ਪੁਤ੍ਰ ਜਾ ਮੁਰੀਦ ਉਨ੍ਹਾਂ ਦੀ ਟਹਿਲ ਸੇਵਾ ਕਮਾਵੇ, ਉਸ ਦੇ ਸਾਰੇ ਕੰਮ ਗੁਰੂ ਜੀ ਰਾਸ ਕਰ ਦਿੰਦੇ ਹਨ।

ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥
ਜੋ ਆਪਣੇ ਬੱਚੇ, ਜਾਇਦਾਦ ਅਤੇ ਦੌਲਤ ਲੈ ਜਾ ਕੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ, ਉਹ ਲੋੜੀਦੀਆਂ ਮੁਰਾਦਾਂ ਪਾ ਲੈਦਾ ਹੈ ਤੇ ਉਸ ਨੂੰ ਵਾਹਿਗੁਰੂ ਜੀਵਨ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥
ਸਾਰੇ ਖ਼ਜ਼ਾਨੇ ਸੰਚੇ ਗੁਰਾਂ ਅੰਦਰ ਹਨ, ਜਿਨ੍ਹਾਂ ਨੇ ਆਪਣੇ ਅੰਤਰਿ ਆਤਮੇ ਵਾਹਿਗੁਰੂ ਨੂੰ ਟਿਕਾਇਆ ਹੋਇਆ ਹੈ।

ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥
ਕੇਵਲ ਓਹੀ ਪੂਰਨ ਸੱਚੇ ਗੁਰਾਂ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਤੇ ਮੁਬਾਰਕ ਲਿਖਤਾਕਾਰ ਲਿਖੀ ਹੋਈ ਹੈ।

ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥
ਬਾਂਦਾ ਨਾਨਕ, ਉਨ੍ਹਾਂ ਗੁਰੂ ਦੇ ਸਿੱਖਾਂ ਦੇ ਪੈਰਾਂ ਦੀ ਖ਼ਾਕ ਦੀ ਯਾਚਨਾ ਕਰਦਾ ਹੈ, ਜਿਹੜੇ ਮਿਤ੍ਰ ਵਾਹਿਗੁਰੂ ਨੂੰ ਮਿਠੱੜੇ ਲੱਗਦੇ ਹਨ।

copyright GurbaniShare.com all right reserved. Email