Page 313
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਪ੍ਰਭੂ ਨੂੰ ਨਹੀਂ ਭੁਲਾਉਂਦੇ ਉਹ ਪੂਰਨ ਅਤੇ ਪਰਸਿਧ ਪੁਰਸ਼ ਹਨ।

ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥
ਵਾਹਿਗੁਰੂ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਹੁੰਦੇ ਹਨ ਅਤੇ ਰਾਤ ਦਿਨ ਹਰੀ ਨਾਲ ਆਪਣੀ ਬਿਰਤੀ ਜੋੜਦੇ ਹਨ।

ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥
ਮੈਂ ਉਨ੍ਹਾਂ ਪੁਰਸ਼ਾਂ ਦੇ ਮੇਲ-ਮਿਲਾਪ ਅੰਦਰ ਜੁੜਿਆ ਰਹਿੰਦਾ ਹਾਂ ਅਤੇ ਮੈਂ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹਾਂ।

ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
ਸੁੱਤੇ ਹੋਏ ਉਹ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਦੇ ਹਨ ਅਤੇ ਜਾਗਦੇ ਹੋਏ ਭੀ ਉਸ ਦਾ ਜੱਸ ਕਰਦੇ ਹਨ।

ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥
ਨਾਨਕ ਰੋਸ਼ਨ ਹਨ ਉਨ੍ਹਾਂ ਦੇ ਚਿਹਰੇ ਜੋ ਹਰ ਰੋਜ਼ ਸਵੇਰੇ ਜਾਗ ਕੇ ਵਾਹਿਗੁਰੂ ਨੂੰ ਸਿਮਰਦੇ ਹਨ।

ਮਃ ੪ ॥
ਚੋਥੀ ਪਾਤਸ਼ਾਹੀ।

ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥
ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਬੇਅੰਤ ਸੁਆਮੀ ਦੇ ਨਾਮ ਨੂੰ ਪਾ ਲੈਦਾ ਹੈ।

ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥
ਦਾਤਾ ਗੁਰਦੇਵ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਬਖਸ਼ਦਾ ਹੈ ਅਤੇ ਡੁਬਦੇ ਹੋਏ ਬੰਦੇ ਨੂੰ ਭਿਆਨਕ ਸੰਸਾਰ-ਸਮੁੰਦਰ ਵਿੱਚ ਕੱਢ ਲੈਦਾ ਹੈ।

ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥
ਮੁਬਾਰਕ, ਮੁਬਾਰਕ ਹਨ, ਉਹ ਸ਼ਾਹੂਕਾਰ ਜੋ ਵਾਹਿਗੁਰੂ ਦੇ ਨਾਮ ਦਾ ਵਣਜ ਕਰਦੇ ਹਨ।

ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥
ਸਿੱਖ ਵਾਪਾਰੀ ਆਉਂਦੇ ਹਨ, ਅਤੇ ਰੱਬ ਦੇ ਨਾਮ ਨਾਲ ਗੁਰੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥
ਕੇਵਲ ਓਹੀ ਕਰਤਾਰ ਦੀ ਟਹਿਲ ਕਮਾਉਂਦੇ ਹਨ, ਹੇ ਗੋਲੇ ਨਾਨਕ! ਜਿਨ੍ਹਾਂ ਉਤੇ ਹਰੀ ਦੀ ਮਿਹਰ ਹੈ।

ਪਉੜੀ ॥
ਪਉੜੀ।

ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥
ਜੋ ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਸੱਚੇ ਸੁਆਮੀ ਦੇ ਨਿਸਚਿਤ ਹੀ ਵਫਾਦਾਰ ਗੋਲੇ ਹਨ।

ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥
ਗੁਰੂ-ਸਮਰਪਣ ਜੋ ਪੂਰੀ ਖੋਜ ਭਾਲ ਕਰਦੇ ਹਨ, ਉਹ ਆਪਣੇ ਅੰਦਰੋਂ ਹੀ ਸਤਿਪੁਰਖ ਨੂੰ ਪਾ ਲੈਂਦੇ ਹਨ।

ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥
ਜੋ ਸੱਚੇ ਦਿਲੋਂ ਸੱਚੇ ਮਾਲਕ ਦੀ ਘਾਲ ਕਮਾਉਂਦੇ ਹਨ, ਉਹ ਕੰਡਿਆਲੀ ਮੌਤ ਨੂੰ ਕਾਬੂ ਤੇ ਅਧੀਨ ਕਰ ਲੈਂਦੇ ਹਨ।

ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥
ਨਿਸਚਿਤ ਹੀ ਸੱਚਾ ਸਾਈਂ ਸਾਰਿਆਂ ਨਾਲੋਂ ਉੱਚਾ ਹੈ। ਜੋ ਸਤਿਪੁਰਖ ਨੂੰ ਸੇਵਦੇ ਹਨ, ਉਹ ਸਤਿਪੁਰਖ ਨਾਲ ਰਲ ਜਾਂਦੇ ਹਨ।

ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥
ਧੰਨਤਾਯੋਗ ਹੈ, ਸਚਿਆਰਾਂ ਦਾ ਮਹਾਂ ਸਚਿਆਰ। ਸਚਿਆ ਦੇ ਪਰਮ ਸੱਚੇ ਦੀ ਟਹਿਲ ਕਰਨ ਦੁਆਰਾ ਆਦਮੀ ਫਲਦਾ ਫੁਲਦਾ ਹੈ।

ਸਲੋਕ ਮਃ ੪ ॥
ਸਲੋਕ ਚੋਥੀ ਪਾਤਸ਼ਾਹੀ।

ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥
ਮੁਰਖ ਹੈ, ਮਨ ਮਗਰ ਲੱਗਣ ਵਾਲਾ ਪੁਰਸ਼, ਸੁਆਮੀ ਦੇ ਨਾਮ ਦੇ ਬਾਝੋਂ ਉਹ ਭਟਕਦਾ ਫਿਰਦਾ ਹੈ।

ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥
ਗੁਰਾਂ ਦੇ ਬਗੈਰ ਉਸ ਦਾ ਮਨ ਸਥਿਰ ਨਹੀਂ ਹੁੰਦਾ ਅਤੇ ਉਹ ਮੁੜ ਮੁੜ ਕੇ ਗਰਭ ਵਿੱਚ ਪੈਦਾ ਹੈ।

ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥
ਜਦ ਵਾਹਿਗੁਰੂ ਸਾਈਂ ਖੁਦ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਗੁਰੂ ਜੀ ਆ ਕੇ ਬੰਦੇ ਨੂੰ ਮਿਲਦੇ ਹਨ।

ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥
ਹੇ ਗੋਲੇ ਨਾਨਕ ਤੂੰ ਨਾਮ ਦੀ ਪਰਸੰਸਾ ਕਰ, ਤਾਂ ਜੋ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਮਿਟ ਜਾਂਵੇ।

ਮਃ ੪ ॥
ਚੋਥੀ ਪਾਤਸ਼ਾਹੀ।

ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥
ਬੜੇ ਪਰੇਮ ਨਾਲ ਮੈਂ ਆਪਣੇ ਗੁਰਾਂ ਦੀ ਅਨੇਕ ਤਰੀਕਿਆਂ ਨਾਲ ਵਡਿਆਈ ਕਰਦਾ ਹਾਂ।

ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥
ਸੱਚੇ ਗੁਰਾਂ ਨਾਲ ਮੇਰੀ ਜਿੰਦੜੀ ਰੰਗੀ ਗਈ ਹੈ। ਗੁਰਾਂ ਨੇ ਇਸ ਨੂੰ ਸੁਹਣਾ ਬਣਾ ਕੇ ਰੱਖਿਆ ਹੈ।

ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥
ਗੁਰਾਂ ਦੀ ਤਾਰੀਫ ਉਚਾਰਦਿਆਂ ਮੇਰੀ ਜੀਭ ਨੂੰ ਰੱਜ ਨਹੀਂ ਆਉਂਦਾ, ਜਿਨ੍ਹਾਂ ਨੇ ਮੇਰਾ ਮਨ ਹਰੀ ਪਿਆਰੇ ਨਾਲ ਜੋੜ ਦਿੱਤਾ ਹੈ।

ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥
ਨਾਨਕ! ਚਿੱਤ ਨੂੰ ਨਾਮ ਦੀ ਭੁੱਖ ਹੈ ਅਤੇ ਚਿੱਤ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਸੰਤੁਸ਼ਟ ਹੋਦਾਂ ਹੈ।

ਪਉੜੀ ॥
ਪਉੜੀ।

ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥
ਸੱਚਾ ਸੁਆਮੀ, ਜਿਸ ਨੇ ਦਿਨ ਅਤੇ ਰੈਣ ਸਾਜੇ ਹਨ, ਨਿਸਚੇ ਕਰਕੇ ਉਸ ਦਾ ਅਪਾਰ ਸ਼ਕਤੀ ਰਾਹੀਂ ਜਾਣਿਆ ਜਾਂਦਾ ਹੈ।

ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥
ਹਮੇਸ਼ਾਂ, ਹਮੇਸ਼ਾਂ ਮੈਂ ਉਸ ਸਤਿਪੁਰਖ ਦੀ ਕੀਰਤੀ ਕਰਦਾ ਹਾਂ। ਸਚੀਆਂ ਹਨ ਕੀਰਤੀਆਂ ਸਤਿਪੁਰਖ ਦੀਆਂ।

ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥
ਸਚਾ ਹੈ ਉਪਮਾ-ਯੋਗ ਸੁਆਮੀ ਤੇ ਸਚੀ ਹੈ ਉਸ ਦੀ ਉਪਮਾ। ਸਚੇ ਸਾਹਿਬ ਦੇ ਮੁਲ ਦਾ ਕਦੇ ਕਿਸੇ ਨੂੰ ਪਤਾ ਨਹੀਂ ਲਗਾ।

ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥
ਜਦ ਪੂਰਨ ਸਚੇ ਗੁਰੂ ਮਿਲ ਪੈਦੇ ਹਨ, ਤਦ ਐਨ ਪ੍ਰਗਟ ਦਿਸ ਪੈਦੀਆਂ ਹਨ ਉਸ ਦੀਆਂ ਵਡਿਆਈਆਂ।

ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥
ਗੁਰੂ-ਸਮਰਪਣ, ਜੋ ਸਚੇ ਸੁਆਮੀ ਦਾ ਜੱਸ ਗਾਉਂਦੇ ਹਨ, ਉਨ੍ਹਾਂ ਦੀਆਂ ਸਾਰੀਆਂ ਭੁੱਖਾਂ ਨਵਿਰਤ ਹੋ ਜਾਂਦੀਆਂ ਹਨ।

ਸਲੋਕ ਮਃ ੪ ॥
ਸਲੋਕ ਚੋਥੀ ਪਾਤਸ਼ਾਹੀ।

ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
ਆਪਣੀ ਆਤਮਾ ਅਤੇ ਦੇਹਿ ਨੂੰ ਚੰਗੀ ਤਰ੍ਹਾਂ ਢੁੰਡ ਕੇ ਮੈਂ ਉਸ ਸਾਹਿਬ ਨੂੰ ਲਭ ਲਿਆ ਹੈ, ਜਿਸ ਨੂੰ ਮੈਂ ਚਾਹੁਦਾ ਸਾਂ।

ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥
ਮੈਨੂੰ ਵਿਚੋਲੇ ਗੁਰੂ ਜੀ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਸੁਆਮੀ ਨਾਲ ਮਿਲਾ ਦਿੱਤਾ ਹੈ।

ਮਃ ੩ ॥
ਤੀਜੀ ਪਾਤਸ਼ਾਹੀ।

ਮਾਇਆਧਾਰੀ ਅਤਿ ਅੰਨਾ ਬੋਲਾ ॥
ਮਾਇਆ ਦੀ ਪਕੜ ਵਾਲਾ ਮਹਾਂ ਅੰਨ੍ਹਾ ਅਤੇ ਡੋਰਾ ਹੈ।

ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
ਉਹ ਨਾਮ ਨੂੰ ਸੁਣਦਾ ਨਹੀਂ ਅਤੇ ਬੜਾ ਸ਼ੋਰ-ਸ਼ਰਾਬਾ ਕਰਦਾ ਹੈ।

ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥
ਪ੍ਰਭੂ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ ਪਵਿੱਤ੍ਰ ਪੁਰਸ਼ ਜਾਣੇ ਜਾਂਦੇ ਹਨ।

ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥
ਉਹ ਰੱਬ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਰੱਖਦੇ ਹਨ ਅਤੇ ਰੱਬ ਦੇ ਨਾਮ ਵਿੱਚ ਹੀ ਉਹ ਲੀਨ ਹੋ ਜਾਂਦੇ ਹਨ।

ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਕਰਦਾ ਅਤੇ ਕਰਵਾਉਂਦਾ ਹੈ।

ਨਾਨਕ ਵਜਦਾ ਜੰਤੁ ਵਜਾਇਆ ॥੨॥
ਨਾਨਕ, ਜੀਵ ਰੂਪੀ ਵਾਜਾ ਉਸੇ ਤਰ੍ਹਾਂ ਵਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ।

copyright GurbaniShare.com all right reserved. Email