Page 675

ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥
ਪ੍ਰਿਥਮ, ਧਰਮ ਉਪਦੇਸ਼ ਹੀ ਚਿੱਤ ਲਈ ਇਕੋ ਇਕ ਦਵਾਈ ਹੈ। ਆਪਣੇ ਚਿੱਤ ਅੰਦਰ ਮੈਂ ਸਾਈਂ ਤੇ ਭਰੋਸਾ ਧਾਰ ਲਿਆ ਹੈ।

ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥੨॥੧੬॥
ਨਾਨਕ ਸਦਾ ਹੀ ਸੁਆਮੀ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ ਅਤੇ ਮੁੜ ਮੁੜ ਕੇ ਸੁਆਮੀ ਤੋਂ ਕੁਰਬਾਨ ਵੰਞਦਾ ਹੈ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਮੇਰਾ ਲਾਗੋ ਰਾਮ ਸਿਉ ਹੇਤੁ ॥
ਮੇਰਾ ਪ੍ਰਭੂ ਨਾਲ ਪਿਆਰ ਪੈ ਗਿਆ ਹੈ।

ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥
ਮੇਰੇ ਸੱਚੇ ਗੁਰਦੇਵ ਜੀ ਸਦੀਵ ਹੀ ਮੈਂਡੇ ਸਹਾਇਕ ਹਨ ਜਿਨ੍ਹਾਂ ਨੇ ਦੁੱਖ ਤਕਲੀਫ ਦਾ ਝੰਡਾ ਪਾੜ ਸੁੱਟਿਆ ਹੈ। ਠਹਿਰਾਉ।

ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥
ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ ਨਿੱਜ ਦਾ ਜਾਣ ਕੇ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।

ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪਿ ਸਹਾਈ ॥੧॥
ਸੁਆਮੀ ਨੇ ਦੂਸ਼ਨ ਲਾਉਣ ਵਾਲਿਆਂ ਦੇ ਮੂੰਹ ਕਾਲੇ ਕਰ ਦਿੱਤੇ ਹਨ ਅਤੇ ਆਪਣੇ ਗੋਲੇ ਦਾ ਖੁਦ ਸਹਾਇਕ ਹੋ ਗਿਆ ਹੈ।

ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥
ਸੱਚਾ ਸੁਆਮੀ ਮੇਰਾ ਰੱਖਿਅਕ ਹੋ ਗਿਆ ਹੈ ਅਤੇ ਆਪਣੀ ਛਾਤੀ ਨਾਲ ਲਾ ਕੇ ਉਸ ਨੇ ਮੈਨੂੰ ਬਚਾ ਲਿਆ ਹੈ।

ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰਿ ਗੁਣ ਗਾਇ ॥੨॥੧੭॥
ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਾਨਕ ਭੈ-ਰਹਿਤ ਹੋ ਗਿਆ ਹੈ ਤੇ ਹਮੇਸ਼ਾਂ ਸੁੱਖ ਮਾਣਦਾ ਹੈ।

ਧਨਾਸਿਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਅਉਖਧੁ ਤੇਰੋ ਨਾਮੁ ਦਇਆਲ ॥
ਹੇ ਮਿਹਰਬਾਨ ਮਾਲਕ! ਤੈਂਡਾ ਨਾਮ ਹੀ ਦਵਾਈ ਹੈ।

ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥
ਮੈਂ ਨਿਕਰਮਣ, ਤੇਰੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ, ਤੂੰ ਆਪੇ ਹੀ ਸਦਾ ਮੇਰੀ ਪਾਲਣ-ਪੋਸਣਾ ਕਰਦਾ ਹੈ, ਹੇ ਸੁਆਮੀ! ਠਹਿਰਾਉ।

ਧਾਰਿ ਅਨੁਗ੍ਰਹੁ ਸੁਆਮੀ ਮੇਰੇ ਦੁਤੀਆ ਭਾਉ ਨਿਵਾਰਿ ॥
ਮੇਰੇ ਮਾਲਕ, ਮੇਰੇ ਉਤੇ ਮਿਹਰ ਕਰ ਅਤੇ ਹੋਰਸ ਦੀ ਪ੍ਰੀਤ ਮੇਰੇ ਅੰਦਰੋਂ ਬਾਹਰ ਕੱਢ ਦੇ।

ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੂ ਨ ਆਵਹ ਹਾਰਿ ॥੧॥
ਤੂੰ ਮੇਰੀਆਂ ਬੇੜੀਆਂ ਕੱਟ ਦੇ ਤੇ ਮੈਨੂੰ ਅਪਣਾ ਲੈ, ਤਾਂ ਜੋ ਮੈਂ ਜੀਵਨ ਦੀ ਲੜਾਈ ਵਿੱਚ ਕਦਾਚਿਤ ਨਾਂ ਹਾਰਾਂ।

ਤੇਰੀ ਸਰਨਿ ਪਇਆ ਹਉ ਜੀਵਾਂ ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥
ਹੇ ਮੇਰੇ ਸਰਬ-ਸ਼ਕਤੀਵਾਨ ਮਿਹਰਬਾਨ ਮਾਲਕ! ਤੇਰੀ ਪਨਾਹ ਲੈਣ ਨਾਲ ਹੀ ਮੈਂ ਜੀਉਂਦਾ ਹਾਂ।

ਆਠ ਪਹਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨੁ ॥੨॥੧੮॥
ਦਿਨ ਦੇ ਅੱਠੇ ਪਹਿਰ ਹੀ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ, ਨਾਨਕ ਸਦੀਵ ਹੀ ਉਸ ਉਤੋਂ ਬਲਿਹਾਰ ਜਾਂਦਾ ਹੈ।

ਰਾਗੁ ਧਨਾਸਰੀ ਮਹਲਾ ੫
ਰਾਗ ਧਨਾਸਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹਾ ਹਾ ਪ੍ਰਭ ਰਾਖਿ ਲੇਹੁ ॥
ਹੇ, ਹੇ ਮੇਰੇ ਸੁਆਮੀ! ਤੂੰ ਮੇਰੀ ਰੱਖਿਆ ਕਰ।

ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥
ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ। ਰਹਿਮਤ ਧਾਰਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਠਹਿਰਾਉ।

ਅਗਨਿ ਕੁਟੰਬ ਸਾਗਰ ਸੰਸਾਰ ॥
ਟੱਬਰ-ਕਬੀਲਾ ਅਤੇ ਜਗਤ ਅੱਗ ਦੇ ਇਕ ਸਮੁੰਦਰ ਸਮਾਨ ਹਨ।

ਭਰਮ ਮੋਹ ਅਗਿਆਨ ਅੰਧਾਰ ॥੧॥
ਸੰਦੇਹ ਅਤੇ ਸੰਸਾਰੀ ਲਗਨ ਦੇ ਰਾਹੀਂ, ਇਨਸਾਨ ਬੇਸਮਝੀ ਦੇ ਅਨ੍ਹੇਰੇ ਨਾਲ ਘੇਰਿਆ ਜਾਂਦਾ ਹੈ।

ਊਚ ਨੀਚ ਸੂਖ ਦੂਖ ॥
ਆਦਮੀ ਹੁਣ ਉਚਾ ਹੈ, ਹੁਣ ਨੀਵਾਂ, ਹੁਣ ਖੁਸ਼ੀ ਵਿੱਚ ਅਤੇ ਹੁਣ ਤਕਲੀਫ ਵਿੱਚ।

ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥
ਉਸ ਦੀ ਤ੍ਰੇਹ ਅਤੇ ਭੁੱਖ ਬੁਝਦੀਆਂ ਨਹੀਂ।

