Page 36
ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥
ਸੁਆਮੀ ਸਾਰਾ ਕੁਝ ਸ੍ਰਵਣ ਕਰਦਾ ਤੇ ਦੇਖਦਾ ਹੈ। ਆਦਮੀ ਕਿਸ ਤਰ੍ਹਾਂ ਇਨਕਾਰੀ ਹੋ ਸਕਦਾ ਹੈ?

ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥
ਜੋ ਗੁਨਾਹਾਂ ਉਤੇ ਗੁਨਾਹ ਕਰਦੇ ਹਨ, ਉਹ ਗੁਨਾਹਾਂ ਅੰਦਰ ਹੀ ਗਲ-ਸੜ ਕੇ ਮਰ ਜਾਂਦੇ ਹਨ।

ਸੋ ਪ੍ਰਭੁ ਨਦਰਿ ਨ ਆਵਈ ਮਨਮੁਖਿ ਬੂਝ ਨ ਪਾਇ ॥
ਉਹ ਸੁਆਮੀ ਨੂੰ ਉਹ ਨਹੀਂ ਵੇਖਦੇ। ਆਪ-ਹੁਦਰਿਆਂ ਨੂੰ ਸਮਝ ਪਰਾਪਤ ਨਹੀਂ ਹੁੰਦੀ।

ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ ॥੪॥੨੩॥੫੬॥
ਕੇਵਲ ਉਹੀ ਜਿਸ ਨੂੰ ਵਾਹਿਗੁਰੂ ਵਿਖਾਲਦਾ ਹੈ ਉਸ ਨੂੰ ਵੇਖਦਾ ਹੈ। ਗੁਰਾਂ ਦੁਆਰਾ ਹੇ ਨਾਨਕ! ਉਹ ਪਾਇਆ ਜਾਂਦਾ ਹੈ।

ਸ੍ਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥
ਗੁਰਾਂ ਦੇ ਬਾਝੋਂ ਬੀਮਾਰੀ ਦੂਰ ਨਹੀਂ ਹੁੰਦੀ ਤੇ ਨਾਂ ਹੀ ਹੰਕਾਰ ਦੀ ਦਰਦ ਰਫ਼ਾ ਹੁੰਦੀ ਹੈ।

ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥
ਗੁਰਾਂ ਦੀ ਮਿਹਰ-ਸਦਕਾ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਇਨਸਾਨ ਉਸ ਦੇ ਨਾਮ ਅੰਦਰ ਲੀਨ ਰਹਿੰਦਾ ਹੈ।

ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥
ਗੁਰਾਂ ਦੀ ਬਾਣੀ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਗੁਰਬਾਣੀ ਦੇ ਬਾਝੋਂ ਆਦਮੀ ਵਹਿਮ ਵਿੱਚ ਕੁਰਾਹੇ ਪੈ ਜਾਂਦਾ ਹੈ।

ਮਨ ਰੇ ਨਿਜ ਘਰਿ ਵਾਸਾ ਹੋਇ ॥
ਹੇ ਮੇਰੀ ਜਿੰਦੇ! ਤੂੰ ਵਿਆਪਕ, ਵਾਹਿਗੁਰੂ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰ।

ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥
ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਨਿਵਾਸ ਪਾ ਲਵੇਗੀ ਤੇ ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ। ਠਹਿਰਾਉ।

ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥
ਕੇਵਲ ਵਾਹਿਗੁਰੂ ਦਾਤਾਰ ਹੀ ਸਾਰਾ ਕੁਛ ਕਰ ਰਿਹਾ ਹੈ, ਹੋਰ ਦੂਸਰਾ ਕੋਈ ਨਹੀਂ।

ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥
ਜੇਕਰ ਤੂੰ ਸਾਈਂ ਦੀ ਕੀਰਤੀ ਕਰੇ, ਉਹ ਤੇਰੇ ਚਿੱਤ ਵਿੱਚ ਟਿਕ ਜਾਵੇਗਾ ਅਤੇ ਤੂੰ ਸੁਤੇ ਸਿੱਧ ਹੀ, ਠੰਢ-ਚੈਨ ਪਰਾਪਤ ਕਰ ਲਵੇਗਾ।

ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥
ਵਾਹਿਗੁਰੂ ਸਾਰਿਆਂ ਨੂੰ ਆਪਣੀ ਨਿਗ੍ਹਾ ਹੇਠਾਂ (ਰਖਦਾ) ਜਾਂ (ਦੇਖਦਾ) ਹੈ। ਉਹ ਉਸ ਨੂੰ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।

ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥
ਹੰਕਾਰ ਅੰਦਰ ਹਨ ਸਮੂਹ ਗਿਣਤੀਆਂ। ਆਪਣੇ ਕਾਰਨਾਮੇ ਗਿਣਨ ਅੰਦਰ ਕੋਈ ਠੰਢ-ਚੈਨ ਨਹੀਂ।

ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥
ਮਨੁਖ ਮੰਦੇ ਅਮਲ ਕਰਦੇ ਹਨ ਅਤੇ ਪਾਪ ਅੰਦਰ ਹੀ ਗਰਕ ਹੋ ਜਾਂਦੇ ਹਨ।

ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥੩॥
ਸਾਈਂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਉਹ ਮੌਤ ਦੇ ਸ਼ਹਿਰ ਅੰਦਰ ਤਕਲੀਫ ਉਠਾਉਂਦੇ ਹਨ।

ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥
ਆਤਮਾ ਤੇ ਸਰੀਰ ਸਭ ਉਸੇ ਦੀ ਮਲਕੀਅਤ ਹਨ ਅਤੇ ਉਸੇ ਦਾ ਹੀ ਆਸਰਾ ਹੈ।

ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥
ਜੇਕਰ ਬੰਦਾ, ਗੁਰਾਂ ਦੀ ਦਇਆ ਦੁਆਰਾ, ਇਸ ਨੂੰ ਸਮਝ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਰਾਪਤ ਹੋ ਜਾਂਦਾ ਹੈ।

ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥੪॥੨੪॥੫੭॥
ਹੇ ਨਾਨਕ! ਤੂੰ ਹਰੀ ਦੇ ਨਾਮ ਦੀ ਕੀਰਤੀ ਗਾਇਨ ਕਰ, ਜਿਸ ਦਾ ਓੜਕ ਐਹ ਤੇ ਉਹ ਕਿਨਾਰਾ ਕੋਈ ਨਹੀਂ ਜਾਣਦਾ!

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥
ਕੇਵਲ ਉਨ੍ਹਾਂ ਨੂੰ ਹੀ ਖੁਸ਼ੀ ਅਤੇ ਸਦੀਵੀ ਆਰਾਮ ਹੈ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਸਰਾ ਹੈ।

ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥
ਗੁਰਾਂ ਦੇ ਉਪਦੇਸ਼ ਦੁਆਰਾ ਉਨ੍ਹਾਂ ਨੇ ਕਸ਼ਟ ਨਾਸ ਕਰਨ ਵਾਲੇ ਸਤਿਪੁਰਖ ਨੂੰ ਪਾ ਲਿਆ ਹੈ।

ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥
ਸਦੀਵ ਤੇ ਹਮੇਸ਼ਾਂ ਲਈ ਉਹ ਸਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁੰ ਗੰਢਦੇ ਹਨ।

ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥੧॥
ਆਪਣੀ ਮਿਹਰ ਧਾਰਕੇ, ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅਨੁਰਾਗ ਦੇ ਖ਼ਜ਼ਾਨੇ ਪਰਦਾਨ ਕਰ ਦਿੱਤੇ ਹਨ।

ਮਨ ਰੇ ਸਦਾ ਅਨੰਦੁ ਗੁਣ ਗਾਇ ॥
ਹੇ ਮੇਰੇ ਮਨ! ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਸਦੀਵੀ ਪਰਸੰਨਤਾ ਪਰਾਪਤ ਹੋ ਜਾਂਦੀ ਹੈ।

ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥
ਸੱਚੇ ਸ਼ਬਦ ਰਾਹੀਂ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਆਦਮੀ ਰੱਬ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।

ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥
ਦਿਲੀ ਉਪਾਸ਼ਨਾ ਨਾਲ ਆਤਮਾ ਸੂਹੀ ਹੋ ਜਾਂਦੀ ਹੈ ਅਤੇ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਜਾਂਦੀ ਹੈ।

ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥
ਗੁਰਾਂ ਦੇ ਕਲਾਮ ਦੁਆਰਾ ਆਤਮਾ ਐਸੀ ਫਰੇਫਤਾ ਹੋਈ ਹੈ ਕਿ ਇਸ ਦਾ ਵਰਨਣ ਕੀਤਾ ਨਹੀਂ ਜਾ ਸਕਦਾ।

ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥
ਜੀਭ ਸਤਿਨਾਮ ਨਾਲ ਰੰਗੀ ਗਈ ਹੈ। ਇਹ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੇ ਸੁਧਾ-ਰਸ ਨੂੰ ਖੁਸ਼ੀ ਨਾਲ ਪਾਨ ਕਰਦੀ ਹੈ।

ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥੨॥
ਜਿਸ ਉਤੇ ਰਜ਼ਾ ਦਾ ਸੁਆਮੀ ਦਇਆ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਇਸ ਈਸ਼ਵਰੀ-ਪ੍ਰੀਤ ਨੂੰ ਪਾਉਂਦਾ ਹੈ।

ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥
ਇਹ ਜਹਾਨ ਗਲਤ-ਫਹਿਮੀ ਅੰਦਰ ਸੁਤਾ ਪਿਆ ਹੈ ਅਤੇ ਨੀਦਰਂ ਵਿੱਚ ਹੀ ਰਾਤਰੀ (ਜੀਵਨ) ਬੀਤ ਜਾਂਦੀ ਹੈ।

ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥
ਕਈਆਂ ਨੂੰ ਉਹ ਆਪਣੀ ਰਜ਼ਾ ਰਾਹੀਂ ਬਚਾ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ।

ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥
ਉਹ ਖੁਦ ਹੀ (ਆਦਮੀ ਦੇ) ਆਤਮੇ ਅੰਦਰ ਆ ਟਿਕਦਾ ਹੈ ਅਤੇ ਮੋਹਨੀ ਦੀ ਮੁਹੱਬਤ ਨੂੰ ਦੂਰ ਕਰ ਦਿੰਦਾ ਹੈ।

ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥੩॥
ਉਹ ਆਪੇ ਇਜ਼ਤ ਆਬਰੂ ਬਖਸ਼ਦਾ ਹੈ ਅਤੇ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਦਰਸਾ ਦਿੰਦਾ ਹੈ।

ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥
ਕੇਵਲ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਘੁਸਿਆ ਹੋਇਆਂ ਨੂੰ ਉਹ ਰਾਹੇ ਪਾ ਦਿੰਦਾ ਹੈ।

ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥
ਉਸ ਨੇ ਆਪ ਹੀ ਕਈਆਂ ਨੂੰ ਗੁਮਰਾਹ ਕਰ ਛੱਡਿਆ ਹੈ ਅਤੇ ਹੋਰਸ ਨਾਲ ਜੋੜ ਦਿੱਤਾ ਹੈ।

ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥
ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁੱਖ ਦੀ ਆਤਮਾ ਪਰਮ-ਆਤਮਾ ਨਾਲ ਮਿਲ ਜਾਂਦੀ ਹੈ।

ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥੪॥੨੫॥੫੮॥
ਰੈਣ ਦਿਹੁੰ ਸਾਈਂ ਦੇ ਨਾਮ ਨਾਲ ਰੰਗੀਜੇ ਰਹਿਣ ਦੁਆਰਾ, ਹੇ ਨਾਨਕ! ਪ੍ਰਾਣੀ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥
ਗੁਣਵਾਨਾਂ ਨੇ ਪਾਪ ਦੀ ਖਾਹਿਸ਼ ਨੂੰ ਤਿਆਗ ਕੇ ਪ੍ਰਮ ਸੱਚ ਨੂੰ ਪਰਾਪਤ ਕੀਤਾ ਹੈ।

ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥
ਅਜੇਹਿਆਂ ਦੇ ਚਿੱਤ ਗੁਰਾਂ-ਦੀ ਬਾਣੀ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜ਼ਬਾਨ ਉਤੇ ਵਾਹਿਗੁਰੂ ਦੀ ਪ੍ਰੀਤ ਤੇ ਪਿਰਹੜੀ ਹੈ।

copyright GurbaniShare.com all right reserved. Email:-