ਮਃ ੪ ॥
ਚੋਥੀ ਪਾਤਸ਼ਾਹੀ। ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥ ਜਿਨ੍ਹਾਂ ਨੂੰ ਪ੍ਰਭੂ ਖੁਦ ਬਜ਼ੁਰਗੀ ਬਖਸ਼ਦਾ ਹੈ, ਉਹ ਖੁਦ ਹੀ ਜਹਾਨ ਨੂੰ ਭੀ ਲਿਆ ਕੇ ਉਨ੍ਹਾਂ ਦੇ ਪੈਰੀ ਪਾਉਂਦਾ ਹੈ। ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥ ਕੇਵਲ ਤਦ ਹੀ ਸਾਨੂੰ ਡਰਨਾ ਚਾਹੀਦਾ ਹੈ, ਜੇਕਰ ਅਸੀਂ ਖੁਦ ਕੁਛ ਕਰੀਏ। ਸਿਰਜਣਹਾਰ ਹਰ ਤਰ੍ਹਾਂ ਆਪਣੀ ਸੱਤਿਆ ਨੂੰ ਵਧਾ ਰਿਹਾ ਹੈ। ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥ ਵੇਖੋ ਭਰਾਓ! ਇਹ ਜੋਰ-ਅਜ਼ਮਾਈ ਦਾ ਮੈਦਾਨ ਪਿਆਰੇ ਸੱਚੇ ਵਾਹਿਗੁਰੂ ਦਾ ਹੈ, ਜਿਸ ਨੇ ਆਪਣੀ ਤਾਕਤ ਦੁਆਰਾ ਸਾਰੇ ਆ ਝੁਕਾਏ ਹਨ। ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥ ਵਾਹਿਗੁਰੂ ਸੁਆਮੀ ਆਪਣੇ ਸੰਤਾਂ ਦੀ ਰਖਿਆ ਕਰਦਾ ਅਤੇ ਕਲੰਕ ਲਾਉਣੇ ਵਾਲਿਆਂ ਤੇ ਲੁੱਚਿਆਂ ਲੰਡਿਆਂ ਦੇ ਚਿਹਰੇ ਕਾਲੇ ਕਰਵਾਉਂਦਾ ਹੈ। ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥ ਸੱਚੇ ਗੁਰਾਂ ਦੀ ਮਹਾਨਤਾ ਦਿਨ-ਬ-ਦਿਨ ਵਧਦੀ ਜਾਂਦੀ ਹੈ। ਪ੍ਰੰਭੂ ਆਪਣੇ ਸਾਧੂਆਂ ਨੂੰ ਹਮੇਸ਼ਾਂ ਆਪਣਾ ਜੱਸ ਖੁਦ ਹੀ ਕਰਾਉਂਦਾ ਹੈ। ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥ ਤੁਸੀਂ ਹੋ ਗੁਰੂ ਦੇ ਸਿਖੋ ਰਾਤ ਦਿਨ ਨਾਮ ਦਾ ਉਚਾਰਨ ਕਰੋ ਅਤੇ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸਿਰਜਣਹਾਰ ਨੂੰ ਆਪਣੇ ਦਿਲਾਂ ਅੰਦਰ ਅਸਥਾਪਨ ਕਰੋ। ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ ਹੇ ਗੁਰੂ ਦਿਓ ਮੁਰੀਦੋ! ਜਾਣ ਲਓ ਕਿ ਸਤਿਗੁਰਾਂ ਦੀ ਗੁਰਬਾਣੀ ਮੁਕੰਮਲ ਸੱਚ ਹੈ। ਵਾਹਿਗੁਰੂ ਸਿਰਜਣਹਾਰ ਖੁਦ ਇਸ ਨੂੰ ਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਉਂਦਾ ਹੈ। ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥ ਪ੍ਰੀਤਮ ਵਾਹਿਗੁਰੂ ਗੁਰੂ ਦੇ ਸਿੱਖਾਂ ਦੇ ਚਿਹਰੇ ਰੋਸ਼ਨ ਕਰਦਾ ਹੈ ਅਤੇ ਸਾਰੇ ਜਹਾਨ ਪਾਸੋਂ ਗੁਰਾਂ ਨੂੰ ਪ੍ਰਣਾਮ ਕਰਵਾਉਂਦਾ ਹੈ। ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥ ਨਫਰ ਨਾਨਕ ਵਾਹਿਗੁਰੂ ਦਾ ਸੇਵਕ ਹੈ। ਵਾਹਿਗੁਰੂ ਦੇ ਸੇਵਕਾਂ ਦੀ ਵਾਹਿਗੁਰੂ ਆਪ ਹੀ ਇੱਜ਼ਤ ਰੱਖਦਾ ਹੈ। ਪਉੜੀ ॥ ਪਉੜੀ। ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥ ਹੇ ਮੇਰੇ ਸੱਚੇ ਪਾਤਸ਼ਾਹ! ਤੂੰ ਆਪੇ ਹੀ ਮੇਰਾ ਸੱਚਾ ਸੁਆਮੀ ਹੈ। ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥ ਮੇਰੇ ਮਾਲਕ! ਮੈਂ ਤੇਰਾ ਵਾਪਾਰੀ ਹਾਂ। ਮੇਰੇ ਅੰਦਰ ਆਪਣੇ ਨਾਮ ਦੀ ਅਸਲੀ ਰਾਸ ਪੱਕੀ ਕਰ ਦੇ। ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥ ਮੈਂ ਸਤਿਪੁਰਖ ਦੀ ਘਾਲ ਕਮਾਉਂਦਾ, ਸੱਚ ਦਾ ਵਾਪਾਰ ਕਰਦਾ ਹਾਂ ਅਤੇ ਅਦਭੁਤ ਸੁਆਮੀ ਦਾ ਜੱਸ ਉਚਾਰਦਾ ਹਾਂ। ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥ ਜਿਹੜੇ ਪੁਰਸ਼ ਗੁਰਾਂ ਦੇ ਦਿਤੇ ਹੋਏ ਨਾਮ ਨਾਲ ਸ਼ਿੰਗਾਰੇ ਹਨ, ਉਹ ਗੋਲਿਆਂ ਦੇ ਜਜਬੇ ਧਾਰਨ ਕਰਨਾ ਦੁਆਰਾ ਮਾਲਕ ਨੂੰ ਮਿਲ ਪੈਦੇ ਹਨ। ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥ ਤੂੰ ਹੇ ਸੱਚੇ ਸੁਆਮੀ! ਸੋਚ-ਵਿਚਾਰ ਤੋਂ ਪਰੇਡੇ ਹੈ। ਕੇਵਲ ਗੁਰਾਂ ਦੇ ਨਾਮ ਰਾਹੀਂ ਹੀ ਤੂੰ ਜਾਣਿਆ ਜਾਂਦਾ ਹੈ। ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥ ਜਿਸ ਦਿਲ ਅੰਦਰ ਹੋਰਨਾ ਲਈ ਈਰਖਾ ਹੈ, ਉਸ ਦਾ ਕਦਾਚਿੱਤ ਚੰਗਾ ਨਹੀਂ ਹੁੰਦਾ। ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥ ਉਸ ਦੇ ਕਹੇ ਕੋਈ ਕੁਛ ਨਹੀਂ ਕਰਦਾ। ਉਹ ਮੂਰਖ ਹਮੇਸ਼ਾਂ ਹੀ ਬੀਆਬਾਨ ਵਿੱਚ ਚੀਕ-ਚਿਹਾੜਾ ਪਾਉਂਦਾ ਹੈ। ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ ਜਿਸ ਦੇ ਦਿਲ ਅੰਦਰ ਲਾਇਤਬਾਰੀ ਹੈ, ਉਹ ਲਾਇਤਬਾਰ ਕਰਕੇ ਜਾਣਿਆ ਜਾਂਦਾ ਹੈ। ਸਾਰਾ ਕੁਛ ਜੋ ਉਸ ਨੇ ਕੀਤਾ ਹੈ, ਜਾ ਉਹ ਕਰਦਾ ਹੈ, ਬੇਫਾਇਦਾ ਜਾਂਦਾ ਹੈ। ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥ ਉਹ ਸਦਾ ਬਿਲਾ-ਵਜਾ ਹੋਰਨਾ ਦੀ ਪਿੱਠ ਪਿਛੇ ਬਦਖੋਈ ਕਰਦਾ ਹੈ। ਉਹ ਆਪਣਾ ਮੂੰਹ ਕਿਸੇ ਨੂੰ ਵਿਖਾਲ ਨਹੀਂ ਸਕਦਾ, ਇਹ ਸਿਆਹ ਹੋ ਗਿਆ ਹੈ। ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥ ਕਲਯੁਗ ਅੰਦਰ ਦੇਹਿ ਅਮਲਾ ਦਾ ਖੇਤ ਹੈ। ਉਸ ਵਿੱਚ ਜਿਹੋ ਜਿਹਾ ਕੋਈ ਬੋਦਾ ਹੈ, ਉਹੋ ਜਿਹਾ ਉਹ ਖਾ ਲੈਦਾ ਹੈ। ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥ ਮੂੰਹ-ਜ਼ਬਾਨੀ ਗੱਲਾਂ ਉਤੇ ਨਿਆਂ ਨਹੀਂ ਹੁੰਦਾ। ਜ਼ਹਿਰ ਖਾ ਕੇ ਆਦਮੀ ਇਕ ਦਮ ਮਰ ਜਾਂਦਾ ਹੈ। ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥ ਮੇਰੇ ਭਰਾਓ! ਵੇਖੋ ਸੱਚੇ ਸਿਰਜਣਹਾਰ ਦਾ ਇਨਸਾਫ। ਜਿਹੋ ਜਿਹਾ ਕੋਈ ਕਰਦਾ ਹੈ, ਉਹੋ ਜਿਹਾ ਹੀ ਉਹ ਫਲ ਪਾਉਂਦਾ ਹੈ। ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥ ਗੋਲੇ ਨਾਨਕ ਨੂੰ ਵਾਹਿਗੁਰੂ ਨੇ ਸਾਰੀ ਸਮਝ ਪਰਦਾਨ ਕੀਤੀ ਹੈ ਅਤੇ ਉਸ ਦੇ ਦਰਬਾਰ ਦੀਆਂ ਗੱਲਾਂ ਕਹਿ ਕੇ ਸੁਣਾਉਂਦਾ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ ਜਿਹੜੇ ਗੁਰੂ ਦੇ ਸਾਮਰਤਖ ਹੁਦਿਆਂ ਉਸ ਨਾਲੋਂ ਵੱਖਰੇ ਹੋਏ ਹਨ, ਉਨ੍ਹਾਂ ਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ। ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥ ਜੇਕਰ ਕੋਈ ਜਾ ਕੇ ਉਨ੍ਹਾਂ ਫਿਕਲੇ ਚਿਹਰੇ ਵਾਲਿਆਂ ਨਿੰਦਕਾਂ ਨੂੰ ਮਿਲੇ ਤਾਂ ਉਹ ਉਨ੍ਹਾਂ ਦੇ ਮੂੰਹ ਨਿਰੀਆਂ ਥੁੱਕਾ ਹੀ ਪਾਏਗਾ। ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ ਜੋ ਸੱਚੇ ਗੁਰਾਂ ਦੇ ਫਿਟਕਾਰੇ ਹੋਏ ਹਨ, ਉਹ ਸਾਰੇ ਜਹਾਨ ਦੇ ਫਿਟਕਾਰੇ ਹੋਏ ਹਨ ਅਤੇ ਉਹ ਸਦੀਵ ਹੀ ਭਟਕਦੇ ਰਹਿੰਦੇ ਹਨ। ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਜੋ ਪ੍ਰਤੱਖ ਤੌਰ ਤੇ ਆਪਣੇ ਗੁਰੂ ਨੂੰ ਤਸਲੀਮ ਨਹੀਂ ਕਰਦੇ, ਉਹ ਧਾਹਾਂ ਮਾਰਦੇ ਭਟਕਦੇ ਫਿਰਦੇ ਹਨ। ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ਉਨ੍ਹਾਂ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ ਅਤੇ ਭੁੱਖ ਤੇ ਥੁੜੇਵੇ ਦੇ ਮਾਰੇ ਹੋਏ ਉਹ ਹਮੇਸ਼ਾਂ ਚੀਕ ਚਿਹਾੜਾ ਪਾਉਂਦੇ ਹਨ। ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ ਕੋਈ ਭੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਉਹ ਹਮੇਸ਼ਾਂ ਭਿਆਨਕ ਡਰ ਨਾਲ ਮਰਦੇ ਰਹਿੰਦੇ ਹਨ। ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥ ਉਹ ਸੱਚੇ ਗੁਰਾਂ ਦੀ ਮਹਾਨਤਾ ਨੂੰ ਸਹਾਰ ਨਹੀਂ ਸਕਦੇ। ਏਥੇ ਅਤੇ ਓਥੇ ਉਹ ਕੋਈ ਆਰਾਮ ਦਾ ਟਿਕਾਣਾ ਨਹੀਂ ਪਾਉਂਦੇ। ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥ ਜਿਹੜੇ ਗੁਰਾਂ ਦੇ ਫਿਟਕਾਰੇ ਹੋਏ ਹਨ, ਜੋ ਕੋਈ ਭੀ ਉਨ੍ਹਾਂ ਨੂੰ ਜਾ ਕੇ ਮਿਲਦਾ ਹੈ, ਉਹ ਆਪਣੀ ਬਚੀ ਖੁਚੀ ਇੱਜ਼ਤ ਸਾਰੀ ਵੰਞਾ ਲੈਦਾ ਹੈ। copyright GurbaniShare.com all right reserved. Email |