ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
ਵਾਹਿਗੁਰੂ ਉਨ੍ਹਾਂ ਨੂੰ ਆਪਣਾ ਨਾਮ ਦਿੰਦਾ ਹੈ, ਜਿਨ੍ਹਾਂ ਉਤੇ ਆਪਣੀ ਰਹਿਮਤ ਧਾਰਦਾ ਹੈ। ਬਡਭਾਗੀ ਨਾਨਕ ਜਨ ਸੇਇ ॥੮॥੧੩॥ ਹੇ ਨਾਨਕ! ਉਹ ਪੁਰਸ਼ ਚੰਗੇ ਭਾਗਾਂ ਵਾਲੇ ਹਨ। ਸਲੋਕੁ ॥ ਸਲੋਕ। ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ ਹੇ ਨੇਕ ਬੰਦਿਓ! ਆਪਣੀ ਚਤੁਰਾਈ ਛੱਡ ਕੇ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਆਰਾਧਨ ਕਰੋ। ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ ਆਪਣੇ ਦਿਲ ਅੰਦਰ ਆਪਣੀ ਉਮੀਦ ਇਕ ਵਾਹਿਗੁਰੂ ਵਿੱਚ ਰੱਖ ਅਤੇ ਤੇਰੀ ਪੀੜ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਹੇ ਨਾਨਕ! ਅਸਟਪਦੀ ॥ ਅਸ਼ਟਪਦੀ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਜਾਣ ਲੈ ਕਿ ਬੰਦੇ ਉਤੇ ਭਰੋਸਾ ਰੱਖਣ ਉੱਕਾ ਹੀ ਬੇਫਾਇਦਾ ਹੈ। ਦੇਵਨ ਕਉ ਏਕੈ ਭਗਵਾਨੁ ॥ ਕੇਵਲ ਪਰਸਿੱਧ-ਪ੍ਰਭੂ ਹੀ ਦੇਣ ਵਾਲਾ ਹੈ। ਜਿਸ ਕੈ ਦੀਐ ਰਹੈ ਅਘਾਇ ॥ ਜਿਸ ਦੀਆਂ ਦਾਤਾਂ ਦੁਆਰਾ ਆਦਮੀ ਰੱਜਿਆ ਰਹਿੰਦਾ ਹੈ, ਬਹੁਰਿ ਨ ਤ੍ਰਿਸਨਾ ਲਾਗੈ ਆਇ ॥ ਅਤੇ ਮੁੜ ਉਸ ਨੂੰ ਤਰੇਹ ਨਹੀਂ ਵਿਆਪਦੀ। ਮਾਰੈ ਰਾਖੈ ਏਕੋ ਆਪਿ ॥ ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ। ਮਾਨੁਖ ਕੈ ਕਿਛੁ ਨਾਹੀ ਹਾਥਿ ॥ ਆਦਮੀ ਦੇ ਹੱਥ ਵਿੱਚ ਕੁਛ ਭੀ ਨਹੀਂ। ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਉਸ ਦਾ ਫੁਰਮਾਨ ਸਮਝਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ। ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ ਉਸ ਦੇ ਨਾਮ ਨੂੰ ਗੁੰਥਨ ਕਰ ਅਤੇ ਇਸ ਨੂੰ ਆਪਣੀ ਗਰਦਨ ਦੁਆਲੇ ਪਾਈ ਰੱਖ। ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਯਾਦ ਕਰ, ਯਾਦ ਕਰ, ਯਾਦ ਕਰ ਉਸ ਸੁਆਮੀ ਨੂੰ, ਨਾਨਕ ਬਿਘਨੁ ਨ ਲਾਗੈ ਕੋਇ ॥੧॥ ਹੇ ਨਾਨਕ! ਇੰਝ ਕੋਈ ਰੁਕਾਵਟ ਤੇਰੇ ਰਾਹ ਵਿੱਚ ਨਹੀਂ ਆਵੇਗੀ। ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ਆਪਣੇ ਦਿਲ ਅੰਦਰ ਆਕਾਰ-ਰਹਤਿ ਪੁਰਖ ਦਾ ਜੱਸ ਉਚਾਰਣ ਕਰ। ਕਰਿ ਮਨ ਮੇਰੇ ਸਤਿ ਬਿਉਹਾਰ ॥ ਮੇਰੀ ਜਿੰਦੜੀਏ! ਤੂੰ ਸੱਚਾਈ ਦਾ ਕਾਰ ਵਿਹਾਰ ਅਖਤਿਆਰ ਕਰ। ਨਿਰਮਲ ਰਸਨਾ ਅੰਮ੍ਰਿਤੁ ਪੀਉ ॥ ਨਾਮ ਦਾ ਆਬਿ-ਹਿਯਾਤ ਪਾਨ ਕਰਨ ਨਾਲ ਤੇਰੀ ਜੀਭ ਪਵਿੱਤ੍ਰ ਹੋ ਜਾਏਗੀ, ਸਦਾ ਸੁਹੇਲਾ ਕਰਿ ਲੇਹਿ ਜੀਉ ॥ ਅਤੇ ਤੂੰ ਆਪਣੀ ਆਤਮਾ ਨੂੰ ਹਮੇਸ਼ਾਂ ਲਈ ਸੁਖਾਲੀ ਬਣਾ ਲਵੇਗਾ। ਨੈਨਹੁ ਪੇਖੁ ਠਾਕੁਰ ਕਾ ਰੰਗੁ ॥ ਆਪਣੀਆਂ ਅੱਖਾਂ ਨਾਲ ਸੁਆਮੀ ਦਾ ਕਉਤਕ ਦੇਖ। ਸਾਧਸੰਗਿ ਬਿਨਸੈ ਸਭ ਸੰਗੁ ॥ ਸਤਿਸੰਗਤ ਨਾਲ ਮਿਲਣ ਦੁਆਰਾ ਹੋਰ ਸਾਰੇ ਮੇਲ-ਮਿਲਾਪ ਅਲੋਪ ਹੋ ਜਾਂਦੇ ਹਨ। ਚਰਨ ਚਲਉ ਮਾਰਗਿ ਗੋਬਿੰਦ ॥ ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ। ਮਿਟਹਿ ਪਾਪ ਜਪੀਐ ਹਰਿ ਬਿੰਦ ॥ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ। ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ ਰੱਬ ਦੀ ਟਹਿਲ ਕਮਾ ਅਤੇ ਰੱਬ ਦੀ ਹੀ ਵਾਰਤਾ ਸੁਣ। ਹਰਿ ਦਰਗਹ ਨਾਨਕ ਊਜਲ ਮਥਾ ॥੨॥ ਇਸ ਤਰ੍ਹਾਂ ਤੇਰਾ ਚਿਹਰਾ, ਰੱਬ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਵੇਗਾ, ਹੇ ਨਾਨਕ! ਬਡਭਾਗੀ ਤੇ ਜਨ ਜਗ ਮਾਹਿ ॥ ਉਹ ਪੁਰਸ਼ ਇਸ ਜਹਾਨ ਅੰਦਰ ਭਾਰੇ ਨਸੀਬਾਂ ਵਾਲੇ ਹਨ, ਸਦਾ ਸਦਾ ਹਰਿ ਕੇ ਗੁਨ ਗਾਹਿ ॥ ਜੋ ਹਮੇਸ਼ਾਂ ਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ। ਰਾਮ ਨਾਮ ਜੋ ਕਰਹਿ ਬੀਚਾਰ ॥ ਜੋ ਸਾਹਿਬ ਦੇ ਨਾਮ ਦਾ ਸਿਮਰਨ ਕਰਦੇ ਹਨ, ਸੇ ਧਨਵੰਤ ਗਨੀ ਸੰਸਾਰ ॥ ਉਹ ਜਗਤ ਅੰਦਰ ਦੌਲਤਮੰਦ ਗਿਣੇ ਜਾਂਦੇ ਹਨ। ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ ਜੋ ਆਪਣੀ ਆਤਮਾ, ਦੇਹਿ ਅਤੇ ਮੂੰਹ ਨਾਲ ਸ਼ਰੋਮਣੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਸਦਾ ਸਦਾ ਜਾਨਹੁ ਤੇ ਸੁਖੀ ॥ ਸਮਝ ਲਓ ਕਿ ਉਹ ਸਦੀਵ ਤੇ ਹਮੇਸ਼ਾਂ ਲਈ ਪ੍ਰਸੰਨ ਹਨ। ਏਕੋ ਏਕੁ ਏਕੁ ਪਛਾਨੈ ॥ ਜੋ ਕੇਵਲ ਇਕ ਅਤੇ ਇਕ ਅਦੁਤੀ ਸਾਹਿਬ ਨੂੰ ਹੀ ਸਿੰਝਾਣਦਾ ਹੈ, ਇਤ ਉਤ ਕੀ ਓਹੁ ਸੋਝੀ ਜਾਨੈ ॥ ਉਹ ਇਸ ਲੋਕ ਅਤੇ ਪ੍ਰਲੋਕ ਦੀ ਗਿਆਤ ਪ੍ਰਾਪਤ ਕਰ ਲੈਦਾ ਹੈ। ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ ਜਿਸ ਦਾ ਮਨੂਆ ਨਾਮ ਵੱਲ ਮਾਇਲ ਹੋ ਗਿਆ ਹੈ, ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ ਹੇ ਨਾਨਕ! ਉਹ ਪਵਿੱਤ੍ਰ-ਪੁਰਖ ਨੂੰ ਜਾਣ ਲੈਦਾ ਹੈ। ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਲੈਦਾ ਹੈ, ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ ਜਾਣ ਲਉ ਕਿ ਉਸ ਦੀ ਖਾਹਿਸ਼ ਮਿਟ ਗਈ ਹੈ। ਸਾਧਸੰਗਿ ਹਰਿ ਹਰਿ ਜਸੁ ਕਹਤ ॥ ਉਹ ਰੱਬ ਦਾ ਬੰਦਾ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਦਾ ਹੈ, ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥ ਉਹ ਸਾਰੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ। ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥ ਜੋ ਰਾਤ ਦਿਨ, ਸਿਰਫ ਸਾਹਿਬ ਦੀ ਮਹਿਮਾ ਹੀ ਗਾਇਨ ਕਰਦਾ ਹੈ, ਗ੍ਰਿਹਸਤ ਮਹਿ ਸੋਈ ਨਿਰਬਾਨੁ ॥ ਉਹ ਆਪਣੇ ਘਰ ਬਾਰ ਵਿੱਚ ਹੀ ਨਿਰਲੇਪ ਰਹਿੰਦਾ ਹੈ। ਏਕ ਊਪਰਿ ਜਿਸੁ ਜਨ ਕੀ ਆਸਾ ॥ ਜਿਸ ਇਨਸਾਨ ਨੇ ਕੇਵਲ ਵਾਹਿਗੁਰੂ ਉਤੇ ਉਮੀਦ ਰੱਖੀ ਹੈ, ਤਿਸ ਕੀ ਕਟੀਐ ਜਮ ਕੀ ਫਾਸਾ ॥ ਉਸ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ ਜਿਸ ਦੇ ਚਿੱਤ ਅੰਦਰ ਪਰਮ ਪ੍ਰਭੂ ਦੀ ਭੁਖ ਹੈ, ਨਾਨਕ ਤਿਸਹਿ ਨ ਲਾਗਹਿ ਦੂਖ ॥੪॥ ਉਸ ਨੂੰ ਹੇ ਨਾਨਕ! ਕੋਈ ਪੀੜ ਨਹੀਂ ਵਾਪਰਦੀ। ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ ਜੋ ਆਪਣੇ ਹਿਰਦੇ ਅਤੇ ਦਿਲ ਅੰਦਰ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹੈ, ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ ਉਹ, ਸਾਧੂ, ਸੁਖਾਲਾ ਹੁੰਦਾ ਹੈ ਅਤੇ ਡਿਕਡੋਲੇ ਨਹੀਂ ਖਾਂਦਾ। ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਉਹ ਦਾਸ, ਜਿਸ ਉਤੇ ਉਸ ਦਾ ਮਾਲਕ ਮਿਹਰ ਧਾਰਦਾ ਹੈ, ਸੋ ਸੇਵਕੁ ਕਹੁ ਕਿਸ ਤੇ ਡਰੈ ॥ ਦੱਸੋ ਖਾਂ, ਉਸ ਕਿਸ ਕੋਲੋ ਭੈ ਖਾਵੇ? ਜੈਸਾ ਸਾ ਤੈਸਾ ਦ੍ਰਿਸਟਾਇਆ ॥ ਜਿਹੋ ਜਿਹਾ ਵਾਹਿਗੁਰੂ ਹੈ, ਉਹੋ ਜਿਹਾ ਹੀ ਉਸ ਨੂੰ ਨਿਗ੍ਹ੍ਰਾ ਆਉਂਦਾ ਹੈ। ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ਆਪਣੀ ਰਚਨਾ ਅੰਦਰ ਮਾਲਕ ਆਪੇ ਹੀ ਰਮਿਆ ਹੋਇਆ ਹੈ। ਸੋਧਤ ਸੋਧਤ ਸੋਧਤ ਸੀਝਿਆ ॥ ਭਾਲਦਾ, ਭਾਲਦਾ ਅਤੇ ਭਾਲਦਾ ਹੋਇਆ, ਓੜਕ ਨੂੰ ਜੀਵ ਕਾਮਯਾਬ ਹੋ ਜਾਂਦਾ ਹੈ। ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ ਗੁਰਾਂ ਦੀ ਮਿਹਰ ਸਦਕਾ ਉਹ ਸਾਰੀ ਅਸਲੀਅਤ ਨੂੰ ਜਾਣ ਲੈਦਾ ਹੈ। ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਜਦ ਮੈਂ ਵੇਖਦਾ ਹਾਂ, ਤਦ ਮੈਂ ਹਰ ਵਸਤੂ ਦੀ ਜੜ੍ਹ ਵਾਹਿਗੁਰੂ ਨੂੰ ਦੇਖਦਾ ਹਾਂ। ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥ ਨਾਨਕ ਉਹ ਆਪੇ ਹੀ ਬਾਰੀਕ ਅਤੇ ਆਪੇ ਹੀ ਵਿਸ਼ਾਲ ਹੈ। ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਨਾਂ ਕੁਝ ਜੰਮਦਾ ਹੈ ਅਤੇ ਨਾਂ ਹੀ ਕੁਝ ਮਰਦਾ ਹੈ। ਆਪਨ ਚਲਿਤੁ ਆਪ ਹੀ ਕਰੈ ॥ ਆਪਣੇ ਕੌਤਕ ਉਹ ਆਪੇ ਹੀ ਰਚਦਾ ਹੈ। ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ ਆਉਣ ਤੇ ਜਾਣ, ਪਰਤੱਖ ਤੇ ਗੁਪਤ, ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥ ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ। copyright GurbaniShare.com all right reserved. Email:- |