Page 75
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ਰਾਤ੍ਰੀ ਦੇ ਦੂਸਰੇ ਪਹਿਰੇ ਵਿੱਚ, ਹੇ ਸੁਦਾਗਰ ਸੱਜਣਾ! ਇਨਸਾਨ ਸਾਹਿਬ ਦੇ ਸਿਮਰਨ ਨੂੰ ਭੁੱਲ ਜਾਂਦਾ ਹੈ।

ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ਯਸ਼ੋਧਾ ਦੇ ਗ੍ਰਹਿ ਵਿੱਚ ਕ੍ਰਿਸ਼ਨ ਦੀ ਮਾਨਿੰਦ ਇਸ ਨੂੰ ਹੱਥੋ ਹਥੀ ਖਿਲਾਉਂਦੇ-ਟਪਾਉਂਦੇ ਹਨ, ਹੇ ਸੁਦਾਗਰ ਸੱਜਣਾ!

ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
ਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ"।

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ।

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
ਤੂੰ ਉਸ ਨੂੰ ਨਹੀਂ ਸਮਝਦਾ ਜਿਸ ਨੇ ਰਚਨਾ ਰਚੀ ਹੈ। ਹੁਣ ਤੂੰ ਆਪਣੇ ਦਿਲ ਅੰਦਰ ਸਿਆਣਪ ਨੂੰ ਥਾਂ ਦੇ।

ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥
ਗੁਰੂ ਜੀ ਆਖਦੇ ਹਨ, ਦੂਸਰੇ ਹਿਸੇ ਵਿੱਚ ਜੀਵ ਸਾਈਂ ਦੇ ਸਿਮਰਨ ਨੂੰ ਭੁਲਾ ਦਿੰਦਾ ਹੈ।

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥
ਰਾਤ ਦੇ ਤੀਸਰੇ ਹਿਸੇ ਅੰਦਰ, ਹੈ ਸੁਦਾਗਰ ਬੇਲੀਆਂ! ਆਦਮੀ ਦੇ ਖਿਆਲ ਇਸਤ੍ਰੀ ਅਤੇ ਜੁਆਨੀ (ਉਤੇ) ਨਾਲ ਜੁੜੇ ਹੋਏ ਹਨ।

ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥
ਹੇ ਸੁਦਾਗਰ ਬੇਲੀਆਂ! ਉਹ ਰੱਬ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਜਿਸ ਦੇ ਰਾਹੀਂ ਉਹ ਕੈਦ ਤੋਂ ਖਲਾਸੀ ਪਾ ਸਕਦਾ ਹੈ।

ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥
ਫ਼ਾਨੀ ਜੀਵ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਸੰਸਾਰੀ ਪਦਾਰਥਾਂ ਨਾਲ ਵਿਆਕੁਲ ਹੋ ਗਿਆ ਹੈ।

ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥
ਉਹ ਵਹੁਟੀ ਦੀ ਪ੍ਰੀਤ ਨਾਲ ਰੰਗਿਆ ਅਤੇ ਜੁਆਨੀ ਨਾਲ ਮਤਵਾਲਾ ਹੋਇਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਬੇਅਰਥ ਵੰਞਾ ਲੈਂਦਾ ਹੈ।

ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥
ਨੇਕੀ ਨਾਲ ਉਸ ਨੇ ਵਣਜ ਨਹੀਂ ਕੀਤਾ ਅਤੇ ਚੰਗੇ ਅਮਲ ਉਸ ਨੇ ਆਪਣੇ ਯਾਰ ਨਹੀਂ ਬਣਾਏ।

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥
ਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਇਨਸਾਨ ਦਾ ਮਨ ਦੌਲਤ ਤੇ ਜੁਆਨੀ ਨਾਲ ਜੁੜਿਆ ਹੋਇਆ ਹੈ।

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥
ਰਾਤ੍ਰੀ ਦੇ ਚੋਥੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਢਾ ਪੈਲੀ ਵਿੱਚ ਆ ਜਾਂਦਾ ਹੈ।

ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥
ਜਦ ਮੌਤ ਦਾ ਫਰਿਸ਼ਤਾ, ਉਸ ਨੂੰ ਫੜ ਕੇ ਤੋਰ ਦਿੰਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਕਿਸੇ ਨੂੰ ਭੀ ਭੇਦ ਦਾ ਪਤਾ ਨਹੀਂ ਲੱਗਦਾ।

ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥
ਇਸ ਰਾਜ਼ ਦਾ, ਕਿ ਕਦੋ ਮੌਤ ਦੇ ਦੂਤ ਨੇ ਪ੍ਰਾਣੀ ਨੂੰ ਫੜ ਕੇ ਅਗੇ ਧੱਕ ਦੇਣਾ ਹੈ, ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਸੋ ਹਰੀ ਨੂੰ ਚੇਤੇ ਕਰ, ਹੇ ਬੰਦੇ!

ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥
ਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਮੁਹਤ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।

ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥
ਉਸ ਨੂੰ ਐਨ ਉਹੀ ਚੀਜ਼ ਮਿਲ ਜਾਂਦੀ ਹੈ ਜਿਸ ਨਾਲ ਉਸ ਨੇ ਪ੍ਰੀਤ ਪਾਈ ਹੋਈ ਹੈ।

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥
ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੈ ਜੀਵ! ਲਾਵੇ ਨੇ ਪੈਲੀ ਨੂੰ ਵੱਢ ਸੁਟਿਆ ਹੈ।

ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥
ਰਾਤ ਦੇ ਪਹਿਲੇ ਭਾਗ ਵਿੱਚ, ਹੈ ਸੁਦਾਗਰ ਸੱਜਣਾ! ਬੱਚੇ ਦੀ ਗ਼ਾਫਲ ਮੱਤ ਹੁੰਦੀ ਹੈ।

ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥
ਬਾਲਕ ਦੁੱਧ ਪੀਦਾ ਹੈ ਅਤੇ ਲਾਡ ਲਡਾਇਆ ਜਾਂਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਅੰਮੜੀ ਤੇ ਬਾਬਲ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ।

ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥
ਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ। ਹਰਜਣਾ ਮੋਹਨੀ ਦੀ ਲਗਨ ਅੰਦਰ ਖਚਤ ਹੈ।

ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥
ਚੰਗੇ ਭਾਗਾਂ ਅਤੇ ਪੂਰਬਲੇ ਕੀਤੇ ਕਰਮਾਂ ਦੀ ਬਦੌਲਤ, ਪ੍ਰਾਣੀ ਸੰਸਾਰ ਅੰਦਰ ਆਇਆ ਹੈ ਅਤੇ ਹੁਣ ਆਪਣੀ ਅਗਲੀ ਜੀਵਨ ਰਹੁ-ਰੀਤੀ ਲਈ ਕੰਮ ਕਰ ਰਿਹਾ ਹੈ।

ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥
ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਦੁਨੀਆਂ ਮੁਕਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੇ ਕਾਰਣ ਡੁਬ ਜਾਂਦੀ ਹੈ।

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥
ਗੁਰੂ ਜੀ ਫੁਰਮਾਉਂਦੇ ਹਨ, ਹੈ ਫਾਨੀ ਬੰਦੇ! ਰਾਤ੍ਰੀ ਦੇ ਪਹਿਲੇ ਭਾਗ ਅੰਦਰ ਤੂੰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਵੇਗਾ।

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥
ਰਾਤ੍ਰੀ ਦੇ ਦੂਜੇ ਹਿੱਸੇ ਅੰਦਰ, ਹੈ ਮੇਰੇ ਸੁਦਾਗਰ ਬੋਲੀਆਂ! ਪ੍ਰਾਣੀ ਭਰੀ ਜੁਆਨੀ ਦੇ ਨਸ਼ੇ ਨਾਲ ਮਤਵਾਲਾ ਹੋਇਆ ਹੋਇਆ ਹੈ।

ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥
ਦਿਹੁੰ ਰੈਣ ਉਸ ਵਿਸ਼ੇ ਭੋਗ ਅੰਦਰ ਗਲਤਾਨ ਹੈ, ਹੈ ਸੁਦਾਗਰ ਬੇਲੀਆਂ! ਅਤੇ ਅੰਨ੍ਹੇ ਆਦਮੀ ਦੇ ਮਨ ਵਿੱਚ ਹਰੀ ਦਾ ਨਾਮ ਨਹੀਂ।

ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥
ਸਰਬ-ਵਿਆਪਕ ਸੁਆਮੀ ਦਾ ਨਾਮ ਉਸ ਦੇ ਦਿਲ ਅੰਦਰ ਨਹੀਂ ਅਤੇ ਉਹ ਹੋਰਸ ਤਰ੍ਹਾਂ ਤਰ੍ਹਾਂ ਦੇ ਸੁਆਦਾ ਨੂੰ ਮਿਠੜੇ ਕਰਕੇ ਜਾਣਦਾ ਹੈ।

ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥
ਕੂੜੇ ਇਨਸਾਨ ਦੇ ਪਲੇ ਬ੍ਰਹਮ ਵੀਚਾਰ, ਬੰਦਗੀ ਨੇਕੀ ਤੇ ਪਾਪਾ ਤੋਂ ਪ੍ਰਹੇਜ਼ ਨਹੀਂ, ਉਹ ਜੰਮਣ ਤੇ ਮਰਣ ਦੇ ਚੱਕਰ ਵਿੱਚ ਪਏਗਾ।

ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥
ਧਰਮ-ਅਸਥਾਨਾਂ ਦੀ ਯਾਤ੍ਰਾਂ, ਉਪਹਾਸ, ਸਫਾਈ ਅਤੇ ਸਵੈ-ਰਿਆਜ਼ਤ ਦਾ ਕੋਈ ਲਾਭ ਨਹੀਂ ਤੇ ਨਾਂ ਹੀ ਕਰਮ ਕਾਂਡ, ਧਾਰਮਕ ਸੰਸਕਾਰ ਅਤੇ ਉਪਾਸ਼ਨਾ ਦਾ ਹੈ।

ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥
ਹੇ ਨਾਨਕ! ਮੋਖ਼ਸ਼ ਵਾਹਿਗੁਰੂ ਦੀ ਪਰੇਮ-ਮਈ ਸੇਵਾ ਅੰਦਰ ਹੈ। ਦਵੈਤ-ਭਾਵ ਰਾਹੀਂ ਪ੍ਰਾਣੀ ਦੁਨੀਆਂਦਾਰੀ ਅੰਦਰ ਗ਼ਲਤਾਨ ਹੋ ਜਾਂਦਾ ਹੈ।

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥
ਰਾਤ੍ਰੀ ਦੇ ਤੀਜੇ ਪਹਿਰੇ ਅੰਦਰ, ਹੈ ਮੇਰੇ ਸੁਦਾਗਰ ਸਜਣਾ! ਚਿੱਟੇ ਰਾਜ ਹੰਸ (ਵਾਲ) ਸੀਸ ਦੇ ਸਰੋਵਰ ਤੇ ਆ ਉਤਰਦੇ ਹਨ।

ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥
ਜੁਆਨੀ ਛਿਜਦੀ ਜਾ ਰਹੀ ਹੈ, ਬੁਢੇਪਾ ਜਿੱਤੀ ਜਾਂਦਾ ਹੈ ਅਤੇ ਦਿਹਾੜਿਆਂ ਦੇ ਗੁਜ਼ਰਨ ਨਾਲ ਉਮਰ ਕਮ ਹੋ ਰਹੀ ਹੈ, ਹੈ ਮੇਰੇ ਸੁਦਾਗਰ ਬੇਲੀਆਂ!

copyright GurbaniShare.com all right reserved. Email:-