ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥
ਮੈਂ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਦਾ ਹਾਂ ਆਪਣੀ ਸਵੈ-ਹੰਗਤਾ ਤਿਆਗਦਾ ਹਾਂ ਤੇ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹਾਂ। ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥ ਮੈਂ ਹਮੇਸ਼ਾਂ ਹੀ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਮੇਰੀ ਆਤਮਾ ਨੂੰ ਪ੍ਰਭੂ ਨਾਲ ਜੋੜਦੇ ਹਨ। ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥ ਉਹੀ ਬ੍ਰਹਿਮਣ ਹੈ ਜੋ ਸਾਹਿਬ ਨੂੰ ਜਾਣਦਾ ਹੈ ਅਤੇ ਭਗਵਾਨ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥ ਸੁਆਮੀ, ਸਾਰਿਆਂ ਦੇ ਦਿਲਾਂ ਅੰਦਰ ਨੇੜੇ ਹੀ ਰਹਿੰਦਾ ਹੈ। ਕੋਈ ਟਾਂਵਾ ਟੱਲਾ ਹੀ ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ। ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥ ਨਾਨਕ ਹਰੀ ਨਾਮ ਦੁਆਰਾ ਆਦਮੀ ਨੂੰ ਇੱਜ਼ਤ ਮਿਲਦੀ ਹੈ ਅਤੇ ਗੁਰਬਾਣੀ ਦੁਆਰਾ ਉਹ ਸੁਆਮੀ ਨੂੰ ਸਿੰਞਾਣ ਲੈਂਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥ ਸਾਰੇ ਅਡੋਲਤਾ ਦੀ ਅਵਸਥਾ ਦੀ ਤਾਂਘ ਕਰਦੇ ਹਨ, ਪ੍ਰੰਤੂ ਗੁਰਾਂ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ। ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥ ਪੰਡਤ ਤੇ ਜੋਤਸ਼ੀ ਪੜ੍ਹ ਪੜ੍ਹ ਕੇ ਹਾਰ ਹੁੱਟ ਗਹੇ ਹਨ ਅਤੇ ਸੰਪ੍ਰਦਾਈ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ! ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥ ਜੇਕਰ ਰਜ਼ਾ ਦਾ ਮਾਲਕ ਆਪਣੀ ਰਹਿਮਤ ਧਾਰੇ ਤਾਂ ਗੁਰਾਂ ਨੂੰ ਮਿਲਣ ਦੁਆਰਾ ਅਡੋਲ ਅਵਸਥਾ ਪਾਈ ਜਾਂਦੀ ਹੈ। ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥ ਹੇ ਵੀਰ! ਗੁਰਾਂ ਦੇ ਬਾਝੋਂ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ। ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥ ਈਸ਼ਵਰੀ ਕਲਾਮ ਤੋਂ ਹੀ ਅਡੋਲਤਾ ਉਤਪੰਨ ਹੁੰਦੀ ਹੈ, ਅਤੇ ਉਹ ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਠਹਿਰਾਉ। ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥ ਜੋ ਕੁਛ ਰੱਬੀ ਗਿਆਤ ਅੰਦਰ ਗਾਇਨ ਕੀਤਾ ਜਾਂਦਾ ਹੈ, ਉਹ ਕਬੂਲ ਪੈ ਜਾਂਦਾ ਹੈ, ਰੱਬੀ ਗਿਆਤ ਦੇ ਬਾਝੋਂ ਆਖਣਾ ਬੇਫਾਇਦਾ ਹੈ। ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥ ਬ੍ਰਹਿਮ ਗਿਆਨ ਦੁਆਰਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਬ੍ਰਹਿਮ ਗਿਆਨ ਦੁਆਰਾ ਹੀ ਰੱਬ ਦੀ ਪ੍ਰੀਤ ਤੇ ਸੰਸਾਰ ਵਲੋਂ ਉਪਰਾਮਤਾ ਪੈਦਾ ਹੁੰਦੀਆਂ ਹਨ। ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥ ਬ੍ਰਹਿਮ ਗਿਆਨ ਤੋਂ ਹੀ ਖੁਸ਼ੀ ਤੇ ਠੰਢ-ਚੈਨ ਰਵਾਂ ਹੁੰਦੇ ਹਨ ਅਤੇ ਬ੍ਰਹਿਮ-ਗਿਆਨ ਦੇ ਬਗੈਰ ਜਿੰਦਗੀ ਨਿਸਫਲ ਹੈ। ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥ ਬੈਕੁੰਠੀ ਆਰਾਮ ਅੰਦਰ ਮੈਂ, ਸਦੀਵ ਤੇ ਹਮੇਸ਼ਾ, ਸਾਈਂ ਦਾ ਜੱਸ ਕਰਦਾ ਹਾਂ ਤੇ ਬੈਕੁੰਠੀ ਆਰਾਮ ਅੰਦਰ ਹੀ ਮੈਂ ਮਗਨਤਾ ਅੰਦਰ ਲਗਦਾ ਹਾਂ। ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥ ਬੈਕੁੰਠੀ ਆਰਾਮ ਅੰਦਰ ਪ੍ਰਾਣੀ ਵਾਹਿਗੁਰੂ ਦਾ ਜੱਸ ਉਚਾਰਦਾ ਅਤੇ ਪਿਆਰ ਨਾਲ ਉਸ ਦੀ ਸੇਵਾ ਕਮਾਉਂਦਾ ਹੈ। ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥ ਸ਼ਬਦ ਦੁਆਰਾ ਵਾਹਿਗੁਰੂ ਚਿੱਤ ਅੰਦਰ ਟਿਕਦਾ ਹੈ ਅਤੇ ਜਿਹਭਾ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦੀ ਹੈ। ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥ ਸਤਿਪੁਰਖ ਦੀ ਸਰਣਾਗਤ ਲੈਣ ਦੁਆਰਾ, ਮੌਤ ਸੂਖੈਨ ਹੀ ਮਾਰੀ ਜਾਂਦੀ ਹੈ। ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥ ਜੇਕਰ ਜੀਵ ਸੰਚੀ ਜੀਵਣ ਰਹੁ-ਰੀਤ ਦੀ ਕਮਾਈ ਕਰੇ ਤਾਂ ਭਗਵਾਨ ਦਾ ਨਾਮ ਸੁਖੈਨ ਹੀ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥ ਬਹੁਤ ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਸੁਖੈਨ ਹੀ ਉਸ ਦੇ ਅੰਦਰ ਲੀਨ ਰਹਿੰਦੇ ਹਨ। ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥ ਸੰਸਾਰੀ ਪਦਾਰਥਾਂ ਅੰਦਰ ਆਤਮਕ ਟਿਕਾਓ ਉਤਪੰਨ ਨਹੀਂ ਹੁੰਦਾ। ਸੰਸਾਰੀ ਪਦਾਰਥ ਦਵੈਤ-ਭਾਵ ਪੈਦਾ ਕਰਦੇ ਹਨ। ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥ ਆਪ ਹੁਦਰੇ ਭਾਵੇਂ ਧਾਰਮਕ ਸੰਸਕਾਰ ਕਰਦੇ ਹਨ ਪ੍ਰੰਤੂ ਸਵੈ-ਹੰਗਤਾ ਉਨ੍ਹਾਂ ਨੂੰ ਸਾੜ ਸੁੱਟਦੀ ਹੈ। ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥ ਉਨ੍ਹਾਂ ਦਾ ਜੰਮਣਾ ਤੇ ਮਰਣਾ ਮੁਕਦਾ ਨਹੀਂ। ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥ ਤਿੰਨਾਂ ਸੁਭਾਵਾਂ ਅੰਦਰ ਆਤਮਕ ਟਿਕਾ ਪ੍ਰਾਪਤ ਨਹੀਂ ਹੁੰਦਾ। ਤਿੰਨੇ ਹਾਲਤਾ ਪ੍ਰਾਣੀ ਨੂੰ ਵਹਿਮ ਅੰਦਰ ਕੁਰਾਹੇ ਪਾਉਂਦੀਆਂ ਹਨ। ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥ ਆਦਮੀ ਨੂੰ ਪੜ੍ਹਨ, ਘੋਖਣ ਤੇ ਬੋਲਣ ਦਾ ਕੀ ਲਾਭ ਹੈ ਜੇਕਰ ਉਹ ਐਨ ਮੂਲ ਨੂੰ ਹੀ ਘੁਸ ਜਾਵੇ? ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥ ਚੌਥੀ ਅਵਸਥਾ ਅੰਦਰ ਰੁਹਾਨੀ ਪਰਸੰਨਤਾ ਹੈ ਅਤੇ ਗੁਰੂ ਅਨੁਸਾਰੀ ਇਸ ਨੂੰ ਝੋਲੀ ਵਿੱਚ ਪ੍ਰਾਪਤ ਕਰਦੇ ਹਨ। ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥ ਲਛਣਾ-ਰਹਿਤ ਸੁਆਮੀ ਦੇ ਨਾਮ ਵਿੱਚ ਖਜ਼ਾਨਾ ਹੈ। ਬ੍ਰਹਿਮ ਗਿਆਤ ਰਾਹੀਂ ਗਿਆਨ ਹੁੰਦਾ ਹੈ। ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥ ਨੇਕੀ ਨਿਪੁੰਨ ਹਰੀ ਦੀ ਪ੍ਰਸੰਸਨਾ ਕਰਦੀਆਂ ਆਖਦੀਆਂ ਹਨ, "ਸੱਚੀ ਹੈ ਸ਼ੁਹਰਤ ਸਤਿਪੁਰਖ ਦੀ"। ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥ ਘੁਥਿਆਂ ਹੋਇਆ ਨੂੰ ਭੀ ਸਾਹਿਬ ਮਿਲਾ ਲੈਂਦਾ ਹੈ। ਨਾਮ ਦੇ ਰਾਹੀਂ ਹੀ ਮਿਲਾਪ ਹੁੰਦਾ ਹੈ। ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥ ਬ੍ਰਹਮ ਗਿਆਨ ਦੇ ਬਾਝੋਂ ਸਾਰੇ ਅੰਨ੍ਹੇ ਹਨ। ਮੋਹਨੀ ਦੀ ਮਮਤਾ ਅਨ੍ਹੇਰ-ਘੁੱਪ ਹੈ। ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥ ਬ੍ਰਹਿਮ-ਗਿਆਨ ਦੇ ਰਾਹੀਂ ਅਨੰਤ ਸਚੇ ਸੁਆਮੀ ਦੀ ਮਸਝ ਆ ਜਾਂਦੀ ਹੈ। ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥ ਖੁਦ ਮਾਫੀ ਦੇ ਕੇ ਪੂਰਨ ਗੁਰੂ ਜੀ ਇਨਸਾਨ ਨੂੰ ਸਿਰਜਣਹਾਰ ਨਾਲ ਮਿਲਾ ਦਿੰਦੇ ਹਨ। ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥ ਆਤਮਕ ਟਿਕਾਉ ਰਾਹੀਂ ਅਡਿੱਠ, ਭੈ-ਰਹਿਤ, ਪ੍ਰਕਾਸ਼ਵਾਨ ਅਤੇ ਆਕਾਰ-ਰਹਿਤ ਸੁਆਮੀ ਸਿਞਾਣਿਆ ਜਾਂਦਾ ਹੈ। ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥ ਸਮੂਹ ਜੀਵਾਂ ਦਾ ਕੇਵਲ ਇਕੋ ਹੀ ਦਾਤਾਰ ਹੈ! ਪ੍ਰਕਾਸ਼ਵਾਨ ਪ੍ਰਭੂ ਮਨੁੱਖੀ ਚਾਨਣ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ। ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥ ਪੂਰਨ ਸ਼ਬਦ ਦੇ ਜ਼ਰੀਏ ਤੂੰ ਉਸ ਸਾਹਿਬ ਦੀ ਕੀਰਤੀ ਕਰ ਜਿਸ ਦਾ ਕੋਈ ਓੜਕ ਤੇ ਉਰਲਾ ਜਾਂ ਪਾਰਲਾ ਕਿਨਾਰਾ ਨਹੀਂ। ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥ ਬ੍ਰਹਿਮ ਬੇਤਿਆਂ ਦੀ ਦੌਲਤ ਸੁਆਮੀ ਦਾ ਨਾਮ ਹੈ ਅਡੋਲਤਾ ਰਾਹੀਂ ਉਹ ਉਸ ਨਾਲ ਵਣਜ ਕਰਦੇ ਹਨ। ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥ ਰੈਣ ਦਿਹੁੰ ਉਹ ਵਾਹਿਗੁਰੂ ਦੇ ਨਾਮ ਦਾ ਲਾਭ ਲੈਂਦੇ ਹਨ ਜਿਸ ਦੇ ਖ਼ਜ਼ਾਨੇ ਭਰਪੂਰ ਅਤੇ ਅਤੁੱਟ ਹਨ। ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥ ਨਾਨਕ, ਜਦ ਦੇਣ ਵਾਲਾ ਦਿੰਦਾ ਹੈ, ਤਦ ਕੋਈ ਕਮੀ ਨਹੀਂ ਵਾਪਰਦੀ। copyright GurbaniShare.com all right reserved. Email:- |