ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥
ਧਰਮ-ਰਾਜਾ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ। ਸੁਬਹਾਨ ਹੈ ਸੁਆਮੀ ਉਨ੍ਹਾਂ ਨੂੰ ਸ਼ਿੰਗਾਰਣ ਵਾਲਾ। ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥ ਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ, ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥ ਤਦ ਉਹ ਵਿਆਪਕ ਰੂਹ ਨੂੰ ਸਿੰਞਾਣ ਲੈਂਦਾ ਹੈ ਅਤੇ ਸੁਖੈਨ ਹੀ ਹਰੀ ਨਾਮ ਵਿੱਚ ਲੀਨ ਹੋ ਜਾਂਦਾ ਹੈ। ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥ ਸੱਚੇ ਗੁਰਾਂ ਦੇ ਬਾਝੋਂ ਅਧਰਮੀ ਨੂੰ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਉਹ ਝੱਲੇ ਦੀ ਤਰ੍ਹਾਂ ਭਰਮਦਾ ਫਿਰਦਾ ਹੈ। ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥ ਉਹ ਹਰੀ ਦੇ ਸ਼ਬਦ ਦਾ ਚਿੰਤਨ ਨਹੀਂ ਕਰਦਾ, ਮੂੰਹ-ਜ਼ਬਾਨੀ ਗੱਲਾਂ ਹੀ ਕਰਦਾ ਹੈ ਅਤੇ ਪਾਪਾਂ ਅੰਦਰ ਗਲਤਾਨ ਹੈ। ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥ ਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ। ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥ ਜਦ ਉਹ ਸੁਆਮੀ ਖੁਦ ਸਾਨੂੰ ਬੁਲਾਉਂਦਾ ਹੈ ਅਸੀਂ ਉਸ ਤਰ੍ਹਾਂ ਬੋਲਦੇ ਹਾਂ, ਜਿਸ ਤਰ੍ਹਾਂ ਉਹ ਸਾਨੂੰ ਬੁਲਾਉਂਦਾ ਹੈ। ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥ ਮੁੱਖੀ ਗੁਰਾਂ ਦਾ ਕਲਾਮ ਖੁਦ ਵਾਹਿਗੁਰੂ ਹੈ ਅਤੇ ਗੁਰਬਾਣੀ ਦੁਆਰਾ ਹੀ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ। ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥ ਹੇ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਜਿਸ ਦੀ ਟਹਿਲ ਕਮਾਉਣ ਦੁਆਰਾ ਤੈਨੂੰ ਸ਼ਾਂਤੀ ਪਰਾਪਤ ਹੋਵੇਗੀ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥ ਹੰਕਾਰ ਦੀ ਗਿਲਾਜ਼ਤ ਨਾਲ ਲਿਬੜ ਜਾਣ ਕਰ ਕੇ ਦੁਨੀਆਂ ਤਕਲੀਫ ਉਠਾਉਂਦੀ ਹੈ। ਸੰਸਾਰੀ ਮਮਤਾ ਦੇ ਕਾਰਨ ਇਹ ਹੰਕਾਰ ਦੀ ਮੈਲ ਲਗਦੀ ਹੈ। ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥ ਕਿਸੇ ਜ਼ਰੀਏ ਨਾਲ ਇਹ ਹੰਗਤਾ ਦੀ ਗੰਦਗੀ ਧੋਣ ਨਾਲ ਦੂਰ ਨਹੀਂ ਹੁੰਦੀ, ਭਾਵੇਂ ਆਦਮੀ ਸੈਕੜੇ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਪਿਆ ਕਰੇ। ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥ ਅਨੇਕਾਂ ਤਰੀਕਿਆਂ ਨਾਲ ਕਰਮ-ਕਾਂਡ ਕਰਨ ਦੁਆਰਾ, ਸਗੋਂ ਆਦਮੀ ਨੂੰ ਦੁਗਣੀ ਮੈਲ ਚਿਮੜਦੀ ਹੈ। ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥ ਇਲਮ ਹਾਸਲ ਕਰਨ ਦੁਆਰਾ ਮਲੀਨਤਾ ਕੱਟੀ ਨਹੀਂ ਜਾਂਦੀ। ਜਾਂ ਕੇ ਬ੍ਰਹਿਮ-ਵੇਤਿਆਂ ਤੋਂ ਪਤਾ ਕਰ ਲਓ। ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਹੇ ਮੇਰੀ ਜਿੰਦੇ! ਜੇਕਰ ਤੂੰ ਗੁਰਾਂ ਦੀ ਸ਼ਰਣਾਗਤ ਆ ਜਾਵੇ ਤਦ ਤੂੰ ਮਲ-ਰਹਿਤ ਹੋ ਜਾਏਗੀ। ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥ ਪ੍ਰਤੀਕੂਲ ਹਰੀ ਦੇ ਨਾਮ ਦਾ ਉਚਾਰਨ ਕਰਦੇ ਕਰਦੇ ਹੰਭ ਗਏ ਹਨ, ਪਰੰਤੂ ਉਨ੍ਹਾਂ ਦੀ ਮੈਲ ਧੋਤੀ ਨਹੀਂ ਜਾ ਸਕੀ। ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥ ਮਲੀਨ-ਆਤਮਾ ਨਾਲ ਹਰੀ ਦਾ ਸਿਮਰਨ ਨਹੀਂ ਹੁੰਦਾ ਤੇ ਨਾਂ ਹੀ ਨਾਮ ਪਰਾਪਤ ਹੁੰਦਾ ਹੈ। ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥ ਆਪ-ਹੁਦਰੇ ਗੰਦੇ ਜੀਉਂਦੇ ਹਨ, ਗੰਦੇ ਹੀ ਉਹ ਮਰਦੇ ਹਨ ਅਤੇ ਉਹ ਆਪਣੀ ਇਜ਼ਤ ਗੁਆ ਕੇ ਤੁਰਦੇ ਹਨ। ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥ ਗੁਰਾਂ ਦੀ ਦਇਆ ਦੁਆਰਾ ਹੰਕਾਰ ਦੀ ਮਲੀਨਤਾ ਨਾਸ ਹੋ ਜਾਂਦੀ ਹੈ ਅਤੇ ਮਾਲਕ ਮਨੁੱਖ ਦੇ ਚਿੱਤ ਵਿੱਚ ਟਿਕ ਜਾਂਦਾ ਹੇ। ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥ ਜਿਵੇਂ ਅਨ੍ਹੇਰੇ ਵਿੱਚ ਦੀਵਾ ਜਗਾਉਣ ਨਾਲ ਹਨੇਰਾ ਦੂਰ ਹੁੰਦਾ ਹੈ, ਤਿਵੇਂ ਹੀ ਗੁਰਾਂ ਦਾ ਦਿਤਾ ਹੋਇਆ ਬ੍ਰਹਮ-ਬੋਧ, ਆਤਮਕ-ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ। ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥ ਮੈਂ ਬੁੱਧੂ ਬੇਵਕੂਫ ਹਾਂ ਕਿਉਂ ਜੋ ਮੈਂ ਕਹਿੰਦਾ ਹਾਂ: ਮੈਂ ਇਹ ਕੀਤਾ ਮੈਂ ਔਹ ਕਰਾਂਗਾ। ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥ ਮੈਂ ਅਸਲੀ ਕਰਣਹਾਰ ਨੂੰ ਭੁੱਲ ਗਿਆ ਹਾਂ, ਮੇਰੀ ਪ੍ਰੀਤ ਦਵੈਤ-ਭਾਵ ਨਾਲ ਹੈ। ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥ ਕੋਈ ਪੀੜ ਭੀ ਐਡੀ-ਵੱਡੀ ਨਹੀਂ, ਜਿੰਨੀ ਮਾਇਆ ਦੀ ਲਗਨ ਦੀ ਹੈ। ਇਸ ਦੇ ਨਾਲ ਭਰਿਸ਼ਟ ਹੋ ਕੇ ਆਦਮੀ ਸਾਰੇ ਜਹਾਨ ਅੰਦਰ ਟੱਕਰ ਮਾਰ ਕੇ ਹਾਰ-ਹੁਟ ਜਾਂਦਾ ਹੈ। ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ-ਨਾਮ ਨੂੰ ਦਿਲ ਨਾਲ ਲਾ ਕੇ ਇਨਸਾਨ ਸ਼ਾਂਤੀ ਪਾਉਂਦਾ ਹੈ। ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥ ਜਿਸ ਨੂੰ, ਵਾਹਿਗੁਰੂ ਮਿਲਾਉਂਦਾ ਹੈ, ਉਹ ਹੀ ਉਸ ਨੂੰ ਮਿਲਦਾ ਹੈ। ਮੈਂ ਐਸੇ ਪੁਰਸ਼ ਤੋਂ ਕੁਰਬਾਨ ਜਾਂਦਾ ਹਾਂ। ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥ ਜਦ ਇਹ ਆਤਮਾ ਸਾਹਿਬ-ਦੇ-ਸਿਮਰਨ ਨਾਲ ਰੰਗੀ ਜਾਂਦੀ ਹੈ, ਸੱਚੇ ਸ਼ਬਦ ਰਾਹੀਂ ਇਹ ਆਪਣੇ ਥਾਂ ਨੂੰ ਪਾ ਲੈਂਦੀ ਹੈ। ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥ ਤੇਰੀ ਆਤਮਾ ਰੰਗੀ ਜਾਵੇਗੀ ਅਤੇ ਰੰਗੀ ਜਾਵੇਗੀ ਤੇਰੀ ਰਸਨਾ, ਪ੍ਰਭੂ ਦੀ ਪ੍ਰੀਤ ਨਾਲ, ਜੇਕਰ ਤੂੰ ਸੱਚੇ ਵਾਹਿਗੁਰੂ ਦਾ ਜੱਸ ਗਾਇਨ ਕਰੇ। ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥ ਨਾਨਕ, ਰੱਬ ਦੇ ਨਾਮ ਨੂੰ ਨਾਂ ਭੁਲਾ ਅਤੇ ਸਤਿਪੁਰਖ ਦੇ ਅੰਦਰ ਲੀਨ ਹੋ ਜਾ। ਸਿਰੀਰਾਗੁ ਮਹਲਾ ੪ ਘਰੁ ੧ ॥ ਸਿਰੀ ਰਾਗ, ਚਊਥੀ ਪਾਤਸ਼ਾਹੀ। ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥ ਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ? ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥ ਜਦ ਮੈਂ ਆਪਣੇ ਸਿਰ ਦੇ ਸਾਈਂ ਨੂੰ ਵੇਖਦੀ ਹਾਂ, ਸਾਈਂ ਨੂੰ ਵੇਖਣ ਦੁਆਰਾ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ। ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥ ਮੈਂ ਜਾ ਕੇ ਉਨ੍ਹਾਂ ਮਿੱਤ੍ਰਾਂ ਪਾਸੋਂ ਪਤਾ ਕਰਦੀ ਹਾਂ ਕਿ ਸੁਆਮੀ ਕਿਸ ਤਰੀਕੇ ਨਾਲ ਮਿਲਦਾ ਤੇ ਮਿਲਾਇਆ ਜਾਂਦਾ ਹੈ? ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਹੇ ਮੇਰੇ ਸੱਚੇ ਗੁਰਦੇਵ ਜੀ! ਤੇਰੇ ਬਗੈਰ ਮੇਰਾ ਹੋਰ-ਕਈ ਨਹੀਂ। ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ ਮੈਂ ਬੇਵਕੂਫ ਤੇ ਬੇ-ਸਮਝ ਹਾਂ ਅਤੇ ਮੈਂ ਤੇਰੀ ਸ਼ਰਣ ਸੰਭਾਲੀ ਹੈ। ਮੇਰੇ ਉਤੇ ਤਰਸ ਕਰ ਅਤੇ ਮੈਨੂੰ ਉਸ ਵਾਹਿਗੁਰੂ ਨਾਲ ਜੋੜ ਦੇ। ਠਹਿਰਾਉ। ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥ ਸੱਚਾ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਹੈ। ਖ਼ੁਦ ਹੀ ਉਹ ਮੈਨੂੰ ਉਸ ਸਾਹਿਬ ਨਾਲ ਮਿਲਾਉਂਦਾ ਹੈ। ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥ ਸੱਚੇ ਗੁਰਾਂ ਨੇ ਵਾਹਿਗੁਰੂ-ਸੁਆਮੀ ਨੂੰ ਸਮਝਿਆ ਹੈ। ਗੁਰਾਂ ਜਿੰਨਾ ਵੱਡਾ ਹੋਰ ਕੋਈ ਨਹੀਂ। ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥ ਮੈਂ ਜਾ ਕੇ ਗੁਰਾਂ ਦੀ ਪਨਾਹ ਵਿੱਚ ਡਿੱਗ ਪੈਦਾ ਹਾਂ। ਆਪਣੀ ਰਹਿਮਤ ਸਦਕਾ ਉਹ ਮੈਨੂੰ ਉਸ ਸਾਈਂ ਨਾਲ ਮਿਲਾ ਦਿੰਦਾ ਹੈ। ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥ ਚਿੱਤ ਦੀ ਜਿੱਦ ਰਾਹੀਂ ਕਿਸੇ ਨੂੰ ਭੀ ਸਾਹਿਬ ਪਰਾਪਤ ਨਹੀਂ ਹੋਇਆ। ਸਾਰੇ ਜਣੇ ਉਪਰਾਲੇ ਕਰ ਕੇ ਹਾਰ-ਟੁਟ ਗਏ ਹਨ। copyright GurbaniShare.com all right reserved. Email:- |