ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥
ਹੇ ਮੁਨਾਖੇ! ਤੂੰ ਅਖੀਰ ਦੇ ਵੇਲੇ ਅਫ਼ਸੋਸ ਕਰੇਗਾ ਜਦ ਮੌਤ ਦਾ ਦੂਤ ਤੈਨੂੰ ਫੜ ਕੇ ਅੱਗੇ ਨੂੰ ਧੱਕ ਦੇਵੇਗਾ। ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥ ਆਪਣੀ ਨਿੱਜ ਦੀ ਜਾਣ ਕੇ, ਆਦਮੀ ਹਰ ਸ਼ੈ ਆਪਣੇ ਕੋਲ ਰੱਖਦਾ ਹੈ ਪ੍ਰੰਤੂ ਇਕ ਮੁਹਤ ਵਿੱਚ ਇਹ ਪਰਾਈ ਹੋ ਜਾਂਦੀ ਹੈ। ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥ ਉਸ ਦੀ ਮੱਤ ਮਾਰੀ ਗਈ ਹੈ ਤੇ ਅਕਲਮੰਦੀ ਟੁਰ ਗਈ ਹੈ। ਉਸ ਨੂੰ ਕੁਕਰਮ ਕੀਤਿਆਂ ਬਦਲੇ ਪਸਚਾਤਾਪ ਕਰਨਾ ਪਵੇਗਾ। ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥ ਗੁਰੂ ਜੀ ਆਖਦੇ ਹਨ, ਹੇ ਫ਼ਾਨੀ! ਤੀਸਰੇ ਹਿੱਸੇ ਅੰਦਰ ਪਿਆਰ ਨਾਲ ਸੁਆਮੀ ਦਾ ਸਿਮਰਨ ਕਰ। ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥ ਰਾਤ੍ਰੀ ਦੇ ਚੌਥੇ ਪਹਿਰ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਆਦਮੀ ਦੀ ਦੇਹਿ ਬੁੱਢੀ ਤੇ ਲਿੱਸੀ ਹੋ ਜਾਂਦੀ ਹੈ। ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥ ਉਸ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ ਤੇ ਵੇਖਦੇ ਨਹੀਂ, ਅਤੇ ਉਸਦੇ ਕੰਨ ਸ਼ਬਦਾਂ ਨੂੰ ਸ੍ਰਵਣ ਨਹੀਂ ਕਰਦੇ, ਹੈ ਮੇਰੇ ਸੁਦਾਗਰ ਬੇਲੀਆਂ! ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥ ਅੰਨ੍ਹੇ ਲੋਚਨ ਅਤੇ ਸੁਆਦ-ਸੱਖਣੀ ਜੀਭਾ ਨਾਲ ਉਹ ਹੋਰਨਾ ਦੇ ਬਲ (ਆਸਰੇ) ਦੁਆਰਾ ਜੀਉਂਦਾ ਹੈ। ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥ ਜਿਸ ਦੇ ਅੰਦਰ ਨੇਕੀ ਨਹੀਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਅਧਰਮੀ ਆਉਂਦਾ ਤੇ ਜਾਂਦਾ ਹੈ। ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥ ਜਦ ਦੇਹਿ ਰੂਪੀ ਖੇਤੀ ਪੱਕ ਜਾਂਦੀ ਹੈ, ਇਹ ਲਿਫ ਕੇ ਟੁਟਦੀ ਤੇ ਨਾਸ ਹੋ ਜਾਂਦੀ ਹੈ। ਇਸ ਦੇਹਿ ਤੇ ਜੋ ਆਉਣ ਤੇ ਜਾਣ ਦੇ ਅਧੀਨ ਹੈ, ਕੀ ਫ਼ਖ਼ਰ ਕਰਨਾ ਹੋਇਆ? ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥ ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੇ ਫ਼ਾਨੀ ਬੰਦੇ! ਗੁਰਾਂ ਦੀ ਸਿਖਿਆ ਤਾਬੇ ਹਰੀ ਨਾਮ ਨੂੰ ਸਿੰਞਾਣ। ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ ਤੇਰੇ ਸੁਆਸਾਂ ਦਾ ਅਖੀਰ ਆ ਜਾਂਦਾ ਹੈ, ਹੇ ਮੇਰੇ ਸੁਦਾਗਰ ਬੇਲੀਆਂ! ਅਤੇ ਜਾਲਮ ਬੁਢੇਪਾ ਤੇਰੇ ਮੋਢਿਆਂ ਤੇ ਚੜਿ੍ਹਆ ਆਉਂਦਾ ਹੈ। ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥ ਤੇਰੇ ਵਿੱਚ ਇਕ ਭੋਰਾ ਭਰ ਭੀ ਨੇਕੀ ਨਹੀਂ ਆਈ ਅਤੇ ਬਦੀਆਂ ਦਾ ਜਕੜਿਆਂ ਹੋਇਆ ਤੂੰ ਅਗੇ ਤੌਰ ਦਿਤਾ ਜਾਵੇਗਾ, ਹੈ ਸੁਦਾਗਰ ਬੇਲੀਆਂ! ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥ ਜੋ ਨੇਕੀ ਸੰਯੁਕਤ ਚਾਲੇ ਪਾਉਂਦਾ ਹੈ, ਉਹ ਸੱਟ ਨਹੀਂ ਖਾਂਦਾ ਅਤੇ ਉਸ ਦੇ ਆਉਣ ਤੇ ਜਾਣ ਮੁਕ ਜਾਂਦੇ ਹਨ। ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥ ਮੌਤ ਦਾ ਫੰਧਾ ਤੇ ਉਸ ਦਾ ਫ਼ਰਿਸ਼ਤਾ ਉਸ ਨੂੰ ਛੂਹ ਨਹੀਂ ਸਕਦੇ, ਅਤੇ ਪ੍ਰੇਮ ਤੇ ਅਨੁਰਾਗ ਰਾਹੀਂ ਉਹ ਡਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥ ਉਹ ਇੱਜ਼ਤ ਨਾਲ ਜਾਂਦਾ ਹੈ, ਪ੍ਰਮ-ਅਨੰਦ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ। ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥ ਗੁਰੂ ਜੀ ਆਖਦੇ ਹਨ, ਗੁਰਾਂ ਦੇ ਰਾਹੀਂ ਜੀਵ ਖਲਾਸੀ ਪਾਉਂਦਾ ਹੈ ਅਤੇ ਸੱਚੇ ਸਾਹਿਬ ਪਾਸੋਂ ਇੱਜ਼ਤ ਆਬਰੂ ਹਾਸਲ ਕਰਦਾ ਹੈ। ਸਿਰੀਰਾਗੁ ਮਹਲਾ ੪ ॥ ਸਿਰੀ ਰਾਗ, ਚਉਥੀ ਪਾਤਸ਼ਾਹੀ। ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥ ਰਾਤ ਦੇ ਪਹਿਲੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਹਿਗੁਰੂ ਨੇ ਜੀਵ ਨੂੰ ਕੁਖ ਅੰਦਰ ਪਾ ਦਿੱਤਾ ਹੈ। ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥ ਉਹ ਵਾਹਿਗੁਰੂ ਨੂੰ ਅਰਾਧਦਾ ਹੈ, ਉਸ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਹੀ ਉਹ ਧਿਆਨ ਧਾਰਦਾ ਹੈ, ਹੇ ਸੁਦਾਗਰ ਬੇਲੀਆਂ! ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਉਚਾਰਦਾ ਤੇ ਧਿਆਉਂਦਾ ਹੈ ਅਤੇ ਰਹਿਮ ਦੀ ਅੱਗ ਅੰਦਰ ਹਰੀ ਨੂੰ ਯਾਦ ਕਰਕੇ ਜੀਉਂਦਾ ਹੈ। ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥ ਇਹ ਬਾਹਰ ਆਉਂਦਾ ਹੈ ਅਤੇ ਜੰਮ ਪੈਦਾ ਹੈ। ਬਾਬਲ ਤੇ ਅੰਮੜੀ ਇਸ ਦਾ ਮੂੰਹ ਦੇਖ ਕੇ ਪ੍ਰਸੰਨ ਹੋ ਜਾਂਦੇ ਹਨ। ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥ ਉਸ ਦਾ ਚਿੰਤਨ ਕਰ, ਹੇ ਜੀਵ! ਜਿਸ ਦੀ ਮਲਕੀਅਤ ਇਹ ਚੀਜ਼ (ਬੱਚਾ) ਹੈ। ਗੁਰਾਂ ਦੀ ਦਇਆ ਦੁਆਰਾ ਆਪਣੇ ਦਿਲ ਅੰਦਰ ਹਰੀ ਦਾ ਸਿਮਰਨ ਧਾਰਨ ਕਰ। ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥ ਗੁਰੂ ਜੀ ਆਖਦੇ ਹਨ, (ਰਾਤ ਦੇ) ਪਹਿਲੇ ਹਿੱਸੇ ਵਿੱਚ, ਵਾਹਿਗੁਰੂ ਦਾ ਅਰਾਧਨ ਕਰ ਅਤੇ ਉਹ ਤੇਰੇ ਤੇ ਤਰਸ ਕਰੇਗਾ ਹੇ ਬੰਦੇ! ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥ ਰਾਤ੍ਰੀ ਦੇ ਦੂਸਰੇ ਹਿੱਸੇ ਵਿੱਚ, ਹੇ ਸੁਦਾਗਰ ਬੇਲੀਆਂ! ਚਿੱਤ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ। ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥ ਉਹ ਮੇਰਾ ਹੈ, ਉਹ ਮੇਰਾ ਹੈ ਆਖ ਕੇ, ਉਹ ਪਾਲਿਆ ਪੋਸਿਆ ਜਾਂਦਾ ਹੈ। ਮਾਂ ਤੇ ਪਿਓ ਉਸ ਨੂੰ ਆਪਣੀ ਛਾਤੀ ਨਾਲ ਲਾਉਂਦੇ ਹਨ। ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥ ਮਾਂ ਤੇ ਪਿਓ ਸਦੀਵ ਹੀ ਉਸ ਨੂੰ ਆਪਣੀ ਹਿੱਕ ਨਾਲ ਲਾਉਂਦੇ ਹਨ। ਆਪਣੇ ਰਿਦੇ ਵਿੱਚ ਉਹ ਜਾਣਦੇ ਹਨ ਕਿ ਕਮਾਈ ਕਰ ਕੇ ਉਹ ਉਨ੍ਹਾਂ ਨੂੰ ਖੁਆੲੈਗਾ। ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥ ਮੂਰਖ ਜੋ ਦਿੰਦਾ ਹੈ ਉਸ (ਦਾਤਾਰ) ਨੂੰ ਨਹੀਂ ਜਾਂਦਾ ਅਤੇ ਦਿਤੇ ਹੋਏ (ਦਾਤ) ਨੂੰ ਚਿਮੜਦਾ ਹੈ। ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥ ਕੋਈ ਵਿਰਲਾ ਹੀ ਪੁਰਸ਼ ਹੈ ਜੋ ਗੁਰਾਂ ਦੇ ਰਾਹੀਂ ਬੰਦਗੀ ਕਰਦਾ ਹੈ ਅਤੇ ਆਪਣਾ ਦਿਲ ਤੇ ਪ੍ਰੀਤ ਵਾਹਿਗੁਰੂ ਨਾਲ ਜੋੜ ਕੇ ਉਸ ਨੂੰ ਸਿਮਰਦਾ ਹੈ। ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥ ਗੁਰੂ ਜੀ ਆਖਦੇ ਹਨ ਦੂਸਰੇ ਹਿੱਸੇ ਅੰਦਰ, ਹੇ ਫ਼ਾਨੀ ਬੰਦੇ! ਉਸ ਨੂੰ ਮੌਤ ਕਦਾਚਿੱਤ ਨਹੀਂ ਨਿਗਲਦੀ। ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥ ਰਾਤ੍ਰੀ ਦੇ ਤੀਜੇ ਭਾਗ ਅੰਦਰ, ਹੈ ਮੇਰੇ ਸੁਦਾਗਰ ਸੱਜਣਾ! ਮਨੁਖ ਦਾ ਮਨੁਆ ਘਰੋਗੀ ਪੁਆੜਿਆਂ ਅੰਦਰ ਰੁਝਿਆ ਹੋਇਆ ਹੈ। ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥ ਉਹ ਦੌਲਤ ਦਾ ਖਿਆਲ ਕਰਦਾ ਹੈ ਅਤੇ ਦੌਲਤ ਹੀ ਜਮ੍ਹਾਂ ਕਰਦਾ ਹੈ, ਹੈ ਮੇਰੇ ਸੁਦਾਗਰ ਸੰਜਣਾ! ਪ੍ਰੰਤੂ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ। ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥ ਉਹ ਕਦਾਚਿਤ ਵਾਹਿਗੁਰੂ ਦੇ ਨਾਮ ਅਤੇ ਸੁਆਮੀ ਮਾਲਕ ਨੂੰ ਯਾਦ ਨਹੀਂ ਕਰਦਾ, ਜੋ ਅਖੀਰ ਨੂੰ ਉਸ ਦਾ ਸਹਾਇਕ ਹੋਣਾ ਹੈ।
|