Page 310
ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥
ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ, ਹੇ ਗੋਲੇ ਇਹ ਹੈ ਤੇਰੀ ਘਾਲ ਸਚਿਆਰਾ ਦੇ ਪਰਮ ਸਚਿਆਰ ਦੀ।

ਸਲੋਕ ਮਃ ੪ ॥
ਸਲੋਕ ਚੋਥੀ ਪਾਤਸ਼ਾਹੀ।

ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥
ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਹਨ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।

ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥
ਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਨੂੰ ਜਾਂਦੇ ਹਨ।

ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥
ਜੋ ਨਿਡਰ ਪੁਰਖ ਦੇ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ।

ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥
ਜਿਨ੍ਹਾਂ ਲਈ ਮੁੱਢ ਦੀ ਐਸੀ ਲਿਖਤਾਕਾਰ ਹੈ, ਉਹ ਸਰੇਸ਼ਟ ਸੁਆਮੀ ਦਾ ਸਿਮਰਨ ਕਰਦੇ ਹਨ।

ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥
ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ।

ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥
ਉਹ ਆਪਣੇ ਸਾਰੇ ਪਰਵਾਰ ਸਮੇਤ ਪਾਰ ਉਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਗਰ ਲੱਗ ਕੇ ਸਮੂਹ ਸੰਸਾਰ ਬਚ ਜਾਂਦਾ ਹੈ।

ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥
ਮੇਰੇ ਵਾਹਿਗੁਰੂ ਨੌਕਰ ਨਾਨਕ ਨੂੰ ਆਪਣੇ ਗੋਲਿਆਂ ਨਾਲ ਜੋੜ, ਜਿਨ੍ਹਾਂ ਨੂੰ ਲਗਾਤਾਰ ਤੱਕ ਕੇ ਉਹ ਜੀਊਦਾ ਹੈ।

ਮਃ ੪ ॥
ਚੋਥੀ ਪਾਤਸ਼ਾਹੀ।

ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਉਹ ਜ਼ਿਮੀ ਜਿਥੇ ਮੇਰਾ ਸੱਚਾ ਗੁਰੂ ਆ ਕੇ ਬੈਠਦਾ ਹੈ, ਹਰੀ ਭਰੀ ਹੋ ਜਾਂਦੀ ਹੈ।

ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
ਜੀਵ ਜੰਤੂ ਜੋ ਜਾਂ ਕੇ ਸੱਚੇ ਗੁਰਾਂ ਦਾ ਦੀਦਾਰ ਪਾਉਂਦੇ ਹਨ ਉਹ ਸਰਸਬਜ਼ ਹੋ ਜਾਂਦੇ ਹਨ।

ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਹੇ ਅੰਮੜੀਏ, ਸ਼ਾਬਾਸ਼, ਸ਼ਾਬਾਸ਼ ਹੈ ਪਿਤਾ ਨੂੰ, ਸ਼ਾਬਾਸ਼ ਸ਼ਾਬਾਸ਼ ਹੈ ਖਾਨਦਾਨ ਨੂੰ ਸ਼ਾਬਾਸ਼, ਸ਼ਾਬਾਸ਼ ਹੈ ਉਹ ਚੰਗੀ ਮਾਤਾ ਨੂੰ ਜਿਸ ਨੇ ਗੁਰਾਂ ਨੂੰ ਜਨਮ ਦਿੱਤਾ ਹੈ।

ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥
ਮੁਬਾਰਕ, ਮੁਬਾਰਕ ਹੈ ਗੁਰੂ ਜੋ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਦ ਤਰ ਜਾਂਦਾ ਹੈ ਅਤੇ ਜੋ ਉਸ ਨੂੰ ਵੇਖਦੇ ਹਨ, ਉਨ੍ਹਾਂ ਨੂੰ ਭੀ ਤਾਰ ਦਿੰਦਾ ਹੈ।

ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥
ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਨਫਰ ਨਾਨਕ ਉਨ੍ਹਾਂ ਦੇ ਚਰਨ ਪਾਣੀ ਨਾਲ ਸਾਫ਼ ਕਰੇ।

ਪਉੜੀ ॥
ਪਉੜੀ।

ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
ਸਚਿਆ ਦਾ ਪਰਮ ਸੱਚਾ ਹੈ ਅਬਿਨਾਸੀ ਸਤਿਗੁਰੂ, ਜਿਸ ਨੇ ਵਾਹਿਗੁਰੂ ਨੂੰ ਆਪਣੇ ਦਿਲ ਵਿੱਚ ਟਿਕਾਇਆ ਹੈ।

ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥
ਸੱਚਿਆਂ ਦਾ ਪਰਮ ਸੱਚਾ ਹੈ ਸਰਬ-ਸ਼ਕਤੀਵਾਨ ਜਿਸ ਨੇ ਭੋਗ-ਵੇਗ, ਗੁੱਸੇ ਅਤੇ ਗੁਨਾਹ ਦਾ ਨਾਸ ਕੀਤਾ ਹੈ।

ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥
ਜਦ ਮੈਂ ਪੂਰਨ ਸੱਚੇ ਗੁਰਾਂ ਨੂੰ ਵੇਖਦਾ ਹਾਂ, ਤਦ ਮੇਰਾ ਮਨੂਆ ਅੰਦਰੋਂ ਆਸਰੇ-ਸਹਿਤ ਹੋ ਜਾਂਦਾ ਹੈ।

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥
ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਦੀਵ ਤੇ ਹਮੇਸ਼ਾਂ ਉਨ੍ਹਾਂ ਉਤੋਂ ਸਦਕੇ ਤੇ ਸਮਰਪਣ ਹਾਂ।

ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥
ਗੁਰੂ-ਅਨੁਸਾਰੀ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਹਾਰ ਦਿੰਦੇ ਹਨ।

ਸਲੋਕ ਮਃ ੪ ॥
ਸਲੋਕ ਚੌਥੀ ਪਾਤਸ਼ਾਹੀ।

ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
ਜਿਸ ਨੂੰ ਸੁਆਮੀ, ਆਪਣੀ ਦਇਆ ਦੁਆਰਾ ਸੱਚੇ ਗੁਰਾਂ ਨਾਲ ਮਿਲਾਉਂਦੇ ਹਨ, ਉਹ ਗੁਰਾਂ ਦੇ ਰਾਹੀਂ, ਆਪਣੇ ਮੂੰਹ ਨਾਲ, ਨਾਮ ਦਾ ਉਚਾਰਨ ਕਰਦਾ ਹੈ।

ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥
ਉਹ ਉਹੋ ਕੁਛ ਕਰਦਾ ਹੈ, ਜੋ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ ਅਤੇ ਪੂਰਨ ਗੁਰੂ ਉਸ ਨੂੰ ਉਸ ਦੇ ਗ੍ਰਹਿ ਵਿੱਚ ਟਿਕਾਣਾ ਬਖਸ਼ਦੇ ਹਨ।

ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥
ਪ੍ਰਭੂ ਉਨ੍ਹਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ, ਜਿਨ੍ਹਾਂ ਦੇ ਦਿਲ ਵਿੱਚ ਨਾਮ ਦਾ ਖ਼ਜ਼ਾਨਾ ਹੈ।

ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥
ਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਅਨੇਕਾਂ ਹੀ ਉਨ੍ਹਾਂ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਵਿੱਚ ਖੱਪ ਕੇ ਮਰ ਜਾਂਦੇ ਹਨ।

ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥
ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ ਅਤੇ ਪ੍ਰਭੂ ਤੇਰੀ ਏਥੇ ਅਤੇ ਓਥੇ ਬੰਦ-ਖਲਾਸੀ ਕਰ ਦੇਵੇਗਾ।

ਮਃ ੪ ॥
ਚੋਥੀ ਪਾਤਸ਼ਾਹੀ!

ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ਵੱਡੇ ਸੱਚੇ ਗੁਰਾਂ ਦੀ ਕੀਰਤੀ ਗੁਰੂ ਦੇ ਸਿੱਖਾਂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
ਵਾਹਿਗੁਰੂ ਸੱਚੇ ਗੁਰਾਂ ਦੀ ਇੱਜ਼ਤ ਰੱਖਦਾ ਹੈ, ਜੋ ਹਰ ਰੋਜ਼ ਵਧਦੀ ਜਾਂਦੀ ਹੈ।

ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
ਵਿਸ਼ਾਲ ਸਤਿਗੁਰਾਂ ਦੇ ਹਿਰਦੇ ਅੰਦਰ ਪਰਮ ਪ੍ਰਭੂ ਵਸਦਾ ਹੈ ਅਤੇ ਪਰਮ ਪ੍ਰਭੂ ਹੀ ਉਨ੍ਹਾਂ ਦੀ ਰੱਖਿਆ ਕਰਦਾ ਹੈ।

ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
ਵੱਡੇ ਸੱਚੇ ਗੁਰਾਂ ਦਾ ਵਾਹਿਗੁਰੂ ਬਲ ਅਤੇ ਆਸਰਾ ਹੈ। ਸਾਰਿਆਂ ਨੂੰ ਲਿਆ ਕੇ ਉਸ ਨੇ ਉਨ੍ਹਾਂ ਮੂਹਰੇ ਨਿਵਾ ਦਿੱਤਾ ਹੈ।

ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ਜਿਨ੍ਹਾਂ ਨੇ ਮੇਰੇ ਸੱਚੇ ਗੁਰਾਂ ਨੂੰ ਪਿਆਰ ਨਾਲ ਵੇਖ ਲਿਆ ਹੈ, ਪ੍ਰਭੂ ਉਨ੍ਹਾਂ ਦੇ ਸਮੂਹ ਗੁਨਾਹ ਮੇਟ ਸੁੱਟਦਾ ਹੈ।

ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
ਰੋਸ਼ਨ ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ ਹਰੀ ਦੇ ਦਰਬਾਰ ਅੰਦਰ ਅਤੇ ਉਹ ਘਣੀ ਵਡਿਆਈ ਪਾਉਂਦੇ ਹਨ।

ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥
ਨਫ਼ਰ ਨਾਨਕ ਉਨ੍ਹਾਂ ਆਪਣੇ ਭਰਾਵਾਂ ਦੀ ਖਾਕ ਦੀ ਯਾਚਨਾ ਕਰਦਾ ਹੈ ਜੋ ਗੁਰੂ ਦੇ ਮੁਰੀਦ ਹਨ।

ਪਉੜੀ ॥
ਪਉੜੀ।

ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥
ਮੈਂ ਸਤਿਪੁਰਖ ਦੀ ਕੀਰਤੀ ਕਹਿੰਦਾ ਤੇ ਵਡਿਆਉਂਦਾ ਹਾਂ। ਸੱਚੀ ਹੈ ਪ੍ਰਭੁਤਾ ਸੱਚੇ ਸੁਆਮੀ ਦੀ।

ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥
ਮੈਂ ਸੱਚੇ ਸਾਈਂ ਅਤੇ ਸੱਚੇ ਸਾਈਂ ਦੀ ਕੀਰਤੀ ਦਾ ਜੱਸ ਕਰਦਾ ਹਾਂ। ਸਤਿਪੁਰਖ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ।

copyright GurbaniShare.com all right reserved. Email