ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥
ਸਾਧ-ਸੰਗਤ ਰਾਹੀਂ ਮਾਫ਼ੀ ਦੇਣਹਾਰ, ਪਿਆਰ ਸੁਆਮੀ ਇਨਸਾਨ ਦੇ ਹਿਰਦੇ ਅੰਦਰ ਵੱਸਦਾ ਹੈ। ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥ ਜਿਸ ਨੇ ਆਪਣੇ ਸਾਈਂ ਦੀ ਟਹਿਲ ਕੀਤੀ ਹੈ, ਉਹ (ਪਾਤਿਸ਼ਾਹਾਂ) ਨਰਾਂ ਦੇ ਰਾਜਿਆਂ ਦਾ ਪਾਤਸ਼ਾਹ ਹੈ। ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥ ਇਹ ਹੈ ਸਮਾਂ ਵਹਿਗੁਰੂ ਦੀ ਕੀਰਤੀ ਤੇ ਬਜ਼ੁਰਗੀਆਂ ਉਚਾਰਨ ਕਰਨ ਦਾ, ਜਿਸ ਦੇ ਕਰਨ ਦੁਆਰਾ ਤੀਰਥਾਂ ਤੇ ਕ੍ਰੋੜਾਂ ਹੀ ਟੁਭੇ ਲਾਉਣ ਤੇ ਨ੍ਹਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥ ਗੁਣਾ ਵਾਲੀ ਜਿਹਭਾ ਪ੍ਰਭੂ ਦਾ ਜੱਸ ਬੋਲਦੀ ਹੈ। ਕੋਈ ਭੀ ਖ਼ੈਰਾਤ ਇਸ ਤੁਲ ਨਹੀਂ ਅੱਪੜਦੀ। ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥ ਆਪਣੀ ਰਹਿਮਤ ਦੀ ਨਿਗ੍ਹਾ ਕਰਕੇ ਕ੍ਰਿਪਾਲੂ ਸਰਬ-ਸ਼ਕਤੀਵਾਨ ਅਤੇ ਮਇਆਵਾਨ ਮਾਲਕ ਮਨੁੱਖ ਦੇ ਹਿਰਦੇ ਤੇ ਦੇਹਿ ਅੰਦਰ ਟਿਕਦਾ ਹੈ। ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥ ਮੇਰੀ ਜਿੰਦ-ਜਾਨ, ਦੇਹਿ ਤੇ ਦੌਲਤ ਉਸ ਦੇ ਹਨ। ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ। ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥ ਜੁੜਿਆ ਹੋਇਆ, ਜਿਸ ਨੂੰ ਸਿਰਜਨਹਾਰ ਨੇ ਆਪਣੇ ਨਾਲ ਜੋੜ ਲਿਆ ਹੈ, ਕਦਾਚਿੱਤ ਜੁਦਾ ਨਹੀਂ ਹੁੰਦਾ। ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥ ਸੱਚੇ ਸਾਜਣ-ਵਾਲੇ ਨੇ ਆਪਣੇ ਸੇਵਕਾਂ ਦੀਆਂ ਬੇੜੀਆਂ ਵੱਢ ਛੱਡੀਆਂ ਹਨ। ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ ਉਸ ਦੀਆਂ ਭਲਿਆਈਆਂ ਤੇ ਬੁਰਿਆਈਆਂ ਦਾ ਖਿਆਲ ਨਾਂ ਕਰਦਿਆਂ ਹੋਇਆ ਸਾਈਂ ਨੇ ਘੁੱਸੇ ਹੋਏ ਨੂੰ ਠੀਕ ਰਾਹੇ ਪਾ ਦਿੱਤਾ ਹੈ। ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥ ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ, ਜੋ ਸਾਰਿਆਂ ਦਿਲਾਂ ਦਾ ਆਸਰਾ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥ (ਆਪਣੀ) ਜੀਭਾ ਨਾਲ ਸੱਚੇ-ਨਾਮ ਦਾ ਜਾਪ ਕਰ, ਤਾਂ ਜੋ (ਤੇਰੀ) ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਣ। ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥ ਉਸ ਵਾਹਿਗੁਰੂ ਦੇ ਬਾਝੋਂ ਤੇਰੀ ਅੰਮੜੀ, ਬਾਬਲ ਤੇ ਸਾਰੇ ਸਨਬੰਧੀਆਂ ਵਿਚੋਂ ਕੋਈ ਤੇਰੇ ਕਿਸੇ ਕੰਮ ਨਹੀਂ ਆਉਣਾ। ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥ ਜੇਕਰ ਪ੍ਰਭੂ ਆਪਣੀ ਰਹਿਮਤ ਧਾਰੇ ਤਾਂ ਆਦਮੀ ਉਸ ਨੂੰ ਇਕ ਮੁਹਤ ਲਈ ਭੀ ਨਹੀਂ ਭੁਲਦਾ। ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ ਹੇ ਮੇਰੇ ਮਨੂਏ! ਜਦ ਤੋੜੀ ਤੇਰੇ ਵਿੱਚ ਸਾਸ (ਜਿੰਦ-ਜਾਨ) ਹੈ, ਤੂੰ ਸੱਚੇ ਸਾਹਿਬ ਦੀ ਖ਼ਿਦਮਤ ਕਰ। ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥ ਸਤਿਪੁਰਖ ਦੇ ਬਗ਼ੈਰ ਹੋਰ ਸਭ ਕੁਝ ਝੂਠ ਹੈ ਅਤੇ ਅਖ਼ੀਰ ਨੂੰ ਨਾਸ ਹੋ ਜਾਏਗਾ। ਠਹਿਰਾਉ। ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥ ਮੇਰਾ ਮਾਲਕ ਪਵਿਤਰ ਹੈ। ਉਸ ਦੇ ਬਗੈਰ ਮੈਂ ਰਹਿ ਨਹੀਂ ਸਕਦਾ। ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥ ਮੇਰੀ ਆਤਮਾ ਤੇ ਦੇਹਿ ਅੰਦਰ ਵਾਹਿਗੁਰੂ ਲਈ ਪਰਮ ਭਾਰੀ ਖੁਦਿਆ (ਤਾਂਘ) ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮੇਰੀ ਮਾਤਾ। ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥ ਮੈਂ ਚਾਰੇ ਪਾਸੀਂ ਢੂੰਡ-ਭਾਲ ਕਰ ਲਈ ਹੈ। ਕੰਤ ਦੇ ਬਾਝੋਂ ਹੋਰ ਕੋਈ ਆਰਾਮ ਦੀ ਥਾਂ ਨਹੀਂ। ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥ ਕਿਸ ਗੁਰੁ ਮੂਹਰੇ ਪ੍ਰਾਰਥਨਾ ਕਰ, ਜਿਹੜਾ ਤੈਨੂੰ ਸਿਰਜਣਹਾਰ ਨਾਲ ਮਿਲਾ ਦੇਵੇ। ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥ (ਵਾਹਿਗੁਰੂ ਦੇ) ਨਾਮ ਦਾ ਦੇਣ ਵਾਲਾ ਹੈ ਸੱਚਾ ਗੁਰੂ ਲਬਾਲਬ ਪੂਰਨ ਹੈ, ਜਿਸ ਦਾ ਖ਼ਜ਼ਾਨਾ। ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥ ਸਦੀਵ ਤੇ ਹਮੇਸ਼ਾਂ ਲਈ ਉਸ ਦੀ ਪਰਸੰਸਾ ਕਰ, ਜਿਸ ਦਾ ਓੜਕ ਤੇ ਕੋਈ ਕਿਨਾਰਾ ਨਹੀਂ ਜਾਣਿਆ ਜਾ ਸਕਦਾ। ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥ ਪਾਲਣ-ਪੋਸਣ-ਹਾਰ ਦੀ ਉਪਮਾ ਗਾਇਨ ਕਰ, ਘਨੇਰੇ ਹਨ ਜਿਸ ਦੇ ਅਦਭੁਤ ਕਉਤਕ। ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥ ਸਦੀਵ ਸਦੀਵ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ। ਕੇਵਲ ਏਹੀ ਪਰਮ ਸਰੇਸ਼ਟ ਸਿਆਣਪ ਹੈ। ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥ ਨਾਨਕ, ਸਾਹਿਬ, ਉਸ ਦੀ ਆਤਮਾ ਤੇ ਦੇਹਿ ਨੂੰ ਮਿੱਠੜਾ ਲੱਗਦਾ ਹੈ, ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ। ਸਿਰੀਰਾਗੁ ਮਹਲਾ ੫ ॥ ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ। ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥ ਹੇ ਭਰਾਓ! ਨੇਕ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਸਤਿਨਾਮ ਦਾ ਅਰਾਧਨ ਕਰੋ। ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥ ਆਪਣੀ ਆਤਮਾ ਲਈ ਤੂੰ ਸੱਚੇ ਨਾਮ ਦਾ ਸਫ਼ਰ-ਖ਼ਰਚ ਬੰਨ੍ਹ (ਜਮ੍ਹਾਂ ਕਰ) ਜਿਹੜਾ ਏਥੇ ਤੇ ਏਥੋਂ ਮਗਰੋਂ ਤੇਰੇ ਸਾਥ ਹੋਏਗਾ। ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥ ਜੇਕਰ ਸੁਆਮੀ ਆਪਣੀ ਮਿਹਰ ਨਾਲ ਤੱਕੇ ਤਾਂ ਤੂੰ ਮੁਕੰਮਲ ਗੁਰਾਂ ਪਾਸੋਂ ਇਹ (ਸਫ਼ਰ-ਖਰਚ) ਪਾ ਲਵੇਗਾ। ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥੧॥ ਜਿਸ ਉਤੇ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ। ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥ ਮੇਰੀ ਜਿੰਦੜੀਏ! ਗੁਰਾਂ ਜਿੱਡਾ ਵੱਡਾ ਹੋਰ ਕੋਈ ਨਹੀਂ। ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥ ਮੈਂ ਕਿਸੇ ਹੋਰਸ ਜਗ੍ਹਾ ਦਾ ਖਿਆਲ ਨਹੀਂ ਕਰ ਸਕਦਾ। ਕੇਵਲ ਗੁਰੂ ਹੀ ਮੈਨੂੰ ਉਸ ਸੱਚੇ ਸਾਹਿਬ ਨਾਲ ਮਿਲਾ ਸਕਦਾ ਹੈ। ਠਹਿਰਾਉ। ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥ ਜੋ ਜਾ ਕੇ ਗੁਰਾਂ ਦਾ ਦਰਸ਼ਨ ਕਰਦਾ ਹੈ, ਉਸ ਨੂੰ ਸਾਰੀਆਂ ਧਨ-ਦੌਲਤਾਂ ਪ੍ਰਾਪਤ ਹੋ ਜਾਂਦੀਆਂ ਹਨ। ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥ ਹੇ ਮੇਰੀ ਮਾਤਾ! ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਦਾ ਮਨੂਆ ਗੁਰੂ ਦੇ ਪੈਰਾਂ ਨਾਲ ਜੁੜਿਆ ਹੈ। ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥ ਗੁਰੂ ਜੀ ਦਾਤਾਰ ਹਨ, ਗੁਰੂ ਜੀ ਹੀ ਸਰਬ-ਸ਼ਕਤੀ-ਵਾਨ ਪੁਰਖ ਅਤੇ ਗੁਰੂ ਜੀ ਹੀ ਸਾਰਿਆਂ ਅੰਦਰ ਵਿਆਪਕ ਹਨ। ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥ ਗੁਰੂ ਜੀ ਸ਼੍ਰੋਮਣੀ ਸਾਹਿਬ ਅਤੇ ਉਤਕ੍ਰਿਸ਼ਟਤ ਮਾਲਕ ਹਨ। ਗੁਰੂ ਜੀ ਡੁਬਦੇ ਹੋਏ ਨੂੰ ਪਾਰ ਕਰ ਦਿੰਦੇ ਹਨ। ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥ ਮੈਂ ਕਿਹੜੇ ਮੂੰਹ ਨਾਲ ਗੁਰਾਂ ਦੀ ਤਾਰੀਫ ਕਰਾਂ, ਜੋ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਯੋਗ ਹਨ। ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥ ਸਦੀਵੀ ਸਥਿਰ ਰਹਿੰਦੇ ਹਨ ਉਹ ਮਸਤਕ (ਬੰਦੇ) ਜਿਨ੍ਹਾਂ ਉਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ। ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥ ਗੁਰਾਂ ਨੇ ਮੈਨੂੰ ਜੰਮਣ ਤੇ ਮਰਣ ਦਾ ਨਾਸ ਕਰਨਹਾਰ ਸੁਧਾ-ਸਰੂਪ ਨਾਮ ਪਾਨ ਕਰਾਇਆ ਹੈ। ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥ ਮੈਂ ਸੁਆਮੀ ਸਰੂਪ ਤੇ ਡਰ ਦੂਰ ਕਰਨਹਾਰ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਮੇਰਾ ਕਸ਼ਟ ਨਵਿਰਤ ਹੋ ਗਿਆ ਹੈ।
|