ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥
ਮੰਦਾ ਹੈ ਉਨ੍ਹਾਂ ਦਾ ਲਾਲ ਪਹਿਰਾਵਾ, ਜਿਹੜੀਆਂ ਆਪਣੇ ਕੰਤ ਤੋਂ ਮਿਹਰ ਦੀ ਯਾਚਨਾ ਕਰਨ ਦੀ ਥਾਂ, ਉਸ ਨਾਲ ਹਿਸਾਬ-ਕਿਤਾਬ ਗਿਣਨ-ਮਿਥਨ ਆਈਆਂ ਹਨ। ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥੧॥ ਦੰਭ ਰਾਹੀਂ ਉਸ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਕੂੜਾ ਮੂਲੰਮਾ ਤਬਾਹ-ਕੁਨ ਹੈ। ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ ਇਸ ਤਰ੍ਹਾਂ ਪੂਜਯ ਪ੍ਰਭੂ ਪਤੀ ਪਤਨੀ ਨੂੰ ਮਾਣਦਾ ਹੈ। ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥ ਭਲੀ ਵਹੁਟੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ! ਆਪਣੀ ਰਹਿਮਤ ਦੁਆਰਾ ਤੂੰ ਉਸ ਨੂੰ ਆਰਾਸਤਾ ਕਰ ਲੈਂਦਾ ਹੈ। ਠਹਿਰਾਉ। ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥ ਗੁਰ-ਸ਼ਬਦ ਨਾਲ ਉਹ ਸਸ਼ੋਭਤ ਹੋਈ ਹੈ ਅਤੇ ਉਸ ਦੀ ਦੇਹਿ ਤੇ ਆਤਮਾ ਉਸ ਦੇ ਪ੍ਰੀਤਮ ਦੇ ਕੋਲਿ (ਹਵਾਲੇ) ਹਨ। ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥ ਆਪਣੇ ਦੋਵੇ ਹੱਥ ਬੰਨ੍ਹ ਕੇ ਉਹ ਖਲੋ ਕੇ ਉਸ ਦੀ ਇੰਤਜ਼ਾਰ ਕਰਦੀ ਹੈ ਅਤੇ ਸੱਚੇ ਦਿਲੋ ਉਸ ਅੱਗੇ ਬੇਨਤੀ ਵਖਾਣਦੀ ਹੈ। ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥ ਉਹ ਆਪਣੇ ਪਿਆਰੇ ਦੇ ਪਿਆਰ ਅੰਦਰ ਰੰਗੀ ਗਈ ਹੈ ਅਤੇ ਸਤਿਪੁਰਖ ਦੇ ਡਰ ਵਿੱਚ ਰਹਿੰਦੀ ਹੈ। ਉਸ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ ਉਸ ਨੂੰ ਸੱਚੀ ਰੰਗਤ ਚੜ੍ਹ ਜਾਂਦੀ ਹੈ। ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥ ਪਿਆਰੀ, ਜੋ ਨਾਮ ਨੂੰ ਸਮਰਪਣ ਹੁੰਦੀ ਹੈ, ਆਪਣੇ ਪਿਆਰੇ ਪਤੀ ਦੀ ਬਾਂਦੀ ਆਖੀ ਜਾਂਦੀ ਹੈ। ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥ ਸੱਚੀ ਪਿਰਹੜੀ ਟੁਟਦੀ ਨਹੀਂ ਅਤੇ ਉਹ ਆਪਣੇ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੀ ਹੈ। ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥ ਗੁਰਬਾਣੀ ਨਾਲ ਉਹ ਰੰਗੀ ਗਈ ਹੈ ਅਤੇ ਉਸ ਦਾ ਮਨ (ਪ੍ਰੇਮ ਵਿੱਚ) ਵਿੰਨਿ੍ਹਆ ਗਿਆ ਹੈ। ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ। ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥ ਉਹ ਵਹੁਟੀ ਜਿਹੜੀ ਸੱਚੇ ਗੁਰਾਂ ਅੰਦਰ ਲੀਨ ਹੋਈ ਹੈ, ਵਿਧਵਾ ਹੋ ਕੇ ਨਹੀਂ ਰਹਿੰਦੀ। ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥ ਉਸ ਦਾ ਪ੍ਰੀਤਮ ਰਸਾਂ ਦਾ ਘਰ ਹਮੇਸ਼ਾਂ ਨਵੇਂ ਸਰੀਰ ਵਾਲਾ ਅਤੇ ਸਤਿਵਾਦੀ ਹੈ। ਉਹ ਮਰਦਾ ਅਤੇ ਜੰਮਦਾ ਨਹੀਂ। ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥ ਉਹ ਹਮੇਸ਼ਾਂ ਆਪਣੀ ਪਾਕ-ਦਾਮਨ ਪਤਨੀ ਨੂੰ ਮਾਣਦਾ ਹੈ ਅਤੇ ਉਸ ਉਤੇ ਆਪਣੀ ਸੱਚੀ ਨਿਗ੍ਹਾ ਧਾਰਦਾ ਹੈ, ਕਿਉਂ ਛਕਿ ਉਹ ਉਸ ਦੇ ਭਾਣੇ ਅੰਦਰ ਵਿਚਰਦੀ ਹੈ। ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥ ਐਸੀ ਪਤਨੀ ਸੱਚ ਦੀਆਂ ਪੱਟੀਆਂ ਗੂੰਦਦੀ ਹੈ ਅਤੇ ਪ੍ਰਭੂ ਪ੍ਰੀਤ ਨੂੰ ਆਪਣੀ ਪੁਸ਼ਾਕ ਤੇ ਹਾਰ-ਸ਼ਿੰਗਾਰ ਬਣਾਉਂਦੀ ਹੈ। ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥ ਸੁਆਮੀ ਨੂੰ ਚਿੱਤ ਵਿੱਚ ਟਿਕਾਉਣ ਨੂੰ ਚੰਨਣ (ਦਾ ਮੱਥੇ ਤੇ ਟਿਕਾ) ਅਤੇ ਦਸਵੇ-ਦਰ ਨੂੰ ਆਪਣਾ ਮਹਿਲ ਬਣਾਉਂਦੀ ਹੈ। ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥੫॥ ਉਹ ਗੁਰ-ਸ਼ਬਦ ਦਾ ਦੀਵਾ ਜਗਾਉਂਦੀ ਹੈ ਅਤੇ ਰੱਬ ਦੇ ਨਾਮ ਦੀ ਉਸ ਕੋਲਿ ਗਲ-ਮਾਲਾ ਹੈ। ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥ ਇਸਤ੍ਰੀਆਂ ਵਿੱਚ ਉਹ ਸੁੰਦਰ ਹੈ ਅਤੇ ਆਪਣੇ ਮੱਥੇ ਉਤੇ ਉਸ ਨੇ ਸੁਆਮੀ ਦੇ ਸਨੇਹ ਦਾ ਮਾਣਕ ਪਹਿਨਿਆ ਹੋਇਆ ਹੈ। ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥ ਉਸ ਦੀ ਮਹਿਮਾ ਤੇ ਸਿਆਣਪ ਮਨੋਹਰ ਹਨ ਅਤੇ ਉਸ ਦੀ ਪ੍ਰੀਤ ਬੇਅੰਤ ਸੁਆਮੀ ਲਈ ਸੱਚੀ ਹੈ। ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥੬॥ ਉਹ ਬਗ਼ੈਰ ਆਪਣੇ ਪ੍ਰੀਤਮ ਦੇ ਕਿਸੇ ਨੂੰ ਪੁਰਸ਼ ਨਹੀਂ ਸਮਝਦੀ। ਕੇਵਲ ਸਤਿਗੁਰਾਂ ਲਈ ਹੀ ਉਹ ਮੁਹੱਬਤ ਤੇ ਉਲਫ਼ਤ ਰੱਖਦੀ ਹੈ। ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥ ਪਰ ਜੋ ਅਨ੍ਹੇਰੀ ਰਾਤ੍ਰੀ ਅੰਦਰ ਸੁੱਤੀ ਪਈ ਹੈ, ਉਹ ਆਪਣੇ ਦਿਲਬਰ ਦੇ ਬਗ਼ੈਰ ਆਪਣੀ ਰਾਤ ਕਿਸ ਤਰ੍ਹਾਂ ਬਤੀਤ ਕਰੇਗੀ? ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥ ਤੇਰੇ ਅੰਗ ਸੜ ਜਾਣਗੇ, ਤੇਰੀ ਦੇਹਿ ਮਚ ਜਾਏਗੀ ਅਤੇ ਤੇਰਾ ਹਿਰਦਾ ਤੇ ਦੌਲਤ ਸੜ ਮੱਚ ਜਾਣਗੇ। ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥੭॥ ਜਦ ਖ਼ਸਮ ਵਹੁਟੀ ਨੂੰ ਨਹੀਂ ਮਾਣਦਾ, ਤਦ ਉਸ ਦੀ ਜਵਾਨੀ ਰਾਇਗਾ ਬੀਤ ਜਾਂਦੀ ਹੈ। ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥ ਉਸ ਦਾ ਭਰਤਾ ਸੇਜ ਉਤੇ ਹੈ, ਪਰ ਸੁੱਤੀ ਹੋਈ ਹੋਣ ਕਰਕੇ ਵਹੁਟੀ ਨੂੰ ਉਸ ਦੀ ਗਿਆਤ ਹੀ ਨਹੀਂ। ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥ ਮੈਂ ਸੌ ਰਹੀ ਹਾਂ, ਮੇਰਾ ਪ੍ਰੀਤਮ ਜਾਗਦਾ ਹੈ। ਮੈਂ ਕੀਹਦੇ ਕੋਲਿ ਮਸ਼ਵਰਾ ਕਰਨ ਲਈ ਜਾਵਾਂ? ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥੮॥੨॥ ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੀ ਪ੍ਰੀਤ ਸਿਖਾਈ ਹੈ, ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਹੁਣ ਉਸ ਦੇ ਡਰ ਅੰਦਰ ਰਹਿੰਦੀ ਹਾਂ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥ ਹੇ ਸੁਆਮੀ! ਤੂੰ ਖੁਦ ਹੀ ਆਪਣੀ ਵਡਿਆਈ ਹੈ, ਅਤੇ ਖ਼ੁਦ ਹੀ ਉਨ੍ਹਾਂ ਨੂੰ ਉਚਾਰਦਾ ਸ੍ਰਵਣ ਕਰਦਾ ਤੇ ਸੋਚਦਾ ਸਮਝਦਾ ਹੈ। ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥ ਆਪ ਹੀ ਤੂੰ ਨਾਮ ਹੀਰਾ ਤੇ ਇਸ ਦਾ ਪਾਰਖੂ ਹੈ ਅਤੇ ਤੂੰ ਆਪ ਬੇਅੰਤ ਮੁੱਲ ਦਾ ਹੈ। ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥ ਤੂੰ ਹੈ ਸੱਚੇ ਸੁਆਮੀ! ਇਜ਼ਤ ਮਾਨ ਤੇ ਬਜੁਰਗੀ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਦੇਣ ਵਾਲਾ। ਹਰਿ ਜੀਉ ਤੂੰ ਕਰਤਾ ਕਰਤਾਰੁ ॥ ਮੇਰੇ ਮਾਨਣੀਯ ਹਰੀ! ਤੂੰ ਹੀ ਰਚਨਾਵਾਲਾ ਤੇ ਸਿਰਜਣਹਾਰ ਹੈ। ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰੱਖਿਆ ਕਰ, ਹੈ ਵਾਹਿਗੁਰੂ! ਅਤੇ ਮੈਨੂੰ ਆਪਣੇ ਨਾਮ ਸਿਮਰਨ ਦੀ ਜੀਵਨ ਰਹੁ-ਰੀਤੀ ਬਖ਼ਸ਼। ਠਹਿਰਾਉ। ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਤੂੰ ਆਪ ਹੀ ਸਾਫ਼-ਸ਼ੁੱਧ ਜਵੇਹਰ ਹੈ ਤੇ ਆਪ ਹੀ ਮਜੀਠ ਦੀ ਰੰਗਤ। ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਤੂੰ ਖ਼ੁਦ ਹੀ ਪਵਿੱਤ੍ਰ ਬਿੰਦੂ ਹੈ ਅਤੇ ਖ਼ੁਦ ਹੀ ਅਨੁਰਾਗੀ ਤੇ ਵਿਚੋਲਾ। ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥ ਗੁਰੂ ਦੇ ਸ਼ਬਦ ਦੁਆਰਾ ਅਦ੍ਰਿਸ਼ਟ ਪੁਰਖ ਸਲਾਹਿਆ ਅਤੇ ਹਰ ਦਿਲ ਅੰਦਰ ਵੇਖਿਆ ਜਾਂਦਾ ਹੈ। ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ ਤੂੰ ਆਪ ਹੀ ਸਮੁੰਦਰ ਤੇ ਜਹਾਜ ਹੈ ਅਤੇ ਆਪ ਹੀ ਇਹ ਕਿਨਾਰਾ ਤੇ ਪਾਰਲਾ ਕਿਨਾਰਾ ਹੈ। ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥ ਮੇਰੇ ਸਰਬੱਗ ਸਾਹਿਬ! ਤੂੰ ਦਰੁਸਤ ਰਸਤਾ ਹੈ ਅਤੇ ਤੇਰਾ ਨਾਮ ਪਾਰ ਕਰਨ ਲਈ ਮਲਾਹ। ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥ ਜਾਣ ਲੈ ਕਿ ਭੈ ਉਨ੍ਹਾਂ ਲਈ ਹੈ ਜੋ ਸਾਹਿਬ ਤੋਂ ਨਹੀਂ ਡਰਦੇ। ਗੁਰਦੇਵ ਜੀ ਦੇ ਬਗ਼ੈਰ ਘੁੱਪ ਅਨ੍ਹੇਰਾ ਹੈ। ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥ ਕੇਵਲ ਸਿਰਜਣਹਾਰ ਹੀ ਸਦੀਵੀ ਸਥਿਰ ਵੇਖਿਆ ਜਾਂਦਾ ਹੈ। ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥ ਕੇਵਲ ਤੂੰ ਹੀ, ਹੇ ਸਾਹਿਬ! ਆਪਣੇ ਆਪ ਸ਼ੁੱਧ ਹੈਂ। ਬਾਕੀਆਂ ਨੂੰ ਤੂੰ ਸੰਸਾਰੀ ਕੰਮਾਂ ਅੰਦਰ ਬੰਨਿ੍ਹਆ ਅਤੇ ਲਾਇਆ ਹੋਇਆ ਹੈ। ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥ ਜਿਨ੍ਹਾਂ ਦੀ ਗੁਰੂ ਜੀ ਰਖਿਆ ਕਰਦੇ ਹਨ ਉਹ ਸੱਚੇ ਸਾਈਂ ਨਾਲ ਪਿਰਹੜੀ ਪਾਉਣ ਦੁਆਰਾ ਬਚ ਜਾਂਦੇ ਹਨ। copyright GurbaniShare.com all right reserved. Email:- |