ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥ ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਅਨੁਰਾਗੀਆਂ ਦੀ ਢਾਲ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ। ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥ ਪਾਣੀ ਦੇ ਬਗੈਰ ਮੱਛੀ ਦੀ ਤਰ੍ਹਾਂ, ਉਹ ਪ੍ਰਭੂ ਦੇ ਨਾਮ ਦੇ ਬਗੈਰ ਜੀਉ ਨਹੀਂ ਸਕਦੇ। ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥ ਵਾਹਿਗੁਰੂ ਨਾਲ ਮਿਲ ਕੇ ਮੇਰਾ ਜੀਵਨ ਫਲਦਾਇਕ ਹੋ ਗਿਆ ਹੈ। ਸੁਆਮੀ ਨੇ ਆਪੇ ਹੀ ਮੈਨੂੰ ਸੰਪੂਰਨ ਕੀਤਾ ਹੈ। ਬਿਲਾਵਲੁ ਮਹਲਾ ੪ ਸਲੋਕੁ ॥ ਬਿਲਾਵਲ ਚੌਥੀ ਪਾਤਿਸ਼ਾਹੀ। ਸਲੋਕ। ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥ ਸੁਆਮੀ ਵਾਹਿਗੁਰੂ ਆਪਣੇ ਮਿਤ੍ਰ ਦੀ ਭਾਲ ਕਰ। ਪਰਮ ਚੰਗੇ ਨਸੀਬਾਂ ਰਾਹੀਂ ਉਹ ਚਿੱਤ ਅੰਦਰ ਟਿਕਦਾ ਹੈ। ਗੁਰਿ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗੁ ॥੧॥ ਪੂਰਨ ਗੁਰਦੇਵ ਜੀ, ਹੇ ਨਾਨਕ! ਤੇਰਾ ਪ੍ਰਭੂ ਨਾਲ ਪਿਆਰ ਪਾ ਦੇਣਗੇ ਅਤੇ ਮੈਨੂੰ ਉਸ ਦਾ ਦੀਦਾਰ ਕਰਵਾ ਦੇਣਗੇ। ਛੰਤ। ਛੰਤ ॥ ਛੰਤ। ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ ॥ ਹੰਕਾਰ ਦੀ ਜ਼ਹਿਰ ਨੂੰ ਨਵਿਰਤ ਕਰ ਕੇ, ਪਤਨੀ ਆਪਣੇ ਸੁਆਮੀ ਮਾਲਕ ਨੂੰ ਮਾਣਨ ਲਈ ਆਈ ਹੈ। ਗੁਰਮਤਿ ਆਪੁ ਮਿਟਾਇਆ ਹਰਿ ਹਰਿ ਲਿਵ ਲਾਗੇ ਰਾਮ ॥ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੇ ਆਪਣੇ ਆਪੇ ਨੂੰ ਮੇਟ ਦਿੱਤਾ ਹੈ, ਆਪਣੇ ਸੁਆਮੀ ਮਾਲਕ ਨਾਲ ਇਕਸੁਰ ਹੋ ਗਈ ਹੈ। ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ॥ ਉਸ ਦਾ ਦਿਲ ਕੰਵਲ ਪ੍ਰਫੁਲਤ ਹੋ ਗਿਆ ਹੈ ਅਤੇ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵੀਚਾਰ ਉਸ ਅੰਦਰ ਜਾਗ ਪਈ ਹੈ। ਜਨ ਨਾਨਕ ਹਰਿ ਪ੍ਰਭੁ ਪਾਇਆ ਪੂਰੈ ਵਡਭਾਗੇ ਰਾਮ ॥੧॥ ਪੂਰਨ ਭਾਗਾਂ ਵਾਲਾ ਹੈ ਗੋਲਾ ਨਾਨਕ, ਜਿਸ ਨੇ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਕਰ ਲਿਆ ਹੈ। ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ ॥ ਵਾਹਿਗੁਰੂ ਸੁਆਮੀ ਮਾਲਕ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਮੈਂ ਪਰਮ ਪ੍ਰਸਨ ਹੋ ਗਿਆ ਹਾਂ। ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ ॥ ਆਪਣੇ ਪੂਰਨ ਗੁਰਾਂ ਦੇ ਰਾਹੀਂ ਮੈਂ ਸਾਹਿਬ ਨੂੰ ਪਾ ਲਿਆ ਹੈ ਅਤੇ ਮੇਰੀ ਸੁਆਮੀ ਵਾਹਿਗੁਰੂ ਨਾਲ ਪ੍ਰੀਤ ਪੈ ਗਈ ਹੈ। ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ ॥ ਮੇਰਾ ਬੇ-ਸਮਝੀ ਦਾ ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਰੱਬੀ ਨੂਰ ਮੇਰੇ ਤੇ ਨਾਜ਼ਲ ਹੋ ਗਿਆ ਹੈ। ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥ ਨੌਕਰ ਨਾਨਕ ਨੂੰ ਨਾਮ ਦਾ ਹੀ ਆਸਰਾ ਹੈ ਅਤੇ ਸਾਈਂ ਦੇ ਨਾਮ ਅੰਦਰ ਹੀ ਉਹ ਲੀਨ ਹੁੰਦਾ ਹੈ। ਧਨ ਹਰਿ ਪ੍ਰਭਿ ਪਿਆਰੈ ਰਾਵੀਆ ਜਾਂ ਹਰਿ ਪ੍ਰਭ ਭਾਈ ਰਾਮ ॥ ਪ੍ਰੀਤਮ ਵਾਹਿੁਗਰੂ ਸੁਆਮੀ ਪਤਨੀ ਨੂੰ ਮਾਣਦਾ ਹੈ, ਜਦ ਉਹ ਵਾਹਿਗੁਰੂ ਸੁਆਮੀ ਉਸ ਨਾਲ ਪ੍ਰਸੰਨ ਹੋ ਜਾਂਦਾ ਹੈ। ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ ॥ ਮੇਰੇ ਨੇਤ੍ਰ ਪ੍ਰਭੂ ਦੀ ਪ੍ਰੀਤ ਵੱਲ ਐਉਂ ਖਿਚੇ ਹੋਏ ਹਨ, ਜਿਸ ਤਰ੍ਹਾਂ ਬਿੱਲੀ ਦੇ ਚੂਹੇ ਵੱਲ। ਗੁਰਿ ਪੂਰੈ ਹਰਿ ਮੇਲਿਆ ਹਰਿ ਰਸਿ ਆਘਾਈ ਰਾਮ ॥ ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਸੁਆਮੀ ਦੇ ਅੰਮ੍ਰਿਤ ਨਾਲ ਮੈਂ ਰੱਜ ਗਿਆ ਹਾਂ। ਜਨ ਨਾਨਕ ਨਾਮਿ ਵਿਗਸਿਆ ਹਰਿ ਹਰਿ ਲਿਵ ਲਾਈ ਰਾਮ ॥੩॥ ਗੋਲਾ ਨਾਨਕ ਨਾਮ ਦੇ ਰਾਹੀਂ ਪ੍ਰਸੰਨ ਹੋ ਗਿਆ ਹੈ ਅਤੇ ਰੱਬ ਦੇ ਨਾਮ ਨਾਲ ਹੀ ਉਸ ਨੇ ਪਿਆਰ ਪਾਇਆ ਹੈ। ਹਮ ਮੂਰਖ ਮੁਗਧ ਮਿਲਾਇਆ ਹਰਿ ਕਿਰਪਾ ਧਾਰੀ ਰਾਮ ॥ ਵਾਹਿਗੁਰੂ ਨੇ ਆਪਣੀ ਰਹਿਮਤ ਕੀਤੀ ਹੈ ਅਤੇ ਮੈਂ ਬੇਵਕੂਫ ਤੇ ਬੁੱਧੂ ਨੂੰ ਆਪਣੇ ਨਾਲ ਮਿਲਾ ਲਿਆ ਹੈ। ਧਨੁ ਧੰਨੁ ਗੁਰੂ ਸਾਬਾਸਿ ਹੈ ਜਿਨਿ ਹਉਮੈ ਮਾਰੀ ਰਾਮ ॥ ਵਾਹ, ਵਾਹ ਹਨ ਮੁਬਾਰਕ ਗੁਰਦੇਵ ਜੀ, ਜਿਨ੍ਹਾਂ ਨੇ ਮੇਰੇ ਅੰਦਰੋਂ ਹੰਕਾਰ ਮਾਰ ਮੁਕਾਇਆ ਹੈ! ਜਿਨ੍ਹ੍ਹ ਵਡਭਾਗੀਆ ਵਡਭਾਗੁ ਹੈ ਹਰਿ ਹਰਿ ਉਰ ਧਾਰੀ ਰਾਮ ॥ ਪਰਮ ਚੰਗੇ ਨਸੀਬਾਂ ਵਾਲੇ, ਜਿਨ੍ਹਾਂ ਦੀ ਸਰੇਸ਼ਟ ਪ੍ਰਾਲਭਧ ਹੈ, ਸੁਆਮੀ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਜਨ ਨਾਨਕ ਨਾਮੁ ਸਲਾਹਿ ਤੂ ਨਾਮੇ ਬਲਿਹਾਰੀ ਰਾਮ ॥੪॥੨॥੪॥ ਤੂੰ ਪ੍ਰਭੂ ਦੇ ਨਾਮ ਦੀ ਉਸਤਤੀ ਕਰ, ਹੇ ਗੋਲੇ ਨਾਨਕ! ਅਤੇ ਪ੍ਰਭੂ ਦੇ ਨਾਮ ਉਤੋਂ ਕੁਰਬਾਨ ਹੋ ਜਾ। ਬਿਲਾਵਲੁ ਮਹਲਾ ੫ ਛੰਤ ਬਿਲਾਵਲ ਪੰਜਵੀਂ ਪਾਤਿਸ਼ਾਹੀ। ਛੰਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ ਖੁਸ਼ੀ ਦਾ ਅਵਸਰ ਆ ਬਣਿਆ ਹੈ ਅਤੇ ਮੈਂ ਆਪਣੇ ਸੁਆਮੀ ਦੀ ਕੀਰਤੀ ਗਾਉਂਦਾ ਹੈ। ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥ ਮੈਂ ਆਪਣੇ ਅਮਰ ਲਾੜੇ ਸਾਰੇ ਸੁਣਿਆ ਹੈ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ। ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ ਮੇਰੇ ਚਿੱਤ ਅੰਦਰ ਪ੍ਰੇਮ ਹੈ। ਸਰੇਸ਼ਟ ਪ੍ਰਾਲਭਧ ਰਾਹੀਂ ਮੈਂ ਆਪਣੇ ਮੁਕੰਮਲ ਮਾਲਕ ਨਾਲ ਕਦੋਂ ਮਿਲਾਂਗੀ? ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥ ਹੇ ਮੇਰੀ ਸਹੇਲੀਏ! ਤੂੰ ਮੈਨੂੰ ਇਸ ਤਰ੍ਹਾਂ ਦੀ ਸਿੱਖ-ਮਤ ਦੇ ਕਿ ਮੈਂ ਆਲਮ ਦੇ ਸੁਆਮੀ ਨੂੰ ਪਾ ਲਵਾਂ ਅਤੇ ਸੁਖੈਨ ਹੀ ਉਸ ਅੰਦਰ ਲੀਨ ਹੋ ਜਾਵਾਂ। ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥ ਦਿਨ ਰਾਤ ਖਲੋ ਕੇ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦੀ ਹਾਂ। ਕਿਸ ਤਰੀਕੇ ਨਾਲ ਮੈਂ ਆਪਣੇ ਕੰਤ ਨੂੰ ਪਾ ਸਕਦੀ ਹਾਂ? ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥ ਗੁਰੂ ਜੀ ਬਿਨੇ ਕਰਦੇ ਹਨ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ, ਹੇ ਸੁਆਮੀ! ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ ਖੁਸ਼ੀ ਉਤਪੰਨ ਹੋ ਗਈ ਹੈ, ਕਿ ਮੈਂ ਵਾਹਿਗੁਰੂ ਦੇ ਜਵੇਹਰ ਨੂੰ ਖਰੀਦ ਲਿਆ ਹੈ। ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ ਖੋਜੀ ਨੇ ਖੋਜ ਕੱਢ ਕੇ, ਜਵੇਹਰ ਨੂੰ ਸਾਧੂਆਂ ਕੋਲੋਂ ਲੱਭ ਲਿਆ ਹੈ। ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥ ਮਿਹਰਬਾਨੀ ਕਰ ਕੇ ਲਾਡਲੇ ਸਾਧੂ ਮੈਨੂੰ ਮਿਲ ਪਏ ਅਤੇ ਮੈਂ ਹੁਣ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸੋਚਦਾ ਸਮਝਦਾ ਹਾਂ। ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥ ਇਕਾਗਰ ਮਨ ਅਤੇ ਇਕ ਦਿਲ ਨਾਲ ਮੈਂ ਮੁਹੱਬਤ ਤੇ ਪ੍ਰੇਮ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ ॥ ਹੱਥ ਬੰਨ੍ਹ ਕੇ, ਮੈਂ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ, "ਹੇ ਵਾਹਿਗੁਰੂ! ਮੈਨੂੰ ਆਪਣੀ ਸਿਫ਼ਤ-ਸ਼ਲਾਘਾ ਦਾ ਨਫਾ ਪ੍ਰਦਾਨ ਕਰ। ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥ ਨਾਨਕ ਬੇਨਤੀ ਕਰਦਾ ਹੈ, "ਮੈਂ ਤੇਰਾ ਗੋਲਾ ਹਾਂ ਅਤੇ ਤੂੰ ਮੇਰਾ ਬੇਅੰਤ ਅਤੇ ਬੇਥਾਹ ਸੁਆਮੀ ਹੈਂ। copyright GurbaniShare.com all right reserved. Email |