ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥
ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਨੂੰ ਪਰਾਪਤ ਕਰ ਲਿਆ ਹੈ ਤੇ ਇਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥੩॥ ਪੂਜਯ ਪ੍ਰਭੂ ਪ੍ਰਮੇਸ਼ਰ ਮੈਡਾ ਮਿੱਤ੍ਰ ਹੈ, ਅਤੇ ਅਖੀਰ ਦੇ ਵੇਲੇ ਮੇਰਾ ਮਦਦਗਾਰ ਹੋਵੇਗਾ। ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥ ਜਗਤ ਦੀ ਜਿੰਦ ਜਾਨ, ਉਦਾਰਚਿੱਤ ਸਾਹਿਬ ਪੇਕੇ (ਇਸ ਜਹਾਨ ਵਿੱਚ) ਹੈ। ਉਸ ਤੋਂ ਬੇ-ਖਬਰ ਹੋ, ਕਾਫਰ ਨੇ ਆਪਣੀ ਇੱਜ਼ਤ ਵੰਞਾ ਲਈ ਹੈ। ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥ ਸਤਿਗੁਰਾਂ ਦੇ ਬਾਝੋਂ ਕੋਈ ਭੀ ਰੱਬ ਦਾ ਰਾਹ ਨਹੀਂ ਜਾਣਦਾ। ਅੰਨਿ੍ਹਆਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਲਭਦੀ। ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥ ਜੇਕਰ ਆਰਾਮ ਦੇਣਹਾਰ, ਵਾਹਿਗੁਰੂ, ਬੰਦੇ ਦੇ ਦਿਲ ਅੰਦਰ ਨਹੀਂ ਵਸਦਾ ਤਾਂ ਉਹ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ, ਟੂਰ ਜਾਂਦਾ ਹੈ। ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ ॥ ਗੁਰਾਂ ਦੀ ਸਿਖਿਆ ਤਾਬੇ, ਆਪਣੇ ਪੇਕੇ ਗ੍ਰਹਿ ਅੰਦਰ ਮੈਂ ਆਲਮ ਦੀ ਜਿੰਦ-ਜਾਨ, ਦਰਿਆ-ਦਿਲ ਸਾਈਂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ। ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥ ਜੋ ਹਮੇਸ਼ਾਂ, ਦਿਹੁੰ-ਰੈਣ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਆਪਣੀ ਹੰਗਤਾ ਤੇ ਸੰਸਾਰੀ ਮਮਤਾ ਨੂੰ ਮੇਟ ਦਿੰਦਾ ਹੈ। ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥ ਉਹ ਤਦ, ਉਸ ਵਰਗਾ ਹੋ ਜਾਂਦਾ ਹੈ, ਜਿਸ ਨਾਲ ਉਹ ਰੰਗੀਜਿਆ ਹੋਇਆ ਹੈ ਅਤੇ ਨਿਸ਼ਚਿਤ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥ ਆਪਣੀ ਦਇਆ ਦੁਆਰਾ ਇਨਸਾਨ ਨੂੰ ਵਾਹਿਗੁਰੂ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਉਹ ਗੁਰੂ ਦੇ ਸ਼ਬਦ ਦੁਆਰਾ ਸੋਚਦਾ ਹੈ। ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੁਆਰਾ ਠੰਢ ਚੈਨ ਉਤਪੰਨ ਹੁੰਦੀ ਹੈ ਅਤੇ ਆਦਮੀ ਦੀ ਹੰਗਤਾ ਤੇ ਖਾਹਿਸ਼ ਮਿਟ ਜਾਂਦੇ ਹਨ। ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥ ਨੇਕੀ ਬਖਸ਼ਣ ਹਾਰ ਹਰੀ, ਸਦੀਵ ਹੀ ਉਸ ਦੇ ਚਿੱਤ ਅੰਦਰ ਰਹਿੰਦਾ ਹੈ, ਜੋ ਸੱਚ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥ ਸਦੀਵੀ ਪਵਿੱਤ੍ਰ ਹੈ ਮੇਰਾ ਸਾਹਿਬ। ਸ਼ੁੱਧ-ਚਿੱਤ ਨਾਲ ਹੀ ਉਹ ਪਰਾਪਤ ਹੁੰਦਾ ਹੈ। ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥ ਜੇਕਰ ਵਾਹਿਗੁਰੂ ਦੇ ਨਾਮ ਦਾ ਜ਼ਜਾਨਾ ਚਿੱਤ ਵਿੱਚ ਟਿਕ ਜਾਵੇ, ਤਾਂ ਹੰਗਤਾ ਤੇ ਗਮ ਸਮੂਹ ਦੂਰ ਹੋ ਜਾਂਦੇ ਹਨ। ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥੭॥ ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਉਪਦੇਸ਼ਿਆ ਹੈ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ। ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥ ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ। ਆਪਣੇ ਰਿਦੇ ਤੇ ਦਿਲ ਅੰਦਰ ਬੰਦਾ ਕੁਛ ਪਿਆ ਆਖੇ ਤੇ ਅਖਵਾਵੇ। ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ ॥ ਪੂਜਨੀਯ ਪ੍ਰਭੂ ਆਪਣੇ ਸੰਤਾਂ ਦਾ ਪਿਆਰ ਤੇ ਆਰਾਮ ਦੇਣਹਾਰ ਹੈ। ਆਪਣੀ ਦਇਆ ਦੁਆਰਾ ਉਹ ਆਦਮੀ ਦੇ ਚਿੱਤ ਵਿੱਚ ਟਿਕਦਾ ਹੈ। ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥ ਨਾਨਕ, ਸਾਹਿਬ ਬੰਦੇ ਨੂੰ ਸਰੇਸ਼ਟ ਜਾਗ੍ਰਤਾ ਪ੍ਰਦਾਨ ਕਰਦਾ ਹੈ ਅਤੇ ਆਪ ਹੀ ਉਸ ਨੂੰ ਗੁਰਾਂ ਦੁਆਰਾ ਇੱਜ਼ਤ ਤੇ ਪ੍ਰਭਤਾ ਬਖ਼ਸ਼ਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥ ਮੌਤ ਦੇ ਫ਼ਰੇਸ਼ਤੇ ਦਾ ਡੰਡਾ ਉਨ੍ਹਾਂ ਉਤੇ ਵਰ੍ਹਦਾ ਹੈ, ਜੋ ਆਪਣੇ ਕਾਰ-ਵਿਹਾਰ ਹੰਕਾਰ ਅੰਦਰ ਕਰਦੇ ਹਨ। ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥੧॥ ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਅਤੇ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ, ਉਹ ਪਾਰ ਉਤਰ ਜਾਂਦੇ ਹਨ। ਮਨ ਰੇ ਗੁਰਮੁਖਿ ਨਾਮੁ ਧਿਆਇ ॥ ਹੇ ਮੇਰੀ ਜਿੰਦੜੀਏ! ਗੁਰਾਂ ਦੁਆਰਾ, ਸੁਆਮੀ ਦੇ ਨਾਮ ਦਾ ਸਿਮਰਨ ਕਰ। ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥ ਜਿਨ੍ਹਾਂ ਲਈ ਵਾਹਿਗੁਰੂ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ। ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥ ਸਚੇ ਗੁਰਾਂ ਦੇ ਬਗੈਰ ਭਰੋਸਾ ਨਹੀਂ ਬੱਝਦਾ ਅਤੇ ਨਾਂ ਹੀ ਨਾਮ ਨਾਲ ਪਿਰਹੜੀ ਪੈਂਦੀ ਹੈ। ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥੨॥ ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਉਹ ਤਕਲੀਫ ਅੰਦਰ ਹੀ ਸੌਦਾ ਤੇ ਮਰਦਾ ਹੈ। ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥ ਜੇਕਰ ਉਹ ਵਾਹਿਗੁਰੂ ਸੁਆਮੀ ਦੀ ਘਣੀ ਚਾਹਣਾ ਕਰੇ ਤੇ ਉਸ ਦੇ ਨਾਮ ਨੂੰ ਭੀ ਉਚਾਰਣ ਕਰੇ, ਤਦਯਪ ਉਸ ਦੇ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ। ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥੩॥ ਸੰਤ ਵਾਹਿਗੁਰੂ ਦੀ ਰਜ਼ਾ ਪ੍ਰਵਾਣ ਕਰਦੇ ਹਨ, ਐਸੇ ਸੰਤ ਉਸ ਦੇ ਬੂਹੇ ਤੇ ਕਬੂਲ ਹੋ ਜਾਵਦੇ ਹਨ। ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥ ਗੁਰੂ ਜੀ ਪਿਆਰ ਨਾਲ ਵਾਹਿਗੁਰੂ ਦੇ ਨਾਮ ਨੂੰ ਪੱਕੀ ਤਰ੍ਹਾਂ ਅਸਥਾਪਨ ਕਰਦੇ ਹਨ, ਪ੍ਰੰਤੁ ਉਸ ਦੀ ਮਿਹਰ ਦੇ ਬਗੈਰ ਨਾਮ ਦੀ ਪਰਾਪਤੀ ਨਹੀਂ ਹੋ ਸਕਦੀ। ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥ ਭਾਵੇਂ ਜ਼ਹਿਰੀਲੇ ਪੌਦੇ ਨੂੰ ਸੈਕੜੇ ਵਾਰੀ ਸੁਧਾ-ਰਸ ਨਾਲ ਸਿੰਜੀਏ, ਫਿਰ ਭੀ ਇਸ ਨੂੰ ਭੱਜ ਕੇ ਜ਼ਹਿਰੀਲੀ ਫਲ ਲੱਗਣਗੇ। ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥ ਸਤਿਵਾਦੀ ਅਤੇ ਪਵਿੱਤ੍ਰ ਹਨ ਉਹ ਪੁਰਸ਼, ਜਿਨ੍ਰਾਂ ਦੀ ਸੱਚੇ ਗੁਰਾਂ ਨਾਲ ਪਰੀਤ ਹੈ। ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥੫॥ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਰਮ ਕਰਦੇ ਹਨ ਅਤੇ ਹੰਕਾਰ ਤੇ ਬਦੀ ਦੀ ਜ਼ਹਿਰ ਨੂੰ ਛੱਡ ਦਿੰਦੇ ਹਨ। ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥ ਕਿਸੇ ਭੀ ਯਤਨ ਦੁਆਰਾ, ਮਨੂਏ ਦੀ ਜ਼ਿੱਦ ਰਾਹੀਂ ਬੰਦਾ ਬੰਦਾ-ਖਲਾਸ ਨਹੀਂ ਹੋ ਸਕਦਾ, ਜਾ ਕੇ ਸਿੰਮਰਤੀਆਂ ਅਤੇ ਸ਼ਾਸਤਰਾਂ ਨੂੰ ਘੋਖ ਕੇ ਪੜ੍ਹ ਦੇਖੇ! ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥੬॥ ਸੰਤ ਸਮਾਗਮ ਨਾਲ ਜੁੜਣ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਨ ਦੁਆਰਾ ਆਦਮੀ ਬਚ ਜਾਂਦਾ ਹੈ। ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥ ਰੱਬ ਦਾ ਨਾਮ ਗੁਣਾ ਦਾ ਖ਼ਜ਼ਾਨਾ ਹੈ, ਜਿਸ ਦਾ ਕੋਈ ਓੜਕ, ਉਰਲਾ ਜਾ ਪਰਲਾ ਸਿਰਾ ਨਹੀਂ। ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥੭॥ ਉਹ ਗੁਰੂ-ਸਮਰਪਣ, ਜਿਨ੍ਹਾਂ ਉਤੇ ਸਿਰਜਣਹਾਰ ਮਿਹਰ ਧਾਰਦਾ ਹੈ, ਸੁੰਦਰ ਦਿਸਦੇ ਹਨ। ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥ ਨਾਨਕ ਕੇਵਲ ਪ੍ਰਭੂ ਹੀ ਦਾਤਾਰ ਹੈ, ਹੋਰ ਦੂਸਰਾ ਕੋਈ ਨਹੀਂ। ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੮॥੨॥੧੯॥ ਗੁਰਾਂ ਦੀ ਦਇਆ ਦੁਆਰਾ ਸਾਹਿਬ ਪਰਾਪਤ ਹੁੰਦਾ ਹੈ ਅਤੇ ਚੰਗੇ ਭਾਗਾਂ ਰਾਹੀਂ ਗੁਰੂ ਜੀ ਮਿਲਦੇ ਹਨ। copyright GurbaniShare.com all right reserved. Email:- |