ਸਿਰੀਰਾਗੁ ਮਹਲਾ ੫ ॥
ਸਿਰੀ ਰਾਗ ਪੰਜਵੀਂ ਪਾਤਸ਼ਾਹੀ। ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥ ਹਰ ਰੋਜ਼ ਉਠਕੇ ਇਨਸਾਨ ਆਪਣੀ ਦੇਹਿ ਨੂੰ ਪਾਲਦਾ-ਪੋਸਦਾ ਹੈ ਪ੍ਰੰਤੂ ਸਾਹਿਬ ਨੂੰ ਸਮਝਣ ਦੇ ਬਾਝੋਂ ਉਹ ਬੁਧੂ ਤੇ ਬੇ-ਸਮਝ ਹੈ। ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥ ਉਹ ਸਾਹਿਬ ਨੂੰ ਉਹ ਚੇਤੇ ਨਹੀਂ ਕਰਦਾ, (ਉਸ ਦੀ ਦੇਹਿ) ਉਜਾੜ ਵਿੱਚ ਛੱਡ ਦਿੱਤੀ ਜਾਏਗੀ। ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥ ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ ਅਤੇ ਸਦੀਵ ਤੇ ਹਮੇਸ਼ਾਂ ਲਈ ਅਨੰਦ ਲੁੱਟ। ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਹੈ ਫ਼ਾਨੀ ਬੰਦੇ! ਨੂੰ ਨਫ਼ਾ ਕਮਾਉਣ ਲਈ ਆਹਿਆ ਸੈਂ। ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥ ਤੂੰ ਕਿਹੜੇ ਫ਼ਜ਼ੂਲ ਕੰਮ ਨਾਲ ਰੁਝਿਆ ਹੈਂ? ਤੇਰੀ ਸਾਰੀ ਜੀਵਨ-ਰਾਤ੍ਰੀ ਖਤਮ ਹੁੰਦੀ ਜਾ ਰਹੀ ਹੈ। ਠਹਿਰਾਉ। ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥ ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ। ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ ਉਨ੍ਹਾਂ ਦੇ ਨਾਲ ਦਾ (ਵਰਗਾ) ਹੀ ਮਾਣਸ ਜੋ ਮੋਹਨੀ ਦੇ ਫੰਧੇ ਵਿੱਚ ਫਸਿਆ ਹੋਇਆ ਹੈ। ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥ ਜਿਹੜੇ ਸਚੇ ਨਾਮ ਦਾ ਅਰਾਧਨ ਕਰਦੇ ਹਨ, ਉਹ ਹੀ ਬੰਦਖਲਾਸ ਸਮਝੇ ਜਾਂਦੇ ਹਨ। ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥ ਉਹ ਗ੍ਰਹਿ ਜਿਸ ਨੂੰ ਤਿਆਗ ਕੇ ਖਾਲੀ ਕਰ ਦੇਣਾ ਹੈ, ਉਹ ਮਨ ਨਾਲ ਜੁੜਿਆ ਹੋਇਆ ਹੈ। ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥ ਤੈਨੂੰ ਉਸ ਦਾ ਕੋਈ ਫ਼ਿਕਰ ਨਹੀਂ ਜਿਥੇ ਜਾਂ ਕੇ ਤੂੰ ਰਹਿਣਾ ਹੈ। ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥ ਜਿਹੜੇ ਗੁਰਾਂ ਦੇ ਚਰਨੀ ਪੈਦੇ ਹਨ, ਉਹ ਫਾਹੀਂ ਤੋਂ ਖਲਾਸੀ ਪਾ ਜਾਂਦੇ ਹਨ। ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥ ਗੁਰਾਂ ਦੇ ਬਾਝੋਂ ਕੋਈ ਬਚਾਅ ਨਹੀਂ ਸਕਦਾ। ਮੈਨੂੰ ਹੋਰ ਕੋਈ ਨਹੀਂ ਦਿਸਦਾ। ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥ ਮੈਂ ਚਾਰੇ ਪਾਸੇ ਖੋਜ-ਭਾਲ ਕਰ ਕੇ ਗੁਰਾਂ ਦੀ ਪਨਾਹ ਵਿੱਚ ਆ ਗਿਆ ਹਾਂ। ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥ ਮੈਂ ਡੁਬ ਰਿਹਾ ਸਾਂ, (ਪਰ ਗੁਰੂ), ਸੱਚੇ ਪਾਤਸ਼ਾਹ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ, ਹੈ ਨਾਨਕ! ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥ ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ। ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥ ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ। ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥ ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ। ਅੰਧੇ ਤੂੰ ਬੈਠਾ ਕੰਧੀ ਪਾਹਿ ॥ ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ। ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥ ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ। ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥ (ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ। ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥ ਤਿਆਰੀ ਕਰਕੇ, ਆਪਣੀਆਂ ਦਾਤ੍ਰੀਆਂ ਫੜ ਕੇ ਤੇ ਲੈ ਕੇ ਵਾਢੇ ਪੁੰਜ ਜਾਂਦੇ ਹਨ। ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥ ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ। ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ ਜੀਵਨ-ਰਾਤ੍ਰੀ ਦਾ ਪਹਿਲਾ ਹਿੱਸਾ ਫ਼ਜ਼ੂਲ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਅਤੇ ਦੂਸਰੇ ਅੰਦਰ (ਪ੍ਰਾਣੀ) ਰੱਜ ਕੇ ਸੌਦਾਂ ਹੈ! ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥ ਤੀਜੇ ਅੰਦਰ ਉਹ ਬੇਹੁੰਦਾ ਬਕਵਾਸ ਕਰਦਾ ਹੈ ਅਤੇ ਚੋਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਹੈ। ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥ ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ। ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥ ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ। ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥ ਜਿਸ ਦੇ ਰਾਹੀਂ ਮੇਰੇਂ ਚਿੱਤ ਅੰਦਰ ਸਮਝ ਆ ਗਈ ਹੈ ਅਤੇ ਮੈਂ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ। ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥ ਨਾਨਕ ਦਿਲਾਂ ਦੀਆਂ ਜਾਨਣਹਾਰ, ਸਿਆਣੇ ਸੁਆਮੀ ਨੂੰ ਹਮੇਸ਼ਾਂ ਹੀ ਆਪਣੇ ਸਾਥ ਦੇਖਦਾ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥ ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ। ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥ ਸਮੂਹ ਸੰਸਾਰੀ ਕਾਰ ਵਿਹਾਰ ਸਾੜ (ਛਡ) ਕੇ, ਗੁਰਾਂ ਨੇ ਜਿੰਦਗੀ ਦਾ ਸੱਚਾ-ਮਨੋਰਥ, ਵਾਹਿਗੁਰੂ ਦਾ ਨਾਮ ਦਿੱਤਾ ਹੈ। ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥ ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ। ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ। ਮਨ ਮੇਰੇ ਕਰਤੇ ਨੋ ਸਾਲਾਹਿ ॥ ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ। ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥ ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ। ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥ ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ। ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥ ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ। ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ। ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥ ਆਰਾਮ ਬਖ਼ਸ਼ਣਹਾਰ ਗੁਰਾਂ ਦੀ ਟਹਿਲ ਕਮਾ ਅਤੇ ਉਹ ਤੇਰੇ ਸਮੂਹ ਪਾਪ ਧੋ ਕੇ ਬਾਹਰ ਕੱਢ ਦੇਣਗੇ! ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥ ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ। copyright GurbaniShare.com all right reserved. Email:- |