ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥
ਨਾਮ ਦੁਆਰਾ ਇਨਸਾਨ ਪੂਜਯ ਪ੍ਰਭੂ ਨੂੰ ਸਿੰਞਾਣ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚ ਅੰਦਰ ਰੰਗਿਆ ਜਾਂਦਾ ਹੈ। ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥ ਉਸ ਦੀ ਦੇਹਿ ਨੂੰ ਮਲੀਨਤਾ ਨਹੀਂ ਚੰਬੜਦੀ, ਜਿਸ ਨੇ ਸੱਚੇ ਗ੍ਰਹਿ ਅੰਦਰ ਟਿਕਾਣਾ ਕਰ ਲਿਆ ਹੈ। ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥ ਜੇਕਰ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਸਤਿਨਾਮ ਪਰਾਪਤ ਹੁੰਦਾ ਹੈ। ਨਾਮ ਦੇ ਬਾਝੋਂ ਆਦਮੀ ਦਾ ਕੌਣ ਸਾਕ-ਸੈਨ ਹੈ? ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥ ਜਿਨ੍ਹਾਂ ਨੇ ਸਚਾਈ ਨੂੰ ਅਨੁਭਵ ਕੀਤਾ ਹੈ, ਉਹ ਚਾਰੇ ਹੀ ਯੁਗਾਂ ਅੰਦਰ ਸੁਖਾਲੇ ਰਹਿੰਦੇ ਹਨ। ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥ ਹੰਕਾਰ ਤੇ ਖਾਹਿਸ਼ ਦਾ ਨਾਸ ਕਰਕੇ ਉਹ ਸਤਿਨਾਮ ਨੂੰ ਆਪਣੇ ਦਿਲ ਦੇ ਨਾਲ ਲਾਈ ਰੱਖਦੇ ਹਨ। ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥ ਇਸ ਸੰਸਾਰ ਅੰਦਰ ਕੇਵਲ ਨਾਮ ਦਾ ਹੀ ਨਫ਼ਾ ਖਟਣਾ ਉਚਿਤ ਹੈ। ਗੁਰਾਂ ਦੀ ਬਖਸ਼ੀ ਹੋਈ ਸੋਚ-ਵੀਚਾਰ ਦੁਆਰਾ ਹੀ ਇਹ ਪਰਾਪਤ ਹੁੰਦਾ ਹੈ। ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ ਜੋ ਸਚਾਈ ਦੇ ਧਨ ਨਾਲ ਸਤਿਨਾਮ ਦਾ ਸੌਦਾ ਸੂਤ ਬਾਰ ਕਰੀਏ ਤਾਂ ਸਦੀਵੀ ਹੀ ਨਫ਼ਾ ਹੁੰਦਾ ਹੈ। ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥ ਪ੍ਰੇਮ-ਮਈ ਸਿਮਰਨ ਅਤੇ ਸੱਚੀ ਪ੍ਰਾਰਥਨਾ ਦੁਆਰਾ ਇਨਸਾਨ ਸੁਆਮੀ ਦੇ ਸੱਚੇ ਦਰਬਾਰ ਅੰਦਰ ਬੈਠ ਜਾਂਦਾ ਹੈ। ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥ ਸਰਬ-ਵਿਆਪਕ ਸੁਆਮੀ ਦੇ ਨਾਮ ਦੀ ਰੋਸ਼ਨੀ ਵਿੱਚ ਇਨਸਾਨ ਦਾ ਹਿਸਾਬ ਕਿਤਾਬ ਇੱਜ਼ਤ ਨਾਲ ਬੇਬਾਕ ਹੋ ਜਾਂਦਾ ਹੈ। ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥ ਬੁਲੰਦਾਂ ਵਿਚੋਂ ਪਰਮ-ਬੁਲੰਦ, ਸੁਆਮੀ ਕਹਿਆ ਜਾਂਦਾ ਹੈ। ਪਰ ਉਹ ਕਿਸੇ ਪਾਸੋਂ ਭੀ ਵੇਖਿਆ ਨਹੀਂ ਜਾ ਸਕਦਾ। ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥ ਜਿਥੇ ਕਿਤੇ ਭੀ ਮੈਂ ਤੱਕਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਪਾਉਂਦਾ ਹਾਂ! ਮੈਨੂੰ ਸੱਚੇ ਗੁਰਾਂ ਨੇ ਤੈਨੂੰ ਵਿਖਾਲ ਦਿੱਤਾ ਹੈ। ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥ ਨਾਨਕ, ਰੱਬੀ ਗਿਆਤ ਦੁਆਰਾ ਪ੍ਰਾਣੀ ਸਾਈਂ ਦੇ ਨੂਰ ਨੂੰ ਸਾਰਿਆਂ ਅੰਦਰ ਸੁਖੈਨ ਹੀ ਅਨੁਭਵ ਕਰ ਲੈਂਦਾ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਮੱਛੀ ਨੇ ਨਮਕੀਨ ਤੇ ਅਥਾਹ ਸਮੁੰਦਰ ਵਿਚਲੇ ਫੰਧੇ ਵਲ ਧਿਆਨ ਨਾਂ ਕੀਤਾ। ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ ਖਰੀ ਚਲਾਕ ਤੇ ਸੁੰਦਰ ਮੰਛੀ ਨੇ ਐਨਾ ਇਤਬਾਰ ਕਿਉਂ ਕੀਤਾ? ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥ ਆਪਣੇ ਕਰੇ ਹੋਏ ਕੰਮ (ਭੁਲ) ਦੇ ਸਬੱਬ ਉਹ ਪਕੜੀ ਗਈ। ਉਸ ਦੇ ਸਿਰ ਤੋਂ ਮੌਤ ਪਰੇ ਹਟਾਈ ਨਹੀਂ ਜਾ ਸਕਦੀ। ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ ਹੇ ਵੀਰ! ਏਸੇ ਤਰ੍ਹਾਂ ਤੂੰ ਮੌਤ ਨੂੰ ਆਪਣੇ ਮੂੰਡ ਉਤੇ ਮੰਡਲਾਉਂਦੀ ਹੋਈ ਖ਼ਿਆਲ ਕਰ। ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥ ਜਿਸ ਤਰ੍ਹਾਂ ਮਛਲੀ ਹੈ, ਉਸੇ ਤਰ੍ਹਾਂ ਹੀ ਮਨੁੱਖ ਹੈ। ਮੌਤ ਦੀ ਫਾਹੀ ਅਚਨਚੇਤ ਹੀ ਉਸ ਤੇ ਆ ਡਿਗਦੀ ਹੈ। ਠਹਿਰਾਉ। ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥ ਸਾਰਾ ਜਹਾਨ ਮੌਤ ਨੇ ਨਰੜਿਆ ਹੋਇਆ ਹੈ। ਗੁਰਾਂ ਦੇ ਬਾਝੋਂ ਮੌਤ ਅਮੋੜ ਹੈ। ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥ ਜੋ ਸੱਚ, ਨਾਲ ਰੰਗੀਜੇ ਹਨ, ਅਤੇ ਦਵੈਤ-ਭਾਵ ਤੇ ਪਾਪ ਨੂੰ ਤਿਆਗ ਦਿੰਦੇ ਹਨ, ਉਹ ਬਚ ਜਾਂਦੇ ਹਨ। ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੱਚੇ ਦਰਬਾਰ ਅੰਦਰ ਸੱਚੇ ਪਾਏ ਜਾਂਦੇ ਹਨ। ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥ ਜਿਸ ਤਰ੍ਹਾਂ ਬਾਜ ਅਤੇ ਸ਼ਿਕਾਰੀ ਦੇ ਹੱਥਾਂ ਵਿੱਚ ਜਾਲ ਪੰਛੀਆਂ ਲਈ ਹਨ, (ਏਸ ਤਰ੍ਹਾਂ ਹੀ ਮੌਤ ਪ੍ਰਾਣੀਆਂ ਲਈ ਹੈ)। ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥ ਉਹ ਬਚ ਜਾਂਦੇ ਹਨ, ਜਿਨ੍ਹਾਂ ਦੀ ਗੁਰਦੇਵ ਜੀ ਰਖਿਆ ਕਰਦੇ ਹਨ, ਬਾਕੀ ਦੇ ਚੋਗੇ ਦੇ ਨਾਲ ਫਸ ਜਾਂਦੇ ਹਨ। ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥ ਹਰੀ ਨਾਮ ਦੇ ਬਾਝੋਂ ਉਹ ਦੋਸਤ ਵਿਹੂਣ ਤੇ ਸਾਥੀ ਰਹਿਤ ਚੁਗ ਕੇ ਪਰੇ ਵਗਾਹ ਦਿਤੇ ਜਾਂਦੇ ਹਨ। ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥ ਵਾਹਿਗੁਰੂ ਸਚਿਆਰਾਂ ਦਾ ਪਰਮ-ਸਚਿਆਰ ਆਖਿਆ ਜਾਂਦਾ ਹੈ ਅਤੇ ਸੱਚਾ ਹੈ ਟਿਕਾਣਾ ਸੱਚੇ ਸੁਆਮੀ ਦਾ। ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥ ਸੱਚਾ ਸਿਮਰਨ ਉਨ੍ਹਾਂ ਦੇ ਅੰਤਰ-ਆਤਮੇ ਵੱਸਦਾ ਹੈ, ਜੋ ਸਤਿਪੁਰਖ ਦੀ ਤਾਬੇਦਾਰੀ ਕਰਦੇ ਹਨ। ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥ ਪਵਿੱਤ੍ਰ ਜਾਣੇ ਜਾਂਦੇ ਹਨ, ਉਨ੍ਹਾਂ ਦੇ ਹਿਰਦੇ ਤੇ ਮੂੰਹ, ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਬ੍ਰਹਿਮ ਵੀਚਾਰ ਪਰਾਪਤ ਕੀਤੀ ਹੈ। ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥ ਸੱਚੇ ਗੁਰਾਂ ਮੂਹਰੇ ਪ੍ਰਾਰਥਨਾ ਕਰ, ਤਾਂ ਜੋ ਉਹ ਤੈਨੂੰ ਮਿੱਤ੍ਰ ਨਾਲ ਮਿਲਾ ਦੇਣ। ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥ ਮਿੱਤਰ ਨੂੰ ਮਿਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਤੇ ਮੌਤ ਦੇ ਫ਼ਰਿਸ਼ਤੇ ਜ਼ਹਿਰ ਖਾ ਕੇ ਮਰ ਜਾਂਦੇ ਹਨ। ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥ ਮੈਂ ਨਾਮ ਅੰਦਰ ਰਹਿੰਦਾ ਹਾਂ ਅਤੇ ਨਾਮ ਨੇ ਆ ਕੇ ਮੇਰੇ ਅੰਤਰ-ਆਤਮੇ ਨਿਵਾਸ ਕਰ ਲਿਆ ਹੈ। ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥ ਗੁਰਾਂ ਦੇ ਬਗੈਰ ਅਨ੍ਹੇਰਾ-ਘੁੱਪ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਬਾਝੋਂ ਸਮਝ ਸੋਚ ਪਰਾਪਤ ਨਹੀਂ ਹੁੰਦੀ। ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥ ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ-ਨੂਰ ਚਮਕਦਾ ਹੈ ਅਤੇ ਪ੍ਰਾਣੀ ਸੱਚੇ ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦਾ ਹੈ। ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥ ਉਥੇ ਮੌਤ ਪ੍ਰਵੇਸ਼ ਨਹੀਂ ਕਰਦੀ ਅਤੇ ਇਨਸਾਨ ਦੀ ਰੋਸ਼ਨੀ (ਆਤਮਾ) ਵਡੀ ਰੋਸ਼ਨੀ (ਪਰਮਾਤਮਾ) ਨਾਲ ਅਭੇਦ ਹੋ ਜਾਂਦੀ ਹੈ। ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥ ਤੂੰ ਸਿਆਣਾ ਹੈਂ ਤੂੰ ਮੇਰਾ ਯਾਰ ਹੈਂ ਅਤੇ ਤੂੰ ਹੀ ਇਨਸਾਨ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈਂ। ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥ ਗੁਰਾਂ ਦੀ ਸਿਖਿਆ ਤਾਬੇ ਉਸ ਦੀ ਸਿਫ਼ਤ-ਸਨਾ ਕਰ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ। ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥ ਮੌਤ ਉਥੇ ਨਹੀਂ ਪੁਜਦੀ, ਜਿਥੇ ਗੁਰਾਂ ਦਾ ਅਨਹਦ ਸ਼ਬਦ ਹੈ। ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ ਪ੍ਰਭੂ ਦੇ ਅਮਰ ਦੁਆਰਾ ਸਾਰੇ ਪੈਦਾ ਹੁੰਦੇ ਹਨ ਅਤੇ ਉਸ ਦੇ ਅਮਰ ਦੁਆਰਾ ਹੀ ਉਹ ਮੁਖ਼ਤਲਿਫ ਵਿਹਾਰ ਕਰਦੇ ਹਨ। ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ ਉਸ ਦੇ ਫੁਰਮਾਨ ਤਾਬੇ ਉਹ ਮੌਤ ਦੇ ਅਧੀਨ ਹਨ ਅਤੇ ਉਸ ਦੇ ਫੁਰਮਾਨ ਤਾਬੇ ਉਹ ਸੱਚੇ-ਸਾਈਂ ਅੰਦਰ ਲੀਨ ਹੋ ਜਾਂਦੇ ਹਨ। ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥ ਨਾਨਕ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਇਨ੍ਹਾਂ ਜੀਵਾਂ ਦੇ ਅਖ਼ਤਿਆਰ ਵਿੱਚ ਕੁਝ ਨਹੀਂ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ ਜੋ ਆਤਮਾ ਅਪਵਿੱਤ੍ਰ ਹੈ ਤਾਂ ਦੇਹਿ ਅਪਵਿੱਤ੍ਰ ਹੈ ਅਤੇ ਅਪਵਿਤ੍ਰ ਹੋ ਜਾਂਦੀ ਹੈ ਜ਼ਬਾਨ। copyright GurbaniShare.com all right reserved. Email:- |