Page 333
ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥
ਉਖੜੀ ਹੋਈ ਆਤਮਾ ਸੁਆਮੀ ਅੰਦਰ ਲੀਨ ਹੋ ਗਈ ਹੈ ਅਤੇ ਦਵੈਤ-ਭਾਵ ਤੇ ਖੋਟੀ ਬੁੱਧੀ ਦੌੜ ਗਏ ਹਨ।

ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥
ਕਬੀਰ ਜੀ ਆਖਦੇ ਹਨ ਕਿ ਸੁਆਮੀ ਦੇ ਨਾਮ ਨਾਲ ਪਿਆਰ ਪਾ ਕੇ ਮੈਂ ਨਿਡੱਰ ਅਦੁੱਤੀ ਵਾਹਿਗੁਰੂ ਨੂੰ ਵੇਖ ਲਿਆ ਹੈ।

ਗਉੜੀ ਬੈਰਾਗਣਿ ਤਿਪਦੇ ॥
ਗਉੜੀ ਬੈਰਾਗਣਿ ਤਿਪਦੇ।

ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥
ਆਪਣੇ ਖਿਆਲ ਨੂੰ ਵਾਹਿਗੁਰੂ ਵੱਲ ਉਲਟਾ ਕੇ, ਮੈਂ ਸਰੀਰ ਦਿਆਂ ਛਿਆ ਛੱਲਿਆਂ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੇਰਾ ਮਨ ਸੁਆਮੀ ਤੇ ਫਰੇਫਤਾ ਹੋ ਗਿਆ ਹੈ।

ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥
ਹੇ ਸੰਸਾਰ-ਤਿਆਗੀ, ਉਸ ਦੀ ਖੋਜ-ਭਾਲ ਕਰ, ਜੋ ਨਾਂ ਆਉਂਦਾ ਅਤੇ ਜਾਂਦਾ ਹੈ ਅਤੇ ਜੋ ਨਾਂ ਮਰਦਾ ਹੈ, ਤੇ ਨਾਂ ਹੀ ਜੰਮਦਾ ਹੈ।

ਮੇਰੇ ਮਨ ਮਨ ਹੀ ਉਲਟਿ ਸਮਾਨਾ ॥
ਸੰਸਾਰ ਵਲੋਂ ਉਲਟ ਕੇ, ਮੇਰੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ ਹੈ।

ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਮੇਰੀ ਸਮਝ ਅੱਡਰੀ ਹੋ ਗਈ ਹੈ। ਨਹੀਂ ਤਾਂ ਮੈਂ ਬਿਲਕੁਲ ਹੀ ਅਗਿਆਨੀ ਸਾਂ। ਠਹਿਰਾਉ।

ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥
ਜੋ ਨੇੜੇ ਸੀ ਉਹ ਦੁਰੇਡੇ ਹੋ ਗਿਆ ਅਤੇ ਮੁੜ ਜੋ ਦੁਰੇਡੇ ਸੀ ਉਹ ਨੇੜੇ ਹੋ ਗਿਆ ਹੈ, ਉਸ ਦੇ ਲਈ, ਜੋ ਸੁਆਮੀ ਨੂੰ ਜੇਹੋ ਜੇਹਾ ਉਹ ਹੈ, ਵੈਸਾ ਹੀ ਅਨੁਭਵ ਕਰਦਾ ਹੈ।

ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥
ਜਿਸ ਤਰ੍ਹਾਂ ਮਿਸਰੀ ਦਾ ਬਣਿਆ ਹੋਇਆ ਸ਼ਰਬਤ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦਾ ਹੈ, ਜੋ ਇਸ ਨੂੰ ਪਾਨ ਕਰਦਾ ਹੈ।

ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥
ਤੇਰੀ ਤਿੰਨਾਂ ਲੱਛਣਾ-ਰਹਿਤ ਕਥਾ ਵਾਰਤਾ ਕਿਸ ਨੂੰ ਦੱਸਾ ਹੇ ਪ੍ਰਭੂ! ਕੀ ਕੋਈ ਇਹੋ ਜਿਹਾ ਪਰਬੀਨ-ਪੁਰਸ਼ ਹੈ?

ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
ਜਿਹੋ ਜਿਹਾ ਰੂਹਾਨੀ ਗਿਆਤ ਦਾ ਪਲੀਤਾ ਬੰਦਾ ਲਾਉਂਦਾ ਹੈ, ਉਹੋ ਜਿਹੀ ਹੀ ਈਸ਼ਵਰੀ ਝਲਕ ਉਹ ਵੇਖ ਲੈਦਾ ਹੈ।

ਗਉੜੀ ॥
ਗਉੜੀ।

ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥
ਉਥੇ ਪ੍ਰਭੂ ਪਾਸ ਕੋਈ ਬਰਖਾ ਰੁੱਤ ਸਮੁੰਦਰ, ਧੁੱਪ ਅਤੇ ਛਾਂ ਨਹੀਂ। ਉਥੇ ਉਤਪਤੀ ਜਾਂ ਤਬਾਹੀ ਭੀ ਨਹੀਂ।

ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
ਉਥੇ ਜੰਮਣਾ ਤੇ ਮਰਣਾ ਨਹੀਂ ਨਾਂ ਹੀ ਗ਼ਮ ਜਾਂ ਖੁਸ਼ੀ ਮਹਿਸੂਸ ਹੁੰਦੀ ਹੈ।

ਸਹਜ ਕੀ ਅਕਥ ਕਥਾ ਹੈ ਨਿਰਾਰੀ ॥
ਉਥੇ ਕੇਵਲ ਅਫੁਰ ਸਮਾਧੀ ਹੈ, ਅਤੇ ਦਵੈਤ-ਭਾਵ ਨਹੀਂ ਸਹਿਜ ਦੀ ਅਵਸਥਾ ਦੀ ਵਾਰਤਾ ਲਾਸਾਨੀ ਅਤੇ ਅਕਹਿ ਹੈ।

ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
ਇਹ ਨ ਤੋਲੀ ਜਾਂਦੀ ਹੈ ਅਤੇ ਨਾਂ ਹੀ ਮੁਕਦੀ ਹੈ। ਨਾਂ ਇਹ ਹੌਲੀ ਹੈ ਅਤੇ ਨਾਂ ਹੀ ਬੋਝਲ। ਠਹਿਰਾਉ।

ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥
ਹੇਠਲਾ ਲੋਕ ਅਤੇ ਉਪਰਲਾ ਦੋਨੋਂ ਹੀ ਉਥੇ ਨਹੀਂ। ਰੈਣ ਅਤੇ ਦਿਹੁੰ ਭੀ ਉਥੇ ਨਹੀਂ।

ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥
ਫਿਰ ਉਥੇ ਪਾਣੀ ਹਵਾ ਅਤੇ ਅੱਗ ਨਹੀਂ। ਸੱਚਾ ਗੁਰੂ ਉਥੇ ਰਮ ਰਿਹਾ ਹੈ।

ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪੁਰਖ ਉਥੇ ਆਪਣੇ ਆਪ ਦੇ ਅੰਦਰ ਨਿਵਾਸ ਰੱਖਦਾ ਹੈ।

ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥
ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ਕਬੀਰ ਜੀ ਆਖਦੇ ਹਨ, ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਾਧ ਸੰਗਤ ਨਾਲ ਜੁੜਿਆ ਰਹਿੰਦਾ ਹਾਂ।

ਗਉੜੀ ॥
ਗਉੜੀ।

ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥
ਦੋਨੋਂ ਨੇਕੀਆਂ ਅਤੇ ਬਦੀਆਂ ਨਾਲ ਦੇਹਿ ਦਾ ਬਲਦ ਮੁੱਲ ਲਿਆ ਗਿਆ ਹੈ ਅਤੇ ਜਿੰਦ ਜਾਨ ਰਾਸ ਵਜੋਂ ਪਰਗਟ ਹੋਈ ਹੈ।

ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥
ਇਸ ਤਰੀਕੇ ਨਾਲ ਵੱਗ ਖਰੀਦਿਆਂ ਗਿਆ ਹੈ। ਬਲਦ ਦੀ ਪਿੱਠ ਉਪਰ ਦੀ ਦਿਲ ਦੀ ਬੋਰੀ ਅੰਦਰੋਂ ਖਾਹਿਸ਼ਾਂ ਨਾਲ ਭਰੀ ਹੋਈ ਹੈ।

ਐਸਾ ਨਾਇਕੁ ਰਾਮੁ ਹਮਾਰਾ ॥
ਇਹੋ ਜਿਹਾ ਮਾਲਦਾਰ ਸ਼ਾਹੂਕਾਰ ਹੈ ਮੇਰਾ ਸੁਆਮੀ!

ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥
ਸਾਰੇ ਜ਼ਹਾਨ ਨੂੰ ਉਸਨੇ ਆਪਣਾ ਛੋਟਾ ਹਟਵਾਣੀਆ ਬਣਾਇਆ ਹੋਇਆ ਹੈ। ਠਹਿਰਾਉ।

ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥
ਵਿਸ਼ੇ-ਭੋਗ ਅਤੇ ਗੁੱਸਾ ਦੋਨੋਂ ਮਸੂਲੀਏ ਹਨ ਅਤੇ ਚਿੱਤ ਦੀਆਂ ਲਹਿਰਾਂ ਰਾਹ-ਮਾਰ ਡਾਕੂ ਬਣ ਗਈਆਂ ਹਨ।

ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥
ਪੰਜ ਪ੍ਰਾਣ ਨਾਸਕ ਪਾਪ ਇਕੱਠੇ ਹੋ ਲੁੱਟ ਦੇ ਮਾਲ ਨੂੰ ਵੰਡ ਲੈਂਦੇ ਹਨ। ਇਸ ਤਰ੍ਹਾਂ ਵੱਗ ਪਾਰ ਲੰਘ ਜਾਂਦਾ (ਮਰ ਮੁਕਦਾ) ਹੈ।

ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥
ਕਬੀਰ ਜੀ ਆਖਦੇ ਹਨ, ਸੁਣੋ ਹੇ ਸਾਧੂਓ! ਹੁਣ ਇਸ ਤਰ੍ਹਾਂ ਦੀ ਹਾਲਤ ਆ ਬਣੀ ਹੈ।

ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥
ਉੱਚੀ ਪਹਾੜੀ ਤੇ ਚੜ੍ਹਦਿਆਂ ਇਕ ਬਲਦ ਹਾਰ ਗਿਆ ਹੈ ਅਤੇ ਆਪਣੀ ਬੋਰੀ ਸੁੱਟ ਕੇ ਉਹ ਆਪਣੇ ਸਫਰ ਤੇ ਚਲਦਾ ਬਣਿਆ ਹੈ।

ਗਉੜੀ ਪੰਚਪਦਾ ॥
ਗਉੜੀ ਪੰਚਪਦੇ।

ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥
ਇਸਤ੍ਰੀ ਦੇ ਆਪਣੇ ਬਾਪੂ ਦੇ ਘਰ ਵਿੱਚ ਚਾਰ ਦਿਹਾੜੇ ਹਨ, ਉਸ ਨੂੰ ਸਹੁਰੇ ਘਰ ਜਾਣਾ ਪੈਣਾ ਹੈ।

ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
ਅੰਨ੍ਹੀ ਮੂਡ੍ਹ ਅਤੇ ਨਦਾਨ ਜਨਤਾ ਇਸ ਨੂੰ ਨਹੀਂ ਸਮਝਦੀ।

ਕਹੁ ਡਡੀਆ ਬਾਧੈ ਧਨ ਖੜੀ ॥
ਦੱਸੋ! ਪਤਨੀ ਕਿਉਂ ਐਨੀ ਬੇਪਰਵਾਹੀ ਨਾਲ ਖਲੋ ਕੇ ਆਪਣੀ ਧੋਤੀ ਬੰਨ੍ਹ ਰਹੀ ਹੈ?

ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
ਪਰਾਹੁਣੇ ਘਰ ਪੁੱਜ ਗਏ ਹਨ ਅਤੇ ਉਸ ਦਾ ਖਸਮ ਉਸ ਨੂੰ ਲੈਣ ਲਈ ਆ ਗਿਆ ਹੈ। ਠਹਿਰਾਉ।

ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥
ਉਹ ਕੌਣ ਹੈ ਜੋ ਉਸ ਦਿੱਸ ਆਉਂਦੇ ਖੂਹ ਅੰਦਰ ਲੱਜ ਲਟਕਾ ਰਿਹਾ ਹੈ?

ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
ਲੱਜ ਤਾਣੀ ਵਾਲੀ ਮੱਘੀ ਨਾਲੋਂ ਟੁਟ ਜਾਂਦੀ ਹੈ ਅਤੇ ਪਾਣੀ ਭਰਨ ਵਾਲੀ ਖੜੀ ਹੋ ਟੁਰ ਜਾਂਦੀ ਹੈ।

ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
ਜੇ ਕਰ ਸੁਆਮੀ ਮਿਹਰਬਾਨ ਹੋਵੇ ਅਤੇ ਆਪਣੀ ਮਿਹਰ ਧਾਰੇ ਤਾਂ ਇਸਤਰੀ ਆਪਣੇ ਕੰਮ ਸੁਆਰ ਲਵੇਗੀ।

ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥੩॥
ਕੇਵਲ ਤਦ ਹੀ ਉਹ ਪ੍ਰਸੰਨ-ਪਤਨੀ ਜਾਣੀ ਜਾਂਦੀ ਹੈ, ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਦੀ ਸਮਝਦੀ ਹੈ।

copyright GurbaniShare.com all right reserved. Email