ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥
ਨਾਮ ਦੇ ਬਗੈਰ ਜਹਾਨ ਦੁਖੀ ਹੋਇਆ ਫਿਰਦਾ ਹੈ। ਮਾਇਆ ਆਪ-ਹੁਦਰਿਆਂ ਨੂੰ ਨਿਗਲ ਗਈ ਹੈ। ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥ ਸ਼ਬਦ ਦੁਆਰਾ ਇਨਸਾਨ ਨਾਮ ਦਾ ਸਿਮਰਨ ਕਰਦਾ ਹੈ ਅਤੇ ਸ਼ਬਦ ਰਾਹੀਂ ਹੀ ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥ ਕਰਾਮਾਤੀ ਬੰਦੇ, ਸੰਸਾਰੀ ਪਦਾਰਥਾਂ ਦੇ ਬਹਿਕਾਏ ਹੋਏ ਭਟਕਦੇ ਫਿਰਦੇ ਹਨ, ਅਤੇ ਸ਼੍ਰੇਸ਼ਟ ਪ੍ਰੀਤ ਅੰਦਰ ਉਨ੍ਹਾਂ ਦੀ ਬਿਰਤੀ ਨਹੀਂ ਜੁੜਦੀ। ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥ ਮੋਹਨੀ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਹੀ ਹੈ ਅਤੇ ਪ੍ਰਾਣੀਆਂ ਨੂੰ ਘਣੀ ਹੀ ਚਿਮੜੀ ਹੋਈ ਹੈ। ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥ ਗੁਰਾਂ ਦੇ ਬਾਝੋਂ ਕਲਿਆਣ ਪਰਾਪਤ ਨਹੀਂ ਹੁੰਦੀ ਅਤੇ ਨਾਂ ਹੀ ਦੁਚਿੱਤਾਪਣ ਤੇ ਸੰਸਾਰੀ ਮਮਤਾ ਦੂਰ ਹੁੰਦੇ ਹੈ। ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥ ਮੋਹਨੀ ਕਿਸ ਨੂੰ ਕਹਿੰਦੇ ਹਨ? ਮੋਹਨੀ ਕੀ ਕੰਮ ਕਰਦੀ ਹੈ? ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥ ਗਮੀ ਤੇ ਖੁਸ਼ੀ ਅੰਦਰ ਮੋਹਨੀ ਨੇ ਇਸ ਪ੍ਰਾਣੀ ਨੂੰ ਜਕੜਿਆ ਹੋਇਆ ਹੈ ਅਤੇ ਉਸ ਪਾਸੋਂ ਹੰਗਤਾ ਅੰਦਰ ਕੰਮ ਕਰਾਉਂਦੀ ਹੈ। ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥ ਰੱਬੀ ਕਲਾਮ ਦੇ ਬਗੈਰ ਸੰਦੇਹ ਰਫ਼ਾ ਨਹੀਂ ਹੁੰਦਾ, ਨਾਂ ਹੀ ਹੰਕਾਰ ਅੰਦਰੋਂ ਦੂਰ ਹੁੰਦਾ ਹੈ। ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥ ਪਿਆਰ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੋ ਸਕਦੀ ਅਤੇ ਨਾਮ ਦੇ ਬਾਝੋਂ ਇਨਸਾਨ ਕਬੂਲ ਨਹੀਂ ਪੈਦਾ। ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥ ਨਾਮ ਨਾਲ ਹੰਗਤਾ ਨਾਬੂਦ ਹੋ ਜਾਂਦੀ ਹੈ ਅਤੇ ਮੋਹਨੀ ਦਾ ਮੁਗਾਲਤਾ ਦੂਰ ਹੋ ਜਾਂਦਾ ਹੈ। ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥ ਗੁਰਾਂ ਦੇ ਰਾਹੀਂ ਇਨਸਾਨ ਸੁਖੈਨ ਹੀ ਹਰੀ ਨਾਮ ਦੀ ਦੌਲਤ ਨੂੰ ਹਾਸਲ ਕਰ ਲੈਂਦਾ ਹੈ। ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥ ਗੁਰਾਂ ਦੇ ਬਗੈਰ ਨੇਕੀਆਂ ਨਹੀਂ ਚਮਕਦੀਆਂ ਅਤੇ ਨੇਕੀਆਂ ਦੇ ਬਗੈਰ ਸਾਈਂ ਦੀ ਪਰੇਮ-ਮਈ ਸੇਵਾ ਨਹੀਂ ਹੋ ਸਕਦੀ। ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥ ਉਹ ਸਾਹਿਬ ਸੁਖੈਨ ਹੀ ਉਸ ਪ੍ਰਾਣੀ ਨੂੰ ਮਿਲ ਪੈਦਾ ਹੈ ਜਿਸਦੇ ਚਿੱਤ ਅੰਦਰ ਅਨੁਰਾਗ ਦੇ ਪ੍ਰੇਮੀ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ। ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥ ਨਾਨਕ, ਸ਼ਬਦ ਰਾਹੀਂ ਤੂੰ ਹਰੀ ਦੀ ਪਰਸੰਸਾ ਕਰ। ਉਸ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ ਧਨ ਦੌਲਤ ਦੀ ਲਗਨ ਮੇਰੇ ਮਾਲਕ ਦੀ ਰਚਨਾ ਹੈ, ਤੇ ਉਹ ਖੁਦ ਹੀ ਬੰਦੇ ਨੂੰ ਗਲਤ-ਫਹਿਮੀ ਅੰਦਰ ਗੁਮਰਾਹ ਕਰਦਾ ਹੈ। ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥ ਆਪ-ਹੁਦਰੇ ਮੰਦ ਅਮਲ ਕਮਾਉਂਦੇ ਹਨ ਤੇ ਸਮਝਦੇ ਨਹੀਂ। ਉਹ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦੇ ਹਨ। ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥ ਗੁਰਬਾਣੀ ਇਸ ਸੰਸਾਰ ਅੰਦਰ ਈਸ਼ਵਰੀ ਪ੍ਰਕਾਸ਼ ਹੈ! ਵਾਹਿਗੁਰੂ ਦੀ ਰਹਿਮਤ ਰਾਹੀਂ ਇਹ ਆ ਕੇ ਪ੍ਰਾਣੀ ਦੇ ਚਿੱਤ ਅੰਦਰ ਟਿਕ ਜਾਂਦੀ ਹੈ। ਮਨ ਰੇ ਨਾਮੁ ਜਪਹੁ ਸੁਖੁ ਹੋਇ ॥ ਹੇ ਇਨਸਾਨ! ਤੂੰ ਨਾਮ ਦਾ ਅਰਾਧਨ ਕਰ ਤਾਂ ਜੋ ਤੈਨੂੰ ਆਰਾਮ ਚੈਨ ਪਰਾਪਤ ਹੋਵੇ। ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ ਪੂਰਨ ਗੁਰਾਂ ਦੀ ਸਿਫ਼ਤ-ਸਨਾ ਕਰਨ ਦੁਆਰਾ, ਉਹ ਸਾਹਿਬ ਸੁਖੈਨ ਹੀ ਆਦਮੀ ਨੂੰ ਮਿਲ ਪੈਦਾ ਹੈ। ਠਹਿਰਾਉ। ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥ ਭਗਵਾਨ ਦੇ ਚਰਨਾਂ ਨਾਲ ਬ੍ਰਿਤੀ ਜੋੜਨ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ ਤੇ ਡਰ ਦੌੜ ਜਾਂਦਾ ਹੈ। ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥ ਗੁਰਾਂ ਦੇ ਰਾਹੀਂ ਨਾਮ ਦੀ ਕਮਾਈ ਕਰਨ ਦੁਆਰਾ ਵਾਹਿਗੁਰੂ ਆ ਕੇ ਹਿਰਦੇ ਅੰਦਰ ਟਿਕ ਜਾਂਦਾ ਹੈ। ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥੨॥ ਸੱਚ ਦੇ ਰਾਹੀਂ ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸਨੂੰ ਨਿਗਲ ਨਹੀਂ ਸਕਦਾ। ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ ॥ ਨਾਮ ਦੇਵ ਛੀਬੇ ਅਤੇ ਕਬੀਰ ਜੁਲਾਹੇ ਨੇ ਪੂਰਨ ਗੁਰੂ ਪਾਸੋਂ ਮੁਕਤੀ ਹਾਸਲ ਕਰ ਲਈ। ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥ ਉਸ ਦੇ ਨਾਮ ਨੂੰ ਸਿੰਞਾਣਨ ਦੁਆਰਾ ਉਹ ਵਾਹਿਗੁਰੂ ਦੇ ਜਾਨਣ ਵਾਲੇ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਹੰਗਤਾ ਤੇ ਜਾਤੀ ਗੁਆ ਦਿੱਤੀਆਂ। ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥੩॥ ਦੇਵਤੇ ਅਤੇ ਮਨੁੱਖ ਉਨ੍ਹਾਂ ਦੇ ਸ਼ਬਦ ਗਾਇਨ ਕਰਦੇ ਹਨ। ਕੋਈ ਭੀ ਉਨ੍ਹਾਂ ਨੂੰ ਮੇਸ ਨਹੀਂ ਸਕਦਾ, ਹੈ ਵੀਰ! ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥ (ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ। ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥ ਸੱਚੇ ਗੁਰੂ ਨੂੰ ਮਿਲ ਪੈਣ ਤੇ ਉਹ ਪਵਿੱਤਰ ਹੋ ਗਿਆ ਅਤੇ ਰੈਣ ਦਿਹੁੰ ਉਹ ਨਾਮ ਦਾ ਉਚਾਰਣ ਕਰਦਾ ਸੀ। ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥ ਉਹ ਕੇਵਲ ਇਕ ਪਰਮਾਤਮਾ ਨੂੰ ਵਾਚਦਾ ਸੀ, ਸਿਰਫ ਇਕੱਲੇ ਨਾਮ ਨੂੰ ਹੀ ਅਨੁਭਵ ਕਰਦਾ ਸੀ ਤੇ ਹੋਰ ਕਿਸੇ ਦੂਸਰੇ ਨੂੰ ਨਹੀਂ ਸੀ ਸਿੰਞਾਣਦਾ। ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥ ਛਿਆ ਫ਼ਲਸਫਿਆ (ਛੇ ਸ਼ਾਸਤਰਾਂ) ਦੇ ਮੰਨਣ ਵਾਲੇ ਯੋਗੀ ਅਤੇ ਇਕਾਂਤੀ, ਗੁਰਾਂ ਦੇ ਬਗੈਰ, ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ। ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥ ਜੇਕਰ ਉਹ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ, ਕੇਵਲ ਤਦ ਹੀ ਉਹ ਮੋਖ਼ਸ਼ ਤੇ ਸਾਈਂ ਦੇ ਰਸਤੇ ਨੂੰ ਪਾਉਂਦੇ ਹਨ ਅਤੇ ਮਾਣਨੀਯ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦੇ ਹਨ। ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥੫॥ ਸੱਚੀ ਗੁਰਬਾਣੀ ਨਾਲ ਉਨ੍ਹਾਂ ਦਾ ਮਨ ਜੁੜ ਜਾਂਦਾ ਹੈ ਅਤੇ ਉਨ੍ਹਾਂ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ। ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ ॥ ਵਾਚ ਤੇ ਘੋਖ ਕੇ ਬ੍ਰਹਿਮਣ ਬਹਿਸ-ਮੁਬਾਹਿਸੇ ਖੜੇ ਕਰਦੇ ਹਨ ਅਤੇ ਗੁਰਾਂ ਦੇ ਬਗੈਰ ਸ਼ੱਕ ਸ਼ੁਬ੍ਹੇ ਅੰਦਰ ਘੁਸੇ ਫਿਰਦੇ ਹਨ। ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥ ਉਹ ਚੁਰਾਸੀ ਨੱਖ ਜੂਨੀਆਂ ਦੇ ਗੇਡੇ ਵਿੱਚ ਪੈ ਜਾਂਦੇ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਮੋਖਸ਼ ਦੀ ਪਰਾਪਤੀ ਨਹੀਂ ਹੁੰਦੀ। ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥੬॥ ਜਦ ਉਹ ਨਾਮ ਦਾ ਅਰਾਧਨ ਕਰਦੇ ਹਨ ਅਤੇ ਜਦ ਸੱਚੇ ਗੁਰੂ ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਨਾਲ ਮਿਲਾਉਂਦੇ ਹਨ, ਤਦ ਉਹ ਕਲਿਆਣ ਨੂੰ ਪਰਾਪਤ ਹੁੰਦੇ ਹਨ। ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥ ਜਦ ਸ੍ਰੇਸ਼ਟ ਸ਼ਰਧਾ ਦੇ ਸਦਕੇ ਸੱਚੇ ਗੁਰੂ ਜੀ ਮਿਲਦੇ ਹਨ ਤਾਂ ਸਾਧਸੰਗਤ ਅੰਦਰ ਵਾਹਿਗੁਰੂ ਦਾ ਨਾਮ ਉਤਪੰਨ ਹੁੰਦਾ ਹੈ। copyright GurbaniShare.com all right reserved. Email:- |