ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥
ਪ੍ਰੰਤੂ ਜੇਕਰ ਇਹੋ ਜਿਹਾ ਬੰਦਾ ਉੱਚੇ ਸਾਹਿਬ ਦਾ ਸਿਮਰਨ ਨਹੀਂ ਕਰਦਾ ਤਦ ਉਸ ਨੂੰ ਲੈ ਜਾ ਕੇ ਕੁੰਭੀ ਨਰਕ ਸੁਟ ਦਿਤਾ ਜਾਵੇਗਾ। ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥ ਆਦਮੀ ਦੀ ਕਿਸੇ ਬੀਮਾਰੀ ਤੇ ਨੁਕਸ ਤੋਂ ਬਿਨਾ ਦੇਹੀ ਹੋਵੇ ਅਤੇ ਉਸ ਨੂੰ ਕੋਈ ਦਿਲ ਦਾ ਸਾੜਾ ਤੇ ਗ਼ਮ ਨਾਂ ਹੋਵੇ। ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥ ਉਹ ਮੌਤ ਦਾ ਖਿਆਲ ਤੱਕ ਭੀ ਨਾਂ ਕਰਦਾ ਹੋਵੇ ਅਤੇ ਦਿਹੁੰ ਰੈਣ ਮੌਜ ਬਹਾਰਾ ਮਾਣਦਾ ਹੋਵੇ, ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥ ਅਤੇ ਉਸ ਨੇ ਸਾਰੀ ਚੀਜ਼ ਆਪਣੀ ਨਿੱਜ ਦੀ ਬਣਾ ਲਈ ਹੋਵੇ ਅਤੇ ਉਸ ਦੇ ਮਨ ਵਿੱਚ ਕੋਈ ਡਰ ਭੀ ਨਾਂ ਹੋਵੇ। ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥ ਜੇਕਰ ਉਹ ਉਚੇ ਸਾਹਿਬ ਨੂੰ ਯਾਦ ਨਹੀਂ ਕਰਦਾ ਤਾਂ ਉਹ ਮੌਤ ਦੇ ਦੂਤ ਦੇ ਕਾਬੂ ਵਿੱਚ ਆ ਜਾਏਗਾ। ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥ ਜਿਸ ਉਤੇ ਉਤਕ੍ਰਿਸ਼ਟਤ ਸਾਹਿਬ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਸ ਨੂੰ ਸਤਿ ਸੰਗਤ ਪ੍ਰਾਪਤ ਹੁੰਦੀ ਹੈ। ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥ ਜਿੰਨਾ ਜਿਆਦਾ ਉਹ ਸਤਿਸੰਗਤ ਅੰਦਰ ਜੁੜਦਾ ਹੈ, ਓਨਾ ਹੀ ਜਿਆਦਾ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ। ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ ਵਾਹਿਗੁਰੂ ਖੁਦ ਦੋਹਾਂ ਹੀ ਕਿਨਾਰਿਆਂ ਦਾ ਸੁਆਮੀ ਹੈ। ਹੋਰ ਕੋਈ ਦੂਸਰੀ ਆਰਾਮ ਦੀ ਥਾਂ ਨਹੀਂ। ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥ ਜਦ ਸਚੇ ਗੁਰੂ ਜੀ ਪਰਮ-ਪਰਸੰਨ ਹੋ ਜਾਂਦੇ ਹਨ, ਹੈ ਨਾਨਕ! ਸਚਾ ਨਾਮ ਪਰਾਪਤ ਹੋ ਜਾਂਦਾ ਹੈ। ਸਿਰੀਰਾਗੁ ਮਹਲਾ ੫ ਘਰੁ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਜਾਨਉ ਨਹੀ ਭਾਵੈ ਕਵਨ ਬਾਤਾ ॥ ਮੈਂ ਨਹੀਂ ਜਾਣਦਾ, ਤੈਨੂੰ ਕਿਹੜੀਆਂ ਗੱਲਾਂ ਚੰਗੀਆਂ ਲਗਦੀਆਂ ਹਨ, ਹੈ ਮਾਲਕ! ਮਨ ਖੋਜਿ ਮਾਰਗੁ ॥੧॥ ਰਹਾਉ ॥ ਉਸ ਦੇ ਰਾਹ ਦੀ ਤੂੰ ਭਾਲ ਕਰ, ਹੇ ਮੇਰੀ ਜਿੰਦੜੀਏ! ਠਹਿਰਾਉ। ਧਿਆਨੀ ਧਿਆਨੁ ਲਾਵਹਿ ॥ ਅਰਾਧਨ ਕਰਨ ਵਾਲਾ ਅਰਾਧਨ ਕਰਦਾ ਹੈ। ਗਿਆਨੀ ਗਿਆਨੁ ਕਮਾਵਹਿ ॥ ਬ੍ਰਹਿਮ-ਬੇਤਾ ਬ੍ਰਹਿਮ ਵਿਦਿਆ ਦਾ ਅਭਿਆਸ ਕਰਦਾ ਹੈ। ਪ੍ਰਭੁ ਕਿਨ ਹੀ ਜਾਤਾ ॥੧॥ ਪਰ ਕੋਈ ਵਿਰਲਾ ਪੁਰਸ਼ ਹੀ ਹੈ ਜੋ ਸਾਈਂ ਨੂੰ ਜਾਣਦਾ ਹੈ। ਭਗਉਤੀ ਰਹਤ ਜੁਗਤਾ ॥ ਉਪਾਸ਼ਕ ਜ਼ਾਬਤੇ ਅੰਦਰ ਰਹਿੰਦਾ ਹੈ। ਜੋਗੀ ਕਹਤ ਮੁਕਤਾ ॥ ਯੋਗੀ ਆਖਦਾ ਹੈ ਕਿ ਉਹ ਬੰਦ-ਖਲਾਸ ਹੈ। ਤਪਸੀ ਤਪਹਿ ਰਾਤਾ ॥੨॥ ਕਰੜੀ ਘਾਲ ਘਾਲਣ ਵਾਲਾ ਕਰੜੀ ਘਾਲ ਅੰਦਰ ਲੀਨ ਹੈ। ਮੋਨੀ ਮੋਨਿਧਾਰੀ ॥ ਚੁੱਪ ਕੀਤਾ ਬੰਦਾ ਚੁੱਪ ਰਹਿੰਦਾ ਹੈ। ਸਨਿਆਸੀ ਬ੍ਰਹਮਚਾਰੀ ॥ ਇਕਾਂਤੀ ਜਤੀ ਹੈ। ਉਦਾਸੀ ਉਦਾਸਿ ਰਾਤਾ ॥੩॥ ਤਿਆਗੀ ਵੈਰਾਗ ਅੰਦਰ ਰੰਗਿਆ ਹੋਹਿਆ ਹੈ। ਭਗਤਿ ਨਵੈ ਪਰਕਾਰਾ ॥ ਉਪਾਸ਼ਕ ਦੀ ਉਪਾਸ਼ਨਾ ਨੌ ਕਿਸਮਾਂ ਦੀ ਹੈ। ਪੰਡਿਤੁ ਵੇਦੁ ਪੁਕਾਰਾ ॥ ਪੰਡਤ ਵੇਦਾਂ ਨੂੰ ਉੱਚੀ ਉੱਚੀ ਪੜ੍ਹਦੇ ਹਨ। ਗਿਰਸਤੀ ਗਿਰਸਤਿ ਧਰਮਾਤਾ ॥੪॥ ਕਬੀਲਦਾਰੀ ਨੂੰ ਘਰਬਾਰੀ ਆਪਣਾ ਈਮਾਨ ਜਾਣਦਾ ਹੈ। ਇਕ ਸਬਦੀ ਬਹੁ ਰੂਪਿ ਅਵਧੂਤਾ ॥ ਇਕ ਲਫ਼ਜ਼ (ਅਲਖ) ਉਚਾਰਨ ਕਰਨ ਵਾਲਾ, ਬਹੁਰੂਪੀਆਂ ਨਾਂਗਾ! ਕਾਪੜੀ ਕਉਤੇ ਜਾਗੂਤਾ ॥ ਗੌਦੜੀ ਪਹਿਨਣ ਵਾਲਾ, ਸਾਂਗ-ਧਾਰੀ, ਰਾਤ ਨੂੰ ਜਾਗਣ ਵਾਲਾ। ਇਕਿ ਤੀਰਥਿ ਨਾਤਾ ॥੫॥ ਯਾਤ੍ਰਾ-ਅਸਥਾਨਾਂ ਦਾ ਹੈ ਇਸ਼ਨਾਨੀ। ਨਿਰਹਾਰ ਵਰਤੀ ਆਪਰਸਾ ॥ ਭੋਜਨ ਬਿਨਾ ਵਿਚਰਣ ਵਾਲਾ ਹੈ, ਕਿਸੇ ਨਾਲ ਨਾਂ ਲਗਣ ਵਾਲਾ। ਇਕਿ ਲੂਕਿ ਨ ਦੇਵਹਿ ਦਰਸਾ ॥ ਇਕ ਉਹ ਜੋ ਲੁਕਿਆ ਰਹਿੰਦਾ ਹੈ ਤੇ ਕਿਸੇ ਨੂੰ ਆਪਣਾ ਦਰਸ਼ਨ ਨਹੀਂ ਦਿੰਦਾ। ਇਕਿ ਮਨ ਹੀ ਗਿਆਤਾ ॥੬॥ ਇਕ ਉਹ ਜੋ ਆਪਣੇ ਚਿੱਤ ਅੰਦਰ ਹੀ ਸਿਆਣਾ ਹੈ। ਘਾਟਿ ਨ ਕਿਨ ਹੀ ਕਹਾਇਆ ॥ ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਆਖਦਾ। ਸਭ ਕਹਤੇ ਹੈ ਪਾਇਆ ॥ ਹਰ ਕੋਈ ਆਖਦਾ ਹੈ ਕਿ ਉਸ ਨੇ ਸਾਈਂ ਨੂੰ ਪਾ ਲਿਆ ਹੈ। ਜਿਸੁ ਮੇਲੇ ਸੋ ਭਗਤਾ ॥੭॥ ਉਹੀ ਸਾਧੂ ਹੈ, ਜਿਸ ਨੂੰ ਹਰੀ ਆਪਣੇ ਨਾਲ ਮਿਲਾ ਲੈਂਦਾ ਹੈ। ਸਗਲ ਉਕਤਿ ਉਪਾਵਾ ॥ ਸਮੂਹ ਜੁਗਤੀਆਂ ਅਤੇ ਉਪਰਾਲੇ, ਤਿਆਗੀ ਸਰਨਿ ਪਾਵਾ ॥ ਛਡ ਕੇ ਮੈਂ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ। ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥ ਨਾਨਕ ਗੁਰਾਂ ਦੇ ਪੈਰਾਂ ਤੇ ਪਿਆ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸਿਰੀਰਾਗੁ ਮਹਲਾ ੧ ਘਰੁ ੩ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਜੋਗੀ ਅੰਦਰਿ ਜੋਗੀਆ ॥ ਯੋਗੀਆਂ ਵਿੱਚ ਤੂੰ ਇਕ ਯੋਗੀ ਹੈ, ਤੂੰ ਭੋਗੀ ਅੰਦਰਿ ਭੋਗੀਆ ॥ ਅਤੇ ਅਨੰਦ ਮਾਨਣ ਵਾਲਿਆਂ ਵਿੱਚ ਇਕ ਅਨੰਦ ਮਾਨਣ ਵਾਲਾ। ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥ ਹੇ ਸਾਹਿਬ! ਬਹਿਸ਼ਤ ਇਸ ਜਹਾਨ ਅਤੇ ਪਾਤਾਲ ਦੇ ਜੀਵਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ। ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥ ਮੈਂ ਤੇਰੇ ਉਤੋਂ ਸਦਕੇ, ਮੈਂ ਸਦਕੇ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਬਲਿਹਾਰਨੇ ਹਾਂ। ਠਹਿਰਾਉ। ਤੁਧੁ ਸੰਸਾਰੁ ਉਪਾਇਆ ॥ ਤੂੰ ਜਹਾਨ ਨੂੰ ਪੈਦਾ ਕੀਤਾ, ਸਿਰੇ ਸਿਰਿ ਧੰਧੇ ਲਾਇਆ ॥ ਤੇ ਹਰ ਇਕ ਨੂੰ ਕੰਮ-ਕਾਜੇ ਲਾਇਆ ਹੈ। ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥ ਤੂੰ ਆਪਣੀ ਰਚਨਾ ਨੂੰ ਦੇਖਦਾ ਹੈ ਅਤੇ ਆਪਣੀ ਅਪਾਰ ਸ਼ਕਤੀ ਦੁਆਰਾ ਨਰਦਾ ਨੂੰ ਸੁਟਦਾ ਹੈ। ਪਰਗਟਿ ਪਾਹਾਰੈ ਜਾਪਦਾ ॥ ਤੂੰ ਆਪਣੇ ਕਾਰਖਾਨੇ ਵਿੱਚ ਪਰਤੱਖ ਦਿਸਦਾ ਹੈ। ਸਭੁ ਨਾਵੈ ਨੋ ਪਰਤਾਪਦਾ ॥ ਹਰ ਕੋਈ ਤੇਰੇ ਨਾਮ ਨੂੰ ਲੋਚਦਾ ਹੈ। ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥ ਸੱਚੇ ਗੁਰਾਂ ਦੇ ਬਿਨਾਂ ਤੂੰ ਨਹੀਂ ਲੱਭਦਾ। ਬਾਕੀ ਸਾਰੇ ਮੋਹਨੀ ਦੇ ਫੰਧੇ ਵਿੱਚ ਲੁਭਾਇਮਾਨ ਹੋ ਫਸੇ ਹੋਏ ਹਨ। ਸਤਿਗੁਰ ਕਉ ਬਲਿ ਜਾਈਐ ॥ ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਤੁ ਮਿਲਿਐ ਪਰਮ ਗਤਿ ਪਾਈਐ ॥ ਜਿਨ੍ਹਾਂ ਨੂੰ ਭੇਟਣ ਦੁਆਰਾ ਮਹਾਨ ਪਦਵੀ ਪਰਾਪਤ ਹੁੰਦੀ ਹੈ। copyright GurbaniShare.com all right reserved. Email:- |