ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥
ਗੁਰੂ ਦਿਆਂ ਮੁਰੀਦਾ ਨੇ ਆਪਣੇ ਚਿੱਤ ਵਿੱਚ ਅਨੁਭਵ ਕਰ ਲਿਆ ਹੈ, ਕਿ ਇਥੇ ਅਤੇ ਉਥੇ ਉਸ ਨੂੰ ਕੋਈ ਪਨਾਹ ਨਹੀਂ ਲੱਭਣੀ। ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥ ਜਿਹੜਾ ਇਨਸਾਨ ਸੱਚੇ ਗੁਰਾਂ ਨੂੰ ਮਿਲਦਾ ਹੈ ਅਤੇ ਆਪਣੇ ਚਿੱਤ ਅੰਦਰ ਨਾਮ ਦਾ ਚਿੰਤਨ ਕਰਦਾ ਹੈ, ਉਹ ਤਰ ਜਾਂਦਾ ਹੈ। ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥ ਹੇ ਤੁਸੀਂ ਗੁਰੂ ਦੇ ਸਿੱਖੋਂ ਅਤੇ ਪੁਤਰੋ! ਵਾਹਿਗੁਰੂ ਸੁਆਮੀ ਦਾ ਸਿਮਰਨ ਕਰੋ ਅਤੇ ਉਹ ਤੁਹਾਡਾ ਪਾਰ ਉਤਾਰਾ ਕਰੇਗਾ, ਗੋਲਾ ਨਾਨਕ ਆਖਦਾ ਹੈ। ਮਹਲਾ ੩ ॥ ਤੀਜੀ ਪਾਤਸ਼ਾਹੀ। ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥ ਹੰਕਾਰ, ਮੰਦੀ ਅਕਲ ਅਤੇ ਪਾਪ ਦੀ ਜ਼ਹਿਰ ਨੇ ਸੰਸਾਰ ਨੂੰ ਕੁਰਾਹੇ ਪਾਇਆ ਹੋਇਆ ਹੈ। ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥ ਜੇਕਰ ਅਧਰਮੀ, ਜੋ ਮੁਕੰਮਲ ਅਨ੍ਹੇਰੇ ਵਿੱਚ ਹੈ, ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ। ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥੩॥ ਨਾਨਕ ਪ੍ਰਭੂ ਉਸ ਜੀਵ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ, ਜਿਸ ਨੂੰ ਉਹ ਆਪਣੇ ਨਾਮ ਦਾ ਪ੍ਰੇਮ ਲਾਉਂਦਾ ਹੈ। ਪਉੜੀ ॥ ਪਉੜੀ। ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥ ਸੱਚੀ ਹੈ ਕੀਰਤੀ ਤੇ ਉਸਤਤੀ ਸਤਿਪੁਰਖ ਦੀ ਕੇਵਲ ਓਹੀ ਇਸ ਨੂੰ ਕਰਦਾ ਹੈ, ਜਿਸ ਦਾ ਮਨ ਨਰਮ ਹੋਇਆ ਹੋਇਆ ਹੈ। ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥ ਜੋ ਇਕ ਚਿੱਤ ਨਾਲ ਅਦੁੱਤੀ ਪੁਰਖ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਦੇਹਿ ਕਦਾਚਿੱਤ ਨਾਸ ਨਹੀਂ ਹੁੰਦੀ। ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥ ਮੁਬਾਰਕ! ਮੁਬਾਰਕ! ਤੇ ਉਪਮਾਯੋਗ ਹੈ ਉਹ ਪੁਰਸ਼, ਜੋ ਆਪਣੀ ਜੀਭਾ ਨਾਲ ਸਤਿਨਾਮ ਦੇ ਸੁਧਾਰਸ ਨੂੰ ਚਖਦਾ ਹੈ। ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥ ਉਹ ਪੁਰਸ਼, ਜਿਸ ਦੇ ਚਿੱਤ ਨੂੰ ਸੱਚਿਆ ਦਾ ਮਹਾਂ ਸੱਚਾ ਚੰਗਾ ਲਗਦਾ ਹੈ, ਸੱਚੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ। ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥ ਸ਼ਾਬਾਸ਼! ਸ਼ਾਬਾਸ਼! ਹੈ ਸੱਚੇ ਪੁਰਸ਼ਾਂ ਦੀ ਪੈਦਾਇਸ਼ ਨੂੰ ਜਿਨ੍ਹਾਂ ਦੇ ਚਿਹਰੇ ਨੂੰ ਸੱਚਾ ਸੁਆਮੀ ਰੋਸ਼ਨ ਕਰ ਦਿੰਦਾ ਹੈ। ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥ ਮਾਇਆ ਦੇ ਪੁਜਾਰੀ ਜਾ ਕੇ ਗੁਰਾਂ ਅਗੇ ਨਮਸਕਾਰ ਕਰਦੇ ਹਨ, ਪਰ ਉਨ੍ਹਾਂ ਦਾ ਚਿੱਤ ਕਮੀਨਾ ਹੈ ਅਤੇ ਨਿਰੋਲ ਝੂਠ ਨਾਲ ਭਰਿਆ ਹੋਇਆ ਹੈ। ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥ ਜਦ ਗੁਰੂ ਆਖਦਾ ਹੈ, "ਉਠੋ ਤੇ ਕੰਮ ਕਰੋ, ਮੇਰੇ ਭਰਾਓ!" ਉਹ ਕਿਵੇ ਨਾਂ ਕਿਵੇ ਵਿੱਚ ਘੁਸੜ ਕੇ ਬਗਲੇ ਦੀ ਤਰ੍ਹਾਂ ਬੈਠ ਜਾਂਦੇ ਹਨ। ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ ਸੱਚਾ ਗੁਰੂ ਆਪਣੇ ਸਿੱਖਾਂ ਅੰਦਰ ਵਸਦਾ ਹੈ। ਅਵਾਰਾ-ਗਰਦਾ ਨੂੰ ਚੁਣ ਕੇ ਉਹ ਬਾਹਰ ਕੱਢ ਦਿੰਦੇ ਹਨ। ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥ ਇਥੇ ਉਥੇ ਬੈਠ ਕੇ ਉਹ ਆਪਣਾ ਮੂੰਹ ਲੁਕਾਂਦੇ ਹਨ ਅਤੇ ਖੋਟੇ ਹੋਣ ਕਰਕੇ ਉਹ ਖਰਿਆਂ ਨਾਲ ਨਹੀਂ ਰਲਦੇ। ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥ ਉਨ੍ਹਾਂ ਦਾ ਖਾਜਾ ਉਥੇ ਨਹੀਂ ਹੈ। ਝੂਠੇ ਭੇਡਾ ਦੀ ਤਰ੍ਹਾਂ ਜਾ ਕੇ ਗੰਦਗੀ ਲੱਭ ਲੈਂਦੇ ਹਨ। ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥ ਜੇਕਰ ਅਸੀਂ ਅਧਰਮੀ ਪੁਰਸ਼ ਨੂੰ ਖੁਆਲਣਾ ਚਾਹੀਏ ਤਾਂ ਉਹ ਉਗਲ ਕੇ ਆਪਣੇ ਮੂੰਹ ਰਾਹੀਂ ਜ਼ਹਿਰ ਬਾਹਰ ਕਢੇਗਾ। ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥ ਹੇ ਵਾਹਿਗੁਰੂ! ਮੈਨੂੰ ਮਾਇਆ ਦੇ ਉਪਾਸ਼ਕ ਦੀ ਸੰਗਤ ਨਾਂ ਦੇ। ਉਹ ਰਚਣਹਾਰ ਦਾ ਫਿਟਕਾਰਿਆ ਹੋਇਆ ਹੈ। ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥੧॥ ਜਿਸ ਦੀ ਮਲਕੀਅਤ ਇਹ ਖੇਡ ਹੈ, ਉਹੀ ਇਸ ਨੂੰ ਰਚਦਾ ਅਤੇ ਦੇਖਦਾ ਹੈ, ਨੌਕਰ ਨਾਨਕ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥ ਅਥਾਹ ਹੈ ਸੱਚੇ ਗੁਰਾਂ ਦੀ ਵਿਅਕਤੀ, ਜਿਨ੍ਹਾਂ ਨੇ ਆਪਣੇ ਦਿਲ ਵਿੱਚ ਵਾਹਿਗੁਰੂ ਟਿਕਾਇਆ ਹੋਇਆ ਹੈ। ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥ ਕੋਈ ਭੀ ਸੱਚੇ ਗੁਰਾਂ ਦੀ ਬਰਾਬਰੀ ਨਹੀਂ ਕਰ ਸਕਦਾ, ਜਿਨ੍ਹਾਂ ਦੇ ਪੱਖ ਤੇ ਖੁਦ ਕਰਤਾਰ ਹੈ। ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥ ਵਾਹਿਗੁਰੂ ਦਾ ਸਿਮਰਨ ਸੱਚੇ ਗੁਰਾਂ ਦੀ ਤਲਵਾਰ ਅਤੇ ਜ਼ਰ੍ਹਾਂ-ਬਕਤਰ ਹੈ, ਜਿਸ ਦੇ ਨਾਲ ਉਨ੍ਹਾਂ ਨੇ ਦੁਖ ਦੇਣਹਾਰ ਮੌਤ ਨੂੰ ਨਸ਼ਟ ਕਰਕੇ ਪਰੇ ਸੁਟ ਦਿੱਤਾ ਹੈ। ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥ ਵਾਹਿਗੁਰੂ ਖੁਦ ਸੱਚੇ ਗੁਰਾਂ ਦੀ ਰਖਿਆ ਕਰਨ ਵਾਲਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਬਚਾ ਲੈਦਾ ਹੈ, ਜੋ ਸੱਚੇ ਗੁਰਾਂ ਦੇ ਮਗਰ ਲੱਗਦੇ ਹਨ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥ ਰਚਣਹਾਰ ਆਪੇ ਹੀ ਉਸ ਨੂੰ ਨਸ਼ਟ ਕਰ ਦਿੰਦਾ ਹੈ ਜੋ ਪੁਰਨ ਸੱਚੇ ਗੁਰਾਂ ਦਾ ਬੁਰਾ ਸੋਚਦਾ ਹੈ। ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥ ਇਹ ਬਚਨ ਸੱਚੇ ਵਾਹਿਗੁਰੂ ਦੇ ਦਰਬਾਰ ਦਾ ਹੈ। ਨੌਕਰ ਨਾਨਕ ਇਹ ਪੜਦੇ ਦੀ ਗੱਲ ਉਚਾਰਦਾ ਹੈ। ਪਉੜੀ ॥ ਪਉੜੀ। ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥ ਜੋ ਸੁਤਿਆਂ ਸੱਚੇ ਸੁਆਮੀ ਨੂੰ ਸਿਮਰਦੇ ਹਨ, ਜਦ ਉਹ ਜਾਗਦੇ ਹਨ ਤਾਂ ਭੀ ਉਹ ਸਤਿਨਾਮ ਦਾ ਉਚਾਰਨ ਕਰਦੇ ਹਨ। ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥ ਬਹੁਤ ਥੋੜੇ ਜੀਵ ਇਹੋ ਜਿਹੇ ਇਸ ਜਹਾਨ ਅੰਦਰ ਜਾਣੇ ਜਾਂਦੇ ਹਨ, ਜੋ ਗੁਰਾਂ ਦੇ ਰਾਹੀਂ ਸੱਚੇ ਸਾਈਂ ਦਾ ਚਿੰਤਨ ਕਰਦੇ ਹਨ। ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ ॥ ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜੋ ਰੈਣ ਤੇ ਦਿਨ ਸੱਚੇ ਨਾਮ ਦਾ ਜਾਪ ਕਰਦੇ ਹਨ। ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥ ਜਿਨ੍ਹਾਂ ਦੀ ਆਤਮਾ ਅਤੇ ਦੇਹਿ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਹ ਸੱਚੇ ਦਰਬਾਰ ਤੇ ਅਪੜ ਜਾਂਦੇ ਹਨ। ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ ॥੨੧॥ ਗੋਲਾ ਨਾਨਕ ਸਤਿਨਾਮ ਦਾ ਉਚਾਰਨ ਕਰਦਾ ਹੈ। ਨਿਸਚਿਤ ਹੀ ਸੱਚਾ ਸੁਆਮੀ, ਸਦੀਵ ਹੀ ਨਵਾਂ ਨਰੋਆ ਹੈ। ਸਲੋਕੁ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥ ਕੀ ਸਊਣਾ ਹੈ ਅਤੇ ਕੀ ਜਾਗਣਾ? ਜੋ ਗੁਰਾਂ ਵਲ ਮੁੜੇ ਹਨ, ਉਹ ਕਬੂਲ ਪੈ ਜਾਂਦੇ ਹਨ। copyright GurbaniShare.com all right reserved. Email |