Page 846

ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥
ਮੇਰੀ ਮਿਲਾਪ ਦੀ ਮਿਥੀ ਹੋਈ ਤਰੀਕ ਅਮੇਟ ਹੈ ਅਤੇ ਸੰਪੂਰਨ ਹੈ ਮੇਰੇ ਸੁਆਮੀ ਨਾਲ ਮੇਰਾ ਮਿਲਾਪ।

ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥
ਮੈਂ ਮੁਕੰਮਲ ਆਰਾਮ ਅੰਦਰ ਹਾਂ ਅਤੇ ਉਸ ਨਾਲੋਂ ਮੇਰਾ ਵਿਛੋੜਾ ਮੁੱਕ ਗਿਆ।

ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ ॥
ਸਾਧੂ ਇਕੱਠੇ ਹੋ ਆਉਂਦੇ ਹਨ ਅਤੇ ਸਾਹਿਬ ਦਾ ਸਿਮਰਨ ਕਰਦੇ ਹਨ। ਉਹ ਬਰਾਤ ਦੇ ਅਦਭੁਤ ਜਾਂਞੀ ਬਣਦੇ ਹਨ।

ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥
ਇਕੱਠੇ ਹੋ ਕੇ ਉਹ ਪਤਨੀ ਦੇ ਨਿਵਾਸ ਅਸਥਾਨ ਤੇ ਸ਼ਾਂਤੀ ਨਾਲ ਜਾ ਢੁੱਕਦੇ ਹਨ ਅਤੇ ਮੇਰੀ, ਦਿਲੀ ਪਿਆਰ ਨਾਲ, ਉਨ੍ਹਾਂ ਦਾ ਸੁਆਗਤ ਕਰਦੇ ਹਨ।

ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ ॥
ਤਾਣੇ ਪੇਟੇ ਦੀ ਤਰ੍ਹਾਂ ਪਤਨੀ ਦਾ ਨੂਰ ਉਸ ਦੇ ਸੁਆਮੀ ਦੇ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਸਾਰੇ ਪੁਰਸ਼ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਨੂੰ ਛੱਕਦੇ ਹਨ।

ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥
ਨਾਨਕ ਬੇਨਤੀ ਕਰਦਾ ਹੈ, ਸਾਧੂ ਨੇ ਮੈਨੂੰ ਪੂਰਨ ਤੌਰ ਤੇ ਮੇਰੇ ਸੁਆਮੀ ਨਾਲ ਮਿਲਾ ਦਿੱਤਾ ਹੈ, ਜੋ ਸਾਰੇ ਕਾਰਜ ਕਰਨ ਨੂੰ ਸਮਰਥ ਹੈ।

ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ ॥
ਸੁੰਦਰ ਹੈ ਮੇਰਾ ਘਰ ਅਤੇ ਸੁਲੱਖਣਾ ਹੈ ਮੇਰਾ ਵਿਹੜਾ।

ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ ॥
ਗੁਰਾਂ ਦੇ ਪੈਰੀ ਪੈਣ ਦੁਆਰਾ, ਮੇਰਾ ਸੁਆਮੀ ਮੇਰੇ ਘਰ ਅੰਦਰ ਆ ਗਿਆ ਹੈ।

ਗੁਰ ਚਰਣ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥
ਗੁਰਾਂ ਦੇ ਪੈਰੀ ਡਿੱਗ ਕੇ ਮੈਂ ਆਰਾਮ ਅਤੇ ਅਡੋਲਤਾ ਅੰਦਰ ਜਾਗ ਉਠੀ ਹਾਂ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।

ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ ॥
ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੇਰੀ ਉਮੀਦ ਪੂਰੀ ਹੋ ਗਈ ਹੈ ਅਤੇ ਮੈਂ ਚਿਰ ਦੇ ਵਿਛੋੜੇ ਮਗਰੋਂ ਵਾਹਿਗੁਰੂ ਆਪਣੇ ਭਰਤੇ, ਨੂੰ ਮਿਲ ਪਈ ਹਾਂ।

ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ ॥
ਰਾਤ ਦਿਨ ਮੈਂ ਖੁਸ਼ੀ ਅੰਦਰ ਵਸਦੀ ਹਾਂ ਅਤੇ ਬੈਕੰੁੰਠੀ ਕੀਰਤਨ ਗੂੰਜ ਰਿਹਾ ਹੈ। ਆਪਣੇ ਮਨੂਏ ਦੀ ਹੰਕਾਰੀ ਬੁੱਧ ਮੈਂ ਛੱਡ ਦਿੱਤੀ ਹੈ।

ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥
ਨਾਨਕ ਪ੍ਰਾਰਥਨਾ ਕਰਦਾ ਹੈ, "ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਸਤਿ ਸੰਗਤ ਅੰਦਰ ਮੈਂ ਉਸ ਨਾਲ ਇਕ-ਸੁਰ ਹੋ ਗਈ ਹਾਂ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥
ਮੈਂ ਮੁਬਾਰਕ ਪ੍ਰਾਲਭਧ ਵਾਲਾ ਹਾਂ ਕਿਉਂ ਜੋ ਮੇਰਾ ਵਾਹਿਗੁਰੂ ਮੇਰਾ ਭਰਤਾ ਹੈ।

ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥
ਉਸ ਦੀ ਦਰਗਾਹ ਅੰਦਰ ਸੁਤੇ ਹੀ ਇਕ-ਰਸ ਇਲਾਹੀ ਕੀਰਤਨ ਹੋ ਰਿਹਾ ਹੈ।

ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥
ਖੁਸ਼ੀ ਅੰਦਰ ਸਦੀਵ ਹੀ ਸੰਗੀਤਕ ਸਾਜ਼ਾਂ ਦਾ ਵੱਜਣਾ ਸੁਣਦਾ ਹੋਇਆ, ਮੈਂ ਰਾਤ ਦਿਨ ਪ੍ਰਸੰਨਤਾ ਅੰਦਰ ਵਸਦਾ ਹਾਂ।

ਤਹ ਰੋਗ ਸੋਗ ਨ ਦੂਖੁ ਬਿਆਪੈ ਜਨਮ ਮਰਣੁ ਨ ਤਾਹਾ ॥
ਬੀਮਾਰੀ, ਅਫਸੋਸ ਅਤੇ ਪੀੜ ਉਥੇ ਦੁਖੀ ਨਹੀਂ ਕਰਦੇ, ਨਾਂ ਹੀ ਉਥੇ ਪੈਦਾਇਸ਼ ਜਾਂ ਮੌਤ ਹੈ।

ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ ॥
ਉਥੇ ਧਨਸੰਪ੍ਰਦਾ, ਕਰਾਮਾਤੀ ਸ਼ਕਤੀਆਂ, ਆਬਿ-ਹਿਯਾਤ, ਅਮਿਉਂ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਦੇ ਨਾਲ ਖਜਾਨੇ ਪਰੀਪੂਰਨ ਹਨ।

ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥੧॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਆਪਣੀ ਜਿੰਦ-ਜਾਨ ਦੇ ਆਸਰੇ, ਪਰਮ ਪ੍ਰਭੂ ਉਤੋਂ ਕੁਰਬਾਨ ਜਾਂਦਾ ਹਾਂ।

ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ ॥
ਸ੍ਰਵਣ ਕਰੋ, ਹੇ ਮੇਰੀ ਸੱਜਣੀਓ ਤੇ ਸਹੇਲੀਓ! ਆਓ ਆਪਾਂ ਮਿਲ ਕੇ ਖੁਸ਼ੀ ਦਾ ਗੀਤ ਗਾਇਨ ਕਰੀਏ।

ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ ॥
ਆਤਮਾ ਅਤੇ ਦੇਹ ਨਾਲ ਉਸ ਆਪਣੇ ਸੁਆਮੀ ਨੂੰ ਪਿਆਰ ਕਰ ਕੇ, ਆਓ ਆਪਣਾ ਉਸ ਦਾ ਅਨੰਦ ਮਾਣੀਏ।

ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ ॥
ਉਸ ਨੂੰ ਪਿਆਰ ਨਾਲ ਯਾਦ ਕਰਨ ਦੁਆਰਾ, ਅਸੀਂ ਉਸ ਨੂੰ ਚੰਗੀਆਂ ਲੱਗਦੀਆਂ ਹਾਂ ਅਤੇ ਇਕ ਮੁਹਤ ਤੇ ਛਿਨ ਭਰ ਲਈ ਭੀ ਉਸ ਨੂੰ ਨਹੀਂ ਭੁਲਾਉਂਦੀਆਂ।

ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ ॥
ਆਓ ਆਪਾਂ ਉਸ ਨੂੰ ਆਪਣੀ ਛਾਤੀ ਨਾਲ ਘੁੱਟਕੇ ਲਾਈਏ, ਸੰਗ ਨਾਂ ਕਰੀਏ, ਅਤੇ ਆਪਣੀ ਆਤਮਾ ਨੂੰ ਉਸ ਦੇ ਪੈਰਾਂ ਦੀ ਧੂੜ ਵਿੱਚ ਨੁਹਾਈਏ।

ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ ॥
ਆਓ ਆਪਾਂ ਸ਼ਰਧਾ ਪ੍ਰੇਮ ਦੀ ਨਸ਼ੀਲੀ ਬੂਟੀ ਵਰਤ ਕੇ ਉਸ ਨੂੰ ਮੋਹਿਤ ਕਰ ਲਈਏ ਅਤੇ ਹੋਰ ਕਿਧਰੇ ਭੰਬਲਭੂਸੇ ਨਾਂ ਖਾਈਏ।

ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਾਵਹ ॥੨॥
ਗੁਰੂ ਜੀ ਬੇਨਤੀ ਕਰਦੇ ਹਨ, ਵਾਹਿਗੁਰੂ ਮਿੱਤ੍ਰ ਨਾਲ ਮਿਲ ਕੇ ਆਓ ਆਪਾਂ ਅਬਿਨਾਸੀ ਮਰਤਬੇ ਨੂੰ ਪਰਾਪਤ ਕਰੀਏ।

ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥
ਅਸਚਰਜ, ਅਸਚਰਜ ਮੈਂ ਹੋ ਗਈ ਹਾਂ, ਆਪਣੇ ਅਮਰ ਸੁਆਮੀ ਦੀਆਂ ਖੂਬੀਆਂ ਵੇਖ ਕੇ।

ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ ॥
ਉਸ ਨੇ ਮੇਰਾ ਹੱਥ ਫੜ ਲਿਆ, ਬਾਂਹ ਪਕੜ ਲਈ ਅਤੇ ਮੇਰੀ ਮੌਤ ਦੀ ਫਾਹੀ ਵੱਢ ਸੁੱਟੀ ਹੈ।

ਗਹਿ ਭੁਜਾ ਲੀਨ੍ਹ੍ਹੀ ਦਾਸਿ ਕੀਨ੍ਹ੍ਹੀ ਅੰਕੁਰਿ ਉਦੋਤੁ ਜਣਾਇਆ ॥
ਮੈਨੂੰ ਬਾਂਹੋਂ ਪਕੜ ਕੇ ਸੁਆਮੀ ਨੇ ਮੈਨੂੰ ਆਪਣੀ ਨੌਕਰਾਣੀ ਬਣਾ ਲਿਆ ਹੈ ਅਤੇ ਮੇਰੀ ਪ੍ਰਾਲਭਧ ਦਾ ਅੰਗੂਰ ਪੁੰਗਰ ਕੇ ਦਿਸ ਪਿਆ ਹੈ।

ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ॥
ਮਲੀਨਤਾ, ਸੰਸਾਰੀ ਮਮਤਾ ਅਤੇ ਪਾਪ ਦੌੜ ਗਏ ਹਨ ਅਤੇ ਚੰਗਾ ਦਿਹਾੜਾ ਚੜ੍ਹ ਪਿਆ ਹੈ।

ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ ॥
ਸਾਈਂ ਨੇ ਆਪਣੀ ਮਿਹਰ ਦੀ ਨਿਗ੍ਹਾ ਕੀਤੀ ਹੈ, ਉਹ ਮੈਨੂੰ ਦਿਲੋਂ ਪਿਆਰ ਕਰਦਾ ਹੈ ਅਤੇ ਮੇਰੀ ਪਰਮ ਮੰਦੀ-ਅਕਲ ਦੂਰ ਹੋ ਗਈ ਹੈ।

ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥੩॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਪਵਿੱਤਰ ਹੋ ਗਈ ਆਂ ਅਤੇ ਆਪਣੇ ਅਮਰ ਸੁਆਮੀ ਨਾਲ ਮਿਲ ਗਈ ਹਾਂ।

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
ਜਿਸ ਤਰ੍ਹਾਂ ਕਿਰਨ ਸੂਰਜ ਨਾਲ ਅਭੇਦ ਹੋ ਜਾਂਦੀ ਹੈ ਅਤੇ ਪਾਣੀ ਪਾਣੀ ਹੀ ਹੋ ਜਾਂਦਾ ਹੈ,

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਇਸੇ ਤਰ੍ਹਾਂ ਹੀ ਮਨੁੱਖੀ-ਪ੍ਰਕਾਸ਼, ਪਰਮ ਪਰਕਾਸ਼ ਅੰਦਰ ਲੀਨ ਹੋ ਕੇ ਮੁਕੰਮਲ ਹੋ ਜਾਂਦਾ ਹੈ।

ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
ਮੈਂ ਹੁਣ ਪ੍ਰਭੂ ਨੂੰ ਵੇਖਦਾ ਹਾਂ, ਪ੍ਰਭੂ ਬਾਰੇ ਹੀ ਸੁਣਦਾ ਹਾਂ ਅਤੇ ਕੇਵਲ ਇਕ ਪ੍ਰਭੂ ਨੂੰ ਹੀ ਵਰਣਨ ਕਰਦਾ ਹਾਂ।

ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
ਪਰਮ ਆਤਮਾ ਹੀ ਸੰਸਾਰ ਦੀ ਸਿਰਜਣਹਾਰ ਹੈ। ਸੁਆਮੀ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।

ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
ਸਾਈਂ ਆਪੇ ਸਿਰਜਣਹਾਰ ਹੈ ਤੇ ਆਪੇ ਹੀ ਅਨੰਦ ਮਾਣਨ ਵਾਲਾ ਹੈ। ਉਸ ਨੇ ਆਪ ਹੀ ਆਲਮ ਬਣਾਇਆ ਹੈ।

ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥
ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਇਸ ਭੇਤ ਨੂੰ ਸਮਝਦੇ ਹਨ ਜੋ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।

copyright GurbaniShare.com all right reserved. Email