ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥
ਅਧਰਮੀ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ? ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥ ਸੁਆਮੀ ਖੁਦ-ਬ-ਖੁਦ ਹੀ ਸਾਰਾ ਕੁਝ ਹੈ। ਹੰਕਾਰ ਅੰਦਰ ਇਨਸਾਨ ਉਸ ਦਾ ਨਾਮ ਉਚਾਰਨ ਨਹੀਂ ਕਰ ਸਕਦਾ। ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥ ਗੁਰਾਂ ਦੇ ਸ਼ਬਦ ਰਾਹੀਂ ਵਾਹਿਗੁਰੂ ਦਾ ਅਨੁਭਵ ਹੁੰਦਾ ਹੈ ਅਤੇ ਹੰਕਾਰ ਦੀ ਬੀਮਾਰੀ ਅੰਦਰੋਂ ਪੁੱਟੀ ਜਾਂਦੀ ਹੈ। ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥ ਮੈਂ ਉਨ੍ਹਾਂ ਦੇ ਪੈਰੀਂ ਪੈਦਾ ਹਾਂ, ਜੋ ਆਪਣੇ ਨਿੱਜ਼ ਦੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥ ਨਾਨਕ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਸੱਚੀ ਦਰਗਾਹ ਅੰਦਰ ਸੱਚੇ ਪਾਏ ਜਾਂਦੇ ਹਨ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਜੇਕਰ ਅਸੀਂ ਮੁਨਾਸਬ ਵਕਤ ਤੇ ਮੁਹਤ ਦਾ ਖ਼ਿਆਲ ਕਰੀਏ, ਤਦ ਕਿਹੜੇ ਸਮੇਂ ਸੁਆਮੀ ਦਾ ਸਿਮਰਨ ਹੋ ਸਕਦਾ ਹੈ? ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ ਰੈਣ ਦਿਹੁੰ ਹਰੀ ਨਾਮ ਨਾਲ ਰੰਗੇ ਰਹਿਣ ਦੁਆਰਾ ਸੱਚੇ ਆਦਮੀ ਦੀ ਸੱਚੀ ਹੀ ਸ਼ੁਹਰਤ ਹੈ। ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ ਜਦ ਇਨਸਾਨ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵੇ, ਉਹ ਕਿਸ ਕਿਸਮ ਦੀ ਪਰੇਮ-ਮਈ ਸੇਵਾ ਹੈ? ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥ ਜਿਸ ਦੀ ਆਤਮਾ ਤੇ ਦੇਹ ਸੱਚੇ ਨਾਮ ਨਾਲ ਠੰਢੇ ਹੋਏ ਹਨ, ਉਸ ਦਾ ਕੋਈ ਸੁਆਸ ਭੀ ਬੇਅਰਥ ਨਹੀਂ ਜਾਂਦਾ। ਮੇਰੇ ਮਨ ਹਰਿ ਕਾ ਨਾਮੁ ਧਿਆਇ ॥ ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥ ਕੇਵਲ ਤਦ ਹੀ ਸੱਚੀ ਉਪਾਸ਼ਨਾ ਹੁੰਦੀ ਹੈ ਜੇਕਰ ਵਾਹਿਗੁਰੂ ਆ ਕੇ ਮਨੁੱਖ ਦੇ ਚਿੱਤ ਅੰਦਰ ਟਿਕ ਜਾਵੇ। ਠਹਿਰਾਉ। ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥ ਆਤਮਕ-ਟਿਕਾਉ ਅੰਦਰ ਪੈਲੀ ਨੂੰ ਕਾਸ਼ਤ ਕਰ ਅਤੇ ਸੱਚੇ ਨਾਮ ਦਾ ਬੀ ਬੀਜ। ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥ ਫਸਲ ਨਿਹਾਇਤ ਚੰਗੀ ਉਗ ਆਈ ਹੈ ਅਤੇ ਕੁਦਰਤੀ ਤੌਰ ਤੇ ਮਨ ਐਨ ਤ੍ਰਿਪਤ ਹੋ ਗਿਆ ਹੈ। ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥ ਗੁਰਾਂ ਦੀ ਬਾਣੀ ਸੁਧਾ-ਰਸ ਹੈ, ਜਿਸ ਨੂੰ ਪਾਨ ਕਰਨ ਦੁਆਰਾ ਤੇਹ ਬੁਝ ਜਾਂਦੀ ਹੈ। ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥ ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ। ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥ ਆਪਣੇ ਬਚਨ-ਬਿਲਾਸ, ਦ੍ਰਿਸ਼ਟੀ ਅਤੇ ਬੋਲ-ਬਾਣੀ ਅੰਦਰ ਇਹ ਆਤਮਾ ਨਾਮ ਅੰਦਰ ਰਮੀ ਰਹਿੰਦੀ ਹੈ। ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥ ਗੁਰਬਾਣੀ ਚੌਹਾਂ ਹੀ ਯੁਗਾਂ ਅੰਦਰ ਪਰਸਿੱਧ ਹੋ ਗਈ ਹੈ ਅਤੇ ਇਹ ਨਿਰੋਲ-ਸੱਚ ਦਾ ਪਰਚਾਰ ਕਰਦੀ ਹੈ। ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥ ਸਤਿਪੁਰਖ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਜਿਸ ਦੀ ਹੰਗਤਾ ਤੇ ਅਪਣੱਤ ਦੂਰ ਹੋ ਜਾਂਦੇ ਹਨ। ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥ ਜਿਹੜੇ ਸੱਚੇ-ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਲਈ ਉਸ ਦਾ ਮੰਦਰ ਸਾਹਮਣੇ ਦਿਸਦਾ ਹੈ। ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥ ਹਰੀ ਦੀ ਦਇਆ ਦੁਆਰਾ ਉਸ ਦਾ ਨਾਮ ਸਿਮਰਿਆ ਜਾਂਦਾ ਹੈ। ਉਸ ਦੀ ਰਹਿਮਤ ਦੇ ਬਗੈਰ ਇਹ ਹਾਸਲ ਨਹੀਂ ਹੁੰਦਾ। ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥ ਪੂਰਨ ਚੰਗੇ ਨਸੀਬਾਂ ਰਾਹੀਂ ਜਿਸ ਨੂੰ ਸਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਸਾਧ-ਸੰਗਤ ਨੂੰ ਪਰਾਪਤ ਹੋ ਜਾਂਦਾ ਹੈ। ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥ ਹਰੀ ਨਾਮ ਨਾਲ ਰੈਣ ਦਿਹੁੰ, ਰੰਗੇ ਰਹਿਣ ਦੁਆਰਾ ਦੁਖਦਾਈ ਬਦੀ ਬੰਦੇ ਦੇ ਅੰਦਰੋਂ ਦੂਰ ਹੋ ਜਾਂਦੀ ਹੈ। ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥ ਨਾਨਕ, ਨਾਮ ਸਰੂਪ-ਸਾਹਿਬ ਦੇ ਨਾਮ ਨਾਲ ਅਭੇਦ ਹੋਣ ਦੁਆਰਾ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥ ਜੋ ਗੁਰਾਂ ਦੀ ਬਾਣੀ ਨੂੰ ਆਪਣੇ ਧਿਆਨ ਅੰਦਰ ਟਿਕਾਉਂਦੇ ਹਨ, ਉਨ੍ਹਾਂ ਨੂੰ ਸੁਆਮੀ ਆਪਣੇ ਡਰ ਦੀ ਦਾਤ ਦਿੰਦਾ ਹੈ। ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥ ਉਹ ਹਮੇਸ਼ਾਂ ਸਾਧ-ਸੰਗਤ ਅੰਦਰ ਜੁੜੇ ਰਹਿੰਦੇ ਹਨ, ਅਤੇ ਸਤਿਪੁਰਖ ਦੀਆਂ ਸ਼੍ਰੇਸ਼ਟਤਾਈਆਂ ਦਾ ਧਿਆਨ ਧਾਰਦੇ ਹਨ। ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥ ਉਹ ਦੁਚਿੱਤੇ-ਪਨ ਦੀ ਗਿਲਾਜ਼ਤ ਨੂੰ ਪਰ੍ਹੇ ਸੁਟ ਪਾਉਂਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥ ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ। ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥ ਹੇ ਮੇਰੇ ਮਨੂਏ! ਤੂੰ ਹੰਕਾਰ ਦੀ ਗੰਦਗੀ ਨਾਲ ਭਰਿਆ ਹੋਇਆ ਹੈ। ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥ ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ। ਠਹਿਰਾਉ। ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥ ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਸੱਚੇ ਸ਼ਬਦ ਨੇ ਮੋਹਤ ਕਰ ਲਿਆ ਹੈ। ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥ ਰੈਣ ਦਿਹੁੰ ਉਸ ਹਰੀ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਰੋਸ਼ਨੀ ਪਰਮ ਰੋਸ਼ਨੀ ਅੰਦਰ ਲੀਨ ਹੋ ਜਾਂਦੀ ਹੈ। ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥ ਕੇਵਲ (ਅੰਦਰੂਨੀ) ਚਾਨਣ ਰਾਹੀਂ ਹੀ ਸਾਹਿਬ ਪਰਗਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਗਿਆਤ ਪਰਾਪਤ ਨਹੀਂ ਹੁੰਦੀ। ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥ ਸੱਚੇ ਗੁਰੂ ਜੀ ਆ ਕੇ ਉਨ੍ਹਾਂ ਨੂੰ ਮਿਲ ਪੈਦੇ ਹਨ, ਜਿਨ੍ਹਾਂ ਲਈ ਪਰਾਪੂਰਬਲੀ ਐਸੀ ਲਿਖਤਾਕਾਰ ਹੁੰਦੀ ਹੈ। ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥ ਨਾਮ ਦੇ ਬਗੈਰ ਹਰ ਕੋਈ ਅਵਾਜਾਰ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਤਬਾਹ ਕਰ ਛਡਿਆ ਹੈ। ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥ ਉਸ ਦੇ ਬਾਝੋਂ (ਆਤਮਾ) ਮੁਹਤ ਭਰ ਭੀ ਸੁਖੀ ਨਹੀਂ ਜੀਉਂਦੀ ਤੇ ਆਪਣੀ ਰਾਤਰੀ (ਜੀਵਨ) ਤਕਲੀਫ ਵਿੱਚ ਗੁਜਾਰਦੀ ਹੈ। ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥ ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥ ਜੇਕਰ ਸਾਹਿਬ ਆਪਣੀ ਰਹਿਮਤ ਧਾਰੇ, ਤਾਂ ਉਹ ਇਨਸਾਨ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। copyright GurbaniShare.com all right reserved. Email:- |