Page 74
ਸੁਣਿ ਗਲਾ ਗੁਰ ਪਹਿ ਆਇਆ ॥
ਉਨ੍ਹਾਂ ਬਾਰੇ ਬਚਨ ਸਰਵਣ ਕਰਕੇ, ਮੈਂ ਗੁਰਾਂ ਦੇ ਕੋਲਿ ਪੁੱਜਾ।

ਨਾਮੁ ਦਾਨੁ ਇਸਨਾਨੁ ਦਿੜਾਇਆ ॥
ਉਨ੍ਹਾਂ ਦੇ ਨਾਮ, ਦਾਨ ਪੁਨ ਅਤੇ ਨ੍ਹਾਉਣ ਦੀ ਭਲਾਈ ਮੈਨੂੰ ਨਿਸਚਿਤ ਕਰਵਾ ਦਿਤੀ।

ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥
ਸੱਚੀ ਨਉਕਾ ਉਤੇ ਚੜ੍ਹ ਜਾਣ ਕਰਕੇ ਸਾਰਾ ਸੰਸਾਰ ਬਚ ਗਿਆ ਹੈ, ਹੈ ਨਾਨਕ!

ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
ਸਾਰਾ ਆਲਮ, ਦਿਹੁੰ ਰੈਣ, ਤੇਰੀ ਟਹਿਲ ਕਮਾਉਂਦਾ ਹੈ।

ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਆਪਣਾ ਕੰਨ ਦੇ ਕੇ ਮੇਰੀ ਪ੍ਰਾਰਥਨਾ ਸੁਣ, ਹੇ ਸੁਆਮੀ!

ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣੇ ਕਰਕੇ ਵੇਖ ਲਿਆ ਹੈ। ਕੇਵਲ ਤੂੰ ਹੀ ਆਪਣੀ ਖੁਸ਼ੀ ਦੁਆਰਾ ਬੰਦਿਆਂ ਨੂੰ ਬੰਦ-ਖ਼ਲਾਸ ਕਰਦਾ ਹੈਂ।

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਮਇਆਵਾਨ ਮਾਲਕ ਨੇ ਹੁਣ ਫੁਰਮਾਨ ਜਾਰੀ ਕਰ ਦਿਤਾ ਹੈ।

ਪੈ ਕੋਇ ਨ ਕਿਸੈ ਰਞਾਣਦਾ ॥
ਪਿਛੇ ਪੈ ਕੇ ਹੁਣ ਕੋਈ ਕਿਸੇ ਨੂੰ ਦੁਖਾਤ੍ਰ ਨਹੀਂ ਕਰਦਾ।

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
ਸਾਰੇ ਆਰਾਮ ਅੰਦਰ ਵਸਦੇ ਹਨ ਅਤੇ ਹੁਣ ਇਹ ਰਹਿਮਤ ਦਾ ਰਾਜ-ਭਾਗ ਹੋ ਗਿਆ ਹੈ।

ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
ਸੁਧਾਰਸ ਬੜੀ ਨਰਮੀ ਨਾਲ ਵਰ੍ਹਦਾ ਹੈ।

ਬੋਲਾਇਆ ਬੋਲੀ ਖਸਮ ਦਾ ॥
ਮੈਂ ਉਸ ਤਰ੍ਹਾਂ ਬੋਲਦਾ ਹਾਂ ਜਿਸ ਤਰ੍ਹਾਂ ਮਾਲਕ ਮੈਨੂੰ ਬੁਲਾਉਂਦਾ ਹੈ।

ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
ਤੇਰੇ ਉਤੇ ਮੈਨੂੰ ਭਾਰਾ ਫ਼ਖਰ ਹੈ, ਹੇ ਸੁਆਮੀ! ਆਪਣੀ ਖੁਸ਼ੀ ਦੁਆਰਾ ਤੂੰ ਮੇਨੂੰ ਪਰਵਾਨ ਕਰ।

ਤੇਰਿਆ ਭਗਤਾ ਭੁਖ ਸਦ ਤੇਰੀਆ ॥
ਤੇਰੇ ਅਨੁਰਾਗੀਆਂ ਨੂੰ ਸਦੀਵ ਤੇਰੀ ਭੁੱਖ ਲਗੀ ਰਹਿੰਦੀ ਹੈ।

ਹਰਿ ਲੋਚਾ ਪੂਰਨ ਮੇਰੀਆ ॥
ਹੇ ਵਾਹਿਗੁਰੂ! ਮੇਰੀਆਂ ਮਨਸ਼ਾਂ ਪੂਰੀਆਂ ਕਰ।

ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
ਹੇ ਆਰਾਮ ਬਖਸ਼ਣਹਾਰ! ਮੈਨੂੰ ਆਪਣਾ ਦੀਦਾਰ ਬਖਸ਼ ਤੇ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ।

