ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥
ਤੈਨੂੰ ਏਥੇ ਮਾਣ-ਪ੍ਰਤਿਸ਼ਟਾ ਪਰਾਪਤ ਹੋਵੇਗੀ ਅਤੇ ਪਰਲੋਕ ਵਿੱਚ ਤੂੰ ਟਿਕਾਣਾ ਪਾ ਲਵੇਗਾ। ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥ ਸਾਹਿਬ ਆਪੇ ਹੀ ਕਰਦਾ ਤੇ ਕਰਾਉਂਦਾ ਹੈ। ਸਾਰਾ ਕੁਝ ਉਸ ਦੇ ਹੱਥ ਵਿੱਚ ਹੈ। ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥ ਉਹ ਖ਼ੁਦ ਹੀ ਮਾਰਦਾ ਤੇ ਜਿਵਾਉਂਦਾ ਹੈ। ਅੰਦਰ ਤੇ ਬਾਹਰਵਾਰ ਉਹ ਪ੍ਰਾਣੀ ਦੇ ਨਾਲ ਹੈ। ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥ ਨਾਨਕ ਨੇ ਸੁਆਮੀ ਦੀ ਸ਼ਰਨ ਸੰਭਾਲੀ ਹੈ, ਜੋ ਸਾਰੇ ਜੀਆਂ ਦਾ ਮਾਲਕ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥ ਜਿਨ੍ਹਾਂ ਉਤੇ ਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਸਾਹਿਬ ਦੀ ਪਨਾਹ ਲੈਂਦੇ ਹਨ। ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥ ਸੱਚੇ ਗੁਰਾਂ ਦੀ ਸਿਖਿਆ ਦੁਆਰਾ ਸਮੂਹ ਸੰਸਾਰੀ ਅਲਸੇਟੇ ਮੁੱਕ ਜਾਂਦੇ ਹਨ। ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥ ਸਰਬ-ਵਿਆਪਕ ਸੁਆਮੀ ਦਾ ਨਾਮ ਮੇਰੇ ਹਿਰਦੇ ਵਿੱਚ ਖੁਭ ਗਿਆ ਹੈ ਅਤੇ ਉਸ ਦੀ ਆਬਿ-ਹਿਯਾਤੀ ਨਿਗ੍ਹਾ ਨੇ ਮੈਨੂੰ ਪਰਮ-ਪ੍ਰਸੰਨ ਕਰ ਦਿੱਤਾ ਹੈ। ਮਨ ਮੇਰੇ ਸਤਿਗੁਰ ਸੇਵਾ ਸਾਰੁ ॥ ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਸੰਭਾਲ। ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥ ਆਪਣੇ ਚਿੱਤ ਅੰਦਰੋਂ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ। ਤਦ ਉਹ ਤੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰੇਗਾ ਠਹਿਰਾਉ। ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥ ਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰ, ਜੋ ਬਦੀਆਂ ਨੂੰ ਦੂਰ ਕਰਨ ਵਾਲਾ ਹੈ। ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥ ਰੱਬ ਦੇ ਨਾਮ ਦੇ ਬਾਝੋਂ ਠੰਢ-ਚੈਨ ਨਹੀਂ ਪੈਦੀ। ਕਈ ਅਡੰਬਰ ਰਚ ਕੇ ਮੈਂ ਇਹ ਸਾਬਤ ਕਰ ਲਿਆ ਹੈ। ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥ ਅਡੋਲਤਾ ਅੰਦਰ ਸੁਆਮੀ ਦੀ ਸਿਫ਼ਤ-ਸਨਾ ਨਾਲ ਰੰਗੇ ਜਾਣ ਦੁਆਰਾ, ਪ੍ਰਾਨੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥ ਲੱਖ ਯਾਤਰਾ, ਵਰਤਾ ਤੇ ਦਮਕਾ ਦਾ ਫਲ ਸੰਤਾਂ ਦੇ ਪੈਰਾਂ ਦੀ ਖ਼ਾਕ ਵਿਚੋਂ ਮਿਲ ਪੈਂਦਾ ਹੈ। ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥ ਤੂੰ ਆਪਣੇ ਮੰਦੇ ਅਮਲ ਕਿਸ ਕੋਲੋਂ ਛੁਪਾਉਂਦਾ ਹੈ, ਜਦ ਕਿ ਸਦੀਵੀ ਹਾਜ਼ਰ ਨਾਜ਼ਰ ਸਾਹਿਬ ਤੈਨੂੰ ਦੇਖ ਰਿਹਾ ਹੈ। ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥੩॥ ਮੇਰਾ ਪੂਰੀ ਤਰ੍ਹਾਂ ਲਬਾ-ਲਬ ਭਰਨ ਵਾਲਾ ਸੁਆਮੀ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ। ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥ ਸੱਚੀ ਹੈ ਉਸ ਦੀ ਬਾਦਸ਼ਾਹੀ, ਸੱਚਾ ਹੈ ਉਸ ਦਾ ਹੁਕਮ ਅਤੇ ਸਾਰਿਆਂ ਦਾ ਪਰਮ-ਸੱਚਾ ਹੈ ਉਸ ਦਾ ਅਸਥਾਨ। ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥ ਸੱਚੀ ਹੈ ਅਪਾਰ ਸ਼ਕਤੀ ਜੋ ਉਸ ਨੇ ਰਚੀ ਹੈ ਅਤੇ ਸੱਚਾ ਹੈ ਸੰਸਾਰ ਜੋ ਉਸ ਨੇ ਸਾਜਿਆ ਹੈ। ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥ ਨਾਨਕ, ਸਤਿਨਾਮ ਦਾ ਉਚਾਰਨ ਕਰਠ, ਜਿਸ ਉਤੋਂ ਮੈਂ ਸਦੀਵ ਤੇ ਹਮੇਸ਼ਾਂ ਲਈ ਘੋਲੀ ਜਾਂਦਾ ਹਾਂ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ ਹੇ ਭਾਰੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ। ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥ ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ ਗੰਦਗੀ ਨੂੰ ਲਾਹ ਸੁੱਟ। ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥ ਹੇ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਅਖ਼ਤਿਆਰ ਕਰ। ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥ ਤੂੰ ਆਪਣੇ ਚਿੱਤ-ਚਾਹੁੰਦੇ ਫਲ ਖਾਵੇਗੀ ਅਤੇ ਤੇਰਾ ਗ਼ਮ ਤੇ ਦੁਖੜੇ ਸਮੂਹ ਦੂਰ ਹੋ ਜਾਣਗੇ। ਠਹਿਰਾਉ। ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥ ਮੈਂ ਉਸ ਸੁਆਮੀ ਨੂੰ ਆਪਣੇ ਸਾਥ ਵੇਖ ਲਿਆ ਹੈ, ਜਿਸ ਨੂੰ ਭਾਲਣ ਦੇ ਲਈ ਮੈਂ ਇਹ ਦੇਹਿ ਅਖ਼ਤਿਆਰ ਕੀਤੀ ਸੀ। ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥ ਪਰਮਾਤਮਾ ਜੋ ਕਿ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਤੇ ਭਰਪੂਰ ਹੈ (ਸਭ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਦੇਖਦਾ ਹੈ। ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥ ਸੱਚੇ ਸੁਆਮੀ ਨਾਲ ਪਿਰਹੜੀ ਪਾਉਣ ਦੁਆਰਾ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ। ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥ ਜੋ ਉੱਚੇ ਸੁਆਮੀ ਦੇ ਪੈਰਾਂ ਦਾ ਧਿਆਨ ਧਰਦਾ ਹੈ, ਮਾਨੋ ਉਸ ਨੇ ਸਾਰੀਆਂ ਉਪਾਸ਼ਨਾ ਤੇ ਤਪੱਸਿਆ ਕਰ ਲਈਆਂ ਹਨ। ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥ ਵਾਹਿਗੁਰੂ ਦਾ ਨਾਮ ਆਬਿ-ਹਿਯਾਤ, ਹੀਰੇ, ਲਾਲ ਤੇ ਮੇਰੀ ਵੱਤ ਹੈ। ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਹੇ ਨਫ਼ਰ ਨਾਨਕ! ਸਾਰੀਆਂ ਖ਼ੁਸ਼ੀਆਂ ਦਾ ਜੌਹਰ ਬੈਕੁੰਠੀ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥ ਉਹੀ ਧਾਰਮਕ ਪੁਸਤਕ ਹੈ ਅਤੇ ਉਹ ਹੀ ਸੁੱਭ ਸ਼ਗਨ, ਜਿਸ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਜਾਵੇ। ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥ ਗੁਰੂ ਨੇ ਮੈਨੂੰ ਸਾਹਿਬ ਦੇ ਕੰਵਲ ਰੂਪੀ ਪੈਰਾਂ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਮੈਂ ਟਿਕਾਣੇ-ਰਹਿਤ ਨੂੰ ਟਿਕਾਣਾ ਪਰਾਪਤ ਹੋ ਗਿਆ ਹੈ। ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥ ਸੱਚੀ ਰਾਸ ਅਤੇ ਸੱਚੀ ਜੀਵਨ ਰਹਿਣੀ-ਬਹਿਣੀ ਅੱਠੇ ਪਹਿਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਹੀ ਹੈ। ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥ ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਉਸ ਨੂੰ ਮਿਲ ਪੈਦਾ ਹੈ। ਉਹ ਮੁੜ ਮਰਦਾ, ਆਉਂਦਾ ਤੇ ਜਾਂਦਾ ਨਹੀਂ। ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥ ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਇਕ-ਚਿੱਤੀ ਪ੍ਰੀਤ ਨਾਲ ਵਾਹਿਗੁਰੂ ਦਾ ਚਿੰਤਨ ਕਰ। ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥ ਤੇਰਾ ਮਦਦਗਾਰ ਜੋ ਹਰ ਦਿਲ ਅੰਦਰ ਵਿਆਪਕ ਹੈ, ਹਮੇਸ਼ਾਂ ਤੇਰੇ ਨਾਲ ਹੈ। ਠਹਿਰਾਉ। ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥ ਮੈਂ ਉਸ ਖ਼ੁਸ਼ੀ ਦਾ ਕੀ ਅੰਦਾਜ਼ਾ ਲਾ ਸਕਦਾ ਹਾਂ, ਜਿਹੜੀ ਉਦੋਂ ਪੈਦਾ ਹੁੰਦੀ ਹੈ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਰਾਧਨ ਕਰਦਾ ਹਾਂ? ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥ ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਧ੍ਰਾਪ ਜਾਂਦਾ ਹੈ। ਕੇਵਲ ਉਸ ਦੀ ਜਿੰਦੜੀ ਹੀ ਨਾਮ ਅੰਮ੍ਰਿਤ ਦੇ ਸੁਆਦ ਨੂੰ ਜਾਣਦੀ ਹੈ। copyright GurbaniShare.com all right reserved. Email:- |