ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥
ਇਹ ਦੌਲਤ, ਜਾਇਦਾਦ ਤੇ ਮੋਹਨੀ ਕੂੜੀਆਂ ਹਨ। ਅਖੀਰ ਨੂੰ ਇਨ੍ਹਾਂ ਨੂੰ ਤਿਆਗ ਕੇ ਪ੍ਰਾਣੀ ਅਫ਼ਸੋਸ ਅੰਦਰ ਟੁਰ ਜਾਂਦਾ ਹੈ। ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥ ਜਿਨ੍ਹਾਂ ਨੂੰ ਸਾਈਂ ਆਪਣੀ ਰਹਿਮਤ ਦੁਆਰਾ ਗੁਰਾਂ ਨਾਲ ਮਿਲਾਉਂਦਾ ਹੈ, ਉਹ ਵਾਹਿਗੁਰੂ ਦੇ ਸੁਆਮੀ ਦੇ ਨਾਮ ਨੂੰ ਉਚਾਰਦੇ ਹਨ। ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥ ਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਹੈ ਫ਼ਾਨੀ ਬੰਦੇ। ਉਹ ਪੁਰਸ਼ ਜਾ ਕੇ ਵਾਹਿਗੁਰੂ ਦੇ ਸਾਥ ਮਿਲ ਜਾਂਦੇ ਹਨ। ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥ ਰਾਤ ਦੇ ਚੋਥੇ ਹਿਸੇ ਅੰਦਰ ਹੇ ਸੁਦਾਗਰ ਬੇਲੀਆਂ! ਵਾਹਿਗੁਰੂ ਕੂਚ ਕਰਨ ਦਾ ਸਮਾਂ ਲੈ ਆਉਂਦਾ ਹੈ। ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥ ਆਪਣੇ ਹੱਥਾਂ ਨਾਲ ਪੂਰਨ ਸੱਚੇ ਗੁਰਾਂ ਦੀ ਖਿਦਮਤ ਕਰ, ਹੇ ਮੇਰੇ ਸੁਦਾਗਰ ਬੇਲੀਆਂ। ਤੇਰੀ ਸਾਰੀ ਜੀਵਨ ਰਾਤ੍ਰੀ ਬੀਤਦੀ ਜਾ ਰਹੀ ਹੈ। ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥ ਤੂੰ ਹਰ ਮੁਹਤ ਵਾਹਿਗੁਰੂ ਦੀ ਟਹਿਲ ਕਮਾ ਅਤੇ ਦੇਰੀ ਨਾਂ ਕਰ, ਜਿਸ ਦੁਆਰਾ ਤੂੰ ਸਾਰਿਆਂ ਯੁਗਾਂ ਅੰਦਰ ਅਮਰ ਹੋ ਜਾਵੇਗਾ। ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥ ਵਾਹਿਗੁਰੂ ਨਾਲ ਹਮੇਸ਼ਾਂ ਰੰਗ-ਰਲੀਆਂ ਭੋਗ ਅਤੇ ਜੰਮਣ ਤੇ ਮਰਣ ਦੀ ਪੀੜਾ ਨੂੰ ਮਿਟਾ ਦੇ। ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥ ਤੂੰ ਉਤਕ੍ਰਿਸ਼ਟ ਸਤਿਗੁਰੂ ਅਤੇ ਸਾਹਿਬ ਵਿਚਕਾਰ ਫ਼ਰਕ ਨਾਂ ਸਮਝ ਜਿਸ ਨੂੰ ਭੇਟਣ ਦੁਆਰਾ ਸਾਹਿਬ ਦੀ ਪ੍ਰੇਮ-ਮਈ ਸੇਵਾ ਆਦਮੀ ਨੂੰ ਪਿਆਰੀ ਲਗਦੀ ਹੈ। ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥ ਗੁਰੂ ਜੀ ਫੁਰਮਾਉਂਦੇ ਹਨ, ਰਾਤ੍ਰੀ ਦੇ ਚੋਥੇ ਹਿੱਸੇ ਅੰਦਰ ਹੈ ਜੀਵ! ਫਲਦਾਇਕ ਹੈ ਜੀਵਨ-ਰਾਤ੍ਰੀ, ਰੱਬ ਦੇ ਗੋਲਿਆਂ ਦੀ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥ ਰਾਤ੍ਰੀ ਦੇ ਪਹਿਲੇ ਹਿਸੇ ਵਿੱਚ ਹੈ ਮੇਰੇ ਸੁਦਾਗਰ ਸਜਣਾ ਵਾਹਿਗੁਰੂ ਨੇ ਜਿੰਦੜੀ ਨੂੰ ਪੇਟ ਅੰਦਰ ਧਰ ਦਿਤਾ। ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥ ਦਸਾਂ ਮਹੀਨਿਆਂ ਵਿੱਚ ਇਸ ਨੂੰ ਇਨਸਾਨ ਬਣਾ ਦਿੱਤਾ ਗਿਆ ਅਤੇ ਨੇਕ ਅਮਲ ਕਮਾਉਣ ਲਈ ਇਸ ਨੂੰ ਨਿਯਤ ਸਮਾਂ ਦੇ ਦਿਤਾ ਗਿਆ। ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥ ਜਿਹੋ ਜਿਹੀ ਉਸ ਲਈ ਪੁਰਬਲੀ ਲਿਖਤਾਕਾਰ ਸੀ, ਉਸ ਅਨੁਸਾਰ ਉਸ ਨੂੰ ਸ਼ੁੱਭ ਕੰਮ ਕਰਨ ਲਈ ਅਉਸਰ ਦੇ ਦਿਤਾ ਗਿਆ। ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥ ਮਾਂ, ਪਿਉ, ਭਰਾ, ਪੁਤ੍ਰ ਅਤੇ ਪਤਨੀ, ਉਨ੍ਹਾਂ ਦੇ ਅੰਦਰ ਸਾਹਿਬ ਨੇ ਉਸ ਨੂੰ ਜੋੜ ਦਿੱਤਾ। ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥ ਹਰੀ ਖੁਦ ਮੰਦੇ ਅਮਲ ਤੇ ਸ਼ੁੱਭ ਅਮਲ ਪ੍ਰਾਣੀ ਪਾਸੋਂ ਕਰਵਾਉਂਦਾ ਹੈ। ਏਸ ਜੀਵ ਦੇ ਅਖਤਿਆਰ ਵਿੱਚ ਕੁਝ ਭੀ ਨਹੀਂ। ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥ ਗੁਰੂ ਜੀ ਆਖਦੇ ਹਨ, ਪਹਿਲੇ ਭਾਗ ਅੰਦਰ, ਹੇ ਜੀਵ! ਵਾਹਿਗੁਰੂ ਨੇ ਉਸ ਨੂੰ ਢਿਡ ਅੰਦਰ ਪਾ ਦਿਤਾ। ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥ ਰਾਤ੍ਰੀ ਦੇ ਦੂਜੇ ਪਹਿਰੇ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਪ੍ਰਾਣੀ ਦੀ ਪੁਰੀ ਪ੍ਰਫੁਲਤ ਯੁਵਾ ਅਵਸਥਾ ਖੂਬ ਛੱਲਾਂ ਮਾਰਦੀ ਹੈ। ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ ਹੰਕਾਰ ਨਾਲ ਮਤਵਾਲਾ ਹੋਣ ਦੇ ਕਾਰਣ, ਹੈ ਮੇਰੇ ਸੁਦਾਗਰ ਬੇਲੀਆਂ! ਆਦਮੀ ਚੰਗੇ ਤੇ ਮੰਦੇ ਦੀ ਸਿੰਞਾਣ ਹੀ ਨਹੀਂ ਕਰਦਾ। ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ ਜੀਵ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦਾ, ਅਤੇ ਮੂਹਰੇ ਰਸਤਾ ਬਿਖੜਾ ਹੈ। ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ ਉਸ ਨੇ ਕਦਾਚਿਤ ਭੀ ਪੂਰਨ ਸਚੇ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਉਸ ਦੇ ਸਿਰ ਉਤੇ ਜਾਲਮ ਮੌਤ ਖੜੀ ਹੈ। ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥ ਜਦ ਧਰਮਰਾਜ ਤੈਨੂੰ ਪਕੜ ਕੇ ਪੁਛੇਗਾ, ਹੇ ਪਗਲੇ ਪੁਰਸ਼! ਤੂੰ ਉਦੋਂ ਉਸ ਨੂੰ ਕੀ ਉਤਰ ਦੇਵੇਗਾ? ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥ ਗੁਰੂ ਜੀ ਫੁਰਮਾਉਂਦੇ ਹਨ, ਦੂਸਰੇ ਹਿੱਸੇ ਅੰਦਰ ਫਾਨੀ ਬੰਦੇ ਨੂੰ ਪੂਰਨ ਜੋਬਨ ਦੀਆਂ ਛੱਲਾਂ ਲੋਟ ਪੋਟ ਕਰ ਦਿੰਦੀਆਂ ਹਨ। ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥ ਰਾਤ ਦੇ ਤੀਸਰੇ ਹਿਸੇ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਅੰਨ੍ਹਾ ਬੇਸਮਝ ਬੰਦਾ ਜ਼ਹਿਰ ਇਕੱਤ੍ਰ ਕਰਦਾ ਹੈ। ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥ ਉਹ ਆਪਣੇ ਪੁੱਤਾਂ ਤੇ ਪਤਨੀ ਦੀ ਪ੍ਰੀਤ ਅੰਦਰ ਫਸਿਆ ਹੋਇਆ ਹੈ, ਹੈ ਮੇਰੇ ਸੁਦਾਗਰ ਬੇਲੀਆ! ਅਤੇ ਉਸ ਦੇ ਦਿਲ ਅੰਦਰ ਲਾਲਚ ਦੀਆਂ ਛੱਲਾਂ ਠਾਠਾਂ ਮਾਰਦੀਆਂ ਹਨ। ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥ ਉਸ ਦੇ ਮਨ ਵਿੱਚ ਤਮ੍ਹਾਂ ਦੇ ਤਰੰਗ ਹਨ ਅਤੇ ਜੀਵ ਉਸ ਸਾਹਿਬ ਦਾ ਅਰਾਧਨ ਨਹੀਂ ਕਰਦਾ। ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ ਉਹ ਸਤਿਸੰਗਤ ਨਾਲ ਮੇਲ ਮਿਲਾਪ ਨਹੀਂ ਕਰਦਾ ਅਤੇ ਕਈ ਜੂਨੀਆਂ ਅੰਦਰ ਕਸ਼ਟ ਉਠਾਉਂਦਾ ਹੈ। ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥ ਉਸ ਨੇ ਰਚਣਹਾਰ ਸਾਹਿਬ ਨੂੰ ਭੁਲਾ ਛਡਿਆ ਹੈ ਅਤੇ ਉਹ ਉਸ ਅੰਦਰ ਇਕ ਮੁਹਤ ਲਈ ਭੀ ਆਪਣੀ ਬਿਰਤੀ ਨਹੀਂ ਜੋੜਦਾ। ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥ ਗੁਰੂ ਜੀ ਆਖਦੇ ਹਨ, ਤੀਜੇ ਹਿੱਸੇ ਅੰਦਰ, ਸੁਨਾਖਾ ਤੇ ਬੇਸਮਝ ਫ਼ਾਨੀ ਬੰਦਾ ਜ਼ਹਿਰ ਨੂੰ ਜਮ੍ਹਾਂ ਕਰਦਾ ਹੈ। ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥ ਰਾਤ੍ਰੀ ਦੇ ਚੋਥੇ ਹਿਸੇ ਅੰਦਰ ਹੇ ਸੁਦਾਗਰ ਬੇਲੀਆਂ! ਮੌਤ ਦਾ ਉਹ ਦਿਹਾੜਾ ਲਾਗੇ ਢੁਕ ਰਿਹਾ ਹੈ। ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥ ਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੈ ਮੇਰੇ ਸੁਦਾਗਰ ਸੱਜਣਾ ਅਤੇ ਸਾਹਿਬ ਦੇ ਦਰਬਾਰ ਅੰਦਰ ਇਹ ਤੇਰਾ ਯਾਰ ਹੋਵੇਗਾ। ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥ ਗੁਰਾਂ ਦੇ ਉਪਦੇਸ਼ ਦੁਆਰਾ, ਹੇ ਜੀਵ! ਨਾਮ ਨੂੰ ਯਾਦ ਕਰ ਅਤੇ ਅਖੀਰ ਨੂੰ ਇਹ ਤੇਰਾ ਮਦਦਗਾਰ ਹੋਵੇਗਾ। copyright GurbaniShare.com all right reserved. Email:- |