Page 32
ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥
ਹੰਕਾਰ ਤੇ ਖੁਦੀ ਕਰਦੀ ਹੋਈ, ਉਹ ਦੌਲਤ ਤੇ ਜਾਇਦਾਦ ਜਮ੍ਹਾ ਕਰਨ ਲਈ ਸੰਸਾਰ ਅੰਦਰ ਭਾਉਂਦੀਂ ਫਿਰੀ, ਪਰ ਇਹ ਦੌਲਤ ਉਹਦੇ ਸਾਥ ਨਹੀਂ ਜਾਣੀ।

ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥
ਅੰਨ੍ਹੀ ਨਾਮ ਦਾ ਚਿੰਤਨ ਨਹੀਂ ਕਰਦੀ। ਹਰ ਕੋਈ ਮੌਤ ਦੇ ਦੁਤ ਨੇ ਨਰੜਿਆ ਹੋਇਆ ਹੈ।

ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥
ਸਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ ਅਤੇ ਇਨਸਾਨ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਹੈ।

ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥
ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ, ਉਹ ਬੇਦਾਗ ਹਨ। ਗੁਰਾਂ ਦੀ ਦਇਆ ਦੁਆਰਾ ਉਹ ਬ੍ਰਹਮ-ਗਿਆਨ ਨਾਲ ਸ਼ਿੰਗਾਰੇ ਹੋਏ ਹਨ।

ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥
ਉਨ੍ਹਾਂ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜੀਭਾ ਨਾਮ-ਅੰਮ੍ਰਿਤ ਨੂੰ ਮਾਣਦੀ ਹੈ।

ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥
ਨਾਨਕ ਪ੍ਰੀਤ ਦੀ ਰੰਗਤ, ਜਿਹੜੀ ਵਾਹਿਗੁਰੂ ਨੇ ਐਨ ਆਰੰਭ ਤੋਂ ਚੜ੍ਹਾ ਛੱਡੀ ਹੈ, ਲਹਿੰਦੀ ਨਹੀਂ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥
ਜੇਕਰ ਮੁਖੀ ਗੁਰਦੇਵ ਜੀ ਮਿਹਰ ਕਰਨ ਤਾਂ ਵਾਹਿਗੁਰੂ ਦੀ ਉਪਾਸ਼ਨਾ ਕੀਤੀ ਜਾਂਦੀ ਹੈ। ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਮੁਮਕਿਨ ਨਹੀਂ।

ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥
ਜੇਕਰ ਗੁਰੂ ਜੀ ਆਪਣੇ ਆਪ ਨਾਲ ਮਿਲਾ ਲੈਣ, ਤਦ ਉਹ ਇਨਸਾਨ ਸੁਆਮੀ ਨੂੰ ਸਮਝਦਾ ਹੈ ਅਤੇ ਪਵਿੱਤ੍ਰ ਹੋ ਜਾਂਦਾ ਹੈ।

ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥
ਸਚਾ ਹੈ ਵਾਹਿਗੁਰੂ ਮਹਾਰਾਜ ਅਤੇ ਸਚੀ ਹੈ ਉਸ ਦੀ ਬਾਣੀ। ਗੁਰ ਸ਼ਬਦ ਰਾਹੀਂ ਹੀ ਬੰਦੇ ਦਾ ਸਾਹਿਬ ਨਾਲ ਮਿਲਾਪ ਹੁੰਦਾ ਹੈ।

ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
ਹੇ ਭਰਾ! ਬੰਦਗੀ ਤੋਂ ਸੱਖਣਾ ਬੰਦਾ ਕਿਸ ਲਈ ਇਸ ਸੰਸਾਰ ਵਿੱਚ ਆਇਆ ਹੈ?

ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇਫਾਇਦਾ ਵੰਞਾ ਲਿਆ ਹੈ। ਠਹਿਰਾਉ।

ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥
ਜਗਤ ਦੀ ਜਾਨ ਵਾਹਿਗੁਰੂ ਖੁਦ ਆਰਾਮ ਦੇਣਹਾਰ ਹੈ ਅਤੇ ਮਾਫੀ ਦੇ ਕੇ ਖੁਦ ਹੀ ਬੰਦੇ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।

ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
ਇਹ ਨਿਰਬਲ ਜੀਵ ਜੰਤੂ ਕੀ ਹਨ? ਕੋਈ ਜਣਾ ਕੀ ਕਹਿ ਤੇ ਸੁਣਾ ਸਕਦਾ ਹੈ?

ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥
ਸਾਹਿਬ ਖੁਦ ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਬਖ਼ਸ਼ਦਾ ਹੈ ਤੇ ਖੁਦ ਹੀ ਉਸ ਨੂੰ ਆਪਣੀ ਟਹਿਲ ਲਾਉਂਦਾ ਹੈ।

ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
ਵੇਖ (ਹੇ ਬੰਦੇ!) ਤੇਰਾ ਟੱਬਰ ਕਬੀਲਾ, ਜਿਸ ਦੀ ਮੁਹੱਬਤ ਨੇ ਤੈਨੂੰ ਵਰਗਲਾ ਲਿਆ ਹੋਇਆ ਹੈ, ਤੇਰੇ ਟੁਰਨ ਵੇਲੇ ਤੇਰੇ ਸਾਥ ਨਹੀਂ ਜਾਣਾ।

ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥
ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ, ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥
ਵਾਹਿਗੁਰੂ ਸੁਆਮੀ ਮੇਰਾ ਸਾਥੀ ਤੇ ਸੱਜਣ ਮੇਰਾ ਮਾਲਕ ਅਖੀਰ ਨੂੰ ਮੇਰਾ ਮਦਦਗਾਰ ਹੋਵੇਗਾ।

ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਕੁਝ ਪਿਆ ਆਖੇ ਜਾ ਅਖਵਾਵੇ, ਪ੍ਰੰਤੂ ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ।

ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥
ਪੂਜਨੀਯ ਵਾਹਿਗੁਰੂ ਦਾਤਾਰ, ਅਨੁਰਾਗੀ ਸੇਵਾ ਦਾ ਪਿਆਰਾ ਹੈ। ਆਪਣੀ ਰਹਿਮਤ ਧਾਰ ਕੇ ਉਹ ਮਨੁੱਖ ਦੇ ਮਨ ਅੰਦਰ ਆ ਟਿਕਦਾ ਹੈ।

ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥
ਨਾਨਕ, ਸੁਆਮੀ ਆਪ ਆਪਣਾ ਜੱਸ ਗਾਇਨ ਕਰਨਾ ਅਤੇ ਰੁਹਾਨੀ ਜਾਗ੍ਰਤੀ ਬਖਸ਼ਦਾ ਹੈ ਅਤੇ ਗੁਰੂ-ਪਿਆਰੇ ਨੂੰ ਉਹ ਇਜ਼ਤ-ਆਬਰੂ ਪਰਦਾਨ ਕਰਦਾ ਹੈ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥
ਮੁਬਾਰਕ ਹੈ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਅਤੇ ਮੁਬਾਰਕ ਹੈ ਮੁਖੀਆ ਬਾਬਲ ਉਸਦਾ,

ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥
ਜਿਸ ਨੇ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਆਰਾਮ ਪਾਇਆ ਹੈ, ਅਤੇ ਆਪਣੇ ਅੰਦਰੋ ਹੰਕਾਰ ਦੂਰ ਕੀਤਾ ਹੈ।

ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥
ਨੇਕੀਆ ਦੇ ਖ਼ਜ਼ਾਨੇ, ਭਗਵਾਨ ਦੇ ਬੂਹੇ ਉਤੇ ਖਲੋਤੇ ਹੋਏ, ਪਵਿੱਤ੍ਰ ਪੁਰਸ਼, ਉਸ ਨੂੰ ਸੇਵਦੇ ਤੇ ਪਰਾਪਤ ਕਰਦੇ ਹਨ।

ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥
ਹੇ ਮੇਰੀ ਜਿੰਦੜੀਏ! ਮੁਖੀਏ ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਅਰਾਧਨ ਕਰ।

ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥
ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਰ-ਆਤਮੇ ਟਿਕ ਜਾਵੇ ਤਾਂ ਤੇਰਾ ਹਿਰਦਾ ਤੇ ਸਰੀਰ ਸਾਫ ਸੁਥਰੇ ਹੋ ਜਾਵਣਗੇ। ਠਹਿਰਾਉ।

ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥
ਆਪਣੀ ਰਹਿਮਤ ਨਿਛਾਵਰ ਕਰਕੇ ਮੇਰਾ ਸੁਆਮੀ ਆਪ ਹੀ ਮੇਰੇ ਗ੍ਰਹਿ ਵਿੱਚ ਆ ਕੇ ਮੈਨੂੰ ਮਿਲ ਪਿਆ ਹੈ।

ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥
ਜੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰੇ ਤਾਂ ਉਹ ਸੁਭਾਵਕ ਹੀ, ਉਸ ਨੂੰ ਆਪਣੀ ਪ੍ਰੀਤ ਅੰਦਰ ਰੰਗ ਦਿੰਦਾ ਹੈ।

ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥
ਸਤਵਾਦੀ ਹੋ ਕੇ ਪ੍ਰਾਣੀ ਸਤਿਪੁਰਖ ਨਾਲ ਰਲ ਜਾਂਦਾ ਹੈ, ਉਸ ਵਿੱਚ ਲੀਨ ਹੋਇਆ ਰਹਿੰਦਾ ਹੈ ਤੇ ਜੁਦਾ ਨਹੀਂ ਹੁੰਦਾ।

ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥
ਜੋ ਕੁਝ ਸਾਹਿਬ ਨੇ ਕਰਨਾ ਹੈ, ਉਹ ਕਰ ਰਿਹਾ ਹੈ। ਹੋਰ ਕੋਈ ਕੁਝ ਨਹੀਂ ਕਰ ਸਕਦਾ।

ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥
ਆਪਣੇ ਹਿਸਾਬ ਵਿੱਚ ਪਾ ਕੇ ਦੇਰ ਤੋਂ ਵਿਛੁੜੀਆਂ ਹੋਈਆਂ ਰੂਹਾਂ ਨੂੰ ਸਤਿਗੁਰਾਂ ਨੇ ਵਾਹਿਗੁਰੂ ਨਾਲ ਜੋੜ ਦਿੱਤਾ ਹੈ।

ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥
ਉਹ ਆਪ ਹੀ ਜੀਵਾਂ ਨੂੰ ਭਿੰਨ ਭਿੰਨ ਕੰਮੀ ਲਾਉਂਦਾ ਹੈ। ਹੋਰ ਕੁਝ ਨਹੀਂ ਕੀਤਾ ਜਾ ਸਕਦਾ।

ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
ਜਿਸ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹਨ, ਉਹ ਹੰਕਾਰ ਤੇ ਬਦੀ ਨੂੰ ਛੱਡ ਦਿੰਦਾ ਹੈ।

ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
ਦਿਹੁੰ ਰੈਣ, ਆਪਣੇ ਮਨ ਅੰਦਰ ਉਹ ਭੈ-ਰਹਿਤ ਤੇ ਸਰੂਪ-ਰਹਿਤ ਪੁਰਖ ਦੇ ਨਾਮ ਦਾ ਉਚਾਰਨ ਕਰਦਾ ਰਹਿੰਦਾ ਹੈ।

ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥
ਨਾਨਕ, ਉਹ ਉਸ ਨੂੰ ਅਨੰਤ ਦੇ ਪੂਰਨ ਸ਼ਬਦ ਦੁਆਰਾ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥
ਸ੍ਰਿਸ਼ਟੀ ਦਾ ਸੁਆਮੀ ਖੂਬੀਆਂ ਦਾ ਭੰਡਾਰਾ ਹੈ। ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ।

ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
ਮੂੰਹ-ਜ਼ਬਾਨੀ ਗੱਲਾਂ ਨਾਲ ਉਹ ਪਰਾਪਤ ਨਹੀਂ ਹੁੰਦਾ। ਆਪਣੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਉਹ ਪਾਇਆ ਜਾਂਦਾ ਹੈ।

copyright GurbaniShare.com all right reserved. Email:-