Page 568
ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥
ਸਾਈਂ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ। ਸਾਰਿਆਂ ਯੁਗਾਂ ਅੰਦਰ ਤੂੰ ਉਸ ਨੂੰ ਇਕ ਜੈਸਾ ਅਨੁਭਵ ਕਰ।

ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥
ਜੁਆਨ ਨਿਰ-ਅਪਰਾਧ ਪਤਨੀ ਸੁਖੈਨ ਹੀ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਪ੍ਰਾਲਭਧ ਬਨਾਉਣਹਾਰ ਪਤੀ-ਪ੍ਰਭੂ ਨੂੰ ਮਿਲ ਪੈਦੀ ਹੈ।

ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥
ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ ਅਤੇ ਸ੍ਰੇਸ਼ਟ ਨਾਮ ਨੂੰ ਉਚਾਰਦੀ ਹੈ, ਉਹ ਸਾਹਿਬ ਦੇ ਅੰਮ੍ਰਿਤਮਈ ਤਾਲਾਬ ਅੰਦਰ ਡੁਬੀ ਰਹਿੰਦੀ ਹੈ।

ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥
ਨਾਨਕ ਉਹ ਇਸਤ੍ਰੀ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਪਤੀ ਦੀ ਹਜ਼ੂਰੀ ਅੰਦਰ ਵਸੱਦੀ ਹੈ, ਉਸ ਨੂੰ ਚੰਗੀ ਲੱਗਦੀ ਹੈ।

ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥
ਨੀ ਮਰ-ਵੰਞਣੀਏ! ਜਾ ਕੇ ਪਵਿੱਤਰ ਪਤਨੀਆਂ ਤੋਂ ਪਤਾ ਕਰ, ਜਿਨ੍ਹਾਂ ਨੇ ਆਪਣੇ ਸਵੈ-ਹੰਗਤਾ ਮੇਟ ਛੱਡੀ ਹੈ।

ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥
ਜੋ ਆਪਣੇ ਅੰਦਰੋਂ ਹੰਕਾਰ ਨੂੰ ਨਹੀਂ ਮਾਰਦੀਆਂ, ਨੀ ਮਰਜਾਣੀਏ! ਉਹ ਆਪਣੇ ਪ੍ਰੀਤਮ ਦੇ ਫੁਰਮਾਨ ਨੂੰ ਅਨੁਭਵ ਨਹੀਂ ਕਰਦੀਆਂ।

ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥
ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਿਟਾ ਦਿੱਤਾ ਹੈ, ਉਹ ਆਪਵਦੇ ਪਤੀ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਤੇ ਪਿਆਰ ਨਾਲ ਮੌਜਾਂ ਮਾਣਦੀਆਂ ਹਨ।

ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥
ਆਪਣੇ ਪਤੀ ਦੇ ਪ੍ਰੇਮ ਨਾਲ ਸਦੀਵੀ ਰੰਗੀ ਅਤੇ ਸੁਖੈਨ ਹੀ ਮਤਵਾਲੀ ਹੋਈ ਹੋਈ, ਰੈਣ ਦਿਹੁੰ ਉਸ ਦਾ ਨਾਮ ਉਚਾਰਨ ਕਰਦੀ ਹੈ।

ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥
ਭਾਰੇ ਕਰਮਾਂ ਵਾਲੀ ਹੈ ਉਹ ਪਤਨੀ ਜਿਸ ਦੇ ਮਨ ਦੀ ਬ੍ਰਿਤੀ ਉਸ ਦੇ ਪਤੀ ਨਾਲ ਜੁੜੀ ਹੋਈ ਹੈ ਅਤੇ ਜਿਸ ਨੂੰ ਆਪਣੇ ਪ੍ਰਭੂ ਦੀ ਪ੍ਰੀਤ ਮਿੱਠੀ ਲੱਗਦੀ ਹੈ।

ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥
ਨਾਨਕ, ਜਿਹੜੀ ਪਤਨੀ ਸੱਚ ਨਾਲ ਸ਼ਿੰਗਾਰੀ ਹੋਈ ਹੈ ਉਹ ਸੁਖੈਨ ਅਵਸਥਾ ਵਿੱਚ ਹੋ ਆਪਣੇ ਸਾਈਂ ਦੇ ਸਨੇਹ ਨਾਲ ਰੰਗੀ ਜਾਂਦੀ ਹੈ।

ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥
ਆਪਣਾ ਹੰਕਾਰ ਨਵਿਰਤ ਕਰ, ਨੀ ਮਰਨ ਜੋਗੀਏ ਨਾਰੇ! ਅਤੇ ਤੂੰ ਗੁਰਾਂ ਦੇ ਰਸਤੇ ਟੁਰ।

ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥
ਨੀ ਮਰਜਾਣੀਏ! ਐਕੁਰ ਤੂੰ ਆਪਣੇ ਪਤੀ ਵਾਹਿਗੁਰੂ ਨੂੰ ਹਮੇਸ਼ਾਂ ਹੀ ਮਾਣੇਗੀ ਅਤੇ ਆਪਣੇ ਨਿੱਜ ਦੇ ਗ੍ਰਿਹ ਅੰਦਰ ਵਸੇਬਾ ਪਾ ਲਵੇਗੀ।

ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥
ਆਪਣੇ ਧਾਮ ਅੰਦਰ ਵੱਸ ਕੇ ਉਹ ਨਾਮ ਦਾ ਉਚਾਰਨ ਕਰਦੀ ਹੈ ਅਤੇ ਹਮੇਸ਼ਾਂ, ਲਈ ਖੁਸ਼ਬਾਸ ਪਤਨੀ ਥੀ ਵੰਞਦੀ ਹੈ।

ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥
ਪਿਆਰਾ ਪਤੀ ਰਲਿਆ ਮਿਲਿਆ ਅਤੇ ਸਦੀਵੀ ਨੌਜਵਾਨ ਹੈ। ਉਹ ਆਪਣੀ ਪਤਨੀ ਨੂੰ ਸਦਾ ਹੀ ਸ਼ਿੰਗਾਰਦਾ ਹੈ।

ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥
ਆਪਣੇ ਕੰਤ, ਅਮਰ ਹਰੀ ਦੁਆਰਾ ਉਸ ਦੇ ਮੱਥੇ ਦੇ ਭਾਗ ਜਾਗ ਪੈਦੇ ਹਨ ਅਤੇ ਉਹ ਸੱਚੇ ਨਾਮ ਨਾਲ ਸ਼ੰਗਾਰੀ ਜਾਂਦੀ ਹੈ।

ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥
ਨਾਨਕ ਜਦ ਇਸਤ੍ਰੀ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀ ਹੈ ਤਾਂ ਉਹ ਪ੍ਰਭੂ ਦੇ ਪਿਆਰ ਨਾਲ ਰੰਗੀ ਜਾਂਦੀ ਹੈ।

ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਸ਼ਾਹੀ।

ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥
ਜੇਕਰ ਬ੍ਰਹਿਮ-ਗਿਆਨ ਦੇ ਰਾਹੀਂ ਕੀਤੇ ਜਾਣ ਤਾਂ ਪਵਿੱਤਰ ਪੁਰਸ਼ ਦੇ ਸਾਰੇ ਵਣਜ ਚੰਗੇ ਹਨ।

ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥
ਰੈਣ ਦਿਹੁੰ ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਨ ਦਾ ਲਾਭ ਉਠਾਉਂਦਾ ਹੈ।

ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥
ਰੱਬ ਦੇ ਸੁਧਾਰਸ ਦਾ ਉਹ ਨਫਾ ਕਮਾਉਂਦਾ ਹੈ, ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਰੈਣ ਦਿਹੁੰ ਨਾਮ ਦਾ ਉਹ ਜਾਪ ਕਰਦਾ ਹੈ।

ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥
ਉਹ ਨੇਕੀਆਂ ਨੂੰ ਇਕੱਤ੍ਰ ਕਰਦਾ ਹੈ ਅਤੇ ਬਦੀਆਂ ਨੂੰ ਪਰ੍ਹੇ ਸੁੱਟ ਪਾਉਂਦਾ ਹੈ। ਐਕੁਰ ਉਹ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ।

ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥
ਗੁਰਾਂ ਦੇ ਉਪਦੇਸ਼ ਦੁਆਰਾ ਉਹ ਪਰਮ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ ਤੇ ਸਤਿਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।

ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥
ਨਾਨਕ ਅਸਚਰਜ ਹੈ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ। ਪ੍ਰੰਤੂ ਗੁਰਾਂ ਦੇ ਰਾਹੀਂ ਬਹੁਤ ਹੀ ਥੋੜੇ ਇਸ ਨੂੰ ਕਮਾਉਂਦੇ ਹਨ।

ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥
ਗੁਰੂ ਦੀ ਰਹਿਮਤ ਦੁਆਰਾ ਸੁਆਮੀ ਵਾਹਿਗੁਰੂ ਦੀ ਫਸਲ ਆਪਣੀ ਦੇਹ ਦੀ ਪੈਲੀ ਅੰਦਰ ਬੀਜ ਤੇ ਪੈਦਾ ਕਰ।

ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥
ਇਸ ਤਰ੍ਹਾਂ ਤੂੰ ਆਪਣੇ ਗ੍ਰਿਹ ਅੰਦਰ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਮਾਣ ਲਵੇਗਾਂ ਅਤੇ ਪ੍ਰਲੋਕ ਵਿੱਚ ਭੀ ਲਾਭ ਉਠਾਵੇਗਾ।

ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥
ਸੁਲੱਖਣੀ ਹੈ ਵਾਹੀ ਤੇ ਸੁਦਾਗਰੀ ਸੁਆਮੀ ਨੂੰ ਹਿਰਦੇ ਅੰਦਰ ਟਿਕਾਉਣ ਦੀ, ਜਿਸ ਦੁਆਰਾ ਪ੍ਰਲੋਕ ਵਿੱਚ ਲਾਭ ਉਠਾਈਦਾ ਹੈ।

ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥
ਜੋ ਨਾਮ ਦਾ ਸਿਮਰਨ ਕਰਦਾ ਹੈ ਤੇ ਇਸ ਨੂੰ ਆਪਣੇ ਰਿਦੇ ਅੰਦਰ ਟਿਕਾਉਂਦਾ ਹੈ ਉਹ ਗੁਰਾਂ ਦੇ ਉਪਦੇਸ਼ ਨੂੰ ਸਮਝ ਲੈਂਦਾ ਹੈ।

ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥
ਮਨਮੱਤੀ ਪੁਰਸ਼ ਵਾਹੀ ਤੇ ਵਪਾਰ ਕਰਦੇ ਹਾਰ ਗਏ ਹਨ। ਉਨ੍ਹਾਂ ਦੀ ਤ੍ਰੇਹ ਅਤੇ ਖੁਦਿਆਂ ਦੂਰ ਨਹੀਂ ਹੁੰਦੀਆਂ।

ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥
ਹੇ ਨਾਨਕ! ਤੂੰ ਆਪਣੇ ਰਿਦੇ ਵਿੱਚ ਨਾਮ ਦਾ ਬੀ ਬੀਜ, ਅਤੇ ਇਸ ਤਰ੍ਹਾਂ ਸੱਚੇ ਨਾਮ ਨਾਲ ਸਸ਼ੋਭਤ ਹੋ।

ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥
ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਕਰਮਾਂ ਦਾ ਜਵੇਹਰ ਜੜਿਆ ਹੋਇਆ ਹੈ, ਉਹ ਹੀ ਸੁਆਮੀ ਦੀ ਸੁਦਾਗਰੀ ਵਿੱਚ ਜੁਟਦੇ ਹਨ।

ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਆਪਣੇ ਨਿੱਜ ਦੇ ਗ੍ਰਿਹ ਵਿੱਚ ਵੱਸਦੀ ਹੈ ਤੇ ਪ੍ਰੇਮ ਨਾਲ ਸੱਚੀ ਗੁਰਬਾਣੀ ਗਾਉਂਦੀ ਹੈ।

ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥
ਆਪਣੇ ਮੱਥੇ ਦੀ ਪਰਮ ਸ਼੍ਰੇਸ਼ਟ ਪ੍ਰਾਲਭਧ ਦੇ ਕਾਰਣ ਸਿਮਰਨ ਕਰਨ ਵਾਲੇ ਸੱਚੀ ਉਪਰਾਮਤਾ ਨੂੰ ਪ੍ਰਾਪਤ ਹੁੰਦੇ ਹਨ ਤੇ ਸੱਚ ਨਾਲ ਰੰਗੇ ਜਾਂਦੇ ਹਨ।

ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥
ਨਾਮ ਦੇ ਬਗੈਰ ਸਾਰਾ ਸੰਸਾਰ ਝੱਲਾ ਹੋਇਆ ਹੋਇਆ ਹੈ। ਨਾਮ ਦੇ ਰਾਹੀਂ ਬੰਦੇ ਦੀ ਹੰਗਤਾ ਮਿੱਟ ਜਾਂਦੀ ਹੈ।

ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥
ਸਤਿਨਾਮ ਨਾਲ ਜੁੜਨ ਦੁਆਰਾ ਯਥਾਰਥ ਸਮਝ ਉਤਪੰਨ ਹੁੰਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਭੂ ਪਤੀ ਪ੍ਰਾਪਤ ਹੁੰਦਾ ਹੈ।

copyright GurbaniShare.com all right reserved. Email