ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥
ਕੂੜੇ ਮੂੰਹ ਨਾਲ ਆਦਮੀ ਅਸੱਤ ਬੋਲਦਾ ਹੈ। ਉਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ? ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥ ਨਾਮ ਦੇ ਪਾਣੀ ਬਗੈਰ (ਆਤਮਾ) ਸਾਫ-ਸੁਥਰੀ ਨਹੀਂ ਹੁੰਦੀ। ਸੱਚ ਸਤਿਪੁਰਖ ਤੋਂ ਹੀ ਜਾਰੀ ਹੁੰਦਾ ਹੈ। ਮੁੰਧੇ ਗੁਣਹੀਣੀ ਸੁਖੁ ਕੇਹਿ ॥ ਹੇ ਪਤਨੀਏ! ਨੇਕੀ ਦੇ ਬਾਝੋਂ ਕਾਹਦੀ ਖੁਸ਼ੀ ਹੈ? ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥ ਪ੍ਰੀਤਮ (ਉਨ੍ਹਾਂ) ਨੂੰ ਅਨੰਦ ਅਤੇ ਸੁਆਦ ਨਾਲ ਭੋਗਦਾ ਹੈ, ਜੋ ਸੱਚੇ ਨਾਮ ਦੀ ਪ੍ਰੀਤ ਅੰਦਰ ਠੰਢ-ਚੈਨ ਮਹਿਸੂਸ ਕਰਦੇ ਹਨ। ਠਹਿਰਾਉ। ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥ ਜੇਕਰ ਪਤੀ ਦੁਰੇਡੇ ਚਲਿਆ ਜਾਵੇ ਤਾਂ ਵਿਛੜੀ ਹੋਈ ਪਤਨੀ ਐਉਂ ਅਫਸੋਸ ਕਰਦੀ ਹੈ, ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥ ਜਿਸ ਤਰ੍ਹਾਂ ਘੱਟ ਪਾਣੀ ਵਿਚਲੀ ਮੱਛੀ ਧਾਂਹੀ ਰੋਂਦੀ (ਤੜਫਦੀ) ਹੈ। ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥ ਜਦ ਕੰਤ ਨੂੰ ਚੰਗਾ ਲੱਗਦਾ ਹੈ ਤਾਂ ਉਹ ਆਪ ਹੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਅਤੇ ਪਤਨੀ ਠੰਢ-ਚੈਨ ਨੂੰ ਪਰਾਪਤ ਹੋ ਜਾਂਦੀ ਹੈ। ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥ ਆਪਣੀਆਂ ਸਾਥਨਾ ਤੇ ਸੱਜਣੀਆਂ ਸਮੇਤ (ਨਾਲ ਹੋ ਕੇ) ਤੂੰ ਆਪਣੇ ਭਰਤੇ ਦੀ ਪਰਸੰਸਾ ਕਰ। ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥ ਉਸ ਨੂੰ ਤੱਕ ਕੇ ਤੇਰੀ ਦੇਹਿ ਸੁਭਾਇਮਾਨ ਤੇ ਆਤਮਾ ਮੋਹਿਤ ਹੋ ਗਈ ਹੈ ਅਤੇ ਤੂੰ ਉਸ ਦੀ ਪ੍ਰੀਤ ਨਾਲ ਰੰਗੀ ਗਈ ਹੈ। ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥ ਸੁੰਦਰ ਪਤਨੀ, ਜੋ ਨਾਮ ਨਾਲ ਸ਼ਿੰਗਾਰੀ ਹੈ ਅਤੇ ਨੇਕੀ ਸੰਯੁਕਤ ਹੈ, ਆਪਣੇ ਪਤੀ ਨੂੰ ਮਾਣਦੀ ਹੈ। ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥ ਮੰਦੀ ਤੇ ਗੁਣ-ਵਿਹੁਣ ਪਤਨੀ ਪ੍ਰੀਤਮ ਦੇ ਕਿਸੇ ਕੰਮ ਦੀ ਨਹੀਂ। ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥ ਉਸ ਨੂੰ ਨਾਂ ਪੇਕੇ ਘਰ (ਇਸ ਲੋਕ) ਵਿੱਚ ਆਰਾਮ ਮਿਲਦਾ ਹੈ ਤੇ ਨਾਂ ਹੀ ਸਹੁਰੇ ਘਰ (ਪਰਲੋਕ) ਵਿੱਚ ਅਤੇ ਉਹ ਕੂੜ ਤੇ ਪਾਪ ਅੰਦਰ ਸੜਦੀ ਹੈ। ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥ ਕਠਨ ਹੈ ਉਸ ਦਾ ਆਉਣਾ ਅਤੇ ਜਾਣਾ, ਜਿਸ ਨੂੰ ਉਸ ਦੇ ਖਸਮ ਨੇ ਤਿਆਗ ਤੇ ਭੁਲਾ ਦਿੱਤਾ ਹੈ। ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥ ਪਤੀ ਦੀ ਸੁੰਦਰ ਪਤਨੀ, ਕਿਸ ਵਿਸ਼ਈ-ਸੁਆਦ ਕਾਰਨ ਉਹ ਲੁੱਟੀ ਪੁੱਟੀ ਗਈ ਹੈ? ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥ ਜੋ ਫਜ਼ੂਲ ਟੰਟੇ-ਬਖੇੜੇ ਬਕਦੀ (ਖੜੇ ਕਰਦੀ) ਹੈ, ਉਹ ਭਰਤਾ ਦੇ ਕਿਸੇ ਲਾਭ ਦੀ ਨਹੀਂ। ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥ ਸੰਸਾਰੀ ਸੁਆਦਾਂ ਦੇ ਸਬੱਬ ਉਹ ਛੱਡ ਦਿੱਤੀ ਗਈ ਹੈ ਅਤੇ ਉਸ ਨੂੰ ਆਪਣੇ ਸੁਆਮੀ ਦੇ ਬੂਹੇ ਤੇ ਮੰਦਰ ਤੇ ਪਨਾਹ ਨਹੀਂ ਮਿਲਦੀ। ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ ਬ੍ਰਾਹਮਣ ਪੁਸਤਕਾਂ ਪੜ੍ਹਦੇ ਹਨ ਪ੍ਰੰਤੂ ਉਨ੍ਹਾਂ ਦੇ ਅਸਲੀ ਮਤਲਬ ਨੂੰ ਨਹੀਂ ਸਮਝਦੇ। ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ ਉਹ ਹੋਰਨਾ ਨੂੰ ਉਪਦੇਸ਼ ਦੇ ਕੇ ਰਾਹੇ ਪੈਦੇ ਹਨ। ਆਪ ਉਹ ਧਨ-ਦੌਲਤ ਦਾ ਵਣਜ ਕਰਦੇ ਹਨ। ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥ ਉਹ ਕੂੜ ਬੋਲਦੇ ਸੰਸਾਰ ਵਿੱਚ ਭਟਕਦੇ ਹਨ ਜੋ ਨਾਮ ਦੀ ਕਮਾਈ ਕਰਦੇ ਹਨ, ਉਹ ਪਰਮ-ਸਰੇਸ਼ਟ ਹਨ। ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ ਅਨੇਕਾਂ ਹਨ ਪੰਡਤ ਅਤੇ ਜੋਤਸ਼ੀ, ਜੋ ਵੇਦਾਂ ਨੂੰ ਸੋਚਦੇ ਵੀਚਾਰਦੇ ਹਨ। ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥ ਉਹ ਝਗੜਿਆਂ ਦੇ ਟੰਟੇ ਬਖੇੜਿਆਂ ਦੀ ਪਰਸੰਸਾ ਕਰਦੇ ਹਨ ਅਤੇ ਬਹਿਸ-ਮੁਬਾਹਸਿਆਂ ਵਿੱਚ ਹੀ ਆਉਂਦੇ ਜਾਂਦੇ ਰਹਿੰਦੇ ਹਨ। ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥ ਗੁਰਾਂ ਦੇ ਬਗੈਰ ਉਨ੍ਹਾਂ ਦੀ ਆਪਣੇ ਅਮਲਾ ਤੋਂ ਖਲਾਸੀ ਨਹੀਂ ਹੋਣੀ ਭਾਵੇਂ ਉਹ ਜਿੰਨਾ ਜੀ ਚਾਹੇ ਪਏ ਆਖਣ, ਸਰਵਣ ਕਰਨ, ਉਪਦੇਸ਼ ਦੇਣ ਤੇ ਵਿਆਖਿਆ ਕਰਨ। ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥ ਸਭ ਆਪਣੇ ਆਪ ਨੂੰ ਨੇਕੀ-ਨਿਪੁੰਨ ਕਹਿੰਦੀਆਂ ਹਨ, ਪਰ ਮੇਰੇ ਵਿੱਚ ਕੋਈ ਨੇਕੀ ਨਹੀਂ। ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥ ਖੁਸ਼-ਬਾਸ਼ ਹੈ ਉਹ ਵਹੁਟੀ ਜਿਸ ਦਾ ਵਾਹਿਗੁਰੂ ਪਤੀ ਹੈ। ਮੈਂ ਭੀ ਉਸੇ ਆਪਣੇ ਸਾਹਿਬ ਨੂੰ ਪਿਆਰ ਕਰਦੀ ਹਾਂ। ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥ ਨਾਨਕ, ਨਾਮ ਦੇ ਰਾਹੀਂ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਫੇਰ ਵਿਛੋੜਾ ਨਹੀਂ ਹੁੰਦਾ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ ਆਦਮੀ ਪਾਠ, ਤਪੱਸਿਆ ਤੇ ਸਵੈ-ਰੋਕ-ਥਾਮ ਪਿਆ ਕਰੇ ਅਤੇ ਯਾਤ੍ਰਾ ਅਸਥਾਨਾਂ ਤੇ ਨਿਵਾਸ ਕਰ ਲਵੇ। ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ ਉਹ ਸਖ਼ਾਵਤਾ ਤੇ ਖ਼ੈਰਾਤਾਂ ਦੇਵੇ ਅਤੇ ਹੋਰ ਭਲੇ ਕੰਮ ਕਰੇ, ਪ੍ਰੰਤੂ ਸਤਿਪੁਰਖ ਦੇ ਬਾਝੋਂ ਉਸ ਨੂੰ ਕਿਸੇ ਦਾ ਕੀ ਲਾਭ ਹੈ? ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥ ਜੇਹੋ ਜੇਹਾ ਉਹ ਬੀਜਦਾ ਹੈ, ਉਹੋ ਜੇਹਾ ਵੱਢ ਲੈਂਦਾ ਹੈ। ਨੇਕੀ ਦੇ ਬਗੈਰ ਮਨੁੱਖੀ ਜੀਵਨ ਬੇ-ਫ਼ਾਇਦਾ ਬੀਤ ਜਾਂਦਾ ਹੈ। ਮੁੰਧੇ ਗੁਣ ਦਾਸੀ ਸੁਖੁ ਹੋਇ ॥ ਹੇ ਮੁਟਿਆਰ ਪਤਨੀਏ! ਨੇਕੀ ਦੇ ਬਾਂਦੀ ਹੋਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ। ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥੧॥ ਰਹਾਉ ॥ ਜੋ ਗੁਰਾਂ ਦੀ ਸਿੱਖ-ਮਤ ਤਾਬੇ ਬੁਰਾਈਆਂ ਨੂੰ ਛੱਡ ਦਿੰਦੀ ਹੈ, ਉਹ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ। ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ ਪੂੰਜੀ ਦੇ ਬਾਝੋਂ ਵਣਜਾਰਾ ਚੌਹੀਂ ਪਾਸੀਂ (ਵਿਅਰਥ) ਝਾਕਦਾ ਹੈ। ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ ਉਹ ਮੂਲ-ਪ੍ਰਭੂ ਨੂੰ ਨਹੀਂ ਸਮਝਦਾ ਅਤੇ ਹਰੀ ਨਾਮ ਦਾ ਸੌਦਾ-ਸੂਤ, ਉਸ ਦੇ ਗ੍ਰਹਿ ਦੇ ਬੂਹੇ ਅੰਦਰ ਹੀ ਅਣ-ਲਭਿਆ ਰਹਿ ਜਾਂਦਾ ਹੈ। ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥ ਨਾਮ ਦੇ ਸੌਦੇ ਦੇ ਬਗ਼ੈਰ ਘਣੀ ਤਕਲਫ਼ਿ ਹੈ। ਝੂਠਾ ਪੁਰਸ਼ ਝੂਠ ਦੁਆਰਾ ਬਰਬਾਦ ਹੋ ਜਾਂਦਾ ਹੈ। ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥ ਜੋ ਨਾਮ ਹੀਰੇ ਦਾ ਧਿਆਨ ਨਾਲ ਸਿਮਰਨ ਜਾਂ (ਜਾਂਚ-ਪਤੜਾਲ) ਕਰਦਾ ਹੈ, ਉਹ ਦਿਹੁੰ ਰੈਣ ਨਵੇ-ਨੁੱਕ ਲਾਭ ਉਠਾਉਂਦਾ ਹੈ। ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥ ਉਹ ਮਾਲ ਨੂੰ ਆਪਣੇ ਗ੍ਰਹਿ ਅੰਦਰ ਹੀ ਪਾ ਲੈਂਦਾ ਹੈ, ਅਤੇ ਆਪਣੇ ਕੰਮ ਨੂੰ ਰਾਸ ਕਰਕੇ ਕੂਚ ਕਰਦਾ ਹੈ। ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥੩॥ ਰੱਬ ਦੇ ਵਪਾਰੀਆਂ ਨਾਲ ਵਪਾਰ ਕਰ ਅਤੇ ਗੁਰਾਂ ਦੇ ਰਾਹੀਂ ਸਾਹਿਬ ਦਾ ਚਿੰਤਨ ਕਰ। ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥ ਸਾਧ ਸੰਗਤ ਅੰਦਰ ਪ੍ਰਭੂ ਪਾਇਆ ਜਾਂਦਾ ਹੈ, ਜਦ ਮਿਲਾਵੁਣ ਵਾਲੇ, ਗੁਰੂ ਜੀ, ਬੰਦੇ ਨੂੰ ਉਸ ਨਾਲ ਮਿਲਾਉਂਦੇ ਹਨ। ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥ ਜਿਸ ਦੇ ਅੰਤਰ ਆਤਮੇ ਸਾਹਿਬ ਦਾ ਬੇਅੰਤ ਪ੍ਰਕਾਸ਼ ਰੋਸ਼ਨ ਹੈ, ਉਹ ਉਸ ਨੂੰ ਮਿਲ ਪੈਦਾ ਹੈ ਅਤੇ ਮੁੜ ਜੂਦਾ ਨਹੀਂ ਹੁੰਦਾ। ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥੪॥ ਸੱਚਾ ਹੈ ਟਿਕਾਣਾ ਐਸੇ ਪੁਰਸ਼ ਦਾ, ਜੋ ਸੱਚ ਅੰਦਰ ਨਿਵਾਸ ਰੱਖਦਾ ਹੈ ਅਤੇ ਸੱਚੇ ਸੁਆਮੀ ਨੂੰ ਮੁਹੱਬਤ ਤੇ ਉਲਫ਼ਤ ਕਰਦਾ ਹੈ। ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥ ਜੋ ਆਪਣੇ ਆਪ ਨੂੰ ਸਿੰਞਾਣਦੇ ਹਨ, ਉਹ ਆਪਣੇ ਗ੍ਰਹਿ (ਦਿਲ) ਦੇ ਸਰੇਸ਼ਟ ਥਾਂ ਵਿੱਚ ਹੀ ਸੁਆਮੀ ਦੇ ਮੰਦਰ ਨੂੰ ਪਾ ਲੈਂਦੇ ਹਨ। ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥ ਸਤਿਨਾਮ ਨਾਲ ਰੰਗੀਜਣ ਦੁਆਰਾ ਸਤਿਪੁਰਖ ਪਰਾਪਤ ਹੋ ਜਾਂਦਾ ਹੈ। copyright GurbaniShare.com all right reserved. Email:- |