Page 322
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥
ਦੂਸਰੀ ਕੋਈ ਜਗ੍ਹਾ ਨਹੀਂ। ਹੋਰਸ ਨਾਲ ਸਾਡੀ ਕਿਸ ਤਰ੍ਹਾਂ ਤਸੱਲੀ ਹੋ ਸਕਦੀ ਹੈ?

ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
ਮੈਂ ਸਾਰਾ ਜਹਾਨ ਵੇਖ ਲਿਆ ਹੈ, ਬਗੈਰ ਪ੍ਰਭੂ ਦੇ ਨਾਮ ਦੇ ਕੋਈ ਆਰਾਮ ਨਹੀਂ।

ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥
ਦੇਹਿ ਤੇ ਦੌਲਤ ਮਿੱਟੀ ਹੋ ਜਾਣਗੇ ਪ੍ਰੰਤੂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।

ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥
ਮੌਜ ਬਹਾਰ, ਸੁੰਦਰਤਾ ਅਤੇ ਸੁਆਦ ਬੇਅਰਥ ਹਨ। ਤੂੰ ਕਾਹਦੇ ਵਿੱਚ ਲਗਿਆ ਹੋਇਆ ਹੈ, ਹੇ ਫ਼ਾਨੀ ਬੰਦਿਆ?

ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥
ਜਿਸ ਨੂੰ ਵਾਹਿਗੁਰੂ ਖੁਦ ਕੁਰਾਹੇ ਪਾਉਂਦਾ ਹੈ, ਉਹ ਉਸ ਦੀ ਸ਼ਕਤੀ ਨੂੰ ਨਹੀਂ ਸਮਝਦਾ।

ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥
ਜੋ ਪੱਵਿਤ੍ਰ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਸਤਿਨਾਮ ਦਾ ਗਾਇਨ ਕਰਦੇ ਹਨ।

ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥
ਨਾਨਕ, ਜਿਹੜੇ ਭੀ ਤੈਨੂੰ ਚੰਗੇ ਲਗਦੇ ਹਨ, ਹੇ ਸਾਹਿਬ! ਉਹ ਤੇਰੇ ਦਰ ਦੀ ਪਨਾਹ ਲੋੜਦੇ ਹਨ।

ਪਉੜੀ ॥
ਪਉੜੀ।

ਜੰਮਣੁ ਮਰਣੁ ਨ ਤਿਨ੍ਹ੍ਹ ਕਉ ਜੋ ਹਰਿ ਲੜਿ ਲਾਗੇ ॥
ਜੋ ਵਾਹਿਗੁਰੂ ਦੇ ਪੱਲੇ ਨਾਲ ਜੁੜੇ ਹਨ, ਉਹ ਜੰਮਦੇ ਅਤੇ ਮਰਦੇ ਨਹੀਂ।

ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥
ਜੋ ਵਾਹਿਗੁਰੂ ਦੇ ਜੱਸ ਅੰਦਰ ਜਾਗਦੇ ਹਨ, ਉਹ ਜੀਊਦੇ ਜੀ ਕਬੂਲ ਪੈ ਜਾਂਦੇ ਹਨ।

ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥
ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਤਿ ਸੰਗਤ ਪ੍ਰਾਪਤ ਹੋਈ ਹੈ।

ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥
ਲਾਨ੍ਹਤ ਹੈ ਉਸ ਜਿੰਦਗੀ ਨੂੰ ਜੋ ਨਾਮ ਨੂੰ ਭੁਲਾਉਂਦੀ ਹੈ। ਇਹ ਕਚੇ ਧਾਗੇ ਦੀ ਤਰ੍ਹਾਂ ਟੁਟ ਜਾਂਦੀ ਹੈ।

ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥
ਨਾਨਕ ਪਰਾਗ ਰਾਜ ਦੇ ਲੱਖਾਂ ਅਤੇ ਕਰੋੜਾਂ ਇਸ਼ਨਾਨਾਂ ਨਾਲੋਂ ਸੰਤਾਂ ਦੇ ਪੈਰਾ ਦੀ ਖ਼ਾਕ ਵਧੇਰੇ ਪਵਿੱਤ੍ਰ ਹੈ।

ਸਲੋਕੁ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥
ਜਿਸ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਪਿਆਰ ਨਿਵਾਸ ਰਖਦਾ ਹੈ, ਉਹ ਘਾਹ ਦੇ ਹੀਰਿਆਂ ਜੜਤ ਸੁੰਦਰ ਜਮੀਨ ਦੀ ਤਰ੍ਹਾਂ ਹੈ।

ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥
ਨਾਨਕ ਜਦ ਵਡੇ ਸੱਚੇ ਗੁਰੂ ਜੀ ਪ੍ਰਸਨ ਹੋ ਜਾਂਦੇ ਹਨ, ਤਦ ਸਾਰੇ ਕਾਰਜ ਸੁਖੈਨ ਹੋ ਜਾਂਦੇ ਹਨ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥
ਗਿੱਧ ਪਾਣੀਆਂ, ਪਹਾੜਾ ਅਤੇ ਜੰਗਲਾਂ ਉਤੇ ਦਸੀ ਪਾਸੀਂ ਭੌਦੀਂ ਅਤੇ ਭਟਕਦੀ ਹੈ,

ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥
ਪਰ ਉਥੇ ਆ ਕੇ ਬੈਠ ਜਾਂਦੀ ਹੈ, ਜਿਥੇ ਇਹ ਕੋਈ ਮੁਰਦਾਰ ਵੇਖਦੀ ਹੈ।

ਪਉੜੀ ॥
ਪਉੜੀ।

ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥
ਜੋ ਸਾਰੇ ਆਰਾਮ ਅਤੇ ਦਾਤਾ ਚਾਹੁੰਦਾ ਹੈ, ਉਹ ਸੱਚ ਦੀ ਕਮਾਈ ਕਰੇ।

ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥
ਤੂੰ ਸ਼੍ਰੋਮਣੀ ਸਾਹਿਬ ਨੂੰ ਨਿਕਟ ਹੀ ਵੇਖ ਅਤੇ ਕੇਵਲ ਨਾਮ ਦਾ ਹੀ ਆਰਾਧਨ ਕਰ।

ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
ਤੂੰ ਸਾਰਿਆਂ ਬੰਦਿਆਂ ਦੇ ਪੈਰਾ ਦੀ ਧੂੜ ਹੋ ਕੇ ਅਤੇ ਵਾਹਿਗੁਰੂ ਨਾਲ ਅਭੇਦ ਹੋ ਜਾ।

ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥
ਕਿਸੇ ਭੀ ਪ੍ਰਾਣਧਾਰੀ ਨੂੰ ਤਕਲੀਫ ਨਾਂ ਦੇ ਅਤੇ ਇਜ਼ਤ ਨਾਲ ਆਪਣੇ ਧਾਮ ਨੂੰ ਜਾ।

ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥
ਨਾਨਕ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲੇ, ਸੁਆਮੀ ਸਿਰਜਣਹਾਰ ਦੇ ਨਾਮ ਬਾਰੇ ਸੁਣਾਦਾ ਹੈ।

ਸਲੋਕ ਦੋਹਾ ਮਃ ੫ ॥
ਦੋ ਤੁਕਾਂ ਪੰਜਵੀਂ ਪਾਤਸ਼ਾਹੀ।

ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥
ਮੈਂ ਉਸ ਨੂੰ ਆਪਣਾ ਦੋਸਤ ਬਣਾਇਆ ਹੈ, ਜੋ ਸਾਰਾ ਕੁਛ ਕਰਨ-ਯੋਗ ਹੈ।

ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥
ਉਸ ਦੇ ਉਤੋਂ ਮੇਰੀ ਜਿੰਦੜੀ ਕੁਰਬਾਨ ਹੈ। ਮੇਰੇ ਚਿੱਤ ਤੇ ਸਰੀਰ ਦੀ ਵਾਹਿਗੁਰੂ ਦੋਲਤ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥
ਮੇਰੇ ਪ੍ਰੀਤਮ, ਜੇਕਰ ਤੂੰ ਮੇਰਾ ਹਥ ਪਕੜ ਲਵੇ, ਤਾਂ ਮੈਂ ਤੈਨੂੰ ਕਦਾਚਿੱਤ ਨਾਂ ਤਿਆਗਾਗਾਂ।

ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥
ਮੰਦੇ ਹਨ ਉਹ ਪੁਰਸ਼ ਜੋ ਵਾਹਿਗੁਰੂ ਨੂੰ ਤਿਆਗਦੇ ਹਨ। ਉਹ ਨਰਕ ਦੇ ਦੁਖ ਵਿੱਚ ਪੈਦੇ ਹਨ।

ਪਉੜੀ ॥
ਪਉੜੀ।

ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥
ਸਾਰੇ ਖ਼ਜ਼ਾਨੇ ਉਸ ਦੇ ਧਾਮ ਵਿੱਚ ਹਨ। ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।

ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥
ਪਵਿੱਤ੍ਰ ਪੁਰਸ਼ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਲਈ ਜੀਉਂਦੇ ਹਨ ਅਤੇ ਇੰਜ ਗੁਨਾਹਾਂ ਦੀ ਆਪਣੀ ਗੰਦਗੀ ਨੂੰ ਧੋ ਸੁਟਦੇ ਹਨ।

ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥
ਸੁਆਮੀ ਦੇ ਚਰਨ ਕੰਵਲ ਚਿੱਤ ਅੰਦਰ ਵਸਾਉਣ ਦੁਆਰਾ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਹਨ।

ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥
ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਨਹੀਂ ਕਰਦਾ।

ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥
ਸਾਹਿਬ ਦੇ ਦੀਦਾਰ ਦੀ ਨਾਨਕ ਨੂੰ ਬੜੀ ਤੇਹ ਹੈ। ਆਪਣੀ ਦਇਆ ਦੁਆਰਾ ਉਸ ਨੇ ਨਾਨਕ ਨੂੰ ਇਸ ਦੀ ਦਾਤਿ ਪਰਦਾਨ ਕੀਤੀ ਹੈ।

ਸਲੋਕ ਡਖਣਾ ਮਃ ੫ ॥
ਸਲੋਕ ਡਖਣਾ, ਪੰਜਵੀਂ ਪਾਤਸ਼ਾਹੀ।

ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥
ਜੇਕਰ ਤੂੰ ਭੋਰਾ ਭਰ ਭੀ ਆਪਣਾ ਸੰਦੇਹ ਗਵਾ ਦੇਵੇ, ਅਤੇ ਕੇਵਲ ਆਪਣੇ ਪ੍ਰੀਤਮ ਨੂੰ ਪਿਆਰ ਕਰੇ,

ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥
ਜਿਥੇ ਕਿਤੇ ਭੀ ਤੂੰ ਜਾਵੇਗਾ ਉਥੇ ਤੂੰ ਉਸ ਨੂੰ ਹਾਜ਼ਰ ਪਾਵੇਗਾ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥
ਕੀ ਉਹ ਬੰਦੇ ਜੋ ਕੇਵਲ ਖਿੱਦੋ-ਖੂੰਡੀ ਦੀ ਖੇਡ ਹੀ ਜਾਣਦੇ ਹਨ, ਘੋੜਿਆਂ ਤੇ ਸਵਾਰ ਹੋ ਬੰਦੂਕ ਹੱਥ ਫੜ ਸਕਦੇ ਹਨ?

ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥
ਹੰਸਾ ਕੀ ਮੁਰਗੇ ਵਰਗੀ ਉਡਾਰੀ ਵਾਲੇ ਪੰਛੀਆਂ ਦੀ ਰਾਜ ਹੰਸ ਨਾਲ ਬਰਾਬਰੀ ਕਰਨ ਦੀ ਦਿੱਲੀ-ਚਾਹ ਪੂਰੀ ਹੋ ਸਕਦੀ ਹੈ?

ਪਉੜੀ ॥
ਪਉੜੀ।

ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥
ਜੋ ਵਾਹਿਗੁਰੂ ਦੇ ਨਾਮ ਨੂੰ ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਕੰਨਾਂ ਨਾਲ ਸ੍ਰਵਣ ਕਰਦਾ ਹੈ, ਉਹ ਤਰ ਜਾਂਦਾ ਹੈ, ਹੇ ਮੇਰੇ ਮਿੱਤ੍ਰ!

ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥
ਜਿਹੜੇ ਹੱਥ ਪਿਆਰ ਨਾਲ ਵਾਹਿਗੁਰੂ ਦੀ ਕੀਰਤੀ ਲਿਖਦੇ ਹਨ, ਉਹ ਪਵਿੱਤ੍ਰ ਹਨ।

ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥
ਐਸਾ ਪੁਰਸ਼ ਅਠਾਹਠ ਧਰਮ-ਅਸਥਾਨਾਂ ਤੇ ਇਸ਼ਨਾਨ ਦਾ ਫਲ ਪਾ ਲੈਦਾ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ, ਕਿ ਉਸ ਨੇ ਸਾਰੇ ਨੇਕ ਕੰਮ ਕਰ ਲਏ ਹਨ।

ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥
ਉਹ ਜਗਤ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਬਦੀ ਦੇ ਕਿਲ੍ਹੇ ਨੂੰ ਸਰ ਕਰ ਲੈਦਾ ਹੈ।

ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥
ਨਾਨਕ ਤੂੰ ਬੇਅੰਤ ਸਾਹਿਬ ਦੀ ਘਾਲ ਕਮਾ, ਜੋ ਆਪਣੇ ਪੱਲੇ ਨਾਲ ਜੋੜਕੇ ਤੈਨੂੰ ਪਾਰ ਕਰ ਦੇਵੇਗਾ।

copyright GurbaniShare.com all right reserved. Email