ਤੁਧੁ ਜੇਵਡੁ ਅਵਰੁ ਨ ਭਾਲਿਆ ॥
ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਲੱਭਾ।

ਤੂੰ ਦੀਪ ਲੋਅ ਪਇਆਲਿਆ ॥
ਤੂੰ ਧਰਤੀ, ਆਕਾਸ਼ ਤੇ ਪਾਤਾਲਾਂ ਅੰਦਰ ਵਿਆਪਕ ਹੈ।

ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
ਤੂੰ ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪ੍ਰਵੇਸ਼ ਕਰ ਰਿਹਾ ਹੈਂ। ਨਾਨਕ ਤੂੰ ਆਪਣਿਆਂ ਅਨੁਰਾਗੀਆਂ ਦਾ ਸੱਚਾ ਆਸਰਾ ਹੈ।

ਹਉ ਗੋਸਾਈ ਦਾ ਪਹਿਲਵਾਨੜਾ ॥
ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਦਨਾ ਘੁਲਾਟੀਆ ਹਾਂ!

ਮੈ ਗੁਰ ਮਿਲਿ ਉਚ ਦੁਮਾਲੜਾ ॥
ਗੁਰਾਂ ਨੂੰ ਭੇਟ ਕੇ ਮੈਂ ਉੱਚੀ ਤੁਰ੍ਹੇ ਵਾਲੀ ਦਸਤਾਰ ਸਜਾ ਲਈਂ ਹੈ।

ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
ਸਾਰਾ ਘੋਲ ਵੇਖਣ ਵਾਲਾ ਮਜਮਾ ਇਕੱਤਰ ਹੋ ਗਿਆ ਹੈ ਅਤੇ ਮਿਹਰਬਾਨ ਮਾਲਕ ਆਪੇ ਬਹਿ ਕੇ ਦੇਖ ਰਿਹਾ ਹੈ।

ਵਾਤ ਵਜਨਿ ਟੰਮਕ ਭੇਰੀਆ ॥
ਵਾਜੇ, ਨਗਾਰੇ ਅਤੇ ਤੂਤੀਆਂ ਵਜਦੀਆਂ ਹਨ।

ਮਲ ਲਥੇ ਲੈਦੇ ਫੇਰੀਆ ॥
ਪਹਿਲਵਾਨ ਅਖਾੜੇ ਅੰਦਰ ਦਾਖਲ ਹੁੰਦੇ ਹਨ ਅਤੇ ਇਸ ਦੇ ਉਦਾਲੇ ਚੱਕਰ ਕੱਟਦੇ ਹਨ।

ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
ਮੈਂ ਪੰਜੇ ਚੋਬਰਾਂ (ਮੁਹਲਕ ਪਾਪਾਂ) ਦੀ ਪਿੱਠ ਲਾ ਦਿੱਤੀ ਹੈ ਅਤੇ ਗੁਰਾਂ ਨੇ ਮੇਰੀ ਪਿੱਠ ਤੇ ਮੈਨੂੰ ਥਾਪੜਾ ਦਿੱਤਾ ਹੈ।

ਸਭ ਇਕਠੇ ਹੋਇ ਆਇਆ ॥
ਸਾਰੇ ਮਿਲ ਕੇ ਇਕ ਸਮੁਦਾਇ ਵਿੱਚ ਆਏ ਹਨ।

ਘਰਿ ਜਾਸਨਿ ਵਾਟ ਵਟਾਇਆ ॥
ਉਹ ਭਿੰਨ ਭਿੰਨ ਮਾਰਗਾਂ ਰਾਹੀਂ ਆਪਣੇ ਗ੍ਰਹਿ ਜਾਣਗੇ।

ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
ਗੁਰੂ-ਅਨੁਸਾਰੀ ਨਫ਼ਾ ਕਮਾ ਕੇ ਕੂਚ ਕਰਦੇ ਹਨ ਜਦ ਕਿ ਮਨ-ਅਨੁਸਾਰੀ ਆਪਣਾ ਅਸਲ ਜ਼ਰ ਭੀ ਗੁਆ ਕੇ ਟੁਰਦੇ ਹਨ!