ਮਨਿ ਬਾਸਨਾ ਰਚਿ ਬਿਖੈ ਬਿਆਧਿ ॥
ਮੇਰਾ ਮਨ ਖਾਹਿਸ਼ ਤੇ ਪਾਪ ਦੇ ਰੋਗ ਅੰਦਰ ਖੱਚਤ ਹੋਇਆ ਹੋਇਆ ਹੈ।

ਪੰਚ ਦੂਤ ਸੰਗਿ ਮਹਾ ਅਸਾਧ ॥੩॥
ਪ੍ਰਾਣੀ ਦੇ ਸਾਥੀ, ਪੰਜੇ ਭੂਤਨੇ ਡਾਢੇ ਲਾ-ਇਲਾਜ ਹਨ।

ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥
ਜੀਵ-ਜੰਤੂ, ਰੂਹਾਂ ਅਤੇ ਸੰਸਾਰ ਦੀ ਦੌਲਤ ਸਮੂਹ ਤੈਂਡੀਆਂ ਹਨ।

ਨਾਨਕ ਜਾਨੁ ਸਦਾ ਹਰਿ ਨੇਰਾ ॥੪॥੧॥੧੯॥
ਹੇ ਨਾਨਕ! ਜਾਣ ਲੈ ਕਿ ਪ੍ਰਭੂ ਹਮੇਸ਼ਾਂ ਹੀ ਨੇੜੇ ਹਨ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥
ਸਾਹਿਬ ਮਸਕੀਨਾਂ ਦੇ ਦੁੱਖ ਦੂਰ ਕਰਦਾ ਹੈ ਅਤੇ ਖੁਦ ਹੀ ਆਪਣੇ ਦਾਸਾਂ ਦੀ ਇੱਜ਼ਤ-ਆਬਰੂ ਬਚਾਉਂਦਾ ਹੈ।

ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥
ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਇਕ ਜਹਾਜ਼ ਅਤੇ ਨੇਕੀ ਦਾ ਖਜਾਨਾ ਹੈ। ਦੁੱਖ ਉਸ ਨੂੰ ਪੋਹ ਨਹੀਂ ਸਕਦਾ।

ਸਾਧੂ ਸੰਗਿ ਭਜਹੁ ਗੁਪਾਲ ॥
ਸਤਿ ਸੰਗਤ ਅੰਦਰ ਤੂੰ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।

ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥
ਮੈਨੂੰ ਹੋਰ ਕੋਈ ਤਰੀਕਾ ਨਹੀਂ ਔੜਦਾ, ਤੂੰ ਆਪ ਹੀ ਉਪਰਾਲਾ ਕਰ ਕੇ ਕਲਯੁੱਗ ਦਾ ਸਮਾਂ ਬਤੀਤ ਕਰਾ, ਠਹਿਰਾਉ।

ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥
ਮੁੱਢ ਅਤੇ ਅਖੀਰ ਵਿੱਚ ਉਸ ਮਿਹਰਬਾਨ ਅਤੇ ਵਿਆਪਕ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।

ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥
ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਉਸ ਸਾਹਿਬ ਦਾ ਆਰਾਧਨ ਕਰਨ ਦੁਆਰਾ, ਤੂੰ ਆਪਣੇ ਜੰਮਣ ਅਤੇ ਮਰਣ ਨੂੰ ਖਤਮ ਕਰ।

ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥
ਵੇਦ, ਸਿੰਮ੍ਰਤੀਆਂ ਅਤੇ ਸ਼ਾਸਤਰ ਆਖਦੇ ਹਨ ਅਤੇ ਸਾਧੂ ਸੋਚ ਵਿਚਾਰ ਕੇ ਦੱਸਦੇ ਹਨ,

ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥
ਕਿ ਸਤਿ ਸੰਗਤ ਅੰਦਰ ਕਲਿਆਣ ਪ੍ਰਾਪਤ ਹੋ ਜਾਂਦੀ ਹੈ ਅਤੇ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥
ਸਾਈਂ ਦੇ ਚਰਨ-ਕੰਵਲ ਹੀ ਉਸ ਦੇ ਗੋਲੇ ਦਾ ਆਸਰਾ ਹਨ, ਅਤੇ ਕੇਵਲ ਉਹ ਹੀ ਉਸ ਦੀ ਰਾਸ ਤੇ ਮੂੜੀ ਹਨ।

copyright GurbaniShare.com all right reserved. Email