Page 574
ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ਰਾਮ ॥
ਜਿਨ੍ਹਾਂ ਨੂੰ ਪ੍ਰਭੂ ਸਰੂਪ ਸੱਚੇ ਗੁਰਾਂ ਦਾ ਦਰਸ਼ਨ ਦੀਦਾਰ ਪ੍ਰਾਪਤ ਨਹੀਂ ਹੋਇਆ,

ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ॥
ਉਨ੍ਹਾਂ ਨੇ ਆਪਣਾ ਸਮੂਹ ਮਨੁੱਖੀ-ਜੀਵਨ ਨਿਸਫਲ, ਨਿਸਫਲ ਵਿਅਰਥ ਹੀ ਗੁਆ ਲਿਆ ਹੈ।

ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ॥
ਉਹ ਆਪਣਾ ਮਨੁੱਖੀ-ਜੀਵਨ ਨਿਸਫਲ, ਵਿਅਰਥ ਹੀ ਗੁਆ ਲੈਂਦੇ ਹਨ। ਉਹ ਮਾਇਆ ਦੇ ਉਪਾਸ਼ਕ ਸ਼ੌਕਂ ਕਰਦੇ ਹੋਏ ਮਰ ਮੁੱਕ, ਮਰ ਮੁੱਕ ਜਾਂਦੇ ਹਨ।

ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥
ਨਾਮ ਜਵੇਹਰ ਦੀ ਦੌਲਤ ਹਿਰਦੇ ਘਰ ਅੰਦਰ ਹੋਣ ਦੇ ਬਾਵਜੂਦ ਉਹ ਭੁੱਖੇ ਰਹਿੰਦੇ ਹਨ। ਉਹ ਨਿਕਰਮਣ ਪ੍ਰਭੂ ਤੋਂ ਬਹੁਤ ਦੁਰੇਡੇ ਹਨ।

ਹਰਿ ਹਰਿ ਤਿਨ ਕਾ ਦਰਸੁ ਨ ਕਰੀਅਹੁ ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥
ਮੇਰੇ ਸੁਆਮੀ ਮਾਲਕ, ਮੈਂ ਉਨ੍ਹਾਂ ਦਾ ਦੀਦਾਰ ਨਹੀਂ ਦੇਖਦਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।

ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ॥੩॥
ਅਤੇ ਨਾਂ ਹੀ ਉਨ੍ਹਾਂ ਦਾ ਜੋ ਈਸ਼ਵਰ-ਸਰੂਪ ਸੱਚੇ ਗੁਰਾਂ ਦਾ ਦੀਦਾਰ, ਦੀਦਾਰ ਨਹੀਂ ਕਰਦੇ।

ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ਰਾਮ ॥
ਮੈਂ ਇਕ ਪਪੀਹਾ, ਮੈਂ ਇਕ ਨਿਮਾਣਾ ਪਪੀਹਾ ਹਾਂ ਅਤੇ ਆਪਣੇ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ।

ਗੁਰ ਮਿਲਿ ਗੁਰ ਮੇਲਿ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ ਰਾਮ ॥
ਹੇ ਸੁਆਮੀ ਮੇਰੇ ਗੁਰੂ! ਮੇਰੇ ਪ੍ਰੀਤਮ ਗੁਰੂ ਨਾਲ ਮੈਨੂੰ ਮਿਲਾ ਦੇ, ਤਾ ਜੋ ਮੈਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਵਾਂ।

ਹਰਿ ਹਰਿ ਸਤਿਗੁਰ ਕਰਹ ਭਗਤੀ ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥
ਮੈਂ ਈਸ਼ਵਰੀ, ਮੈਂ ਈਸ਼ਵਰੀ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਜਦ ਵਾਹਿਗੁਰੂ ਸੁਆਮੀ ਮੇਰੇ ਉੱਤੇ ਮਿਹਰ ਕਰਦਾ ਹੈ।

ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮ੍ਹ੍ਹਾਰੇ ॥
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਵਿਸ਼ਾਲ ਸੱਚੇ ਗੁਰੂ ਜੀ ਹੀ ਮੇਰੀ ਜਿੰਦ ਜਾਨ ਹਨ।