ਤੂੰ ਵਰਨਾ ਚਿਹਨਾ ਬਾਹਰਾ ॥
ਤੂੰ ਰੰਗਾ ਅਤੇ ਚਿੰਨ੍ਹਾਂ ਤੋਂ ਬਗੈਰ ਹੈ।

ਹਰਿ ਦਿਸਹਿ ਹਾਜਰੁ ਜਾਹਰਾ ॥
ਵਾਹਿਗੁਰੂ ਪਰਤੱਖ ਹੀ ਹਾਜ਼ਰ ਨਾਜ਼ਰ ਦਿਸਦਾ ਹੈ।

ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
ਹੇ ਖੂਬੀਆਂ ਦੇ ਖ਼ਜ਼ਾਨੇ! ਤੇਰੇ ਸਾਧੂ ਤੇਰੀ ਕੀਰਤੀ ਲਗਾਤਾਰ ਸੁਣਦੇ, ਤੇਰਾ ਸਿਮਰਨ ਕਰਦੇ ਅਤੇ ਤੇਰੇ ਨਾਲ ਰੰਗੇ ਹੋਏ ਹਨ।

ਮੈ ਜੁਗਿ ਜੁਗਿ ਦਯੈ ਸੇਵੜੀ ॥
ਹਰ ਯੁਗ ਅੰਦਰ ਮੈਂ ਵਾਹਿਗੁਰੂ ਦੀ ਬਾਂਦੀ ਹਾਂ।

ਗੁਰਿ ਕਟੀ ਮਿਹਡੀ ਜੇਵੜੀ ॥
ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਸੁਟੀਆਂ ਹਨ।

ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
ਮੈਂ ਮੁੜਕੇ ਘੁਲਣ ਵਾਲੇ ਅਖਾੜੇ ਅੰਦਰ ਨਿਰਤਕਾਰੀ ਨਹੀਂ ਕਰਾਂਗੀ। ਨਾਨਕ ਨੇ ਖੋਜ ਢੁੰਡ ਕੇ ਇਹ ਮੌਕਾ ਲੱਭ ਲਿਆ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
ਰਾਤ੍ਰੀ ਦੇ ਪਹਿਲੇ ਹਿੱਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਸਾਹਿਬ ਦੇ ਫੁਰਮਾਨ ਦੁਆਰਾ ਤੈਨੂੰ ਮਾਂ ਦੇ ਪੇਟ ਅੰਦਰ ਪਾ ਦਿੱਤਾ ਗਿਆ ਹੈ।

ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ਪੁੱਠੀ ਹੋਈ ਹੋਈ ਦੇਹਿ ਨਾਲ ਤੂੰ ਅੰਦਰ ਤਪੱਸਿਆ ਕਰਦਾ ਅਤੇ ਆਪਣੇ ਮਾਲਕ ਕੋਲਿ ਪ੍ਰਾਰਥਨਾ ਕਰਦਾ ਸੈ, ਹੈ ਮੇਰੇ ਸੁਦਾਗਰ ਬੇਲੀਆਂ!

ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
ਮੂਧੇ ਮੂੰਹ ਤੂੰ ਜੁੜੀ ਹੋਈ ਬ੍ਰਿਤੀ ਅਤੇ ਪ੍ਰੀਤ ਨਾਲ ਸੁਆਮੀ ਮੂਹਰੇ ਬੇਨਤੀ ਅਰਜ਼ ਕਰਦਾ ਸੈਂ।

ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
ਤੂੰ ਕਲਜੁਗ (ਜਗਤ) ਅੰਦਰ ਦਸਤੂਰ ਦੇ ਉਲਟ (ਨੰਗਾ) ਆਇਆਂ ਸੈ ਅਤੇ ਮੁੜ ਨੰਗਾ ਹੀ ਟੁਰ ਜਾਏਗਾ।

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
ਪ੍ਰਾਨੀ ਕੋਲਿ ਐਸਾ ਵੱਖਰ ਹੋਵੇਗਾ ਜੈਸਾ ਕਿ ਰੱਬ ਦੀ ਕਾਨੀ ਨੇ ਉਸ ਦੇ ਮੱਥੇ ਉਤੇ ਲਿਖਿਆ ਹੈ।

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥
ਗੁਰੂ ਜੀ ਫੁਰਮਾਉਂਦੇ ਹਨ, ਪਹਿਲੇ ਪਹਿਰੇ ਅੰਦਰ ਸੁਆਮੀ ਦੀ ਰਜ਼ਾ ਦੁਆਰਾ ਜਿੰਦੜੀ ਰਹਿਮ ਅੰਦਰ ਆ ਪੈਦੀ ਹੈ।

copyright GurbaniShare.com all right reserved. Email:-