ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥
ਉਹ ਹਮੇਸ਼ਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਹਨ, ਰੱਬ ਦੇ ਨਾਮ ਦਾ ਸਫ਼ਰ-ਖਰਚ ਜਮ੍ਹਾਂ ਕਰਦੇ ਹਨ ਤੇ ਇਜ਼ਤ-ਆਬਰੂ ਪਾਉਂਦੇ ਹਨ। ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥ ਗੁਰੂ-ਪਿਆਰਿਆਂ ਦੀ ਸਾਈਂ ਦੇ ਦਰਬਾਰ ਵਿੱਚ ਸਿਫ਼ਤ ਹੁੰਦੀ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ। ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥ ਜਗਿਆਸੂਆਂ ਲਈ ਰੱਬ ਦਾ ਰਾਹ ਪ੍ਰਤੱਖ ਹੈ। ਸਾਈਂ ਦੇ ਬੂਹੇ ਤੇ ਉਨ੍ਹਾਂ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ। ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਉਹ ਸਾਈਂ ਦੇ ਨਾਮ ਦੀ ਸਿਫ਼ਤ ਕਰਦੇ ਹਨ, ਨਾਮ ਨੂੰ ਚਿੱਤ ਅੰਦਰ ਰੱਖਦੇ ਹਨ ਤੇ ਨਾਮ ਦੀ ਪ੍ਰੀਤ ਨਾਲ ਜੁੜੇ ਰਹਿੰਦੇ ਹਨ। ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥ ਬਿਨ-ਅਲਾਪਿਆਂ ਕੀਰਤਨ ਉਨ੍ਹਾਂ ਲਈ ਰੱਬ ਦੇ ਬੂਹੇ ਤੇ ਹੁੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇਜ਼ਤ ਪਾਉਂਦੇ ਹਨ। ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥ ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ। ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥ ਮੈਨੂੰ ਉਸ ਦਾ ਮੇਲ-ਮਿਲਾਪ ਬਖਸ਼, ਹੇ ਮੇਰੇ ਸੁਆਮੀ! ਮੈਂ ਤੇਰਾ ਮੰਗਤਾ ਇਹ ਬੇਨਤੀ ਕਰਦਾ ਹਾਂ। ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥ ਵਡੀ ਚੰਗੀ ਹੈ ਕਿਸਮਤ, ਉਨ੍ਹਾਂ ਪਵਿੱਤ੍ਰ-ਪੁਰਸ਼ਾਂ ਦੀ, ਹੇ ਨਾਨਕ! ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਪਰਕਾਸ਼ ਹੈ। ਸਿਰੀਰਾਗੁ ਮਹਲਾ ੫ ਘਰੁ ੧ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥ ਤੂੰ ਆਪਣੇ ਪੁੱਤ ਤੇ ਸਜੀ-ਧਜੀ ਹੋਈ ਵਹੁਟੀ ਨੂੰ ਵੇਖ ਕੇ ਕਿਉਂ ਮਸਤ ਹੋਇਆ ਹੋਇਆ ਹੈ? ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥ ਤੂੰ ਨਿਆਮਤ ਮਾਣਦਾ ਹੈ, ਅਨੰਦ ਲੁਟਦਾ ਹੈ ਅਤੇ ਅਨੰਤ ਸੁਆਦ ਭੋਗਦਾ ਹੈਂ। ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥ ਤੂੰ ਘਨੇਰੇ ਹੁਕਮ ਚਾੜ੍ਹਦਾ ਹੈਂ ਅਤੇ ਆਕੜਖਾਂ ਹੋ ਕਾਰ-ਵਿਹਾਰ ਕਰਦਾ ਹੈਂ। ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥ ਅੰਨ੍ਹਾਂ, ਬੁਧੂ, ਪ੍ਰਤੀਕੂਲ ਪੁਰਸ਼ ਕਰਤਾਰ ਨੂੰ ਚੇਤੇ ਨਹੀਂ ਕਰਦਾ। ਮੇਰੇ ਮਨ ਸੁਖਦਾਤਾ ਹਰਿ ਸੋਇ ॥ ਹੇ ਮੇਰੀ ਜਿੰਦੜੀ! ਉਹ ਵਾਹਿਗੁਰੂ ਸ਼ਾਂਤੀ ਦੇਣ ਵਾਲਾ ਹੈ। ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥ ਚੰਗੀ ਕਿਸਮਤ ਰਾਹੀਂ ਗੁਰੂ ਜੀ ਮਿਲਦੇ ਹਨ ਅਤੇ ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਠਹਿਰਾਉ। ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥ ਆਦਮੀ ਬਸਤਰ ਤੇ ਭੋਜਨਾ ਦੇ ਰਸਾਂ ਅੰਦਰ ਸੋਨੇ ਅਤੇ ਚਾਂਦੀ ਵਿੱਚ ਉਲਝਿਆ ਹੋਇਆ ਹੈ, ਜੋ ਕਿ ਕੇਵਲ ਮਿੱਟੀ ਹੀ ਹਨ। ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥ ਉਸ ਕੋਲਿ ਘਲੇਰੀਆਂ ਕਿਸਮਾਂ ਦੇ ਘੋੜੇ ਅਤੇ ਹਾਥੀ ਹਨ। ਉਹ ਨਾਂ-ਥੱਕਣ ਵਾਲੀਆਂ ਗੱਡੀਆਂ ਜਮ੍ਹਾਂ ਕਰਦਾ ਹੈ। ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ ਉਹ ਕਿਸੇ ਹੋਰ ਨੂੰ ਚੇਤੇ ਹੀ ਨਹੀਂ ਕਰਦਾ ਅਤੇ ਆਪਣੇ ਸਾਰਿਆਂ ਅੰਗਾਂ-ਸਾਕਾਂ ਨੂੰ ਭੁਲ ਗਿਆ ਹੈ। ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥ ਉਸ ਨੇ ਕਰਤਾਰ ਨੂੰ ਵਿਸਾਰ ਛਡਿਆ ਹੈ ਅਤੇ ਵਾਹਿਗੁਰੂ ਦੇ ਨਾਮ ਬਾਝੋਂ ਉਹ ਅਪਵਿੱਤ੍ਰ ਹੈ। ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥ ਤੂੰ ਦੁਰਸੀਸਾਂ ਲੈਂਦਾ ਹੈਂ ਅਤੇ ਦੌਲਤ ਜਮ੍ਹਾਂ ਕਰਦਾ ਹੈਂ। ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥ ਜਿਸ ਨੂੰ ਤੂੰ ਖੁਸ਼ ਕਰਦਾ ਹੈ, ਉਹ ਸਣੇ ਤੇਰੇ ਨਾਸਵੰਤ ਹੈ। ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥ ਹੇ ਹੰਕਾਰੀ ਬੰਦੇ! ਤੂੰ ਹੰਕਾਰ ਕਰਦਾ ਹੈਂ ਅਤੇ ਆਪਣੇ ਮਨੁੲੈ ਦੀ ਅਕਲ ਅੰਦਰ ਗਲਤਾਨ ਹੈ। ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥ ਜਿਸ ਨੂੰ ਸੁਆਮੀ ਨੇ ਖੁਦ ਗਲਤ ਰਸਤੇ ਪਾਹਿਆ ਹੈ ਉਸ ਦੀ ਨਾਂ ਕੋਈ ਜਾਤੀ ਹੈ ਤੇ ਨਾਂ ਹੀ ਇੱਜ਼ਤ। ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥ ਨਿਰੰਕਾਰੀ ਸੱਚੇ ਗੁਰਾਂ ਨੇ ਮੈਨੂੰ ਉਸ ਪ੍ਰਭੂ ਮੇਰੇ ਅਦੁੱਤੀ ਮ੍ਰਿਤ ਨਾਲ ਮਿਲਾ ਦਿੱਤਾ ਹੈ। ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥ ਇਕ ਸਾਹਿਬ ਆਪਣੇ ਗੋਲੇ ਦਾ ਰਖਵਾਲਾ ਹੈ। ਹੰਕਾਰੀ ਮਨੁੱਖ ਹੰਕਾਰ ਅੰਦਰ ਕਿਉਂ ਵਿਰਲਾਪ ਕਰਦਾ ਹੈ? ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥ ਵਾਹਿਗੁਰੂ ਉਹ ਕੁਝ ਕਰਦਾ ਹੈ ਜੋ ਕੁਝ ਉਸ ਦਾ ਸਾਧੂ ਚਾਹੁੰਦਾ ਹੈ। ਉਸ ਦੀ ਕੋਈ ਬੇਨਤੀ ਭੀ ਰੱਬ ਦੇ ਦਰਬਾਰ ਤੋਂ ਅਪ੍ਰਵਾਨ ਨਹੀਂ ਹੁੰਦੀ। ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥ ਵਾਹਿਗੁਰੂ ਜਿਸ ਦੀ ਰੋਸ਼ਨੀ ਸਮੂਹ ਆਲਮ ਅੰਦਰ ਪਰਵਿਰਤ ਹੋ ਰਹੀ ਹੈ, ਨਾਨਕ ਉਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥ ਆਦਮੀ ਦਾ ਚਿੱਤ ਦਿਲ-ਬਹਿਲਾਵਿਆਂ ਡੂੰਘੇ ਤੇ ਅਨੇਕਾਂ ਅਨੰਦ ਮਾਨਣ ਅਤੇ ਅੱਖਾਂ ਦੇ ਦ੍ਰਿਸ਼ਾਂ ਦੇ ਰਸਾਂ ਅੰਦਰ ਭੁਲਿਆ ਹੋਇਆ ਹੈ। ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥੧॥ ਛੱਤਰ ਧਾਰਨ ਕਰਨ ਵਾਲੇ ਪਾਤਸ਼ਾਹ ਵੀ ਫ਼ਿਕਰ-ਚਿੰਤਾ ਅੰਦਰ ਗ੍ਰਸੇ ਹੋਏ ਹਨ। ਭਾਈ ਰੇ ਸੁਖੁ ਸਾਧਸੰਗਿ ਪਾਇਆ ॥ ਹੇ ਵੀਰ! ਮੈਨੂੰ ਸਤਿਸੰਗਤ ਅੰਦਰ ਆਰਾਮ ਮਿਲਿਆ ਹੈ। ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥ ਕਿਸਮਤ ਦੇ ਲਿਖਾਰੀ ਉਸ ਸੁਆਮੀ ਨੇ ਐਸੀ ਲਿਖਤਾਕਾਰ ਲਿਖ ਦਿਤੀ ਤੇ ਮੇਰੀ ਤਕਲੀਫ ਤੇ ਫ਼ਿਕਰ ਚਿੰਤਾ ਰਫ਼ਾ ਹੋ ਗਏ ਹਨ। ਠਹਿਰਾਉ। ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥ ਮੈਂ ਐਨੀਆਂ ਥਾਵਾਂ ਅੰਦਰ ਚੱਕਰ ਕੱਟ ਆਇਆ ਹਾਂ, ਜਿੰਨੀਆਂ ਕੁ ਹਨ। ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥੨॥ ਦੌਲਤ ਦੇ ਮਾਲਕ ਤੇ ਭਾਰੇ ਜ਼ਿਮੀਦਾਰ ਇਹ ਮੇਰੀ ਹੈ, ਇਹ ਮੇਰੀ ਹੈ ਪੁਕਾਰਦੇ ਹੋਏ ਢਹਿ ਪਏ (ਬਿਨਸ ਗਏ) ਹਨ। ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥ ਉਹ ਨਿਧੜਕ ਹੋ ਫੁਰਮਾਨ ਜਾਰੀ ਕਰਦੇ ਹਨ ਅਤੇ ਹੰਕਾਰੀ ਹੋ ਕਾਰ-ਵਿਹਾਰ ਕਰਦੇ ਹਨ। ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥੩॥ ਉਸ ਨੇ ਸਾਰੇ ਕਾਬੂ ਕਰ ਲਏ ਹਨ, ਪ੍ਰੰਤੂ ਸਾਈਂ ਦੇ ਨਾਮ ਬਗੈਰ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ। ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ ਪਾਤਿਸ਼ਾਹ, ਜਿਨ੍ਹਾਂ ਦੇ ਬੂਹੇ ਉਤੇ ਤੇਤੀ ਕ੍ਰੋੜ ਦੇਵਤੇ, ਕਰਮਚਾਰੀ ਬੰਦੇ ਅਤੇ ਅਭਿਆਸੀ ਨੌਕਰ ਵਜੋ ਖੜੇ ਸਨ, ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥੪॥੨॥੭੨॥ ਅਤੇ ਜੋ ਪਹਾੜਾਂ ਸਮੁੰਦਰਾਂ ਤੇ ਭਾਰੀਆਂ ਬਾਦਸ਼ਾਹੀਆਂ ਤੇ ਰਾਜ ਕਰਦੇ ਸਨ, ਹੈ ਨਾਨਕ! ਸਾਰੇ ਹੀ ਨਿਰਾ ਸੁਪਨਾ ਹੋ ਗਏ ਹਨ। copyright GurbaniShare.com all right reserved. Email:- |