ਕਹੁ ਨਾਨਕ ਗੁਰਿ ਨਾਮੁ ਦ੍ਰਿੜ੍ਹਾਇਆ ਹਰਿ ਹਰਿ ਨਾਮੁ ਹਰਿ ਸਤੀ ॥
ਗੁਰੂ ਨਾਨਕ ਜੀ ਆਖਦੇ ਹਨ, ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਮੈਂ ਸੁਆਮੀ ਵਾਹਿਗਰੂ ਸੱਚੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ॥੪॥੩॥
ਮੈਂ ਇਕ ਪਪੀਹਾ, ਇਕ ਮਸਕੀਨ ਪਪੀਹਾ ਹਾਂ ਅਤੇ ਆਪਣੇ ਸੁਆਮੀ ਕੋਲ ਬਿਨੇ ਕਰਦਾ ਹਾਂ।

ਵਡਹੰਸੁ ਮਹਲਾ ੪ ॥
ਵਡਹੰਸ ਚੌਥੀ ਪਾਤਿਸ਼ਾਹੀ।

ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥
ਮੇਰੇ ਸੁਆਮੀ ਵਾਹਿਗੁਰੂ, ਮਿਹਰ ਧਾਰ, ਮਿਹਰ ਧਾਰ ਤੇ ਮੈਨੂੰ ਸਰਬ-ਸੁੱਖ ਦੇਣਹਾਰ ਮੇਰੇ ਸੱਚੇ ਗੁਰਾਂ ਨਾਲ ਮਿਲਾ ਦੇ।

ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥
ਸੱਚੇ ਗੁਰਾਂ ਪਾਸੋਂ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਮੈਂ ਪਤਾ ਕਰਦਾ ਹਾਂ, ਮੈਂ ਪਤਾ ਕਰਦਾ ਹਾਂ।

ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥
ਵਾਹਿਗੁਰੂ ਦਾ ਧਰਮ-ਕਥਨ ਮੈਂ ਸੱਚੇ ਗੁਰਾਂ ਪਾਸੋਂ ਪੁਛਦਾ ਹਾਂ, ਜਿਨ੍ਹਾਂ ਨੇ ਨਾਮ ਦਾ ਧਨ ਪ੍ਰਾਪਤ ਕੀਤਾ ਹੈ।

ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥
ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਤੇ ਉਨ੍ਹਾਂ ਅੱਗੇ ਸਦਾ ਬਿਨੇ ਕਰਦਾ ਹਾਂ। ਵੱਡੇ ਸੱਚੇ ਗੁਰਾਂ ਨੇ ਮੈਨੂੰ ਰਸਤਾ ਦਰਸਾਇਆ ਹੈ।

ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥
ਕੇਵਲ ਉਹੀ ਸਾਧੂ ਹੈ ਜੋ ਗਮੀ ਤੇ ਖੁਸ਼ੀ ਨੂੰ ਇੱਕ ਸਮਾਨ ਜਾਣਦਾ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਤੇ ਸੁਆਮੀ ਨਾਲ ਰੰਗਿਆ ਹੋਇਆ ਹੈ।

ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥
ਮਿਹਰਬਾਨੀ ਕਰ, ਮਿਹਰਬਾਨੀ ਕਰ, ਹੇ ਪ੍ਰਭੂ ਪ੍ਰਮੇਸ਼ਰ ਅਤੇ ਮੈਨੂੰ ਆਰਾਮ-ਬਖਸ਼ਣਹਾਰ ਵਿਸ਼ਾਲ ਸੱਚੇ ਗੁਰਾਂ ਨਾਲ ਮਿਲਾ ਦੇ।

ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥
ਸਾਈਂ ਦਾ ਨਾਮ, ਗੁਰਾਂ ਪਾਸੋਂ ਸੁਣ ਕੇ, ਗੁਰਾਂ ਪਾਸੋਂ ਸੁਣ ਕੇ, ਸਾਰੇ ਕਸਮਲ ਤੇ ਹੰਕਾਰ ਨਸ਼ਟ ਹੋ ਗਏ ਹਨ ਨਾਮ ਦੁਆਰਾ।

ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥
ਸੁਆਮੀ ਵਾਹਿਗੁਰੂ ਨੂੰ ਸਿਮਰ ਕੇ, ਸੁਆਮੀ ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ ਸੰਸਾਰੀ ਰੰਗ ਨਾਸ ਹੋ ਜਾਂਦੇ ਹਨ।

ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥
ਜੋ ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੇ ਦੁਖੜੇ ਅਤੇ ਗੁਨਾਹ ਦੂਰ ਹੋ ਜਾਂਦੇ ਹਨ।

ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥
ਸੱਚੇ ਗੁਰਾਂ ਨੇ ਮੇਰੇ ਹੱਥ ਵਿੱਚ ਬ੍ਰਹਿਮ ਵੀਚਾਰ ਦੀ ਤਲਵਾਰ ਫੜਾ ਦਿੱਤੀ ਹੈ, ਜਿਸ ਦੇ ਨਾਲ ਮੈਂ ਮੌਤ ਦੇ ਦੂਤ ਢਾਅ ਕੇ ਮਾਰ ਸੁੱਟੇ ਹਨ।

ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥
ਖੁਸ਼ੀ ਦੇਣਹਾਰ ਸੁਆਮੀ ਵਾਹਿਗੁਰੂ ਨੇ ਆਪਣੀ ਮਿਹਰ ਕੀਤੀ ਹੈ ਅਤੇ ਮੈਂ ਤਕਲੀਫ ਗੁਨਾਹ ਤੇ ਕਲੇਸ਼ ਤੋਂ ਖਲਾਸੀ ਪਾ ਗਿਆ ਹਾਂ।

ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥
ਸਾਈਂ ਦਾ ਨਾਮ ਗੁਰਾਂ ਪਾਸੋਂ ਸੁਣ ਕੇ ਗੁਰਾਂ ਪਾਸੋਂ ਸੁਣ ਕੇ ਸਮੂਹ ਕਸਮਲ ਤੇ ਹੰਕਾਰ ਨਸ਼ਟ ਹੋ ਗਏ ਹਨ।

ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ ॥
ਸੁਆਮੀ ਵਾਹਿਗੁਰੂ ਦਾ ਜਾਪ, ਸੁਆਮੀ ਵਾਹਿਗੁਰੂ ਦੇ ਨਾਮ ਦਾ ਜਾਪ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।

ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ ॥
ਮੁਖੀ ਗੁਰਾਂ ਦੇ ਰਾਹੀਂ ਮੁਖੀ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ।

ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ ॥
ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਹਟ ਗਈਆਂ ਹਨ ਅਤੇ ਨਵੀਂ-ਨਰੋਈ ਹੋ ਗਈ ਹੈ ਦੇਹ।

ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ ॥
ਰੈਣ ਦਿਹੁੰ ਅਜੇਹਾ ਪ੍ਰਾਣੀ ਬੈਕੁੰਠੀ ਤਾੜੀ ਅੰਦਰ ਲੀਨ ਰਹਿੰਦਾ ਹੈ ਅਤੇ ਡੂੰਘੇ ਤੇ ਅਥਾਹ ਪ੍ਰਭੂ ਸਾਈਂ ਦਾ ਭਜਨ ਕਰਦਾ ਹੈ।

ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥
ਉੱਚ-ਜਾਤੀ ਜਾਂ ਨੀਵੀਂ ਦਾ ਜੋ ਕੋਈ ਭੀ ਨਾਮ ਦਾ ਜਾਪ ਕਰਦਾ ਹੈ, ਉਹ ਮਹਾਨ ਦੌਲਤ ਨੂੰ ਪਾ ਲੈਂਦਾ ਹੈ।

ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥੩॥
ਸੁਆਮੀ ਮਾਲਕ ਦਾ ਸਿਮਰਨ, ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।

copyright GurbaniShare.com all right reserved. Email