ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥
ਸਚ ਤੇ ਬ੍ਰਹਿਮ ਗਯਾਤ ਨਾਲ ਅਤੇ ਵਾਹਿਗੁਰੂ ਦੇ ਜੱਸ ਤੇ ਨਾਮ ਦੇ ਆਸਰੇ ਆਦਮੀ ਬਹੁਤ ਇਜ਼ਤ ਆਬਰੂ ਪਾਉਂਦਾ ਹੈ। ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥ ਮੇਰੀ ਰਖਿਆ ਕਰ, ਜਿਸ ਤਰ੍ਰਾਂ ਤੈਨੂੰ ਚੰਗਾ ਲਗਦਾ ਹੈ, ਹੈ ਕੰਤ! ਤੇਰੇ ਬਿਨਾ ਮੇਰਾ ਹੋਰ ਕੌਣ ਹੈ! ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥ ਲਗਾਤਾਰ ਪੁਸਤਕਾਂ ਵਾਚ ਕੇ ਇਨਸਾਨ ਗਲਤੀਆਂ ਕਰਦੇ ਹਨ ਅਤੇ ਮਜ਼ਹਬੀ ਲਿਬਾਸਾ ਨੂੰ ਪਹਿਨ ਕੇ ਉਹ ਘਣਾ ਹੰਕਾਰ ਕਰਦੇ ਹਨ। ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ ਯਾਤਰਾ ਅਸਥਾਨ ਉਤੇ ਇਸ਼ਨਾਨ ਕਰਨ ਦਾ ਆਦਮੀ ਨੂੰ ਕੀ ਲਾਭ ਹੈ ਜਦ ਕਿ ਉਸ ਦੇ ਚਿੱਤ ਅੰਦਰ ਸਵੈ-ਹੰਗਤਾ ਦੀ ਮਲੀਣਤਾ ਹੈ? ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥ ਗੁਰਾਂ ਦੇ ਬਗੈਰ ਕੌਣ ਸਪਸ਼ਟ ਕਰ ਸਕਦਾ ਹੈ ਕਿ ਵਾਹਿਗੁਰੂ, ਪਾਤਸ਼ਾਹ ਤੇ ਮਹਾਰਾਜਾ, ਬੰਦੇ ਦੇ ਚਿੱਤ ਵਿੱਚ ਵਸਦਾ ਹੈ। ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥ ਗੁਰਾਂ ਦੇ ਰਾਹੀਂ ਅਸਲੀਅਤ ਨੂੰ ਸੋਚਣ ਸਮਝਣ ਦੁਆਰਾ ਪ੍ਰਭੂ ਪਿਆਰ ਦੀ ਦੌਲਤ ਪਰਾਪਤ ਹੁੰਦੀ ਹੈ। ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥ ਆਪਣੇ ਆਪ ਨੂੰ ਗੁਰਾਂ ਦੇ ਸ਼ਬਦ ਨਾਲ ਸ਼ਿੰਗਾਰ ਕੇ ਪਤਨੀ ਨੇ ਆਪਣੀ ਸਵੈ-ਹੰਗਤਾ ਨਵਿਰਤ ਕਰ ਦਿਤੀ ਹੈ। ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥ ਵਿਸ਼ਾਲ ਸੁਆਮੀ ਲਈ ਬੇਅੰਤ ਪ੍ਰੀਤ ਦੇ ਜਰੀਏ, ਉਹ ਆਪਣੋੇ ਗ੍ਰਹਿ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀ ਹੈ। ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥ ਗੁਰਾਂ ਦੀ ਟਹਿਲ ਸੇਵਾ ਤੇ ਨੌਕਰੀ ਅੰਦਰ ਚਿੱਤ ਪਵਿੱਤਰ, ਅਤੇ ਪ੍ਰਾਣੀ ਨੂੰ ਆਰਾਮ ਪਰਾਪਤ ਹੋ ਜਾਂਦਾ ਹੈ। ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥ ਜਦ ਗੁਰਾਂ ਦਾ ਸ਼ਬਦ ਅੰਤਹਕਰਨ ਵਿੱਚ ਨਿਵਾਸ ਕਰ ਲੈਂਦਾ ਹੈ, ਤਾਂ ਹੰਗਤਾ ਅੰਦਰੋਂ ਦੂਰ ਹੋ ਜਾਂਦੀ ਹੈ। ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥ ਨਾਮ ਦੀ ਦੌਲਤ ਪਰਾਪਤ ਹੋ ਜਾਂਦੀ ਹੈ ਅਤੇ ਆਤਮਾ ਸਦੀਵ ਹੀ ਮੁਨਾਫਾ ਉਠਾਉਂਦੀ ਹੈ। ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥ ਜੇਕਰ ਸਾਡੇ ਉਤੇ ਵਾਹਿਗੁਰੂ ਦੀ ਮਿਹਰ ਹੋਵੇ ਤਦ ਸਾਨੂੰ ਨਾਮ ਮਿਲਦਾ ਹੈ। ਅਸੀਂ ਆਪਣੇ ਹੀਲੇ ਨਾਲ ਇਸ ਨੂੰ ਨਹੀਂ ਪਾ ਸਕਦੇ। ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਬਾਹਰ ਕਢ ਦੇ ਅਤੇ ਗੁਰਾਂ ਦੇ ਚਰਨਾਂ ਨਾਲ ਜੁੜਿਆ ਰਹੁ। ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥ ਸੱਚੇ ਨਾਮ ਨਾਲ ਰੰਗੀਜਣ ਦੁਆਰਾ ਸੱਚਾ ਸਾਹਿਬ ਪਰਾਪਤ ਹੋ ਜਾਂਦਾ ਹੈ। ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਸਾਰੇ ਗਲਤੀ ਕਰਨ ਵਾਲੇ ਹਨ, ਕੇਵਲ ਗੁਰੂ ਅਤੇ ਸਿਰਜਣਹਾਰ ਦੀ ਅਚੂਕ ਹੈ। ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥ ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਸੁਧਾਰਿਆ ਹੈ, ਉਸ; ਦਾ ਸਾਈਂ ਨਾਲ ਸਨੇਹ ਪੈ ਜਾਂਦਾ ਹੈ। ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥ ਹੈ ਨਾਨਕ! ਜਿਸ ਨੂੰ ਅਨੰਤ ਸਾਹਿਬ ਇਹ ਦਾਤ ਦਿੰਦਾ ਹੈ ਉਹ ਸੱਚੇ ਨਾਮ ਨੂੰ ਨਹੀਂ ਭੁਲਦਾ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥ ਪੁਤ੍ਰਾਂ, ਰਿਸ਼ਤੇਦਾਰਾਂ ਅਤੇ ਗ੍ਰਹਿ ਦੀ ਪਤਨੀ ਦੇ ਮੋਹ ਦੇ ਕਾਰਨ ਇਨਸਾਨ ਫਰੇਫਤਾ ਕਰ ਲੈਣ ਵਾਲੀ ਦੌਲਤ ਦੀ ਖਾਹਿਸ਼ ਅੰਦਰ ਖਚਤ ਹੈ। ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥ ਸੰਸਾਰ ਨੂੰ ਪਦਾਰਥ, ਜੁਆਨੀ, ਲਾਲਚ ਤਮ੍ਹਾ ਅਤੇ ਗਰੂਰ ਨੇ ਛਲ ਲਿਆ ਹੈ। ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥ ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਨੇ ਮੈਨੂੰ ਮਾਰ ਸੁਟਿਆ ਹੈ। ਏਹੋ ਜੇਹਾ ਹਾਲ ਹੀ ਬਾਕੀ ਦੁਨੀਆਂ ਦਾ (ਇਸ ਦੇ ਹੱਥੋ) ਹੁੰਦਾ ਹੈ। ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਹੈ ਮੇਰੇ ਪਿਆਰੇ! ਤੇਰੇ ਬਗੈਰ ਹੋਰ ਮੇਰਾ ਕੋਈ ਨਹੀਂ। ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥ ਤੇਰੇ ਬਾਝੋਂ, ਹੋਰ ਕੁਝ ਭੀ ਮੈਨੂੰ ਚੰਗਾ ਨਹੀਂ ਲਗਦਾ। ਤੈਨੂੰ ਪਿਆਰ ਕਰਨ ਨਾਲ ਮੈਨੂੰ ਠੰਢ-ਚੈਨ ਹਾਸਲ ਹੁੰਦੀ ਹੈ। ਠਹਿਰਾਉ। ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥ ਗੁਰਾਂ ਦੇ ਉਪਦੇਸ਼ ਦੁਆਰਾ ਸੰਤੁਸ਼ਟਤਾ ਪਰਾਪਤ ਕਰਕੇ ਮੈਂ ਪਿਆਰ ਨਾਲ ਹਰੀ ਨਾਮ ਦੀ ਸਿਫ਼ਤ ਸਨਾ ਕਰਦਾ ਹਾਂ। ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥ ਜੋ ਕੁਛ ਭੀ ਨਜ਼ਰੀ ਪੈਦਾ ਹੈ, ਉਹ ਟੁਰ ਵੰਞਸੀ। ਝੂਠੇ ਦ੍ਰਿਸਯ ਨਾਲ ਪ੍ਰੀਤ ਨਾਂ ਲਗਾ। ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥ ਤੂੰ ਰਸਤੇ ਉਪਰ ਦੇ ਰਾਹੀਂ ਦੀ ਮਾਨਿੰਦ ਆਇਆ ਹੈ। ਵੇਖ ਲੈ ਕਿ ਹਰ ਰੋਜ਼ ਤੇਰਾ ਸੰਗ ਟੁਰਦਾ ਜਾ ਰਿਹਾ ਹੈ। ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥ ਕਈ ਇਨਸਾਨ ਧਰਮ ਉਪਦੇਸ਼ ਦਾ ਪਰਚਾਰ ਕਰਦੇ ਹਨ, ਪ੍ਰੰਤੂ ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ। ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥ ਜੇਕਰ ਬੰਦੇ ਨੂੰ ਨਾਮ ਦੀ ਬਜ਼ੁਰਗੀ ਹਾਸਲ ਹੋ ਜਾਵੇ, ਤਾਂ ਉਹ ਸਚ ਨਾਲ ਰੰਗਿਆ ਜਾਂਦਾ ਹੈ ਅਤੇ ਇਜ਼ਤ ਪਾ ਲੈਂਦਾ ਹੈ। ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥ ਜਿਹਡੇ ਤੈਨੂੰ ਚੰਗੇ ਲਗਦੇ ਹਨ, ਉਹ ਉਤਮ ਹਨ। (ਆਪਣੇ ਆਪ) ਕੋਈ ਭੀ ਜਾਹਲੀ ਜਾਂ ਅਸਲੀ ਨਹੀਂ। ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥ ਗੁਰਾਂ ਦੀ ਪਨਾਹ ਲੈਣ ਦੁਆਰਾ ਆਦਮੀ ਬਚ ਜਾਂਦਾ ਹੈ। ਕੁੜੀ ਹੈ ਪੂੰਜੀ ਆਪ-ਹੁਦਰੇ ਪੁਰਸ਼ ਦੀ। ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥ ਬਾਦਸ਼ਾਹ ਦੀਆਂ ਅੱਠ ਧਾਤਾਂ ਦੇ ਉਸ ਦੇ ਹੁਕਮ ਅਤੇ ਖੁਸ਼ੀ ਤਾਬੇ (ਸਿੱਕੇ) ਸਾਜੇ ਜਾਂਦੇ ਹਨ। ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥ ਪਰਖਣਹਾਰ ਆਪ ਹੀ ਸਿਕਿਆਂ ਦੀ ਪਰਖ ਕਰ ਲੈਂਦਾ ਹੈ ਅਤੇ ਅਸਲੀਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈ। ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥ ਤੇਰਾ ਮੁਲ ਪਾਇਆ ਨਹੀਂ ਜਾ ਸਕਦਾ। ਮੈਂ ਸਾਰਾ ਕੁਝ ਤਜਰਬਾ ਕਰਕੇ ਵੇਖ ਲਿਆ ਹੈ। ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥ ਆਖਣ ਦੁਆਰਾ ਉਸ ਦੀ ਡੂੰਘਾਈ ਪਾਈ ਨਹੀਂ ਜਾ ਸਕਦੀ। ਜੇਕਰ ਬੰਦਾ ਸੱਚ ਅੰਦਰ ਵਸ ਜਾਵੇ, ਉਹ ਇੱਜ਼ਤ ਪਾ ਲੈਂਦਾ ਹੈ। ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥ ਗੁਰਾਂ ਦੇ ਉਪਦੇਸ਼ ਦੁਆਰਾ, ਹੈ ਸਾਈਂ! ਮੈਂ ਤੇਰੀ ਕੀਰਤੀ ਕਰਦਾ ਹਾਂ। ਕੋਈ ਹੋਰਸ ਤਰੀਕਾ ਤੇਰੀ ਕਦਰ ਬਿਆਨ ਕਰਨ ਦਾ ਨਹੀਂ। ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥ ਜਿਸ ਸਰੀਰ ਨੂੰ ਨਾਮ ਚੰਗਾ ਨਹੀਂ ਲਗਦਾ, ਉਹ ਸਰੀਰ ਹੰਕਾਰ ਤੇ ਝਗੜੇ-ਟੰਟੇ ਦਾ ਸਤਾਇਆ ਹੋਇਆ ਹੈ। ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥ ਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ, ਹੋਰ ਸੁਆਦ ਨਿਰੀ ਪੁਰੀ ਜ਼ਹਿਰ ਹਨ। ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥੬॥ ਨੇਕੀ ਦੇ ਬਗੈਰ ਕੁਝ ਕੰਮ ਨਹੀਂ ਆਉਣਾ। ਫਿਕਾ ਹੈ ਸੁਆਦ ਧਨ-ਦੌਲਤ ਦਾ। ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥ ਉਮੀਦ ਵਿੱਚ ਆਦਮੀ ਪੈਦਾ ਹੋਇਆ ਹੈ ਅਤੇ ਉਮੀਦ ਅੰਦਰ ਹੀ ਉਹ ਮਿੱਠੀਆ ਤੇ ਖਟੀਆਂ ਨਿਆਮਤਾਂ ਛਕਦਾ ਹੈ। ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥ ਤ੍ਰਿਸ਼ਨਾ ਦਾ ਨਰੜਿਆ ਹੋਹਿਆ ਉਹ ਅਗੇ ਨੂੰ ਧਕਿਆ ਜਾਂਦਾ ਹੈ ਅਤੇ ਆਪਣੇ ਮੂੰਹ ਉਤੇ ਮੁੜ ਮੁੜ ਸੱਟਾਂ ਸਹਾਰਦਾ ਹੈ। ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥ ਪਾਪ ਦਾ ਜਕੜਿਆਂ ਹੋਇਆ ਉਹ ਮਾਰ ਖਾਂਦਾ ਹੈ। ਗੁਰਾਂ ਦੀ ਸਿਖਿਆ ਤਾਬੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਂਦਾ ਹੈ। copyright GurbaniShare.com all right reserved. Email:- |