ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥
ਸੱਚਾ ਗੁਰੂ ਠੰਢ-ਚੈਨ ਦਾ ਡੂੰਘਾ ਤੇ ਅਥਾਹ ਸਮੁੰਦਰ ਹੈ ਅਤੇ ਪਾਪ ਦਾ ਨਾਸ ਕਰਣਹਾਰ ਹੈ। ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥ ਜਿਸਨੇ ਆਪਣੇ ਗੁਰਾਂ ਦੀ ਟਹਿਲ ਕਮਾਈ ਹੈ, ਉਸ ਨੂੰ ਮੌਤ ਦਾ ਫਰਿਸ਼ਤਾ ਸਜ਼ਾ ਨਹੀਂ ਦਿੰਦਾ। ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥ ਗੁਰਾਂ ਦੇ ਬਰਾਬਰ ਕੋਈ ਵੀ ਨਹੀਂ। ਮੈਂ ਸਾਰਾ ਆਲਮ ਢੂੰਡ ਭਾਲ ਕੇ ਵੇਖ ਲਿਆ ਹੈ। ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥ ਸੱਚੇ ਗੁਰਾਂ ਨੇ ਨਾਮ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਉਸ ਦੁਆਰਾ ਨਾਨਕ ਨੇ ਆਪਣੇ ਚਿੱਤ ਅੰਦਰ ਆਰਾਮ ਧਾਰਨ ਕਰ ਲਿਆ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ (ਉਨ੍ਹਾਂ ਨੂੰ) ਮਿੱਠੜੇ ਜਾਣ ਕੇ, (ਇਨਸਾਨ ਸੰਸਾਰੀ ਰੰਗ ਰਸ) ਭੋਗਦਾ ਹੈ, (ਪਰ ਉਨ੍ਹਾਂ ਦਾ) ਸੁਆਦ ਤੁਰਸ਼ ਨਿਕਲਦਾ ਹੈ। ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ ਬੇਹੂਦਾ ਹੈ ਭਰਾਵਾ ਤੇ ਯਾਰਾਂ ਨਾਲ ਮੌਹ ਕਰਨਾ ਅਤੇ ਪਾਪਾਂ ਅੰਦਰ ਖਚਤ ਹੋਣਾ। ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥ ਅਲੋਪ ਹੁੰਦੇ ਇਹ ਢਿਲ ਨਹੀਂ ਲਾਉਂਦੇ। ਹਰੀ ਨਾਮ ਦੇ ਬਾਝੋਂ ਬੰਦਾ ਤਕਲੀਫ ਵਿੱਚ ਡੌਰ-ਭੌਰ ਹੋ ਜਾਂਦਾ ਹੈ। ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਹੇ ਮੇਰੀ ਜਿੰਦੇ! (ਆਪਣੇ ਆਪ ਨੂੰ) ਸਚੇ ਗੁਰਾਂ ਦੀ ਟਹਿਲ ਅੰਦਰ ਜੋੜ। ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ ਜੋ ਕੁਝ ਦਿਸਦਾ ਹੈ, ਉਹ ਨਾਸ ਹੋ ਜਾਏਗਾ। ਹੇ ਬੰਦੇ! ਤੂੰ ਆਪਣੇ ਮਨੂਏ ਦੀ ਸਿਆਣਪ ਨੂੰ ਛੱਡ ਦੇ। ਠਹਿਰਾਉ। ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥ ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ ਦੱਸੀ (ਸਾਰਿਆਂ) ਪਾਸੀਂ ਭੱਜਦਾ ਤੇ ਭਟਕਦਾ ਫਿਰਦਾ ਹੈ, ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ ਏਸੇ ਤਰ੍ਹਾਂ ਲਾਲਚੀ ਜੀਵ ਕੁਛ ਭੀ ਖ਼ਿਆਲ ਨਹੀਂ ਕਰਦਾ ਅਤੇ ਖਾਣ-ਯੋਗ ਤੇ ਨਾਂ ਖਾਣ ਯੋਗ ਸਮੂਹ ਹੜੱਪ ਕਰ ਜਾਂਦਾ ਹੈ। ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥ ਜੋ ਭੋਗ-ਇਛਾ, ਗੁੱਸੇ ਤੇ ਹੰਕਾਰ ਅੰਦਰ ਗਲਤਾਨ ਹੈ, ਮੁੜ ਮੁੜ ਕੇ ਜੂਨੀਆਂ ਅੰਦਰ ਪੈਂਦਾ ਹੈ। ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥ ਮੋਹਣੀ ਨੇ ਆਪਣੀ ਫਾਹੀ ਖਿਲਾਰੀ ਹੋਈ ਹੈ ਅਤੇ ਇਸ ਅੰਦਰ ਚੋਗਾ ਰੱਖ ਦਿੱਤਾ ਹੈ। ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥ ਲਾਲਚੀ ਪੰਛੀ ਫਸ ਜਾਂਦਾ ਹੈ ਅਤੇ ਨਿਕਲ ਨਹੀਂ ਸਕਦਾ, ਹੇ ਮੇਰੀ ਮਾਤਾ! ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥ ਇਨਸਾਨ ਉਸ ਨੂੰ ਨਹੀਂ ਜਾਣਦਾ (ਸਿਮਰਦਾ) ਜਿਸ ਨੇ ਇਸ ਨੂੰ ਰਚਿਆ ਹੈ ਅਤੇ ਮੁੜ ਮੁੜ ਕੇ ਆਉਂਦਾ ਜਾਂਦਾ ਰਹਿੰਦਾ ਹੈ। ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥ ਅਨੇਕਾਂ ਤਰੀਕਿਆਂ ਤੇ ਘਨੇਰੇ ਢੰਗਾਂ ਨਾਲ ਇਸ ਦੁਨੀਆਂ ਨੂੰ ਫ਼ਰੇਫ਼ਤਾ ਕੀਤਾ ਹੋਇਆ ਹੈ। ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥ ਜਿਸ ਦੀ ਸਰਬ-ਸ਼ਕਤੀਵਾਨ ਅਤੇ ਬੇਅੰਤ ਪ੍ਰਭੂ ਰਛਾ ਕਰਦਾ ਹੈ, ਉਹ ਬਚ ਜਾਂਦਾ ਹੈ। ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥ ਨਾਨਕ ਰੱਬ ਦੇ ਗੋਲਿਆਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹੈ, ਜੋ ਰੱਬ ਦੀ ਪ੍ਰੀਤ ਰਾਹੀਂ ਪਾਰ ਉਤਰ ਗਏ ਹਨ। ਸਿਰੀਰਾਗੁ ਮਹਲਾ ੫ ਘਰੁ ੨ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ ਜਦ ਇਕ ਚਰਵਾਹਾ ਚਰਾਗਾਹ ਵਿੱਚ ਆਉਂਦਾ ਹੈ, ਉਸ ਦਾ ਉਥੇ ਆਡੰਬਰੀ ਖਿਲਾਰੇ ਰਚਨ ਦਾ ਕੀ ਲਾਭ? ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥ ਜਦ ਦਿਤਾ ਹੋਇਆ ਸਮਾਂ ਪੂਰਾ ਹੋ ਗਿਆ, ਤੂੰ ਨਿਸਚੇ ਹੀ ਟੁਰ ਜਾਏਗਾ, (ਹੇ ਵਾਗੀ!) ਤੂੰ ਆਪਣੇ ਅਸਲੀ ਘਰ-ਘਾਟ ਦੀ ਸੰਭਾਲ ਕਰ। ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥ ਹੇ ਮੇਰੇ ਮਨ! ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਹਿਨ ਕਰ ਅਤੇ ਪ੍ਰੀਤ ਨਾਲ ਸਚੇ ਗੁਰਾਂ ਦੀ ਟਹਿਲ ਕਮਾ। ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥ ਤੂੰ ਤੁਛ ਗੱਲ ਤੇ ਕਿਉਂ ਹੰਕਾਰ ਕਰਦਾ ਹੈ? ਠਹਿਰਾਉ। ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ ਰਾਤ ਦੇ ਮਿਹਮਾਨ ਦੀ ਤਰ੍ਹਾਂ ਤੂੰ ਸੁਬ੍ਹਾ-ਸਵੇਰੇ ਖੜਾ ਹੋ ਤੁਰ ਪਵੇਗਾ। ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥ ਤੂੰ ਆਪਣੇ ਟੱਬਰ ਕਬੀਲੇ ਨਾਲ ਕਿਉਂ ਮਸਤ ਹੋਇਆ ਹੋਹਿਆ ਹੈ? ਹਰ ਸ਼ੈ ਬਗੀਚੀ ਦੇ ਪੁਸ਼ਪਾਂ ਦੀ ਤਰ੍ਹਾਂ ਛਿਨ-ਭੰਗਰ ਹੈ। ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥ ਤੂੰ ਕਿਉਂ ਆਖਦਾ ਹੈਂ, "ਇਹ ਮੇਰੀ ਹੈ, ਔਹ ਮੇਰੀ ਹੈ"। ਉਸ ਸਾਹਿਬ ਦੀ ਭਾਲ ਕਰ, ਜਿਸ ਨੇ ਇਹ ਤੈਨੂੰ ਦਿੱਤੀ ਹੈ । ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥ ਤੂੰ ਜ਼ਰੂਰ ਨਿਸਚਤ ਹੀ ਖੜਾ ਹੋ ਟੁਰ ਜਾਏਗਾ ਅਤੇ ਲੱਖਾਂ ਤੇ ਕਰੋੜਾਂ (ਰੁਪਿਆਂ ਨੂੰ) ਛੱਡ ਜਾਏਗਾ। ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਣ ਮਗਰੋਂ ਤੈਨੂੰ ਨਾਂ-ਹੱਥ-ਲੱਗਣ ਵਾਲਾ ਮਨੁੱਖੀ-ਜੀਵਨ ਮਿਲਿਆ ਹੈ। ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥ ਨਾਨਕ, ਤੂੰ ਨਾਮ ਦਾ ਸਿਮਰਨ ਕਰ (ਕਿਉਂਕਿ) ਕੁਚ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥ ਜਦ ਤਾਈਂ ਭਉਰ, ਇਸ ਦਾ ਸੰਗੀ, ਦੇਹਿ ਦੇ ਸਾਥ ਹੈ, ਤਦ ਤਾਈਂ ਇਹ ਖੁਸ਼ੀ ਨਾਲ ਰਹਿੰਦੀ ਹੈ। ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥ ਜਦ ਸੰਗੀ ਖੜਾ ਹੋ ਟੁਰ ਜਾਂਦਾ ਹੈ, ਤਦ ਦੇਹਿ ਵਹੁਟੀ ਮਿੱਟੀ ਨਾਲ ਮਿਲ ਜਾਂਦੀ ਹੈ। ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥ ਮੇਰਾ ਚਿੱਤ ਸੰਸਾਰਕ ਇੱਛਾਵਾਂ ਵੱਲੋਂ ਉਪਰਾਮ ਹੋ ਗਿਆ ਹੈ ਅਤੇ ਇਸ ਨੂੰ ਸਾਹਿਬ ਦਾ ਦੀਦਾਰ ਵੇਖਣ ਦੀ ਉਮੰਗ ਹੈ। ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥ ਮੁਬਾਰਕ ਹੈ ਤੇਰਾ ਉਹ ਟਿਕਾਣਾ (ਹੇ ਮਾਲਕ!) ਠਹਿਰਾਉ। ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥ ਜਦ ਤੋੜੀ ਭਉਰ ਭਰਤਾ ਦੇਹਿ-ਗ੍ਰਹਿ ਅੰਦਰ ਰਹਿੰਦਾ ਹੈ, ਹਰ ਜਣਾ ਆਖਦਾ ਹੈ "ਜੀ ਹਜ਼ੂਰ"। ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥ ਜਦ ਭਉਰ ਭਗਤਾ ਉਠ ਕੇ ਤੁਰ ਜਾਵੇਗਾਂ, ਤਦ ਤੇਰੀ ਕਿਸੇ ਨੇ ਭੀ ਸਾਰ ਨਹੀਂ ਲੈਣੀ। ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥ ਮਾਪਿਆਂ ਦੇ ਘਰ (ਇਸ ਸੰਸਾਰ) ਅੰਦਰ ਤੂੰ ਆਪਣੇ ਕੰਤ ਦੀ ਟਹਿਲ ਕਮਾ ਅਤੇ ਸਹੁਰੇ-ਘਰ (ਪ੍ਰਲੋਕ) ਆਰਾਮ ਵਿੱਚ ਰਹੁ! ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥ ਗੁਰਦੇਵ ਜੀ ਨੂੰ ਭੇਟ ਕੇ ਸ਼ਊਰ ਤੇ ਨੇਕ-ਚਲਣ ਸਿੱਖ ਅਤੇ ਤੈਨੂੰ ਗ਼ਮ ਕਦਾਚਿੱਤ ਨਹੀਂ ਵਿਆਪੇਗਾ। ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥ ਸਾਰਿਆਂ ਨੇ ਕੰਤ ਦੇ ਘਰ ਜਾਣਾ ਹੈ ਅਤੇ ਸਾਰਿਆਂ ਦੀ ਵਿਆਹ ਮਗਰੋਂ ਰਸਮੀ ਪੱਕੀ ਵਿਦਾਇਗੀ ਹੋਣੀ ਹੈ।
|