ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥
ਹਜ਼ਾਰਾਂ ਹੀ ਚਤਰਾਈਆਂ ਕਰ ਕੇ ਪ੍ਰਾਣੀ ਨਾਕਾਮਯਾਬ ਹੋ ਗਏ ਹਨ। ਅਣਭਿੱਜ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਧਾਰਨ ਨਹੀਂ ਕਰਦਾ। ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥ ਝੂਠ ਤੇ ਛਲ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਪਰਾਪਤ ਨਹੀਂ ਹੋਇਆ। ਜੋ ਮੁਛ ਜੀਵ ਬੀਜਦਾ ਹੈ, ਉਹੀ ਉਹ ਖਾਂਦਾ ਹੈ। ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥ ਮੇਰੇ ਮਾਲਕ! ਤੂੰ ਸਮੂਹ ਦੀ ਆਸ ਉਮੀਦ ਹੈਂ। ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦੀ ਰਾਸ-ਪੂੰਜੀ ਹੈਂ। ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥ ਤੇਰੇ ਪਾਸੋਂ ਹੈ ਸਾਹਿਬ! ਕੋਈ ਭੀ ਸੱਖਣੀ ਹੱਥੀਂ ਨਹੀਂ ਹੈ। ਤੇਰੇ ਬੂਹੇ ਤੇ ਗੁਰੂ-ਪਿਆਰਿਆਂ ਨੂੰ ਆਫ਼ਰੀਨ ਮਿਲਦੀ ਹੈ। ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥ ਨਫਰ ਨਾਲਕ ਇਕ ਪ੍ਰਾਰਥਨਾ ਕਰਦਾ ਹੈ, ਇਨਸਾਨ ਪਾਪਾਂ ਦੇ ਭਿਆਨਕ ਸਮੁੰਦਰ ਅੰਦਰ ਡੁਬ ਰਹੇ ਹਨ, ਤੂੰ ਉਹਨਾਂ ਨੂੰ ਬਾਹਰ ਧੂਹ ਲੈ। ਸਿਰੀਰਾਗੁ ਮਹਲਾ ੪ ॥ ਸਿਰੀ ਰਾਗ, ਚਉਥੀ ਪਾਤਸ਼ਾਹੀ। ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥ ਹਰੀ ਨਾਮ ਪਰਾਪਤ ਹੋ ਜਾਣ ਨਾਲ ਆਤਮਾ ਰੱਜ ਜਾਂਦੀ ਹੈ। ਨਾਮ ਦੇ ਬਾਝੋਂ ਲਾਨ੍ਹਤ-ਮਾਰਿਆ ਹੈ ਮਨੁੱਖੀ-ਜੀਵਨ। ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥ ਜੇਕਰ ਮੈਨੂੰ ਕੋਈ ਪਾਰਸਾ-ਪੁਰਸ਼, ਮੇਰੇ ਮਿੱਤ੍ਰ ਮਿਲ ਪਵੇ, ਉਹ ਮੈਨੂੰ ਸ਼ੇਸ਼ਟਤਾਈਆਂ ਦੇ ਖ਼ਜ਼ਾਨੇ ਸੁਆਮੀ ਦਾ ਪਤਾ ਦੇ ਦੇਵੇਗਾ। ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥ ਮੈਂ ਉਸ ਉਤੋਂ ਚਾਰ ਟੋਟੇ ਹੋੁੰਦੀ ਹਾਂ, ਜੋ ਮੇਰੇ ਉਤੇ ਸੁਆਮੀ ਦੇ ਨਾਮ ਨੂੰ ਪ੍ਰਗਟ ਕਰ ਦੇਵੇ। ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥ ਹੇ ਮੇਰੇ ਮਹਿਬੂਬ! ਮੈਂ ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਜੀਉਂਦੀ ਹਾਂ। ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥ ਹਰੀ ਦੇ ਨਾਮ ਬਗੈਰ ਮੇਰਾ ਜੀਉਣਾ ਨਹੀਂ ਹੋ ਸਕਦਾ। ਹੇ ਮੇਰੇ ਸਚੇ ਗੁਰਦੇਵ ਜੀ! ਮੇਰੇ ਅੰਦਰ ਨਾਮ ਨੂੰ ਪੱਕਾ ਕਰੋ। ਠਹਿਰਾਉ। ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥ ਨਾਮ ਇਕ ਅਨਮੁਲ ਜਵੇਹਰ ਹੈ। ਇਹ ਪੂਰਨ-ਗੁਰਾਂ ਦੇ ਕੋਲ ਹੈ। ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥ ਸੱਚਾ ਗੁਰੂ ਉਜਲੇ ਨਾਮ-ਜਵੇਹਰ ਨੂੰ ਕੱਢ ਕੇ ਉਸ ਨੂੰ ਦੇ ਦਿੰਦਾ ਹੈ, ਜੋ ਉਸ ਦੀ ਚਾਕਰੀ ਅੰਦਰ ਜੁੜਿਆ ਹੋਇਆ ਹੈ। ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥ ਮੁਬਾਰਕ ਅਤੇ ਵਡੇ ਨਸੀਬਾਂ-ਵਾਲਿਆਂ ਵਿਚੋਂ ਪਰਮ ਨਸੀਬਾਂ ਵਾਲੇ ਹਨ, ਉਹ ਜੋ ਗੁਰਾਂ ਕੋਲ ਆ ਕੇ ਉਨ੍ਹਾਂ ਨੂੰ ਮਿਲਦੇ ਹਨ। ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ ਜੋ ਪੁਰਖ ਸਚੇ ਗੁਰਾਂ ਨੂੰ ਨਹੀਂ ਮਿਲੇ, ਉਹ ਨਿਕਰਮਣ ਹਨ ਅਤੇ ਮੌਤ ਦੇ ਅਧੀਨ ਹਨ। ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥ ਉਨ੍ਹਾਂ ਨੂੰ ਮੁੜ ਮੁੜ ਕੇ ਜੂਨੀਆਂ ਅੰਦਰ ਧਕਿਆ ਜਾਂਦਾ ਹੈ ਅਤੇ ਭਿਆਨਕ ਕਿਰਮ ਬਣਾ ਕੇ ਉਨ੍ਹਾਂ ਨੂੰ ਗੰਦਗੀ ਅੰਦਰ ਪਾਇਆ ਜਾਂਦਾ ਹੈ। ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥ ਉਨ੍ਹਾਂ ਦੇ ਲਾਗੇ ਤਾਗੇ ਨਾਂ ਢੁੱਕੋ ਜਿਨ੍ਹਾਂ ਦੇ ਦਿਲਾਂ ਅੰਦਰ ਕਮੀਣ ਰੋਸ ਹੈ। ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥ ਰੱਬ-ਰੂਪ ਸਚੇ ਗੁਰੂ ਜੀ ਸੁਧਾ ਦੇ ਤਾਲਾਬ ਹਨ। ਵਡੇ ਨਸੀਬਾਂ ਵਾਲੇ ਆ ਕੇ ਇਸ ਵਿੱਚ ਇਸ਼ਨਾਨ ਕਰਦੇ ਹਨ। ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥ ਉਨ੍ਹਾਂ ਦੀ ਅਨੇਕਾਂ-ਜਨਮਾਂ ਦੀ ਗੰਦਗੀ ਧੋਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਅੰਦਰ ਪਵਿੱਤ੍ਰ ਨਾਮ ਪੱਕਾ ਹੋ ਜਾਂਦਾ ਹੈ। ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥ ਆਪਣੀ ਬ੍ਰਿਤੀ ਸਚੇ ਗੁਰਾਂ ਨਾਲ ਜੋੜਣ ਦੁਆਰਾ ਨਫਰ ਨਾਨਕ ਨੇ ਉੱਚਾ ਮਰਤਬਾ ਪਰਾਪਤ ਕਰ ਲਿਆ ਹੈ। ਸਿਰੀਰਾਗੁ ਮਹਲਾ ੪ ॥ ਸਿਰੀ ਰਾਗ ਚਉਥੀ ਪਾਤਸ਼ਾਹੀ। ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥ ਸਾਹਿਬ ਦੀਆਂ ਸਿਫਤਾਂ ਮੈਂ ਗਾਇਨ ਕਰਦਾ ਹਾਂ, ਉਸ ਦੀਆਂ ਸਿਫਤਾਂ ਮੈਂ ਪ੍ਰਗਟ ਕਰਦਾ ਹਾਂ ਅਤੇ ਸਿਫਤਾਂ ਹੀ ਮੈਂ ਉਚਾਰਦਾ ਹਾਂ, ਹੇ ਮੇਰੀ ਮਾਤਾ! ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥ ਮੁੱਖੀ ਗੁਰਦੇਵ, ਮੇਰਾ ਮਿੱਤ੍ਰ ਗੁਣ ਕਰਨ ਵਾਲਾ ਹੈ। ਆਪਣੇ ਮਿੱਤ੍ਰ ਨੂੰ ਮਿਲ ਕੇ ਮੈਂ ਵਾਹਿਗੁਰੂ ਦੀ ਕੀਰਤੀ ਅਲਾਪਦਾ ਹਾਂ। ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥ (ਗੁਰੂ) ਰਤਨ ਨਾਲ ਮਿਲ ਕੇ (ਮੇਰਾ ਮਨ) ਰਤਨ ਵਿੰਨਿ੍ਹਆ ਗਿਆ ਹੈ ਅਤੇ ਹਰੀਨਾਮ ਨਾਲ ਗੂੜ੍ਹਾ-ਲਾਲ ਰੰਗਿਆ ਗਿਆ ਹੈ। ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ! ਤੇਰੀਆਂ ਵਡਿਆਈਆਂ ਗਾਹਿਨ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ। ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥ ਮੇਰੇ ਮਨ ਅੰਦਰ ਵਾਹਿਗੁਰੂ ਦੇ ਨਾਮ ਦੀ ਤ੍ਰੇਹ ਹੈ। ਰੱਬ ਕਰੇ, ਗੁਰੂ ਜੀ ਪ੍ਰਸੰਨ ਹੋ ਕੇ ਉਸ ਨਾਮ ਨੂੰ ਮੈਨੂੰ ਪ੍ਰਦਾਨ ਕਰਨ। ਠਹਿਰਾਉ। ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥ ਆਪਣੇ ਦਿਲਾਂ ਨੂੰ ਪ੍ਰਭੂ ਦੀ ਪ੍ਰੀਤ ਨਾਲ ਰੰਗੋ, ਹੇ ਤੁਸੀਂ ਭਾਰੇ ਨਸੀਬਾਂ ਵਾਲਿਓ! ਪ੍ਰਸੰਨ ਹੋ ਕੇ ਗੁਰੂ ਜੀ ਤੁਹਾਨੂੰ ਆਪਣੀਆਂ ਦਾਤਾਂ ਬਖਸ਼ਣਗੇ। ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥ ਮੈਂ ਸੱਚੇ ਗੁਰਾਂ ਉਤੋਂ ਵਾਰਨੇ ਜਾਂਦਾ ਹਾਂ, ਜੋ ਮੇਰੇ ਅੰਦਰ ਹਰੀ ਨਾਮ ਨੂੰ ਪਿਆਰ ਨਾਲ ਪੱਕਾ ਕਰਦੇ ਹਨ। ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥ ਸੱਚੇ ਗੁਰਾਂ ਦੇ ਬਾਝੋਂ ਵਾਹਿਗੁਰੂ ਦਾ ਨਾਮ ਨਹੀਂ ਲੱਭਦਾ ਭਾਵੇਂ ਇਨਸਾਨ ਲੱਖਾਂ ਤੇ ਕ੍ਰੋੜਾਂ ਹੀ ਸੰਸਕਾਰ ਪਿਆ ਕਰੇ। ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥ ਕਿਸਮਤ ਦੇ ਬਗੈਰ ਸੱਚਾ ਗੁਰੂ ਪਰਾਪਤ ਨਹੀਂ ਹੁੰਦਾ ਭਾਵੇਂ ਉਹ ਗ੍ਰਹਿ ਵਿੱਚ ਸਦਾ ਉਸ ਦੇ ਨੇੜੇ ਤੇ ਲਾਗੇ ਹੀ ਬੈਠਾ ਹੈ। ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥ ਅੰਦਰ ਬੇ-ਸਮਝੀ ਅਤੇ ਸੰਦੇਹ ਦੀ ਪੀੜ ਹੈ। ਜੀਵ ਤੇ ਸੁਆਮੀ ਦੇ ਵਿਚਕਾਰ ਵੱਖ ਕਰਨ ਵਾਲਾ ਪਰਦਾ ਪਿਆ ਹੋਇਆ ਹੈ। ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥ ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਇਨਸਾਨ ਸੋਨਾ ਨਹੀਂ ਹੁੰਦਾ। ਅਧਰਮੀ ਲੋਹੇ ਵਾਂਙੂੰ ਡੁੱਬ ਜਾਂਦਾ ਹੈ, ਜਦ ਕਿ ਕਿਸ਼ਤੀ ਐਨ ਨੇੜੇ ਹੀ ਹੈ। ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥ ਸੱਚੇ ਗੁਰਾਂ ਦਾ ਜਹਾਜ ਵਾਹਿਗੁਰੂ ਦਾ ਨਾਮ ਹੈ। ਕਿਸ ਤਰੀਕੇ ਨਾਲ ਪ੍ਰਾਣੀ ਉਸ ਉਤੇ ਚੜ੍ਹ ਸਕਦਾ ਹੈ? ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥ ਜਿਹੜਾ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਆ ਕੇ ਜਹਾਜ਼ ਵਿੱਚ ਬਹਿ ਜਾਂਦਾ ਹੈ। ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥ ਆਫਰੀਨ, ਆਫਰੀਨ! ਹੈ ਉਨ੍ਹਾਂ ਭਾਰੇ ਭਾਗਾਂ-ਵਾਲੇ ਪੁਰਸ਼ਾਂ ਨੂੰ ਜਿਨ੍ਹਾਂ ਨੂੰ ਸੱਚਾ ਗੁਰੂ ਵਾਹਿਗੁਰੂ ਨਾਲ ਅਭੇਦ ਕਰ ਦਿੰਦਾ ਹੈ, ਹੇ ਨਾਨਕ। copyright GurbaniShare.com all right reserved. Email:- |