Page 255
ਅਪਨੀ ਕ੍ਰਿਪਾ ਕਰਹੁ ਭਗਵੰਤਾ ॥
ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!

ਛਾਡਿ ਸਿਆਨਪ ਬਹੁ ਚਤੁਰਾਈ ॥
ਮੈਂ ਆਪਣੀ ਘਨੇਰੀ ਅਕਲਮੰਦੀ ਅਤੇ ਚਾਲਾਕੀ ਤਿਆਗ ਦਿੱਤੀ ਹੈ,

ਸੰਤਨ ਕੀ ਮਨ ਟੇਕ ਟਿਕਾਈ ॥
ਅਤੇ ਆਪਣੇ ਚਿੱਤ ਨੂੰ ਸਾਧੂਆਂ ਦੇ ਆਸਰੇ ਦਾ ਸਹਾਰਾ ਦਿੱਤਾ ਹੈ।

ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥
ਸੁਆਹ ਦੀ ਪੁਤਲੀ ਜਿਸ ਦੀ ਸਾਧੂ ਇਮਦਾਦ ਕਰਦੇ ਹਨ,

ਨਾਨਕ ਜਾ ਕਉ ਸੰਤ ਸਹਾਈ ॥੨੩॥
ਸ਼ਰੋਮਣੀ ਮਰਤਬਾ ਪਾ ਲੈਂਦੀ ਹੈ, ਹੇ ਨਾਨਕ!

ਸਲੋਕੁ ॥
ਸਲੋਕ।

ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥
ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।

ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥
ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।

ਪਉੜੀ ॥
ਪਉੜੀ।

ਜਜਾ ਜਾਨੈ ਹਉ ਕਛੁ ਹੂਆ ॥
ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,

ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥
ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।

ਜਉ ਜਾਨੈ ਹਉ ਭਗਤੁ ਗਿਆਨੀ ॥
ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,

ਆਗੈ ਠਾਕੁਰਿ ਤਿਲੁ ਨਹੀ ਮਾਨੀ ॥
ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।

ਜਉ ਜਾਨੈ ਮੈ ਕਥਨੀ ਕਰਤਾ ॥
ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,

ਬਿਆਪਾਰੀ ਬਸੁਧਾ ਜਿਉ ਫਿਰਤਾ ॥
ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।

ਸਾਧਸੰਗਿ ਜਿਹ ਹਉਮੈ ਮਾਰੀ ॥
ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,

ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥
ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।

ਸਲੋਕੁ ॥
ਸਲੋਕ।

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
ਅੰਮ੍ਰਿਤ ਵੇਲੇ ਜਾਗ, ਨਾਮ ਦਾ ਉਚਾਰਨ ਕਰ ਅਤੇ ਰਾਤ ਦਿਨ ਸਾਹਿਬ ਦਾ ਸਿਮਰਨ ਕਰ।

ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥
ਤੈਨੂੰ ਕੋਈ ਫਿਕਰ ਚਿੰਤਾ ਨਹੀਂ ਵਾਪਰੇਗੀ ਅਤੇ ਮੁਸੀਬਤ ਅਲੋਪ ਹੋ ਜਾਏਗੀ।

ਪਉੜੀ ॥
ਪਉੜੀ।

ਝਝਾ ਝੂਰਨੁ ਮਿਟੈ ਤੁਮਾਰੋ ॥
ਝ - ਤੇਰਾ ਪਸਚਾਤਾਪ ਮੁਕ ਜਾਵੇਗਾ,

ਰਾਮ ਨਾਮ ਸਿਉ ਕਰਿ ਬਿਉਹਾਰੋ ॥
ਸਾਈਂ ਦੇ ਨਾਮ ਦਾ ਵਣਜ-ਵਪਾਰ ਕਰਨ ਦੁਆਰਾ।

ਝੂਰਤ ਝੂਰਤ ਸਾਕਤ ਮੂਆ ॥
ਉਹ ਬੜੇ ਰੰਜ-ਗ਼ਮ ਅੰਦਰ ਮਰ ਜਾਂਦਾ ਹੈ,

ਜਾ ਕੈ ਰਿਦੈ ਹੋਤ ਭਾਉ ਬੀਆ ॥
ਜਿਸ ਅਧਰਮੀ ਦੇ ਦਿਲ ਅੰਦਰ ਹੋਰਸ ਦੀ ਪ੍ਰੀਤ ਹੈ।

ਝਰਹਿ ਕਸੰਮਲ ਪਾਪ ਤੇਰੇ ਮਨੂਆ ॥
ਤੇਰੇ ਮੰਦੇ ਅਮਲ ਅਤੇ ਗੁਨਾਹ ਝੜ ਜਾਣਗੇ, ਹੇ ਮੇਰੀ ਜਿੰਦੜੀਏ,

ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥
ਸਤ ਸੰਗਤ ਅੰਦਰ ਸੁਧਾ ਸਰੂਪ ਰੱਬੀ ਵਾਰਤਾ ਸੁਣਨ ਦੁਆਰਾ।

ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥
ਉਸ ਦਾ ਗੁੱਸਾ, ਵਿਸ਼ੇ ਭੋਗ, ਅਤੇ ਕੁਟਲਤਾਈਆਂ ਝੜ ਪੈਦੀਆਂ ਹਨ,

ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥
ਨਾਨਕ, ਜਿਸ ਉਤੇ ਸ੍ਰਿਸ਼ਟੀ ਦੇ ਸੁਆਮੀ ਦੀ ਦਇਆਲਤਾ ਹੈ।

ਸਲੋਕੁ ॥
ਸਲੋਕ।

ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!

ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।

ਪਵੜੀ ॥
ਪਉੜੀ।

ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥
ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।

ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥
ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?

ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥
ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?

ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥
ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।

ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥
ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।

ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥
ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।

ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥
ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।

ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥
ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।

ਸਲੋਕੁ ॥
ਸਲੋਕ।

ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥
ਸੰਤਾ ਦੀ ਘਾਲ ਕਮਾਉਣ ਦੁਆਰਾ ਜੰਮਣ ਅਤੇ ਮਰਣ ਦੇ ਜੂੜ ਵੱਢੇ ਜਾਂਦੇ ਹਨ ਅਤੇ ਆਦਮੀ ਆਰਾਮ ਪਾ ਲੈਦਾ ਹੈ।

ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥
ਰੱਬ ਕਰੇ, ਨਾਨਕ ਆਪਣੇ ਚਿੱਤ ਅੰਦਰ ਨੇਕੀ ਦੇ ਖ਼ਜ਼ਾਨੇ ਸ੍ਰਿਸ਼ਟੀ ਦੇ ਸੁਆਮੀ ਪਾਤਸ਼ਾਹ ਨੂੰ ਨਾਂ ਭੁੱਲੇ।

ਪਉੜੀ ॥
ਪਉੜੀ।

ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥
ਤੂੰ ਇਕ ਸੁਆਮੀ ਦੀ ਸੇਵਾ ਕਰ, ਜਿਸ ਪਾਸੋਂ ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।

ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥
ਜੇਕਰ ਹਰੀ ਤੇਰੀ ਆਤਮਾ, ਦੇਹਿ ਮੂੰਹ ਅਤੇ ਰਿਦੇ ਅੰਦਰ ਟਿਕ ਜਾਵੇ ਤਾਂ ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹੀ ਹੋ ਜਾਵੇਗਾ।

ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥
ਕੇਵਲ ਉਹੀ ਪ੍ਰਭੂ ਦੀ ਟਹਿਲ ਸੇਵਾ ਅਤੇ ਮੰਦਰ ਨੂੰ ਪਰਾਪਤ ਕਰਦਾ ਹੈ, ਜਿਸ ਉਤੇ ਸੰਤ ਦਇਆਲ ਹੈ।

ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥
ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।

ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥
ਮੈਂ ਅਨੇਕਾਂ ਜਹਾਨ ਖੋਜੇ ਭਾਲੇ ਹਨ, ਪ੍ਰੰਤੂ ਸੁਆਮੀ ਦੇ ਨਾਮ ਬਾਝੋਂ ਠੰਢ-ਚੈਨ ਨਹੀਂ।

ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥
ਮੌਤ ਦੇ ਮੰਤ੍ਰੀ ਉਸ ਪਾਸੋਂ ਪਰੇ ਹਟ ਜਾਂਦੇ ਹਨ, ਜਿਹੜਾ ਸਤਿਸੰਗਤ ਅੰਦਰ ਵਸਦਾ ਹੈ।

ਬਾਰਿ ਬਾਰਿ ਜਾਉ ਸੰਤ ਸਦਕੇ ॥
ਮੁੜ ਮੁੜ ਕੇ ਮੈਂ ਸਾਧੂਆਂ ਉਤੇ ਘੋਲੀ ਜਾਂਦਾ ਹਾਂ,

ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥
ਜਿਨ੍ਹਾਂ ਦੇ ਰਾਹੀਂ, ਹੇ ਨਾਨਕ! ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ।

ਸਲੋਕੁ ॥
ਸਲੋਕ।

ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥
ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।

ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥
ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।

copyright GurbaniShare.com all right reserved. Email:-