Page 1214

ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥
ਗੁਰੂ ਜੀ ਆਖਦੇ ਹਨ, ਸਾਧ ਸੰਗਤ ਨਾਲ ਮਿਲ ਕੇ ਮੈਂ ਪ੍ਰਸੰਨ ਹੋ ਗਿਆ ਹਾਂ ਅਤੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਗਈ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਸ਼ਾਹੀ।

ਅਪਨਾ ਮੀਤੁ ਸੁਆਮੀ ਗਾਈਐ ॥
ਤੂੰ ਆਪਣੇ ਮਾਲਕ ਮਿੱਤ੍ਰ ਦੀ ਮਹਿਮਾ ਗਾਇਨ ਕਰ।

ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥
ਹੋਰ ਕਿਸੇ ਉਤੇ ਤੂੰ ਆਪਣੀ ਉਮੈਦ ਨ ਬੰਨ੍ਹ ਅਤੇ ਆਪਣੇ ਖੁਸ਼ੀ ਬਖਸ਼ਣਹਾਰ ਸੁਆਮੀ ਦਾ ਸਿਮਰਨ ਕਰ। ਠਹਿਰਾਉ।

ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥
ਤੂੰ ਉਸ ਦੀ ਪਨਾਹ ਲੈ, ਜਿਸ ਦੇ ਘਰ ਵਿੱਚ ਆਰਾਮ, ਅਨੰਦ ਅਤੇ ਮੁਕਤੀ ਹਨ।

ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥੧॥
ਉਸ ਦੇ ਛੱਡ ਕੇ, ਜੇਕਰ ਤੂੰ ਇਨਸਾਨ ਦੀ ਟਹਿਲ ਕਮਾਵੇਗਾ, ਤਾਂ ਤੇਰੀ ਇੱਜ਼ਤ ਪਾਣੀ ਵਿੱਚ ਲੂਣ ਦੀ ਤਰ੍ਹਾਂ ਘੁਲ ਜਾਏਗੀ।

ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥
ਮੈਂ ਇਕ ਪ੍ਰਭੂ ਦੀ ਹੀ ਪਨਾਹ ਪਕੜੀ ਹੈ ਅਤੇ ਗੁਰਾਂ ਨਾਲ ਮਿਲ ਕੇ ਮੈਨੂੰ ਸਿਆਣਪ ਤੇ ਸਮਝ ਪਰਾਪਤ ਹੋ ਗਈ ਹੈ।

ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ ॥੨॥੨੬॥੪੯॥
ਹੇ ਨਾਨਕ! ਨੇਕੀਆਂ ਦਾ ਖ਼ਜ਼ਾਨਾ, ਮੇਰਾ ਪ੍ਰਭੂ ਮੈਨੂੰ ਮਿਲ ਪਿਆ ਹੈ ਅਤੇ ਮੇਰੀ ਲੋਕਾਂ ਦੀ ਸਾਰੀ ਮੁਥਾਜੀ ਚੁੱਕੀ ਗਈ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਓਟ ਸਤਾਣੀ ਪ੍ਰਭ ਜੀਉ ਮੇਰੈ ॥
ਮੈਨੂੰ ਆਪਣੇ ਮਹਾਰਾਜ ਮਾਲਕ ਦਾ ਜੋਰਾਵਰ ਆਸਰਾ ਹੈ;

ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥
ਮੈਂ ਕਿਸੇ ਹੋਰਸ ਵੱਲ ਨਹੀਂ ਝਾਕਦਾ, ਮੇਰੀ ਇੱਜ਼ਤ ਅਤੇ ਪ੍ਰਭਤਾ ਤੇਰੇ ਹੱਥ ਵਿੱਚ ਹਨ, ਹੇ ਸੁਆਮੀ! ਠਹਿਰਾਉ।

ਅੰਗੀਕਾਰੁ ਕੀਓ ਪ੍ਰਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ ॥
ਮੇਰੇ ਪ੍ਰਭੂ ਨੇ ਮੇਰਾ ਪੱਖ ਲਿਆ ਹੈ ਅਤੇ ਮੈਨੂੰ ਪਾਪਾਂ ਦੀ ਘੁਮਣਘੇਰੀ ਵਿੱਚੋ ਬਾਹਰ ਕੱਢ ਲਿਆ ਹੈ।

ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥੧॥
ਸੁਧਾਰਸ ਨਾਮ ਦੀ ਦਵਾਈ ਮਾਲਕ ਨੇ ਮੇਰੇ ਮੂੰਹ ਵਿੱਚ ਪਾਈ ਹੈ ਅਤੇ ਜਾ ਕੇ ਮੈਂ ਗੁਰਾਂ ਦੇ ਪੈਰੀ ਪੈ ਗਿਆ ਹਾਂ।

ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ ॥
ਇਕ ਮੂੰਹ ਨਾਲ ਤੇਰੀ ਕੀਰਤੀ ਮੈਂ ਕੀ ਉਚਾਰਨ ਸਕਦਾ ਹਾਂ? ਤੂੰ ਗੁਣ-ਵਿਹੁਣਾ ਨੂੰ ਭੀ ਦੇਣਹਾਰ ਹੈ।

ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥੨॥੨੭॥੫੦॥
ਗੁਰੂ ਜੀ ਆਖਦੇ ਹਨ, ਫਾਹੀ ਕੱਟ ਕੇ ਜਦ ਤੂੰ ਮੈਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ, ਹੇ ਪ੍ਰਭੂ! ਤਾਂ ਮੈਨੂੰ ਬਹੁਤ ਆਰਾਮ ਪਰਾਪਤ ਹੋ ਜਾਂਦੇ ਹਨ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ!

ਪ੍ਰਭ ਸਿਮਰਤ ਦੂਖ ਬਿਨਾਸੀ ॥
ਸਾਈਂ ਦਾ ਆਰਾਧਨ ਕਰਨ ਨਾਲ, ਦੁਖੜੇ ਨਾਸ ਹੋ ਜਾਂਦੇ ਹਨ।

ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥੧॥ ਰਹਾਉ ॥
ਜਦ ਜਿੰਦੜੀ ਨੂੰ ਆਰਾਮ ਦੇਣਹਾਰ ਸੁਆਮੀ ਮਿਹਰਬਾਨ ਹੋ ਜਾਂਦਾ ਹੈ ਤਾਂ ਬੰਦਾ ਪੂਰੀ ਤਰ੍ਹਾਂ ਸੁਰਖਰੂ ਹੋ ਜਾਂਦਾ ਹੈ।

ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥
ਸੁਆਮੀ ਦੇ ਬਗੈਰ, ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ, ਦਸ ਹੋਰ ਕਿਹਦੇ ਕੋਲ ਜੀਵ ਜਾਵੇ?

ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥
ਜਿਸ ਤਰ੍ਹਾਂ ਤੂੰ ਚੰਗਾ ਸਮਝਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸਾਈਂ ਮੈਂ ਆਪਣੇ ਆਪ ਨੂੰ ਹੀ ਪੂਰੀ ਤਰ੍ਹਾਂ ਤੇਰੇ ਸਮਰਪਨ ਕਰ ਦਿੱਤਾ ਹੈ।

ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥
ਆਪਣਾ ਹੱਥ ਦੇ ਕੇ, ਸਦੀਵੀ ਸਥਿਰ ਸੁਆਮੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਨੂੰ ਕਾਲ-ਸਥਾਈ ਜਿੰਦਗੀ ਪਰਦਾਨ ਕੀਤੀ ਹੈ।

ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥੨॥੨੮॥੫੧॥
ਗੁਰੂ ਜੀ ਆਖਦੇ ਹਨ, ਮੇਰੇ ਚਿੱਤ ਅੰਦਰ ਖੁਸ਼ੀ ਹੈ ਅਤੇ ਮੇਰੇ ਨਹੀਂ ਮੌਤ ਦੀ ਫਾਹੀ ਕੱਟੀ ਗਈ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਮੇਰੋ ਮਨੁ ਜਤ ਕਤ ਤੁਝਹਿ ਸਮ੍ਹ੍ਹਾਰੈ ॥
ਮੇਰੀ ਜਿੰਦੜੀ ਸਦੀਵ ਹੀ ਤੈਨੂੰ ਯਾਦ ਕਰਦੀ ਹੈ, ਹੇ ਸੁਆਮੀ!

ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥
ਮੈਂ ਤੇਰਾ ਬੇਬਸ ਬੱਚਾ ਹਾਂ ਅਤੇ ਤੂੰ ਮੇਰਾ ਬਾਬਲ-ਸੁਆਮੀ ਹੈ। ਜਿਸ ਤਰ੍ਹਾਂ ਤੂੰ ਮੁਨਾਸਬ ਖਿਆਲ ਕਰਦਾ ਹੈ ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਠਹਿਰਾਉ।

ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥
ਜਦ ਭੁੱਖਾ ਹੁੰਦਾ ਹਾਂ, ਤਦ ਮੈਂ ਖਾਣਾ ਮੰਗਦਾ ਹਾਂ ਅਤੇ ਰੱਜਿਆ ਹੋਇਆ ਮੈਂ ਸਮੂਹ ਅਨੰਦ ਵਿੱਚ ਹੁੰਦਾ ਹਾਂ।

ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥
ਜਦ ਮੈਂ ਤੇਰੇ ਨਾਲ ਵਸਦਾ ਹਾਂ, ਤਦ ਮੈਂ ਨਵਾ ਨਰੋਆ ਹਾਂ। ਤੇਰੇ ਨਾਲੋ ਵਿਛੜ ਕੇ ਮੈਂ ਮਿੱਟੀ ਹੋ ਜਾਂਦਾ ਹਾਂ।

ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥
ਹੇ ਪ੍ਰਭੂ! ਉਸਾਰਣਹਾਰ ਅਤੇ ਢਾਹੁਣਹਾਰ, ਤੇਰੇ ਗੋਲਿਆਂ ਦੇ ਗੋਲੇ ਦੇ ਵੱਸ ਵਿੱਚ ਕੀ ਹੈ?

ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥
ਨਾਨਕ ਇਹ ਬੇਨਤੀ ਕਰਦਾ ਹੈ ਕਿ ਕੇਵਲ ਤਦ ਹੀ ਜੀਵ ਸਦੀਵੀ ਜਿੰਦਗੀ ਨੂੰ ਪਰਾਪਤ ਹੁੰਦਾ ਹੈ, ਜੇਕਰ ਉਹ ਨਾਮ ਨੂੰ ਨਹੀਂ ਭੁਲਾਉਂਦਾ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਮਨ ਤੇ ਭੈ ਭਉ ਦੂਰਿ ਪਰਾਇਓ ॥
ਆਪਣੇ ਦਿਲ ਤੋਂ ਮੈਂ ਡਰ ਅਤੇ ਤ੍ਰਾਹ ਦੂਰ ਕਰ ਦਿੱਤੇ ਹਨ।

ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥
ਧੀਰੇ ਧੀਰੇ, ਮੈਂ ਆਪਣੇ ਗੂੜ੍ਹੇ ਲਾਲ ਅਤੇ ਮਿਹਰਬਾਨ ਪਿਆਰੇ ਪ੍ਰੀਤਮ ਦੀ ਮਹਿਮਾ ਗਾਇਨ ਕਰਦਾ ਹਾਂ। ਠਹਿਰਾਉ।

ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥
ਗੁਰਾਂ ਦੀ ਦਇਆ ਦੁਆਰਾ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਮੇਰਾ ਮਨੂਆ ਮੁੜ ਕੇ ਕਿਧਰੇ ਭਟਕਦਾ ਨਹੀਂ।

ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥
ਮੇਰਾ ਦੁੱਖ ਦੂਰ ਹੋ ਗਿਆ ਹੈ, ਆਰਾਮ ਦੀ ਤਾੜੀ ਅੰਦਰ ਮੇਰਾ ਟਿਕਾਣਾ ਹੋ ਗਿਆ ਹੈ ਅਤੇ ਆਪਣੇ ਵੈਰਾਗੀਆਂ ਦੇ ਪ੍ਰੀਤਮ ਪ੍ਰਭੂ ਨੂੰ ਮੈਂ ਆਪਣੇ ਘਰ ਵਿੱਚ ਹੀ ਪਾ ਲਿਆ ਹੈ।

ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥
ਮੈਂ ਕੀਰਤਨ, ਰੰਗ-ਰਲੀਆਂ, ਅਸਚਰਜ ਮੇਡਾ ਅਤੇ ਖੁਸ਼ੀਆਂ ਨੂੰ ਮਾਣਦਾ ਹਾਂ ਅਤੇ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਗਿਆ ਹਾਂ।

ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥
ਗੁਰੂ ਜੀ ਆਖਦੇ ਹਨ, ਪ੍ਰਭੂ ਖੁਦ ਕਰਨ ਵਾਲਾ ਹੈ ਅਤੇ ਖੁਦ ਹੀ ਕਰਵਾਉਣ ਵਾਲਾ। ਉਹ ਖੁਦ-ਬ-ਖੁਦ ਹੀ ਸਾਰਾ ਕੁਛ ਹੈ।

copyright GurbaniShare.com all right reserved. Email