ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥ ਮੇਰੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ। ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥ ਉਹਨਾਂ ਗੁਰਾਂ ਉਤੋਂ, ਮੈਂ ਕੁਰਬਾਨ ਜਾਂਦਾ ਹਾਂ। ਹਮੇਸ਼ਾ, ਹਮੇਸ਼ਾਂ ਹੀ ਹਾਂ ਮੈਂ ਸਦਕੇ, ਉਸ ਗੁਰਦੇਵ ਉਤੋਂ, ਠਹਿਰਾਉ। ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥ ਗੁਰਾਂ ਦੇ ਨਾਮ ਨੂੰ ਮੈਂ ਦਿਨ ਤੇ ਰੈਣ ਚੇਤੇ ਕਰਦਾ ਹਾਂ ਅਤੇ ਗੁਰਾਂ ਦੇ ਪੈਰਾਂ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ। ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥ ਮੈਂ ਸਦਾ ਗੁਰਾਂ ਦੇ ਚਰਨਾ ਦੀ ਧੂੜ ਅੰਦਰ ਨ੍ਹਾਉਂਦਾ ਹਾਂ ਅਤੇ ਇਸ ਤਰ੍ਹਾਂ ਮੇਰੇ ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ। ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥ ਮੈਂ ਸਦਾ ਹੀ ਪੂਰਨ ਗੁਰਾਂ ਦੀ ਘਾਲ ਕਮਾਉਂਦਾ ਹਾਂ ਅਤੇ ਆਪਣੇ ਗੁਰਾਂ ਨੂੰ ਮੈਂ ਬੰਦਨ ਕਰਦਾ ਹਾਂ। ਸਰਬ ਫਲਾ ਦੀਨ੍ਹ੍ਹੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥ ਪੂਰਨ ਗੁਰਾਂ ਨੇ ਮੈਨੂੰ ਸਾਰੇ ਮੇਵੇ ਬਖਸ਼ ਦਿਤੇ ਹਨ ਅਤੇ ਗੁਰਦੇਵ ਜੀ ਨੇ ਮੈਨੂੰ ਮੁਕਤ ਕਰ ਦਿੱਤਾ ਹੈ, ਹੇ ਨਾਨਕ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥ ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ। ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥ ਸਤਿਸੰਗਤ ਨੂੰ ਪਿਆਰ ਕਰਨ ਦੁਆਰਾ, ਜੀਵ ਦਾ ਦੁਖ ਦੂਰ ਹੋ ਜਾਂਦਾ ਹੈ ਅਤੇ ਉਸ ਦਾ ਸਾਰਾ ਡਰ ਮਿਟ ਜਾਂਦਾ ਹੈ। ਠਹਿਰਾਉ। ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਦਾ ਉਸ ਦਾ ਚਿੱਤ ਸਿਮਰਨ ਕਰਦਾ ਹੈ ਤੇ ਉਸ ਦੀ ਜੀਭ੍ਹਾ ਹਰੀ ਦੀ ਮਹਿਮਾ ਗਾਉਂਦੀ ਹੈ। ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥ ਹੰਕਾਰ, ਸਹਿਵਤ, ਗੁੱਸੇ ਅਤੇ ਬਦਖੋਈ ਨੂੰ ਛੱਡ ਕੇ ਉਹ ਪ੍ਰਕਾਸ਼ਵਾਨ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ। ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੋੁਹਾਵੈ ॥ ਤੂੰ ਮਿਹਰਬਾਨ ਮਾਲਕ ਦਾ ਸਿਮਰਨ ਕਰ ਅਤੇ ਆਲਕ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਤੂੰ ਸ਼ਸ਼ੋਭਤ ਹੋ ਜਾਏਗਾ। ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥ ਜੋ ਕੋਈ ਭੀ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਗੁਰੂ ਜੀ ਆਖਦੇ ਹਨ, ਉਹ ਸੁਆਮੀ ਮਾਲਕ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿiਾਹੀ। ਅਪੁਨੇ ਗੁਰ ਪੂਰੇ ਬਲਿਹਾਰੈ ॥ ਆਪਣੇ ਪੂਰਨ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥ ਰੱਖਿਆ ਕਰਨ ਵਾਲੇ ਹਰੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਆਪਣੇ ਨਾਮ ਦੀ ਪ੍ਰਭਤਾ ਪਰਤੱਖ ਕਰ ਵਿਖਾਲੀ ਹੈ। ਠਹਿਰਾਉ। ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥ ਆਪਣੇ ਨੌਕਰ ਅਤੇ ਗੋਲਿਆਂ ਨੂੰ ਪ੍ਰਭੂ ਭੈ-ਰਹਿਤ ਕਰ ਦਿੰਦਾ ਹੈ ਤੇ ਉਹਨਾਂ ਦੇ ਸਾਰੇ ਦੁਖੜੇ ਮੇਟ ਦਿੰਦਾ ਹੈ। ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥ ਹੇ ਬੰਦੇ! ਤੂੰ ਹੋਰ ਸਾਰੇ ਉਪਰਾਲੇ ਛੱਡ ਦੇ ਅਤੇ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾ ਲੈ। ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥ ਮੇਰਾ ਮਿੱਤਰ ਅਤੇ ਯਾਰ ਇਕ ਅਦੁੱਤੀ ਪ੍ਰਭੂ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥ ਬੁਲੰਦਾਂ ਦਾ ਪਰਮ ਬੁਲੰਦ ਹੈ, ਉਹ ਨਾਨਕ ਦਾ ਸੁਆਮੀ। ਬਹੁਤ ਬਹੁਤ ਮੈਂ ਉਸ ਨੂੰ ਬੰਦਨਾ ਕਰਦਾ ਹਾਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥ ਤੂੰ ਮੈਨੂੰ ਦੱਸ, ਉਹ ਜਣਾ ਕਿੱਥੇ ਹੈ, ਜਿਸ ਵਿੱਚ ਉਹ ਸੁਆਮੀ ਨਹੀਂ? ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥ ਸਿਰਜਣਹਾਰ, ਜੋ ਰਹਿਮਤ ਦਾ ਪੁੰਜ ਹੈ, ਸਾਰੇ ਆਰਾਮ ਬਖਸ਼ਦਾ ਹੈ। ਤੂੰ ਉਸ ਸੁਆਮੀ ਦਾ ਸਦੀਵ ਹੀ ਸਿਮਰਨ ਕਰ। ਠਹਿਰਾਉ। ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥ ਤੂੰ ਉਸ ਪ੍ਰਭੂ ਦੀ ਕੀਰਤੀ ਗਾਇਨ ਕਰ, ਜਿਸ ਦੇ ਧਾਗੇ ਅੰਦਰ ਜੀਵ ਪ੍ਰੋਤੇ ਹੋਏ ਹਨ। ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥੧॥ ਤੂੰ ਉਸ ਸਾਈਂ ਨੂੰ ਯਾਦ ਕਰ, ਜੋ ਤੈਨੂੰ ਸਾਰਾ ਕੁਛ ਦਿੰਦਾ ਹੈ। ਹੋਰ ਕਿਸੇ ਕੋਲ ਤੂੰ ਕਿਵੁ ਜਾਂਦਾ ਹੈ? ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥ ਫਲਦਾਇਕ ਹੈ ਘਾਲ ਮੇਰੇ ਮਾਲਕ ਦੀ। ਇਸ ਦੇ ਰਾਹੀਂ ਬੰਦਾ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ। ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥ ਗੁਰੂ ਜੀ ਆਖਦੇ ਹਨ, ਤੂੰ ਨਫਾ ਤੇ ਖੱਟੀ ਖੱਟ ਕੇ ਕੂਚ ਕਰ। ਇਸ ਤਰ੍ਹਾਂ ਤੂੰ ਆਰਾਮ ਨਾਲ ਆਪਣੇ ਧਾਮ ਨੂੰ ਜਾਵੇਗਾ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਠਾਕੁਰ ਤੁਮ੍ਹ੍ਹ ਸਰਣਾਈ ਆਇਆ ॥ ਹੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ। ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥ ਜਦ ਦਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋਇਆ ਹੈ, ਮੇਰੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ। ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥ ਮੇਰੇ ਬੋਲਣ ਦੇ ਬਿਨਾਂ ਤੂੰ ਮੇਰੀ ਅਵਸਥਾਂ ਨੂੰ ਜਾਣਦਾ ਤੇ ਮੇਰੇ ਕੋਲ ਆਪਣੇ ਨਾਮ ਦਾ ਜਾਪ ਕਰਵਾਉਂਦਾ ਹੈ। ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥ ਤੇਰੀ ਮਹਿਮਾ ਗਾਇਨ ਕਰ, ਮੇਰਾ ਦੁੱਖੜਾ ਦੌੜ ਗਿਆ ਹੈ, ਮੈਂ ਆਰਾਮ ਤੇ ਅਡੋਲਤਾ ਵਿੱਚ ਲੀਨ ਹੋ ਗਿਆ ਹਾਂ ਅਤੇ ਪਰਮ ਖੁਸ਼ੀ ਅੰਦਰ ਹਾਂ। ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥ ਮੈਨੂੰ ਭੂਜਾ ਤੋਂ ਫੜ੍ਹ ਕੇ ਤੂੰ ਮੈਨੂੰ ਸਾਰੀ ਸੰਸਾਰੀ ਲਗਨਾਂ ਅਤੇ ਮੋਹਨੀ ਦੇ ਅੰਨ੍ਹੇ ਖੂਹ ਵਿੱਚੋ ਬਾਹਰ ਧੂ ਪਿਆ ਹੈ। ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥ ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੀਆਂ ਬੇੜੀਆਂ ਕੱਟ ਛੱਡੀਆਂ ਹਨ ਅਤੇ ਮੈਨੂੰ ਹਰੀ ਨਾਲ ਮਿਲਾ ਦਿੱਤਾ ਹੈ, ਜਿਸ ਨਾਲੋ ਮੈਂ ਵਿਛੁੜਿਆ ਹੋਇਆ ਸਾਂ। copyright GurbaniShare.com all right reserved. Email |